ਛੱਤ ’ਤੇ ਖੇਡ ਰਹੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼, ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

Friday, Mar 13, 2026 - 02:16 AM (IST)

ਛੱਤ ’ਤੇ ਖੇਡ ਰਹੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼, ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

ਜਲੰਧਰ (ਜ.ਬ.) - ਸਈਪੁਰ ਇਲਾਕੇ ਵਿਚ ਛੱਤ ’ਤੇ ਖੇਡ ਰਹੇ ਢਾਈ ਸਾਲ ਦੇ ਬੱਚੇ ਨਾਲ ਮੁਹੱਲੇ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਇਕ ਹੋਰ ਬੱਚੇ ਨੇ ਹੇਠਾਂ ਜਾ ਕੇ ਰੌਲਾ ਪਾਇਆ ਤਾਂ ਇਕ ਵਿਅਕਤੀ ਤੁਰੰਤ ਛੱਤ ’ਤੇ ਗਿਆ ਅਤੇ ਮੁਲਜ਼ਮ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਿਆ। ਜਿਵੇਂ ਹੀ ਉਕਤ ਵਿਅਕਤੀ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਵਿਰੋਧ ਕਰ ਰਹੇ ਵਿਅਕਤੀ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਫਿਰ ਹੱਥ ਛੁਡਾ ਕੇ ਪਾਰਕ ਵਿਚ ਜਾ ਕੇ ਲੁਕ ਗਿਆ। ਲੋਕਾਂ ਨੇ ਉਸ ਨੂੰ ਲੱਭ ਕੇ ਕਾਬੂ ਕਰ ਕੇ ਜੰਮ ਕੇ ਛਿੱਤਰ-ਪਰੇਡ ਕੀਤੀ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਨੇ ਦੱਸਿਆ ਕਿ ਢਾਈ ਸਾਲ ਦਾ ਬੱਚਾ ਉਨ੍ਹਾਂ ਦੇ ਵਿਹੜੇ ਦੀ ਛੱਤ ’ਤੇ ਖੇਡ ਰਿਹਾ ਸੀ। ਉਹ ਖੁਦ ਵਿਹੜੇ ਵਿਚ ਲੇਟਿਆ ਹੋਇਆ ਸੀ ਕਿ ਛੱਤ ਤੋਂ ਇਕ ਬੱਚਾ ਆਇਆ ਜਿਸ ਨੇ ‘ਗੰਦਾ ਅੰਕਲ-ਗੰਦਾ ਅੰਕਲ’ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਬੱਚੇ ਨੇ ਉਸ ਕੋਲ ਆ ਕੇ ਛੱਤ ਵੱਲ ਇਸ਼ਾਰਾ ਕੀਤਾ ਤਾਂ ਉਹ ਤੁਰੰਤ ਛੱਤ ’ਤੇ ਪਹੁੰਚਿਆ, ਜਿੱਥੇ ਦੇਖਿਆ ਕਿ ਮੁਹੱਲੇ ਦਾ ਇਕ ਵਿਅਕਤੀ ਢਾਈ ਸਾਲ ਦੇ ਬੱਚੇ ਦਾ ਮੂੰਹ ਫੜ ਕੇ ਆਪਣਾ ਪ੍ਰਾਈਵੇਟ ਪਾਰਟ ਉਸ ਦੇ ਮੂੰਹ ਵਿਚ ਪਾ ਰਿਹਾ ਸੀ। ਉਕਤ ਵਿਅਕਤੀ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਹੱਥ ਛੁਡਵਾ ਕੇ ਭੱਜ ਗਿਆ।

ਜਿਉਂ ਹੀ ਵਿਅਕਤੀ ਨੇ ਰੌਲਾ ਪਾਇਆ ਤਾਂ ਪੀੜਤ ਬੱਚੇ ਦੀ ਮਾਂ ਅਤੇ ਹੋਰ ਲੋਕ ਇਕੱਠੇ ਹੋ ਗਏ। ਸਾਰੀ ਗੱਲ ਦਾ ਪਤਾ ਲੱਗਦੇ ਹੀ ਸਥਾਨਕ ਲੋਕਾਂ ਨੇ ਮੁਲਜ਼ਮ ਨੂੰ ਪਾਰਕ ਵਿਚੋਂ ਲੱਭ ਲਿਆ ਅਤੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ ਤੇ ਪੁਲਸ ਨੂੰ ਸੂਚਨਾ ਦਿੱਤੀ। ਜਿਵੇਂ ਹੀ ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਚੌਕੀ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਗੱਡੀ ਵਿਚ ਬਿਠਾਇਆ ਅਤੇ ਚੌਕੀ ਲੈ ਗਏ। ਦੂਜੇ ਪਾਸੇ ਘਟਨਾ ਤੋਂ ਬਾਅਦ ਮੁਲਜ਼ਮ ਦੀ ਪਤਨੀ ਵੀ ਸਾਹਮਣੇ ਆਈ, ਜਿਸ ਨੇ ਆਪਣੇ ਪਤੀ ਦੀ ਗਲਤੀ ਮੰਨੀ ਅਤੇ ਮੁਆਫ ਕਰਨ ਦੀ ਫਰਿਆਦ ਕਰਨ ਲੱਗੀ।

ਚੌਕੀ ਇੰਚਾਰਜ ਅਵਤਾਰ ਸਿੰਘ ਦਾ ਲਾਪ੍ਰਵਾਹੀ ਭਰਿਆ ਰਵੱਈਆ
ਮਾਣਯੋਗ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਨਾਬਾਲਗ ਬੱਚਿਆਂ ਨਾਲ ਹੋਣ ਵਾਲੇ ਅਜਿਹੇ ਅਪਰਾਧਾਂ ਨੂੰ ਲੈ ਕੇ ਬਹੁਤ ਗੰਭੀਰ ਹਨ, ਤਾਂ ਦੂਜੇ ਪਾਸੇ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਅਵਤਾਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਦੂਰੀ ਬਣਾਈ ਰੱਖੀ। ਢਾਈ ਸਾਲ ਦੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਵਤਾਰ ਸਿੰਘ ਨੇ ਮੀਡੀਆ ਦੇ ਫੋਨ ਤੱਕ ਨਹੀਂ ਚੁੱਕੇ। ਹਾਲਾਂਕਿ ਉਹ ਮੌਕੇ ’ਤੇ ਜ਼ਰੂਰ ਪਹੁੰਚੇ ਪਰ ਮੁਲਜ਼ਮ ਦੀ ਪਛਾਣ ਛੁਪਾਉਣ ਦੇ ਚੱਕਰ ਵਿਚ ਉਹ ਮੀਡੀਆ ਤੋਂ ਕੰਨੀਂ ਕਤਰਾਉਂਦੇ ਰਹੇ। ਹਾਲਾਂਕਿ ਦੇਰ ਰਾਤ ਥਾਣਾ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਨੇ ਪੁਸ਼ਟੀ ਕਰ ਦਿੱਤੀ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
 


author

Inder Prajapati

Content Editor

Related News