ਛੋਟੇ ਸ਼ਹਿਰਾਂ ’ਤੇ ਵੱਡਾ ਦਾਅ ਖੇਡ ਰਹੀਆਂ ਈ-ਕਾਮਰਸ ਕੰਪਨੀਆਂ

08/05/2019 12:08:16 PM

ਨਵੀਂ ਦਿੱਲੀ — ਈ-ਕਾਮਰਸ ਕੰਪਨੀਆਂ ਆਪਣੇ ਵਾਧੇ ਨੂੰ ਤੇਜ਼ ਕਰਨ ਲਈ ਛੋਟੇ ਸ਼ਹਿਰਾਂ ’ਤੇ ਵੱਡਾ ਦਾਅ ਲਾ ਰਹੀਆਂ ਹਨ। ਉਹ ਇਨ੍ਹਾਂ ਸ਼ਹਿਰਾਂ ਦੇ ਵਿਆਪਕ ਖਪਤਕਾਰ ਆਧਾਰ ਦਾ ਫਾਇਦਾ ਚੁੱਕਣ ਲਈ ਇਨ੍ਹਾਂ ਸ਼ਹਿਰਾਂ ’ਚ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾਉਣ ’ਤੇ ਧਿਆਨ ਦੇ ਰਹੀਆਂ ਹਨ। ਮਾਹਿਰਾਂ ਨੇ ਇਹ ਰਾਏ ਪ੍ਰਗਟ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਛੋਟੇ ਸ਼ਹਿਰਾਂ ’ਚ ਨਿਯੁਕਤੀਆਂ ’ਚ 15 ਫ਼ੀਸਦੀ ਤੱਕ ਤੇਜ਼ੀ ਆਉਣ ਦਾ ਅੰਦਾਜ਼ਾ ਹੈ। ਖਪਤਕਾਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਈ-ਕਾਮਰਸ ਕੰਪਨੀਆਂ ਛੋਟੇ ਸ਼ਹਿਰਾਂ ’ਚ ਆਪਣੇ ਗੋਦਾਮ ਬਣਾ ਰਹੀਆਂ ਹਨ ਅਤੇ ਇਨ੍ਹਾਂ ਸ਼ਹਿਰਾਂ ’ਚ ਕਰਮਚਾਰੀਆਂ ਦੀ ਗਿਣਤੀ ਵਧਾ ਰਹੀਆਂ ਹਨ। ਟੀਮਲੀਜ਼ ਸਰਵਿਸਿਜ਼ ਦੇ ਮੁਖੀ (ਡਿਜੀਟਲ ਅਤੇ ਸੂਚਨਾ ਤਕਨੀਕੀ) ਮਯੂਰ ਸਾਰਸਵਤ ਨੇ ਕਿਹਾ, ‘‘ਪਿਛਲੇ ਸਾਲ ਦੀਵਾਲੀ ਵਿਕਰੀ ’ਚ ਟੀਅਰ ਦੋ ਅਤੇ ਤਿੰਨ ਸ਼ਹਿਰਾਂ ਦੀ 40 ਫ਼ੀਸਦੀ ਹਿੱਸੇਦਾਰੀ ਰਹੀ। ਇਹ ਇਕ ਸ਼ਾਨਦਾਰ ਬਦਲਾਅ ਹੈ ਅਤੇ ਇਸ ਨਾਲ ਵੇਅਰਹਾਊਸ, ਲਾਜਿਸਟਿਕਸ ਅਤੇ ਦੂਰ-ਦੁਰਾਡੇ ਦੇ ਸੰਪਰਕ ’ਤੇ ਈ-ਕਾਮਰਸ ਕੰਪਨੀਆਂ ਦੇ ਧਿਆਨ ਕੇਂਦਰਿਤ ਕਰਨ ਦਾ ਸੰਕੇਤਕ ਹੈ। ਇਨ੍ਹਾਂ ਸ਼ਹਿਰਾਂ ’ਚ ਰੋਜ਼ਗਾਰ ਬਾਜ਼ਾਰ ਵਧ ਰਿਹਾ ਹੈ ਅਤੇ ਇਸ ’ਚ 15 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲੇਗਾ।’’

ਕੰਪਨੀਆਂ ਤਲਾਸ਼ ਰਹੀਆਂ ਨਵੇਂ ਬਾਜ਼ਾਰ

ਸਾਰਸਵਤ ਨੇ ਕਿਹਾ ਕਿ ਮੈਟਰੋ ਸ਼ਹਿਰਾਂ ’ਚ ਮੁਕਾਬਲੇਬਾਜ਼ੀ ਅਜਿਹੇ ਪੱਧਰ ’ਤੇ ਪਹੁੰਚ ਰਹੀ ਹੈ, ਜਿੱਥੇ ਵਾਧਾ ਸਥਿਰ ਹੋਣ ਲੱਗਾ ਹੈ। ਇਸ ਕਰਕੇ ਕੰਪਨੀਆਂ ਨਵੇਂ ਬਾਜ਼ਾਰਾਂ ਦੀ ਤਲਾਸ਼ ਕਰ ਰਹੀਆਂ ਹਨ ਅਤੇ ਛੋਟੇ ਸ਼ਹਿਰ ਉਨ੍ਹਾਂ ਲਈ ਇਸ ਦਿਸ਼ਾ ’ਚ ਸੁਭਾਵਿਕ ਬਦਲ ਹਨ। ਇੰਡੀਡ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸ਼ਸ਼ੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਅੰਕੜਿਆਂ ਮੁਤਾਬਕ ਦੇਸ਼ ਦੀਆਂ ਕੁਝ ਮੋਹਰੀ ਕੰਪਨੀਆਂ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ’ਚ ਹੁਨਰਮੰਦਾਂ ਦੀ ਤਲਾਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਕੰਮ ’ਤੇ ਰੱਖ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਛੋਟੇ ਸ਼ਹਿਰ ਦੇਸ਼ ’ਚ ਪ੍ਰਚੂਨ ਕਾਰੋਬਾਰ ਵਾਧੇ ਦੇ ਭਵਿੱਖ ਦੇ ਕੇਂਦਰ ਹਨ। ਇਨ੍ਹਾਂ ਸ਼ਹਿਰਾਂ ’ਚ ਜ਼ਮੀਨ ਸਸਤੀਆਂ ਦਰਾਂ ’ਤੇ ਉਪਲੱਬਧ ਹੈ, ਕਿਰਾਇਆ ਘੱਟ ਹੈ ਅਤੇ ਗਾਹਕ ਵੀ ਨਵੇਂ ਸਟੋਰਾਂ ਨੂੰ ਲੈ ਕੇ ਨਵੇਂ ਤਜਰਬੇ ਲਈ ਤਿਆਰ ਹਨ।


Related News