ਖੁਦ ਨੂੰ ਬਿਹਤਰ ਬਣਾਉਣ ਲਈ ਕਰਨੀ ਪਈ ਸਖਤ ਮਿਹਨਤ : ਸੂਰਯਕੁਮਾਰ

04/10/2024 6:51:14 PM

ਮੁੰਬਈ, (ਭਾਸ਼ਾ)– ਭਾਰਤ ਤੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਵਿਚ ਤਿੰਨ ਵੱਖ-ਵੱਖ ਸੱਟਾਂ ਨਾਲ ਜੂਝ ਰਿਹਾ ਹੈ ਪਰ ‘ਥਕਾਉਣ’ ਵਾਲੀ ਰਿਹੈਬਿਲੀਟੇਸ਼ਨ ਪ੍ਰਕਿਰਿਆ ਵਿਚੋਂ ਲੰਘਣ ਤੋਂ ਬਾਅਦ ਉਸ ਨੇ ਖੁਦ ‘ਬਿਹਤਰ’ ਬਣਾਉਣ ਲਈ ਸਖਤ ਮਿਹਨਤ ਕੀਤੀ। ਦੁਨੀਆ ਦੇ ਨੰਬਰ ਇਕ ਟੀ-20 ਬੱਲੇਬਾਜ਼ ਨੇ ਪਿਛਲੇ ਹਫਤੇ ਸੱਟ ਤੋਂ ਉੱਭਰ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਵਿਚ ਵਾਪਸੀ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ‘ਸਪੋਰਟਸ ਹਰਨੀਆਂ’ ਤੋਂ ਇਲਾਵਾ ਗਿੱਟੇ ਤੇ ਸੱਜੇ ਗੋਡੇ ਵਿਚ ਸੱਟ ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਿਹਾ ਸੀ। ‘ਸਪੋਰਟਸ ਹਰਨੀਆਂ’ ਤੋਂ ਉੱਭਰਨ ਲਈ ਉਸ ਨੂੰ ਸਰਜਰੀ ਵੀ ਕਰਵਾਉਣੀ ਪਈ।

ਯਾਦਵ ਨੇ ਕਿਹਾ, ‘‘ਮੈਨੂੰ ਇਕੱਠੇ ਦੋ-ਤਿੰਨ ਵੱਖ-ਵੱਖ ਸੱਟਾਂ ਦਾ ਸਾਹਮਣਾ ਕਰਨਾ ਪਿਆ। ਸਪੋਰਟਸ ਹਰਨੀਆ, ਗਿੱਟੇ ਤੇ ਫਿਰ ਸੱਜਾ ਗੋਡਾ। ਮੈਨੂੰ ਇਕ ਸਮੇਂ ਵਿਚ ਇਕ ਕਦਮ ਚੁੱਕਣਾ ਸੀ, ਛੋਟੀ-ਛੋਟੀਆਂ ਚੀਜ਼ਾਂ ਦੀ ਪਾਲਣਾ ਕਰਨਾ ਸੀ ਤੇ ਅੱਜ ਮੈਂ ਮੈਦਾਨ ’ਤੇ ਆ ਕੇ ਅਸਲੀਅਤ ਵਿਚ ਖੁਸ਼ ਹਾਂ।’’ ਇਸ 33 ਸਾਲਾ ਬੱਲੇਬਾਜ਼ ਨੇ ਕਿਹਾ ਕਿ ਉਸਦੇ ਲਈ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਕਾਫੀ ਅਕਾਉਣ ਵਾਲੀ ਸੀ ਪਰ ਉਸ ਨੇ ਇਸ ਸਮੇਂ ਦਾ ਪੂਰਾ ਫਾਇਦਾ ਚੁੱਕਣ ਦੀ ਸੋਚੀ।’’ ਉਸ ਨੇ ਕਿਹਾ,‘‘ਮੇਰੇ ਲਈ ਪਿਛਲੇ ਤਿੰਨ ਜਾਂ ਸਾਢੇ ਤਿੰਨ ਮਹੀਨਿਆਂ ਦੇ ਬਾਰੇ ਵਿਚ ਗੱਲ ਕਰਨਾ ਕਾਫੀ ਮੁਸ਼ਕਿਲ ਹੈ। ਸ਼ੁਰੂਆਤੀ ਦੋ-ਤਿੰਨ ਹਫਤਿਆਂ ਵਿਚ ਇਹ ਪ੍ਰੇਸ਼ਾਨ ਕਰਨ ਵਾਲਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਰਿਹੈਬਿਲੀਟੇਸ਼ਨ ਵਿਚ ਇਕ ਹੀ ਚੀਜ਼ ਵਾਰ-ਵਾਰ ਕਰ ਰਿਹਾ ਹਾਂ।’’

ਸੂਰਯਕੁਮਾਰ ਨੇ ਕਿਹਾ ਕਿ ਚੌਥੇ-ਪੰਜਵੇਂ ਹਫਤੇ ਤੋਂ ਮੈਨੂੰ ਲੱਗਾ ਕਿ ਭਵਿੱਖ ਲਈ ਇਹ ਜ਼ਰੂਰੀ ਹੈ। ਉਸ ਨੇ ਕਿਹਾ ਕਿ ਇਸ ਦੌਰਾਨ ਪਤਨੀ ਨਾਲ ਗੱਲਬਾਤ ਨੇ ਉਸਦਾ ਨਜ਼ਰੀਆ ਬਦਲਿਆ। ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ, ‘‘ਜਦੋਂ ਮੈਂ ਪਤਨੀ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਖੁਦ ਵਿਚ ਬਦਲਾਅ ਲਿਆਉਣਾ ਪਵੇਗਾ। ਜਦੋਂ ਤੁਸੀਂ ਮੈਦਾਨ ’ਤੇ ਵਾਪਸ ਆਓਗੇ ਤਾਂ ਤੁਹਾਨੂੰ ਥੋੜ੍ਹਾ ਵੱਖਰਾ ਹੋਣਾ ਪਵੇਗਾ। ਮੈਂ ਸਮੇਂ ’ਤੇ ਸੌਣ, ਬਿਹਤਰ ਆਹਾਰ ਲੈਣ ਵਰਗੀਆਂ ਸਾਰੀਆਂ ਛੋਟੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸਭ ਤੋਂ ਮਹੱਤਵਪੂਰਨ ਸੀ।’’

ਸੂਰਯਕੁਮਾਰ ਨੇ ਕਿਹਾ ਕਿ ਖੇਡ ਤੋਂ ਦੂਰ ਰਹਿਣ ਨਾਲ ਉਸ ਨੂੰ ਉਨ੍ਹਾਂ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰਨ ਵਿਚ ਮਦਦ ਮਿਲੀ ਜਿਨ੍ਹਾਂ ਨੂੰ ਉਸ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ ਤੇ ਇਸ ਨਾਲ ਉਸ ਨੂੰ ਤੇਜ਼ੀ ਨਾਲ ਠੀਕ ਹੋਣ ਵਿਚ ਮਦਦ ਮਿਲੀ। ਉਸ ਨੇ ਕਿਹਾ, ‘‘ਮੈਂ ਆਪਣੀ ਜ਼ਿੰਦਗੀ ਵਿਚ ਕਦੇ ਕਿਤਾਬ ਨਹੀਂ ਪੜ੍ਹੀ ਸੀ ਤੇ ਹੁਣ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਮੈਂ ਸਵੇਰੇ ਜਲਦੀ ਉੱਠਣ ਤੇ ਫਿਰ ਰਿਹੈਬਿਲੀਟੇਸ਼ਨ ਕੇਂਦਰ ਵਿਚ ਸਮਾਂ ਦੇਣ ਦੇ ਨਾਲ ਆਪਣੀਆਂ ਕੰਟਰੋਲ ਵਾਲੀਆਂ ਚੀਜ਼ਾਂ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।’’ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ,‘‘ਮੈਂ ਖੁਦ ਨੂੰ ਬਿਹਤਰ ਬਣਾਉਣ ’ਤੇ ਧਿਆਨ ਦਿੱਤਾ। ਜਦੋਂ ਮੈਂ ਜ਼ਖ਼ਮੀ ਹੋਇਆ ਸੀ ਤਾਂ ਤਦ ਮੈਨੂੰ ਅਹਿਸਾਸ ਹੋਇਆ ਕਿ ਕਿਹੜੀਆਂ ਚੀਜ਼ਾਂ ਸਨ, ਜਿਨ੍ਹਾਂ ’ਤੇ ਮੈਂ ਕੰਮ ਕਰਨਾ ਚਾਹੁੰਦਾ ਸੀ। ਮੈਨੂੰ ਫਿਟਨੈੱਸ ਤੇ ਆਪਣੇ ਸਰੀਰ ’ਤੇ ਵੀ ਕੰਮ ਕਰਨ ਲਈ 2-3 ਮਹੀਨੇ ਮਿਲੇ।’’

ਸੂਰਯਕੁਮਾਰ ਯਾਦਵ ਨੇ ਇਸ ਮੌਕੇ ’ਤੇ ਬੈਂਗਲੁਰੂ ਸਥਿਤ ਐੱਨ. ਸੀ. ਏ. ਦੇ ਕੋਚ ਤੇ ਕਮਰਚਾਰੀਆਂ ਦੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਮੈਂ ਅਸਲੀਅਤ ਵਿਚ ਐੱਨ. ਸੀ. ਏ. ਦੇ ਸਹਿਯੋਗੀ ਸਟਾਫ, ਟ੍ਰੇਨਰਾਂ ਤੋਂ ਲੈ ਕੇ ਫਿਜ਼ੀਓ ਤਕ ਸਾਰਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ। ਸ਼ੁਰੂਆਤੀ ਕੁਝ ਦਿਨਾਂ ਵਿਚ ਮੈਨੂੰ ਚੀਜ਼ਾਂ ਠੀਕ ਨਹੀਂ ਲੱਗ ਰਹੀਆਂ ਸਨ ਪਰ ਫਿਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਚੰਗੀ ਤਰ੍ਹਾਂ ਸਮਝ ਗਿਆ ਕਿ ਮੈਂ ਕਿਵੇਂ ਕੰਮ ਕਰਨਾ ਚਾਹੁੰਦਾ ਹਾਂ।’’


Tarsem Singh

Content Editor

Related News