ਸੁਰੱਖਿਆ ਫ਼ੋਰਸਾਂ ਨੂੰ ਮਿਲੀ ਵੱਡੀ ਸਫ਼ਲਤਾ, ਮੁਕਾਬਲੇ ''ਚ 12 ਨਕਸਲੀ ਕੀਤੇ ਢੇਰ
Saturday, May 11, 2024 - 06:22 PM (IST)
ਬੀਜਾਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 2 ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 12 ਨਕਸਲੀਆਂ ਨੂੰ ਮਾਰ ਸੁੱਟਿਆ। ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਇਹ ਜਾਣਕਾਰੀ ਦਿੱਤੀ। ਸਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ਦੇ ਅਧੀਨ ਪੀੜੀਆ ਪਿੰਡ ਦੇ ਜੰਗਲ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 12 ਨਕਸਲੀਆਂ ਨੂੰ ਮਾਰ ਸੁੱਟਿਆ। ਸਾਏ ਨੇ ਕਿਹਾ,''ਗੰਗਾਲੂਰ ਇਲਾਕੇ 'ਚ ਸੁਰੱਖਿਆ ਕਰਮੀਆਂ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਖ਼ਤਮ ਹੋ ਗਈ ਹੈ। ਸਾਡੀ ਸੁਰੱਖਿਆ ਫ਼ੋਰਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਹੁਣ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।'' ਉਨ੍ਹਾਂ ਨੇ ਕਾਰਵਾਈ ਲਈ ਸੁਰੱਖਿਆ ਫ਼ੋਰਸਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਵਧਾਈ ਦਿੱਤੀ।
ਸਾਏ ਨੇ ਕਿਹਾ,''ਜਦੋਂ ਤੋਂ ਅਸੀਂ ਲੋਕ (ਭਾਜਪਾ) ਸਰਕਾਰ 'ਚ ਆਏ ਹਾਂ, ਨਕਸਲਵਾਦ ਨਾਲ ਮਜ਼ਬੂਤੀ ਨਾਲ ਲੜ ਰਹੇ ਹਾਂ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਚਾਹੁੰਦੇ ਹਨ ਕਿ ਛੱਤੀਸਗੜ੍ਹ ਤੋਂ ਨਕਸਲਵਾਦ ਖ਼ਤਮ ਹੋਵੇ। ਡਬਲ ਇੰਜਣ ਦੀ ਸਰਕਾਰ ਹੈ ਤਾਂ ਇਸ ਦਾ ਵੀ ਲਾਭ ਸਾਨੂੰ ਮਿਲ ਰਿਹਾ ਹੈ।'' ਰਾਜ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੰਗਾਲੂਰ ਥਾਣਾ ਖੇਤਰ 'ਚ ਸੁਰੱਖਿਆ ਫ਼ੋਰਸਾਂ ਨੂੰ ਨਕਸਲ ਵਿਰੋਧੀ ਮੁਹਿੰਮ 'ਚ ਰਵਾਨਾ ਕੀਤਾ ਗਿਆ ਸੀ। ਦਲ ਜਦੋਂ ਪੀੜੀਆ ਪਿੰਡ ਦੇ ਜੰਗਲ 'ਚ ਸੀ, ਉਦੋਂ ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨਾਂ ਦੱਸਿਆ ਕਿ ਖੇਤਰ 'ਚ ਖੋਜ ਮੁਹਿੰਮ ਜਾਰੀ ਹੈ। ਰਾਜ ਦੇ ਕਾਂਕੇਰ ਜ਼ਿਲ੍ਹੇ 'ਚ 16 ਅਪ੍ਰੈਲ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 29 ਨਕਸਲੀ ਮਾਰੇ ਗਏ ਸਨ। 30 ਅਪ੍ਰੈਲ ਨੂੰ ਨਾਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਇਕ ਜੰਗਲ 'ਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ 'ਚ ਤਿੰਨ ਔਰਤਾਂ ਸਮੇਤ 10 ਨਕਸਲੀ ਮਾਰੇ ਗਏ ਸਨ। ਪੁਲਸ ਅਨੁਸਾਰ, ਇਸ ਘਟਨਾ ਨਾਲ, ਰਾਜ ਦੇ ਬਸਤਰ ਖੇਤਰ, ਜਿਸ 'ਚ ਨਾਰਾਇਣਪੁਰ ਅਤੇ ਕਾਂਕੇਰ ਸਮੇਤ 7 ਜ਼ਿਲ੍ਹੇ ਸ਼ਾਮਲ ਹਨ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਇਸ ਸਾਲ ਹੁਣ ਤੱਕ 103 ਨਕਸਲੀ ਮਾਰੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e