ਭਾਰਤ ਦੀ ਅੰਦਾਜ਼ਨ ਆਬਾਦੀ 144 ਕਰੋੜ : ਯੂ. ਐੱਨ. ਐੱਫ. ਪੀ. ਏ.
Thursday, Apr 18, 2024 - 01:37 PM (IST)
ਨਵੀਂ ਦਿੱਲੀ, (ਭਾਸ਼ਾ)– ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ. ਐੱਨ. ਐੱਫ. ਪੀ. ਏ.) ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ ਆਬਾਦੀ 144 ਕਰੋੜ ਹੋ ਚੁੱਕੀ ਹੈ, ਜਿਸ ਵਿਚ 24 ਫੀਸਦੀ ਲੋਕ 0 ਤੋਂ 14 ਸਾਲ ਦੇ ਉਮਰ ਵਰਗ ਦੇ ਹਨ। ਯੂ. ਐੱਨ. ਐੱਫ. ਪੀ. ਏ. ਦੀ ਵਿਸ਼ਵ ਆਬਾਦੀ 2024 ਰਿਪੋਰਟ ‘ਇੰਟਰਵੋਵਨ ਲਾਈਵਜ਼, ਥ੍ਰੈਡਸ ਆਫ ਹੋਪ : ਐਂਡਿੰਗ ਇਨਇਕਵੈਲਿਟੀਜ਼ ਇਨ ਸੈਕਸੁਅਲ ਐਂਡ ਰਿਪ੍ਰੋਡਕਟਿਵ ਹੈਲਥ ਐਂਡ ਰਾਈਟ’ ’ਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਦੀ ਆਬਾਦੀ 77 ਸਾਲਾਂ ’ਚ ਦੁੱਗਣੀ ਹੋ ਜਾਵੇਗੀ।
ਰਿਪੋਰਟ ਮੁਤਾਬਕ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਦੇ ਨਾਲ ਵਿਸ਼ਵ ਪੱਧਰ ’ਤੇ ਸਭ ਤੋਂ ਅੱਗੇ ਹੈ, ਜਦੋਂਕਿ ਚੀਨ ਦੂਜੇ ਨੰਬਰ ’ਤੇ ਹੈ। ਉੱਥੇ 142.5 ਕਰੋੜ ਦੀ ਆਬਾਦੀ ਹੈ। ਭਾਰਤ ਵਿਚ ਸਾਲ 2011 ’ਚ ਕੀਤੀ ਗਈ ਮਰਦਮਸ਼ੁਮਾਰੀ ਦੌਰਾਨ ਇੱਥੇ 121 ਕਰੋੜ ਆਬਾਦੀ ਸੀ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦੀ ਲਗਭਗ 24 ਫੀਸਦੀ ਆਬਾਦੀ 0-14 ਸਾਲ ਦੀ ਹੈ, ਜਦੋਂਕਿ 17 ਫੀਸਦੀ 10-19 ਸਾਲ ਦੇ ਵਿਚਕਾਰ ਦੀ ਹੈ।
ਰਿਪੋਰਟ ਵਿਚ ਅਨੁਮਾਨ ਲਾਇਆ ਗਿਆ ਹੈ ਕਿ 10-24 ਸਾਲ ਦੇ 26 ਫੀਸਦੀ ਲੋਕ ਹਨ, ਜਦੋਂਕਿ 68 ਫੀਸਦੀ 15-64 ਸਾਲ ਦੇ ਉਮਰ ਵਰਗ ਦੇ ਹਨ। ਭਾਰਤ ਦੀ 7 ਫੀਸਦੀ ਆਬਾਦੀ 65 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਹੈ, ਜਿਸ ਵਿਚ ਮਰਦਾਂ ਦੀ ਸੰਭਾਵਤ ਉਮਰ 71 ਸਾਲ ਤੇ ਔਰਤਾਂ ਦੀ 74 ਸਾਲ ਹੈ।