ਰਾਜਨੀਤੀ ’ਚ ਕਿਉਂ ਲੰਘੀ ਜਾ ਰਹੀ ਭਾਸ਼ਾ ਦੀ ਮਰਿਆਦਾ

Sunday, Apr 26, 2026 - 03:58 PM (IST)

ਰਾਜਨੀਤੀ ’ਚ ਕਿਉਂ ਲੰਘੀ ਜਾ ਰਹੀ ਭਾਸ਼ਾ ਦੀ ਮਰਿਆਦਾ

ਹਾਲ ਹੀ ’ਚ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ’ਚ ਜ਼ੁਬਾਨੀ ਤੀਰ ਵੀ ਖੂਬ ਚੱਲੇ। ਜ਼ੁਬਾਨੀ ਤੀਰ ਜਦੋਂ ਭਾਸ਼ਾ ਦੀ ਮਰਿਆਦਾ ਉਲੰਘ ਜਾਣ ਤਾਂ ਰਾਜਨੇਤਾਵਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਸ ਦਿਸ਼ਾ ’ਚ ਜਾ ਰਹੇ ਹਾਂ। ਦੇਸ਼ ਅਤੇ ਦੁਨੀਆ ’ਚ ਪਿਛਲੇ 10 ਸਾਲਾਂ ਤੋਂ ਰਾਜਨੀਤੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਲਗਾਤਾਰ ਭਾਸ਼ਾ ਦੀਆਂ ਮਰਿਆਦਾਵਾਂ ਉਲੰਘੀਆਂ ਜਾ ਰਹੀਆਂ ਹਨ। ਹਾਲ ਹੀ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਾਮਿਲਨਾਡੂ ’ਚ ਪ੍ਰਧਾਨ ਮੰਤਰੀ ਨੂੰ ਕਥਿਤ ਤੌਰ ’ਤੇ ਅੱਤਵਾਦੀ ਕਿਹਾ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਡਰਾ ਰਹੇ ਹਨ। ਮੈਂ ਕਦੇ ਨਹੀਂ ਕਿਹਾ ਕਿ ਉਹ ਅੱਤਵਾਦੀ ਹਨ। ਈ. ਡੀ., ਆਮਦਨ ਕਰ ਵਿਭਾਗ ਅਤੇ ਸੀ. ਬੀ. ਆਈ. ਛਾਪੇਮਾਰੀ ਕਰ ਰਹੇ ਹਨ। ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਅੱਤਵਾਦੀ ਕਹਿਣ ਦੇ ਮਾਮਲੇ ’ਚ ਚੋਣ ਕਮਿਸ਼ਨ ਕੋਲ ਖੜਗੇ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਮੰਤਰੀ ਨਿਤੀਸ਼ ਰਾਣੇ ਨੇ ਕਿਹਾ ਕਿ ਇਸ ਦੇਸ਼ ’ਚ ਸਿਰਫ਼ ਇਕ ਅੱਤਵਾਦੀ ਹੈ ਅਤੇ ਉਹ ਹੈ ਰਾਹੁਲ ਗਾਂਧੀ, ਜੋ ਪਾਕਿਸਤਾਨ ਦੀ ਭਾਸ਼ਾ ਬੋਲਦਾ ਹੈ। ਇਸ ਦੇ ਨਾਲ ਹੀ ਇਕ ਚੋਣ ਰੈਲੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਮਤਾ ਬੈਨਰਜੀ ਲਈ ਗਲਤ ਲਹਿਜੇ ’ਚ ਗੱਲ ਕੀਤੀ।

ਜੇਕਰ ਅਸੀਂ ਪਿਛਲੇ 4-5 ਮਹੀਨਿਆਂ ਦੇ ਰਾਜਨੇਤਾਵਾਂ ਦੇ ਬਿਆਨਾਂ ’ਤੇ ਗੌਰ ਕਰਾਂਗੇ ਤਾਂ ਗੰਦੀ ਭਾਸ਼ਾ ਦੀਆਂ ਅਨੇਕਾਂ ਉਦਾਹਰਣਾਂ ਸਾਹਮਣੇ ਆ ਜਾਣਗੀਆਂ। ਜਨਤਕ ਥਾਵਾਂ ’ਤੇ ਇਹ ਗੰਦੀ ਭਾਸ਼ਾ ਉਹ ਲੋਕ ਬੋਲ ਰਹੇ ਹਨ, ਜੋ ਆਪਣੀ-ਆਪਣੀ ਪਾਰਟੀ ’ਚ ਜਾਂ ਫਿਰ ਸਰਕਾਰ ’ਚ ਜ਼ਿੰਮੇਵਾਰ ਅਹੁਦਿਆਂ ’ਤੇ ਹਨ। ਸਵਾਲ ਇਹ ਹੈ ਕਿ ਕੀ ਗੰਦੀ ਭਾਸ਼ਾ ਤੋਂ ਬਿਨਾਂ ਰਾਜਨੀਤੀ ਨਹੀਂ ਹੋ ਸਕਦੀ? ਮਲਿਕਾਰਜੁਨ ਖੜਗੇ ਇਕ ਸੀਨੀਅਰ ਰਾਜਨੇਤਾ ਹਨ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪ੍ਰਧਾਨ ਹਨ। ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਅੱਤਵਾਦੀ ਕਹਿਣਾ ਸ਼ੋਭਾ ਦਿੰਦਾ ਹੈ? ਇਸ ਮੁੱਦੇ ’ਤੇ ਕਾਂਗਰਸ ਦੇ ਸਮਰਥਕ ਇਹ ਕਹਿ ਸਕਦੇ ਹਨ ਕਿ ਭਾਜਪਾ ਦੇ ਲੋਕ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਬਾਰੇ ਅਕਸਰ ਗੰਦੀ ਭਾਸ਼ਾ ਦਾ ਵਰਤੋਂ ਕਰਦੇ ਰਹਿੰਦੇ ਹਨ। ਪੰ. ਨਹਿਰੂ ਨੂੰ ਵੀ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਲਈ ਜੇਕਰ ਖੜਗੇ ਨੇ ਪ੍ਰਧਾਨ ਮੰਤਰੀ ਬਾਰੇ ਗਲਤ ਸ਼ਬਦ ਬੋਲ ਦਿੱਤਾ ਤਾਂ ਕੀ ਹੋ ਗਿਆ। ਤਾਂ ਕੀ ਇਸ ਆਧਾਰ ’ਤੇ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨੂੰ ਅੱਤਵਾਦੀ ਕਹਿਣਾ ਉਚਿਤ ਹੈ? ਨਿਸ਼ਚਿਤ ਰੂਪ ’ਚ ਨਹੀਂ। ਜੇਕਰ ਦੂਜਿਆਂ ਦੇ ਸੰਸਕਾਰ ਠੀਕ ਨਹੀਂ, ਤਾਂ ਕੀ ਸਾਨੂੰ ਵੀ ਆਪਣੇ ਸੰਸਕਾਰ ਉਨ੍ਹਾਂ ਵਰਗੇ ਹੀ ਕਰ ਲੈਣੇ ਚਾਹੀਦੇ ਹਨ?

ਨਿਸ਼ਚਿਤ ਰੂਪ ’ਚ ਪੰ. ਨਹਿਰੂ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧ ’ਚ ਵੀ ਇਤਰਾਜ਼ਯੋਗ ਭਾਸ਼ਾ ਵਰਤੀ ਜਾਂਦੀ ਹੈ। ਕਈ ਵਾਰ ਕਾਂਗਰਸ ਵੀ ਭਾਜਪਾ ਨੂੰ ਖ਼ੁਦ ਹੀ ਇਕ ਮੁੱਦਾ ਫੜਾ ਦਿੰਦੀ ਹੈ ਅਤੇ ਭਾਜਪਾ ਕਈ ਦਿਨਾਂ ਤੱਕ ਉਸ ’ਤੇ ਉਛਲ-ਕੂਦ ਕਰਦੀ ਰਹਿੰਦੀ ਹੈ। ਸਵਾਲ ਇਹ ਨਹੀਂ ਕਿ ਕਿਸ ਰਾਜਨੀਤਕ ਦਲ ਦੇ ਨੇਤਾ ਨੇ ਕਦੋਂ ਕਿਸ ਤਰ੍ਹਾਂ ਦੀ ਗੈਰ-ਮਰਿਆਦਾ ਵਾਲੀ ਭਾਸ਼ਾ ਦੀ ਵਰਤੋਂ ਕੀਤੀ, ਸਵਾਲ ਇਹ ਹੈ ਕਿ ਗੈਰ-ਮਰਿਆਦਾ ਭਾਸ਼ਾ ਦੀ ਵਰਤੋਂ ਕੀਤੀ ਹੀ ਕਿਉਂ ਗਈ? ਇਸ ਦੌਰ ’ਚ ਰਾਜਨੇਤਾ ਜੋਸ਼ ਅਤੇ ਅਤਿ-ਕਥਨੀ ’ਚ ਆ ਕੇ ਰਾਜਨੀਤੀ ਦੀ ਮੂਲ ਭਾਵਨਾ ਨੂੰ ਤਿਲਾਂਜਲੀ ਦੇ ਰਹੇ ਹਨ।

ਰਾਜਨੇਤਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਾਜਨੀਤੀ ’ਚ ਹੰਕਾਰ ਦੀ ਕੋਈ ਥਾਂ ਨਹੀਂ ਹੁੰਦੀ ਪਰ ਇਸ ਦੌਰ ਦੀ ਰਾਜਨੀਤੀ ’ਚ ਰਾਜਨੇਤਾਵਾਂ ’ਚ ਹੰਕਾਰ ਵਧਦਾ ਜਾ ਰਿਹਾ ਹੈ। ਇੱਥੇ ਗੱਲ ਭਾਜਪਾ, ਕਾਂਗਰਸ ਜਾਂ ਫਿਰ ਕਿਸੇ ਇਕ ਦਲ ਦੀ ਨਹੀਂ, ਸਾਰੇ ਰਾਜਨੇਤਾਵਾਂ ਦੇ ਸੰਸਕਾਰਾਂ ਦੀ ਹੈ। ਤਾਂ ਕੀ ਅੱਜ ਦੀ ਰਾਜਨੀਤੀ ਸੰਸਕਾਰਹੀਣ ਹੋ ਗਈ ਹੈ? ਕੁਝ ਵੀ ਹੋਵੇ, ਰਾਜਨੇਤਾਵਾਂ ਨੂੰ ਭਾਸ਼ਾ ਦੀ ਮਰਿਆਦਾ ਦਾ ਖ਼ਿਆਲ ਤਾਂ ਰੱਖਣਾ ਹੀ ਚਾਹੀਦਾ ਹੈ। ਉਦੋਂ ਹੀ ਸੀਨੀਅਰ ਰਾਜਨੇਤਾ ਨਵੀਂ ਪੀੜ੍ਹੀ ਦੇ ਰਾਜਨੇਤਾਵਾਂ ਨੂੰ ਰਾਜਨੀਤੀ ਦਾ ਸਹੀ ਪਾਠ ਪੜ੍ਹਾ ਅਤੇ ਰਾਜਨੀਤਕ ਸ਼ੁਚਤਾ ਨੂੰ ਵੀ ਮਹੱਤਵ ਦੇ ਪਾਉਣਗੇ। ਰਾਜਨੀਤੀ ’ਚ ਖ਼ੁਦ ਨੂੰ ਇਮਾਨਦਾਰ ਅਤੇ ਦੂਜਿਆਂ ਨੂੰ ਪਾਪੀ ਸਾਬਿਤ ਕਰਨ ਦੀ ਪ੍ਰਵਿਰਤੀ ਵਧ ਰਹੀ ਹੈ, ਜੋ ਰਾਜਨੀਤੀ ਦੇ ਮੂਲ ਚਰਿੱਤਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ। ਇਸ ਦੌਰ ’ਚ ਮੁੱਦਿਆਂ ’ਤੇ ਗੱਲ ਘੱਟ ਹੋ ਗਈ ਹੈ ਅਤੇ ਨਿੱਜੀ ਗੱਲਾਂ ’ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਸਾਰੀ ਪ੍ਰਕਿਰਿਆ ’ਚ ਸਭ ਤੋਂ ਦੁਖਦਾਈ ਇਹ ਹੈ ਕਿ ਹੌਲੀ-ਹੌਲੀ ਰਾਜਨੀਤੀ ’ਚ ਨਫ਼ਰਤ ਦੀ ਭਾਵਨਾ ਵਧਦੀ ਜਾ ਰਹੀ ਹੈ।

ਇਸ ਦੌਰ ’ਚ ਫਿਰਕੂ ਰਾਜਨੀਤੀ ਨੂੰ ਹੀ ਅਸਲੀ ਰਾਜਨੀਤੀ ਸਮਝ ਲਿਆ ਗਿਆ ਹੈ। ਇਹੀ ਕਾਰਨ ਹੈ ਕਿ ਧਰਮ ਦੇ ਨਾਂ ’ਤੇ ਰਾਜਨੀਤੀ ’ਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਰਾਜਨੀਤੀ ਦੇ ਇਸ ਨਕਾਰਾਤਮਕ ਭਾਵ ਲਈ ਆਮ ਜਨਤਾ ’ਚ ਵੀ ਕੋਈ ਹਲਚਲ ਜਾਂ ਗੁੱਸਾ ਨਹੀਂ ਹੈ। ਆਮ ਜਨਤਾ ਨੇ ਇਸ ਨੂੰ ਹੀ ਆਪਣੀ ਹੋਣੀ ਸਮਝ ਲਿਆ ਹੈ। ਸਗੋਂ ਕਈ ਵਾਰ ਤਾਂ ਆਮ ਜਨਤਾ ਰਾਜਨੀਤੀ ਦੀ ਬਦਲਦੀ ਧਾਰਾ ’ਚ ਖ਼ੁਦ ਹੀ ਸ਼ਾਮਲ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਇਸ ਦੌਰ ’ਚ ਮੂਲ ਸਮੱਸਿਆਵਾਂ ਲਈ ਹੋਣ ਵਾਲੇ ਅੰਦੋਲਨ ਕਮਜ਼ੋਰ ਹੋ ਗਏ ਹਨ। ਕੁਝ ਚਲਾਕ ਰਾਜਨੇਤਾ ਅਤੇ ਸਮਾਜ ਦੇ ਕੁਝ ਠੇਕੇਦਾਰ ਮਿਲ ਕੇ ਇਕ ਅਜਿਹਾ ਵਾਤਾਵਰਣ ਬਣਾ ਰਹੇ ਹਨ, ਜਿਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕਾਂ ਵਿਚਾਲੇ ਆਪਸੀ ਵਿਸ਼ਵਾਸ ਘੱਟ ਹੋਇਆ ਹੈ। ਸਵਾਲ ਇਹ ਹੈ ਕਿ ਰਾਜਨੀਤੀ ਦੀ ਇਹ ਬਦਲਦੀ ਪ੍ਰਵਿਰਤੀ ਕੀ ਭਵਿੱਖ ’ਚ ਸਾਨੂੰ ਹਨੇਰੇ ਵੱਲ ਧੱਕ ਰਹੀ ਹੈ? ਅਜਿਹੇ ਹੀ ਅਨੇਕਾਂ ਸਵਾਲਾਂ ’ਤੇ ਗੰਭੀਰਤਾ ਨਾਲ ਚਿੰਤਨ ਦਾ ਸਮਾਂ ਹੁਣ ਆ ਗਿਆ ਹੈ।

ਰੋਹਿਤ ਕੌਸ਼ਿਕ


author

Rakesh

Content Editor

Related News