ਨਿਕਹਤ ਤੇ ਮੀਨਾਕਸ਼ੀ ਨੇ ਜਿੱਤਿਆ ਸੋਨਾ, ਐਲੋਰਡਾ ਕੱਪ ’ਚ ਭਾਰਤ ਦੇ ਨਾਂ 12 ਤਮਗੇ

05/18/2024 9:28:17 PM

ਅਸਤਾਨਾ (ਕਜ਼ਾਕਿਸਤਾਨ)– ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਜਰੀਨ ਤੇ ਮੀਨਾਕਸ਼ੀ ਨੇ ਆਪਣੇ-ਆਪਣੇ ਭਰ ਵਰਗ ਵਿਚ ਸੋਨ ਤਮਗੇ ਜਿੱਤੇ, ਜਿਸ ਨਾਲ ਭਾਰਤੀ ਟੀਮ ਨੇ ਸ਼ਨੀਵਾਰ ਨੂੰ ਇੱਥੇ ਐਲੋਰਡਾ ਕੱਪ ਮੁੱਕੇਬਾਜ਼ੀ ਵਿਚ ਆਪਣੀ ਮੁਹਿੰਮ ਹੁਣ ਤਕ ਦੇ ਸਰਵਸ੍ਰੇਸ਼ਠ 12 ਤਮਗਿਆਂ ਨਾਲ ਖਤਮ ਕੀਤੀ। ਨਿਕਹਤ ਤੇ ਮੀਨਾਕਸ਼ੀ ਦੇ ਸੋਨ ਤਮਗਿਆਂ ਤੋਂ ਇਲਾਵਾ, ਭਾਰਤੀ ਮੁੱਕੇਬਾਜ਼ਾਂ ਨੇ 2 ਚਾਂਦੀ ਤੇ 8 ਕਾਂਸੀ ਤਮਗੇ ਜਿੱਤ ਕੇ ਪਿਛਲੇ ਸੈਸ਼ਨ ਤੋਂ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤੀ ਮੁੱਕੇਬਾਜ਼ਾਂ ਨੇ ਪਿਛਲੇ ਸੈਸ਼ਨ ਵਿਚ 5 ਤਮਗੇ ਆਪਣੇ ਨਾਂ ਕੀਤੇ ਸਨ। ਨਿਕਹਤ (52 ਕਿ. ਗ੍ਰਾ.) ਨੇ ਵੱਕਾਰੀ ਟੂਰਨਾਮੈਂਟ ਵਿਚ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਕਜ਼ਾਕਿਸਤਾਨ ਦੀ ਜਜੀਰਾ ਓਰਾਕਬਾਯੇਵਾ ਨੂੰ 5-0 ਦੇ ਸਕੋਰ ਨਾਲ ਹਰਾ ਕੇ ਆਪਣੇ ਪ੍ਰਭਾਵਸ਼ਾਲੀ ਕਰੀਅਰ ਵਿਚ ਇਕ ਹੋਰ ਸੋਨ ਤਮਗਾ ਜੋੜਿਆ। ਮੀਨਾਕਸ਼ੀ ਨੇ ਦਿਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਹਿਲਾਵਾਂ ਦੇ 48 ਕਿ. ਗ੍ਰਾ. ਫਾਈਨਲ ਵਿਚ ਉਜਬੇਕਿਸਤਾਨ ਦੀ ਰਹਮੋਨੋਵਾ ਸੈਦਾਹੋਨ ਨੂੰ 4-1 ਨਾਲ ਹਰਾ ਕੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਅਨਾਮਿਕਾ (50 ਕਿ. ਗ੍ਰਾ.) ਤੇ ਮਨੀਸ਼ਾ (60 ਕਿ. ਗ੍ਰਾ.) ਨੂੰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਦੀ ਮੁਹਿੰਮ ਚਾਂਦੀ ਤਮਗੇ ਨਾਲ ਖਤਮ ਹੋਈ।
ਭਾਰਤੀ ਕਾਂਸੀ ਤਮਗਾ ਜੇਤੂ :
ਪੁਰਸ਼ ਵਰਗ : ਯਾਈਫਾਬਾ ਸਿੰਘ ਸੋਈਬਮ (48 ਕਿ. ਗ੍ਰਾ.), ਅਭਿਸ਼ੇਕ ਯਾਦਵ (67 ਕਿ. ਗ੍ਰਾ.), ਵਿਸ਼ਾਲ (86 ਕਿ. ਗ੍ਰਾ.) ਤੇ ਗੌਰਵ ਚੌਹਾਨ (92+ ਕਿ. ਗ੍ਰਾ.)।
ਮਹਿਲਾ ਵਰਗ : ਸੋਨੂ (63 ਕਿ. ਗ੍ਰਾ.), ਮੰਜੂ ਬੰਬੋਰੀਆ (66 ਕਿ. ਗ੍ਰਾ.), ਸ਼ਲਾਘਾ ਸਿੰਘ ਸੰਸਨਵਾਲ (70 ਕਿ. ਗ੍ਰਾ.) ਤੇ ਮੋਨਿਕਾ (81+ ਕਿ. ਗ੍ਰਾ.)।


Aarti dhillon

Content Editor

Related News