ਪ੍ਰਸ਼ੰਸਕਾਂ ਨੂੰ ਹਾਰਦਿਕ ਦੀ ਹੂਟਿੰਗ ਨਹੀਂ ਕਰਨੀ ਚਾਹੀਦੀ : ਗਾਂਗੁਲੀ
Saturday, Apr 06, 2024 - 06:32 PM (IST)

ਮੁੰਬਈ, (ਭਾਸ਼ਾ)– ਭਾਰਤ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਦੀ ਹੂਟਿੰਗ ਕਰਨ ਵਾਲੇ ਪ੍ਰਸ਼ੰਸਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿਚ ਖਿਡਾਰੀ ਦੀ ਕੋਈ ਗਲਤੀ ਨਹੀਂ ਹੈ ਕਿ ਉਸ ਨੂੰ ਉਸਦੇ ਪਸੰਦੀਦਾ ਰੋਹਿਤ ਸ਼ਰਮਾ ਦੀ ਜਗ੍ਹਾ ਦਿੱਤੀ ਗਈ ਹੈ। ਜਦੋਂ ਤੋਂ ਮੁੰਬਈ ਇੰਡੀਅਨਜ਼ ਨੇ ਐਲਾਨ ਕੀਤਾ ਹੈ ਕਿ ਪੰਡਯਾ 5 ਵਾਰ ਦੀ ਚੈਂਪੀਅਨ ਟੀਮ ਦੀ ਕਪਤਾਨੀ ਕਰੇਗਾ ਤਦ ਤੋਂ ਉਸ ਨੂੰ ਪ੍ਰਸ਼ੰਸਕਾਂ ਵੱਲੋਂ ਹੂਟਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਅਹਿਮਦਬਾਦ ਵਿਚ ਆਪਣੀ ਪਿਛਲੀ ਫ੍ਰੈਂਚਾਈਜ਼ੀ ਗੁਜਰਾਤ ਟਾਈਟਨਸ ਦੇ ਘਰੇਲੂ ਮੈਦਾਨ ’ਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਦੇ ਤੌਰ ’ਤੇ ਆਪਣੇ ਪਹਿਲੇ ਮੈਚ ਵਿਚ ਉਸਦੀ ਹੂਟਿੰਗ ਕੀਤੀ ਗਈ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਲਈ ਜਦੋਂ ਉਹ ਹੈਦਰਾਬਾਦ ਗਿਆ, ਤਦ ਵੀ ਇਹ ਸਿਲਸਿਲਾ ਜਾਰੀ ਰਿਹਾ। ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ ਸੈਸ਼ਨ ਦਾ ਆਪਣਾ ਪਹਿਲਾ ਘਰੇਲੂ ਮੈਚ ਖੇਡਿਆ ਤਾਂ 29 ਸਾਲਾ ਖਿਡਾਰੀ ਦੀ ਹੂੰਟਿੰਗ ਕੀਤੀ ਗਈ। ਗਾਂਗੁਲੀ ਨੇ ਇੱਥੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਹਾਰਦਿਕ ਦੀ ਹੂਟਿੰਗ ਕਰਨੀ ਚਾਹਦੀ ਹੈ। ਇਹ ਸਹੀ ਨਹੀਂ ਹੈ।’’