‘ਦੁਧਾਰੂ ਪਸ਼ੂਆਂ’ ਲਈ ਅਚਾਰ ਬਣਾਉਣ ਵਾਸਤੇ ਮੱਕੀ ਦੀ ਬਿਜਾਈ ਦੇ ਨੁਕਸਾਨ

Tuesday, Apr 30, 2024 - 06:28 PM (IST)

‘ਦੁਧਾਰੂ ਪਸ਼ੂਆਂ’ ਲਈ ਅਚਾਰ ਬਣਾਉਣ ਵਾਸਤੇ ਮੱਕੀ ਦੀ ਬਿਜਾਈ ਦੇ ਨੁਕਸਾਨ

ਦੁਧਾਰੂ ਪਸ਼ੂਆਂ ਤੋ ਦੁੱਧ ਦੀ ਪੂਰੀ ਪੈਦਾਵਾਰ ਲੈਣ ਲਈ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਸਾਰਾ ਸਾਲ  ਹਰੇ ਚਾਰੇ ਦੀ ਸਹੀ ਮਾਤਰਾ ਵਿਚ ਉਪਲੱਬਧਤਾ ਬਹੁਤ ਜ਼ਰੂਰੀ ਹੈ। ਪੰਜਾਬ ਵਿਚ ਬਹੁਤ ਸਾਰੇ ਪਸ਼ੂ ਪਾਲਕ ਇਸ ਜਰੂਰਤ ਨੂੰ ਪੂਰਾ ਕਰਨ ਲਈ ਮੱਕੀ ਦਾ ਅਚਾਰ ਬਣਾਉਂਦੇ ਹਨ। ਇਸ ਨਾਲ ਇਕ ਤਾਂ ਪਸ਼ੂਆਂ ਨੂੰ ਸਹੀ ਮਾਤਰਾ ਵਿਚ ਸਾਰਾ ਸਾਲ ਚਾਰਾ ਮਿਲਦਾ ਰਹਿੰਦਾ ਹੈ ਅਤੇ ਨਾਲ ਹੀ ਡੇਅਰੀ ਫਾਰਮ ’ਤੇ ਲੇਬਰ ਦਾ ਖਰਚਾ ਵੀ ਘੱਟਦਾ ਹੈ। ਅਚਾਰ ਬਣਾਉਣ ਲਈ ਸਭ ਤੋਂ ਢੁਕਵੀਂ ਫਸਲ ਮੱਕੀ ਹੈ ਅਤੇ ਪੰਜਾਬ ਵਿਚ ਜ਼ਿਆਦਾਤਰ ਪਸ਼ੂ ਪਾਲਕ ਅਚਾਰ ਬਣਾਉਣ ਲਈ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰਦੇ ਹਨ। ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਸਹੀ ਸਮਾਂ ਅੱਧ ਜਨਵਰੀ ਤੋ ਲੈ ਕੇ ਅੱਧ ਫਰਵਰੀ ਤੱਕ ਹੈ। ਇਸ ਸਮੇਂ ’ਤੇ ਬੀਜੀ ਮੱਕੀ ਦੋਧੇ ਦਾਣੇ ਤੇ ਪਹੁੰਚਣ ਵਿਚ 95-100 ਦਿਨ ਦਾ ਸਮਾਂ ਲੈਂਦੀ ਹੈ ਅਤੇ ਅੱਧ ਮਈ ਵਿਚ ਅਚਾਰ ਬਣਾਉਣ ਲਈ ਤਿਆਰ ਹੋ ਜਾਂਦੀ ਹੈ। ਉਸ ਸਮੇਂ ਮੌਸਮ ਗਰਮ ਅਤੇ ਖੁਸ਼ਕ ਹੁੰਦਾ ਹੈ ਜੋ ਕਿ ਮੱਕੀ ਨੂੰ ਕੁਤਰ ਕੇ ਟੋਏ ਵਿਚ ਨੱਪਣ ਲਈ ਸਭ ਤੋ ਅਨੁਕੂਲ ਹੁੰਦਾ ਹੈ। ਇਸ ਸਮੇਂ ਕਟਾਈ ਵੇਲੇ ਮੱਕੀ ਵਿਚ ਸੁੱਕਾ-ਮਾਦਾ (ਡਰਾਈ ਮੈਟਰ) 25-30% ਹੁੰਦਾ ਹੈ ਅਤੇ ਇਸ ਨੂੰ ਕੁਤਰ ਕੇ ਟੋਏ ਵਿੱਚ ਨੱਪਦੇ ਸਮੇਂ ਕੁਝ ਨਮੀ ਹੋਰ ਉੱਡ ਜਾਂਦੀ ਹੈ ਅਤੇ ਇਹ ਸੁੱਕਾ-ਮਾਦਾ ਵਧ ਕੇ 30-35% ਵਿਚਕਾਰ ਪਹੁੰਚ ਜਾਂਦਾ ਹੈ, ਜੋ ਕਿ ਇਕ ਉੱਚ ਗੁਣਵੱਤਾ ਵਾਲਾ ਅਚਾਰ ਬਣਾਉਣ ਲਈ ਸਭ ਤੋਂ ਅਨੁਕੂਲ ਹੈ।

ਇਹ ਬਹੁਤ ਜਰੂਰੀ ਹੈ ਕਿ ਮੱਕੀ ਦੀ ਬਿਜਾਈ ਅੱਧ ਫਰਵਰੀ ਤੱਕ ਮੁਕੰਮਲ ਕਰ ਲਈ ਜਾਵੇ ਤਾਂ ਜੋ ਇਸ ਦੀ ਅਚਾਰ ਬਣਾਉਣ ਲਈ ਕਟਾਈ ਮਈ ਦੇ ਮਹੀਨੇ ਵਿਚ ਹੋ ਸਕੇ। ਇਹ ਤਾਂ ਹੀ ਹੋ ਸਕਦਾ ਹੈ, ਜੇਕਰ ਹਾੜ੍ਹੀ ਦੇ ਸੀਜ਼ਨ  ’ਚ ਖੇਤ ਵਿਚ ਮਟਰ/ਆਲੂ/ਤੋਰੀਆ/ਜਵੀ ਆਦਿ ਫਸਲਾਂ ਲੱਗੀਆਂ ਹੋਣ। ਇਨ੍ਹਾਂ ਫ਼ਸਲਾਂ ਦੀ ਕਟਾਈ ਜਨਵਰੀ ਵਿਚ ਹੋ ਜਾਂਦੀ ਹੈ ਅਤੇ ਇਨ੍ਹਾਂ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਵੀ ਸਹੀ ਸਮੇਂ ’ਤੇ ਹੋ ਜਾਂਦੀ ਹੈ। ਇਸ ਸਮੇਂ ’ਤੇ ਬੀਜੀ ਮੱਕੀ ਦਾ ਝਾੜ ਵੀ ਵੱਧ ਨਿਕਲਦਾ ਹੈ ਅਤੇ ਇਸ ਤੋਂ ਬਣੇ ਅਚਾਰ ਦੀ ਗੁਣਵੱਤਾ ਵੀ ਚੰਗੀ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ’ਚ ਇਹ ਦੇਖਿਆ ਗਿਆ ਹੈ ਕਿ ਕਿਸਾਨ ਵੀਰ ਮੱਕੀ ਦੀ ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਅਪ੍ਰੈਲ ਦੇ ਮਹੀਨੇ ਵਿਚ ਕਰਨ ਲੱਗ ਪਏ ਹਨ, ਜਿਸ ਕਰਕੇ ਇਸ ਦੇ ਕਈ ਮਾੜੇ ਪ੍ਰਭਾਵ ਸਾਡੇ ਸਾਹਮਣੇ ਆ ਰਹੇ ਹਨ। ਅਪ੍ਰੈਲ ਵਿਚ ਬਿਜਾਈ ਸਮੇਂ ਮੌਸਮ ਗਰਮ ਅਤੇ ਖੁਸ਼ਕ ਹੁੰਦਾ ਹੈ, ਜਿਸ ਕਰ ਕੇ ਇਸ ਫਸਲ ਨੂੰ ਪਾਣੀ ਬਹੁਤ ਜਿਆਦਾ ਲੱਗਦੇ ਹਨ। ਅਪ੍ਰੈਲ ਵਿਚ ਬੀਜੀ ਮੱਕੀ ਨੂੰ ਮਈ–ਜੂਨ ਵਿਚ ਹਰ ਚੌਥੇ ਦਿਨ ’ਤੇ ਪਾਣੀ ਲਗਾਉਣਾ ਪੈਂਦਾ ਹੈ।

ਇਸ ਸਮੇ ਤੇ ਬੀਜੀ ਮੱਕੀ ਦਾ ਫਰਵਰੀ ਵਿਚ ਬੀਜੀ ਮੱਕੀ ਨਾਲੋਂ ਝਾੜ ਵੀ ਘੱਟ ਨਿਕਲਦਾ ਹੈ। ਅਪ੍ਰੈਲ ਵਿਚ ਬੀਜੀ ਮੱਕੀ ਦੋਧੇ ਦਾਣੇ ’ਤੇ ਪਹੁੰਚਣ ਵਿਚ 75-80 ਦਿਨ ਲੈਂਦੀ ਹੈ। ਸੋ ਅਪ੍ਰੈਲ ਦੇ ਆਖਰੀ ਹਫਤੇ ’ਤੇ ਬੀਜੀ ਮੱਕੀ ਅੱਧ ਜੁਲਾਈ ਵਿਚ ਜਾ ਕੇ ਦੋਧੇ ਦਾਣੇ ’ਤੇ ਪਹੁੰਚਦੀ ਹੈ। ਉਸ ਸਮੇਂ ਬਰਸਾਤ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ ਹਵਾ ਵਿਚ ਨਮੀ ਵਧ ਜਾਂਦੀ ਹੈ ਅਤੇ ਇਸ ਸਮੇਂ ਮੱਕੀ ਦੀ ਕਟਾਈ ਵੇਲੇ ਮੱਕੀ ਵਿਚ ਸੁੱਕਾ ਮਾਦਾ (ਡਰਾਈ-ਮੈਟਰ) 20-25% ਹੀ ਹੁੰਦਾ ਹੈ। ਸੋ ਇਸ ਨਾਲ ਅਚਾਰ ਦੀ ਗੁਣਵੱਤਾ ਘਟ ਜਾਂਦੀ ਹੈ। ਬਰਸਾਤ ਦੇ ਮੌਸਮ ਵਿਚ ਪਾਏ ਅਚਾਰ ਵਿਚ ਵੱਧ ਨਮੀ ਕਰਕੇ ਕਈ ਵਾਰ ਉੱਲੀ  ਲਗ ਜਾਂਦੀ ਹੈ, ਜੋ ਕਿ ਪਸ਼ੂਆ ਦੀ ਸਿਹਤ ’ਤੇ ਵੀ ਮਾੜਾ ਅਸਰ ਪਾਉਂਦੀ ਹੈ।

ਸੋ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਸ਼ੂਆਂ ਲਈ ਅਚਾਰ ਬਣਾਉਣ ਸਮੇਂ ਜਾਂ ਅਚਾਰ ਦੀਆਂ ਗੱਠਾਂ ਬਾਜ਼ਾਰ ਵਿਚੋਂ ਖਰੀਦਣ ਸਮੇਂ ਇਸ ਦੀ ਗੁਣਵੱਤਾ ਵੱਲ਼ ਖਾਸ ਧਿਆਨ ਦਿੱਤਾ ਜਾਵੇ। ਕਣਕ ਦੀ ਕਟਾਈ ਤੋਂ ਬਾਅਦ ਮਈ ਦੇ ਸ਼ੁਰੂ ਵਿਚ ਮੱਕੀ ਦੀ ਬਿਜਾਈ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਸਿੰਚਾਈ ਵਾਲੇ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਦੀ ਨਾਲ ਅਚਾਰ ਦੀ ਗੁਣਵੱਤਾ ਸਹੀ ਨਾ ਹੋਣ ਕਰਕੇ ਪਸ਼ੂਆਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। 
ਬਜ਼ਾਰ ਵਿਚੋਂ ਵੀ ਮੱਕੀ ਦੇ ਅਚਾਰ ਦੀਆਂ ਗੱਠਾਂ ਖਰੀਦਦੇ ਸਮੇਂ ਧਿਆਨ ਰੱਖਿਆ ਜਾਵੇ ਕਿ ਇਸ ਵਿਚ ਸੁੱਕਾ ਮਾਦਾ 30-35% ਦੇ ਵਿਚਕਾਰ ਹੋਏ, ਇਸ ਦਾ ਖਾਰਾ ਅੰਗ 3.8-4.2 ਦੇ ਵਿਚਕਾਰ ਹੋਵੇ, ਰੰਗ ਸੁਨਹਿਰੀ ਹੋਵੇ ਅਤੇ ਇਸ ਵਿਚੋਂ ਸਿਰਕੇ ਵਰਗੀ ਸੁਗੰਧ ਆਉਂਦੀ ਹੋਵੇ। ਖਰਾਬ ਅਚਾਰ ਦਾ ਰੰਗ ਭੂਰਾ ਹੁੰਦਾ ਹੈ ਅਤੇ ਇਸ ਵਿਚੋਂ ਬਦਬੂ ਆਉਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰ ਸਾਉਣੀ ਵਿਚ ਚਰ੍ਹੀ ਅਤੇ ਹਾੜੀ ਵਿਚ ਜਵੀ ਦਾ ਅਚਾਰ ਵੀ ਬਣਾ ਸਕਦੇ ਹਨ। ਇਨ੍ਹਾਂ ਫਸਲਾਂ ਨੂੰ ਪਾਣੀ ਘੱਟ ਲਗਦਾ ਹੈ ਅਤੇ ਇਨ੍ਹਾਂ ਦੀ ਕਾਸ਼ਤ ਤੇ ਖਰਚਾ ਵੀ ਘੱਟ ਆੳਂੁਦਾ ਹੈ।

—ਨਵਜੋਤ ਸਿੰਘ ਬਰਾੜ, ਪ੍ਰਭਜੀਤ ਸਿੰਘ ਅਤੇ ਅਨਿਲ ਕੁਮਾਰ
ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ

 


author

Shivani Bassan

Content Editor

Related News