AXIS ਬੈਂਕ ਦੇ ਮੁਲਾਜ਼ਮਾਂ ਨੂੰ ਵੱਡੀ ਸੌਗਾਤ, ਤਨਖ਼ਾਹਾਂ 'ਚ ਹੋਇਆ 12 ਫੀਸਦੀ ਵਾਧਾ

10/06/2020 4:57:42 PM

ਨਵੀਂ ਦਿੱਲੀ—  ਨਿੱਜੀ ਖੇਤਰ ਦੇ ਤੀਜੇ ਵੱਡੇ ਬੈਂਕ ਐਕਸਿਸ ਬੈਂਕ ਨੇ ਆਪਣੇ 75,000 ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ 12 ਫੀਸਦੀ ਤੱਕ ਦਾ ਇਜ਼ਾਫ਼ਾ ਕਰ ਦਿੱਤਾ ਹੈ। ਇੰਨਾ ਹੀ ਤਨਖ਼ਾਹਾਂ 'ਚ ਵਾਧਾ ਕਰਨ ਦੇ ਨਾਲ ਬੈਂਕ ਬੋਨਸ ਵੀ ਦੇਣ ਜਾ ਰਿਹਾ ਹੈ। ਇਹ ਅਜਿਹੇ ਸਮੇਂ 'ਚ ਕੀਤਾ ਜਾ ਰਿਹਾ ਹੈ, ਜਦੋਂ ਕੋਵਿਡ-19 ਦੀ ਵਜ੍ਹਾ ਨਾਲ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਇਕ ਸੂਤਰ ਨੇ ਮੰਗਲਵਾਰ ਨੂੰ ਕਿਹਾ ਕਿ ਬੈਂਕ ਪਹਿਲਾਂ ਹੀ ਇਕ ਨਿਸ਼ਚਤ ਦਰਜੇ ਤੋਂ ਘੱਟ ਅਧਿਕਾਰੀਆਂ ਨੂੰ ਸਾਲਾਨਾ ਬੋਨਸ ਦੇ ਚੁੱਕਾ ਹੈ ਅਤੇ ਹੁਣ ਸਾਰਿਆਂ ਨੂੰ ਬੋਨਸ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਨਿੱਜੀ ਖੇਤਰ ਦੇ ਦੋ ਵੱਡੇ ਬੈਂਕਾਂ- ਆਈ. ਸੀ. ਆਈ. ਸੀ. ਆਈ. ਅਤੇ ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਇਸੇ ਤਰ੍ਹਾਂ ਦਾ ਫ਼ੈਸਲਾ ਕੀਤਾ ਸੀ।

ਜਾਣਕਾਰੀ ਮੁਤਾਬਕ, ਐਕਸਿਸ ਬੈਂਕ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ 4 ਤੋਂ 12 ਫੀਸਦੀ ਤੱਕ ਦਾ ਇਜ਼ਾਫ਼ਾ ਕੀਤਾ ਹੈ। ਕੰਮਕਾਜ ਕਰਨ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਇਹ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ ਅਪ੍ਰੈਲ ਤੋਂ ਹੀ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹ ਵਧਾ ਦਿੱਤੀਆਂ ਸਨ, ਨਾਲ ਬੋਨਸ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਬੈਂਕ ਨੇ ਜੁਲਾਈ 'ਚ ਆਪਣੇ ਇਕ ਲੱਖ ਮੁਲਾਜ਼ਮਾਂ 'ਚੋਂ 80 ਹਜ਼ਾਰ ਨੂੰ ਬੋਨਸ ਦਿੱਤਾ ਸੀ ਅਤੇ ਤਨਖ਼ਾਹਾਂ ਨੂੰ ਵਧਾਇਆ ਸੀ।

ਗੌਰਤਲਬ ਹੈ ਕਿ ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਭਵਿੱਖ ਦੇ ਕਾਰੋਬਾਰ ਦੀ ਰੱਖਿਆ ਲਈ ਇਕੁਇਟੀ ਬਜ਼ਾਰਾਂ 'ਚੋਂ ਲਗਭਗ 9 ਅਰਬ ਡਾਲਰ ਵੀ ਜੁਟਾਏ ਹਨ। ਪੂੰਜੀ ਵਧਾਉਣ ਨਾਲ ਉਨ੍ਹਾਂ ਨੂੰ ਮਾੜੇ ਕਰਜ਼ਿਆਂ ਨਾਲ ਨਜਿੱਠਣ 'ਚ ਮਦਦ ਮਿਲੇਗੀ।


Sanjeev

Content Editor

Related News