ਵਿਧਾਨ ਸਭਾ 'ਚ ਬਾਜਵਾ ਨੇ ਦੇਸ਼ ਦੀ ਵਿਦੇਸ਼ ਨੀਤੀ ਤੇ ਵਧ ਰਹੀਆਂ ਤੇਲ ਦੀਆਂ ਕੀਮਤਾਂ ‘ਤੇ ਚਿੰਤਾ ਜਤਾਈ
Thursday, Mar 12, 2026 - 04:29 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੰਤਰਰਾਸ਼ਟਰੀ ਹਾਲਾਤ ਅਤੇ ਦੇਸ਼ ਦੀ ਆਰਥਿਕਤਾ 'ਤੇ ਪੈ ਰਹੇ ਪ੍ਰਭਾਵ ਬਾਰੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਦੁਨੀਆ 'ਚ ਬਣ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਸਾਰੇ ਰਾਜਨੀਤਿਕ ਧਿਰਾਂ ਨੂੰ ਨੈਸ਼ਨਲ ਇੰਟਰੈਸਟ ਦੇ ਮਾਮਲਿਆਂ 'ਤੇ ਇਕੱਠੇ ਹੋ ਕੇ ਖੜ੍ਹਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਪੱਧਰ 'ਤੇ ਬਣ ਰਹੇ ਹਾਲਾਤ ਕਾਰਨ ਭਾਰਤ ਲਈ ਚੁਣੌਤੀਆਂ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਦੇਸ਼ ਜੋ ਪਹਿਲਾਂ ਭਾਰਤ ਦੇ ਸਾਥੀ ਰਹੇ ਹਨ, ਹੁਣ ਹੋਰ ਧਿਰਾਂ ਵੱਲ ਝੁਕਦੇ ਨਜ਼ਰ ਆ ਰਹੇ ਹਨ, ਜਿਸ ਨਾਲ ਖੇਤਰੀ ਅਤੇ ਗਲੋਬਲ ਰਾਜਨੀਤੀ ਵਿੱਚ ਨਵਾਂ ਸੰਤੁਲਨ ਬਣ ਰਿਹਾ ਹੈ। ਉਨ੍ਹਾਂ ਅਨੁਸਾਰ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਬਹੁਤ ਸੋਚ-ਸਮਝ ਕੇ ਚਲਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਐਲਾਨਿਆ ਇਕ ਹੋਰ ਉਮੀਦਵਾਰ!
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ 'ਚ ਵੱਡਾ ਉਤਾਰ-ਚੜ੍ਹਾਅ ਆ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੱਚੇ ਤੇਲ ਦੀ ਕੀਮਤ 100 ਤੋਂ 150 ਡਾਲਰ ਪ੍ਰਤੀ ਬੈਰਲ ਜਾਂ ਇਸ ਤੋਂ ਵੀ ਉੱਪਰ ਜਾ ਸਕਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਾਲਾਤ ਬਣੇ ਰਹੇ ਤਾਂ ਭਾਰਤ 'ਚ ਪੈਟਰੋਲ, ਡੀਜ਼ਲ ਅਤੇ ਐੱਲ. ਪੀ. ਜੀ. ਦੀਆਂ ਕੀਮਤਾਂ 'ਚ ਵੱਡਾ ਵਾਧਾ ਹੋ ਸਕਦਾ ਹੈ ਅਤੇ ਇਸ ਨਾਲ ਆਮ ਲੋਕਾਂ ‘ਤੇ ਸਿੱਧਾ ਪ੍ਰਭਾਵ ਪਵੇਗਾ। ਬਾਜਵਾ ਨੇ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਕੀਮਤ 45 ਤੋਂ 50 ਡਾਲਰ ਪ੍ਰਤੀ ਬੈਰਲ ਸੀ, ਉਸ ਸਮੇਂ ਭਾਰਤ ਨੇ ਹਜ਼ਾਰਾਂ ਕਰੋੜ ਰੁਪਏ ਦੀ ਬਚਤ ਕੀਤੀ ਸੀ ਪਰ ਮੌਜੂਦਾ ਹਾਲਾਤ ਵਿੱਚ ਜੇ ਕੀਮਤਾਂ ਤੇਜ਼ੀ ਨਾਲ ਵਧਦੀਆਂ ਹਨ ਤਾਂ ਦੇਸ਼ ਦੀ ਆਰਥਿਕਤਾ ‘ਤੇ ਵੱਡਾ ਦਬਾਅ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਪ੍ਰਭਾਵ ਸਿਰਫ਼ ਇੰਧਨ ਤੱਕ ਸੀਮਿਤ ਨਹੀਂ ਰਹੇਗਾ। ਜਹਾਜ਼ਾਂ ਅਤੇ ਸਮੁੰਦਰੀ ਟਰਾਂਸਪੋਰਟ ਦੇ ਫਰੇਟ ਰੇਟ ਵਧਣਗੇ, ਜਿਸ ਨਾਲ ਸਾਮਾਨ ਦੀ ਢੁਆਈ ਮਹਿੰਗੀ ਹੋ ਜਾਵੇਗੀ। ਇਸ ਦਾ ਨਤੀਜਾ ਇਹ ਨਿਕਲੇਗਾ ਕਿ ਬਾਜ਼ਾਰ ਵਿੱਚ ਹਰ ਕਿਸਮ ਦੀਆਂ ਵਸਤੂਆਂ ਦੀਆਂ ਕੀਮਤਾਂ ਵਧ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਗੈਂਗਸਟਰਾਂ ਦਾ ਰਾਜ, ਰੋਜ਼ਾਨਾ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ: ਸੁਖਬੀਰ ਬਾਦਲ
ਉਨ੍ਹਾਂ ਇਹ ਵੀ ਕਿਹਾ ਕਿ ਖਾਦਾਂ ਦੀ ਉਪਲਬਧਤਾ ਅਤੇ ਕੀਮਤਾਂ 'ਤੇ ਵੀ ਇਸ ਦਾ ਪ੍ਰਭਾਵ ਪੈ ਸਕਦਾ ਹੈ। ਡੀ. ਏ. ਪੀ. ਸਮੇਤ ਹੋਰ ਖਾਦਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਜਵਾ ਨੇ ਕਿਹਾ ਕਿ ਐਲਪੀਜੀ ਸਿਲੰਡਰ ਦੀ ਕੀਮਤ ਪਹਿਲਾਂ ਹੀ ਕਰੀਬ ਹਜ਼ਾਰ ਰੁਪਏ ਤੱਕ ਪਹੁੰਚ ਚੁੱਕੀ ਹੈ, ਜਦਕਿ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਇਹ ਕਰੀਬ 400 ਰੁਪਏ ਦੇ ਆਸ-ਪਾਸ ਸੀ। ਉਨ੍ਹਾਂ ਕਿਹਾ ਕਿ ਮਹਿੰਗਾਈ ਦਾ ਬੋਝ ਲਗਾਤਾਰ ਆਮ ਲੋਕਾਂ ‘ਤੇ ਪੈ ਰਿਹਾ ਹੈ। ਵਿਧਾਨ ਸਭਾ 'ਚ ਚੱਲ ਰਹੀ ਚਰਚਾ ਦੌਰਾਨ ਬਾਜਵਾ ਨੇ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਨੈਸ਼ਨਲ ਇੰਟਰੈਸਟ ਦੇ ਮਾਮਲਿਆਂ 'ਤੇ ਬੇਵਜ੍ਹਾ ਰਾਜਨੀਤੀ ਕਰਨ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹੁੰਦੀਆਂ ਹਨ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਗੰਭੀਰਤਾ ਨਾਲ ਚਰਚਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋ-ਤੇਹਰਵੀਂ! ਖਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼
ਉਨ੍ਹਾਂ ਕਿਹਾ ਕਿ ਹਰ ਗੱਲ ਵਿੱਚ ਕਾਂਗਰਸ ਜਾਂ ਹੋਰ ਪਾਰਟੀਆਂ ਨੂੰ ਲਿਆਉਣ ਦੀ ਬਜਾਏ ਮੁੱਖ ਮੁੱਦਿਆਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੇਤਾ ‘ਤੇ ਕੇਸ ਹਨ ਤਾਂ ਉਹ ਕਾਨੂੰਨੀ ਪ੍ਰਕਿਰਿਆ ਦਾ ਮਾਮਲਾ ਹੈ ਅਤੇ ਇਸ ਨੂੰ ਰਾਜਨੀਤਿਕ ਚਰਚਾ ਵਿੱਚ ਘਸੀਟਣਾ ਠੀਕ ਨਹੀਂ। ਅੰਤ 'ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਗਏ ਰੈਜ਼ੋਲੂਸ਼ਨ ਦਾ ਉਹ ਸਮਰਥਨ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਵਿਧਾਨ ਸਭਾ ਵਿੱਚ ਚੰਗਾ ਮਾਹੌਲ ਬਣਿਆ ਰਹੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਵੀ ਅੰਤਰਰਾਸ਼ਟਰੀ ਹਾਲਾਤਾਂ ‘ਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸੰਭਾਵਿਤ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
