ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ

Wednesday, Apr 15, 2026 - 04:23 PM (IST)

ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ

ਕੌਮਾਂਤਰੀ ਪੱਧਰ ’ਤੇ, ਕੁਲ ਔਸ਼ਧੀ ਮਾਲੀਏ ’ਚ ਬਾਇਓਲੋਜਿਕ, ਬਾਇਓਸਿਮਿਲਰ ਅਤੇ ਵਿਸ਼ੇਸ਼ ਦਵਾਈਆਂ ਦੀ ਹਿੱਸੇਦਾਰੀ 40 ਫੀਸਦੀ ਤੋਂ ਵੱਧ ਹੋ ਗਈ ਹੈ। ਲੰਬੇ ਸਮੇਂ ਤੋਂ ਜੈਨਰਿਕ ਦਵਾਈਆਂ ’ਚ ਮੋਹਰੀ ਦੇਸ਼ ਹੋਣ ਕਾਰਨ ‘ਵਿਸ਼ਵ ਦੀ ਫਾਰਮੇਸੀ’ ਵਜੋਂ ਪ੍ਰਸਿੱਧ ਭਾਰਤ ਦਾ ਔਸ਼ਧੀ ਉਦਯੋਗ ਹੁਣ ਪੈਮਾਨੇ ਤੋਂ ਨਵਾਚਾਰ ਵੱਲ ਅੱਗੇ ਵਧਣ ਲਈ ਤਿਆਰ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਸਰਕਾਰ ਭਵਿੱਖ ਦੇ ਅਨੁਕੂਲ ਇਕ ਨੀਤੀਗਤ ਰੂਪਰੇਖਾ ਨੂੰ ਗਤੀ ਦੇ ਰਹੀ ਹੈ, ਤਾਂ ਜੋ ਦੇਸ਼ ਜੈਨਰਿਕ ਦਵਾਈਆਂ ’ਚ ਆਪਣੀ ਮਜ਼ਬੂਤ ਸਥਿਤੀ ਬਣਾਈ ਰੱਖਦੇ ਹੋਏ ਇਨ੍ਹਾਂ ਉਭਰਦੇ ਖੇਤਰਾਂ ’ਚ ਵੱਧ ਹਿੱਸੇਦਾਰੀ ਪ੍ਰਾਪਤ ਕਰ ਸਕੇ।

ਕੇਂਦਰੀ ਬਜਟ 2026-27 ’ਚ 10,000 ਕਰੋੜ ਰੁਪਏ ਦੇ ਮਿਸ਼ਨ ‘ਬਾਇਓਫਾਰਮਾ ਨਿਰਮਾਣ ਸ਼ਕਤੀ’ ਦਾ ਐਲਾਨ ਇਸ ਦਿਸ਼ਾ ’ਚ ਇਕ ਫੈਸਲਾਕੁੰਨ ਕਦਮ ਨੂੰ ਉਜਾਗਰ ਕਰਦਾ ਹੈ। ਇਹ ਅਗਲੇ 8 ਤੋਂ 10 ਸਾਲਾਂ ’ਚ ਭਾਰਤ ਨੂੰ ਬਾਇਓਫਾਰਮਾ ਨਵਾਚਾਰ ਅਤੇ ਉੱਚ ਮੁੱਲ ਵਾਲੀਆਂ ਮੈਡੀਕਲ ਸੇਵਾਵਾਂ ਦਾ ਕੌਮਾਂਤਰੀ ਕੇਂਦਰ ਬਣਾਉਣ ਦੇ ਦੇਸ਼ ਦੇ ਸੰਕਲਪ ਦਾ ਸੰਕੇਤ ਦਿੰਦੀ ਹੈ। ਇਹ ਵਿਜ਼ਨ ਡੂੰਘੀਆਂ ਵਿਗਿਆਨਕ ਸਮਰੱਥਾਵਾਂ ਦੇ ਨਿਰਮਾਣ, ਨਵਾਚਾਰ-ਆਧਾਰਿਤ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਅਗਲੀ ਪੀੜ੍ਹੀ ਦੀਆਂ ਦਵਾਈਆਂ ਦੇ ਖੇਤਰ ’ਚ ਇਕ ਮੋਹਰੀ ਦੇਸ਼ ਦੇ ਰੂਪ ’ਚ ਉਭਰਨ ’ਚ ਸਮਰੱਥ ਬਣਾਉਣ ’ਤੇ ਆਧਾਰਿਤ ਹੋਵੇਗਾ।

ਇਸ ਪ੍ਰੋਗਰਾਮ ਦਾ ਉਦੇਸ਼ ਬਾਇਓਲੋਜਿਕਸ, ਬਾਇਓਸਿਮਿਲਰ ਅਤੇ ਉੱਨਤ ਮੈਡੀਕਲ ਖੇਤਰਾਂ ’ਚ ਘਰੇਲੂ ਸਮਰੱਥਾਵਾਂ ਨੂੰ ਗਤੀ ਦੇਣਾ ਹੈ। ਇਹ ਪ੍ਰੋਗਰਾਮ ਔਸ਼ਧੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਜੈਵ ਤਕਨਾਲੋਜੀ ਵਿਭਾਗ ਦੀਆਂ ਮੌਜੂਦਾ ਪਹਿਲਕਦਮੀਆਂ ਦਾ ਪੂਰਕ ਹੈ, ਜਿਵੇਂ ਫਾਰਮਾ ਮੈਡਟੈਕ ਖੇਤਰ ’ਚ ਖੋਜ ਅਤੇ ਨਵੀਨੀਕਰਨ ਨੂੰ ਉਤਸ਼ਾਹਿਤ ਕਰਨਾ (ਪੀ. ਆਰ. ਆਈ. ਪੀ.), ਖੋਜ ਵਿਕਾਸ ਅਤੇ ਨਵਾਚਾਰ ਯੋਜਨਾ, ਬਾਇਓਨੈਸਟ ਆਦਿ, ਜਿਨ੍ਹਾਂ ਦਾ ਉਦੇਸ਼ ਜੈਵ-ਔਸ਼ਧੀ ਸਮੇਤ ਜੀਵਨ ਵਿਗਿਆਨ ਖੇਤਰ ’ਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਰਣਨੀਤੀ ਦਾ ਇਕ ਮਹੱਤਵਪੂਰਨ ਥੰਮ੍ਹ ਕਿਣਵਨ-ਆਧਾਰਿਤ ਨਿਰਮਾਣ ਸਮਰੱਥਾਵਾਂ ਦਾ ਵਿਕਾਸ ਕਰਨਾ ਹੈ। ਐਂਟੀਬਾਇਓਟਿਕ, ਵੈਕਸੀਨ, ਐਂਜ਼ਾਈਮ ਅਤੇ ਬਾਇਓਲੋਜਿਕਸ ਦੇ ਨਿਰਮਾਣ ’ਚ ਇਸ ਦੀ ਮਹੱਤਵਪੂਰਨ ਭੂਮਿਕਾ ਦੇ ਬਾਵਜੂਦ, ਇਹ ਖੇਤਰ ਲੰਬੇ ਸਮੇਂ ਤੋਂ ਦਰਾਮਦ ’ਤੇ ਨਿਰਭਰ ਰਿਹਾ ਹੈ। ਬੁਨਿਆਦੀ ਢਾਂਚੇ ’ਚ ਨਿਵੇਸ਼ ਕਰਕੇ, ਤਕਨਾਲੋਜੀ ਵਿਕਾਸ ਅਤੇ ਤਬਾਦਲੇ ਨੂੰ ਸੁਖਾਲਾ ਬਣਾ ਕੇ ਅਤੇ ਨਿਸ਼ਾਨਾ ਉਤਸ਼ਾਹ ਪ੍ਰਦਾਨ ਕਰਕੇ, ਭਾਰਤ ਇਸ ਰਣਨੀਤਿਕ ਖੇਤਰ ’ਚ ਘਰੇਲੂ ਸਮਰੱਥਾ ਦਾ ਨਿਰਮਾਣ ਕਰਨ ਅਤੇ ਕੌਮਾਂਤਰੀ ਪੱਧਰ ’ਤੇ ਮੁਕਾਬਲੇਬਾਜ਼ੀ ਵਧਾਉਣ ਲਈ ਕੰਮ ਕਰ ਰਿਹਾ ਹੈ।

ਪਿਛਲੇ ਕੁਝ ਸਾਲਾਂ ’ਚ, ਭਾਰਤ ਨੇ ਪੀ. ਐੱਲ. ਆਈ. ਅਤੇ ਥੋਕ ਦਵਾਈ (ਬਲਕ ਡਰੱਗ) ਪਾਰਕ ਯੋਜਨਾਵਾਂ ਦੇ ਸਹਾਰੇ ਸਰਗਰਮ ਔਸ਼ਧੀ ਸਮੱਗਰੀ (ਏ. ਪੀ. ਆਈ.) ਅਤੇ ਮੁੱਖ ਆਰੰਭਿਕ ਸਮੱਗਰੀਆਂ (ਕੇ. ਐੱਸ. ਐੱਮ.) ਦੇ ਸਥਾਨਕ ਉਤਪਾਦਨ ’ਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਇਸ ਨਾਲ ਦੇਸ਼ ’ਚ ਦਵਾਈਆਂ ਦੀਆਂ ਕੀਮਤਾਂ ਘਟਾਉਣ ’ਚ ਮਦਦ ਮਿਲੀ ਹੈ, ਜੋ ਕੌਮਾਂਤਰੀ ਪੱਧਰ ’ਤੇ ਸਭ ਤੋਂ ਘੱਟ ਕੀਮਤਾਂ ’ਚੋਂ ਇਕ ਹੈ ਅਤੇ ਇਸ ਦੇ ਕਾਰਨ ਨਾਗਰਿਕਾਂ ਲਈ ਸਿਹਤ ਸੰਭਾਲ ਦੀ ਲਾਗਤ ਕਿਫਾਇਤੀ ਬਣੀ ਰਹਿੰਦੀ ਹੈ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰਾਜੈਕਟ ਨੇ ਸਸਤੀਆਂ ਕੀਮਤਾਂ ’ਤੇ ਗੁਣਵੱਤਾ ਭਰਪੂਰ ਜੈਨਰਿਕ ਦਵਾਈਆਂ ਤੱਕ ਪਹੁੰਚ ਦਾ ਵਿਸਥਾਰ ਕੀਤਾ ਹੈ, ਜਿਸ ਤਹਿਤ 19,000 ਤੋਂ ਵੱਧ ਜਨ ਔਸ਼ਧੀ ਕੇਂਦਰ ਲੱਖਾਂ ਲੋਕਾਂ ਦੀ ਸੇਵਾ ਕਰ ਰਹੇ ਹਨ। ਕੈਂਸਰ ਅਤੇ ਦੁਰਲੱਭ ਰੋਗਾਂ ਦੀਆਂ ਦਵਾਈਆਂ ਵਰਗੀਆਂ ਮਹੱਤਵਪੂਰਨ ਚਿਕਿਤਸਾ ਪ੍ਰਕਿਰਿਆਵਾਂ ’ਤੇ ਸੀਮਾ-ਸ਼ੁਲਕ ਨੂੰ ਸੁਚਾਰੂ ਬਣਾਉਣ ਵਰਗੇ ਪੂਰਕ ਉਪਾਅ ਜੀਵਨ ਰੱਖਿਅਕ ਇਲਾਜਾਂ ਤੱਕ ਪਹੁੰਚ ਨੂੰ ਹੋਰ ਸੁਲਭ ਬਣਾ ਰਹੇ ਹਨ। ਜਿਵੇਂ-ਜਿਵੇਂ ਉੱਨਤ ਚਿਕਿਤਸਾ ਪ੍ਰਕਿਰਿਆਵਾਂ ਵਧੇਰੇ ਵਿਆਪਕ ਹੋਣਗੀਆਂ, ਕਿਫਾਇਤੀ ਦਰ ਅਤੇ ਸਮਾਨ ਪਹੁੰਚ ਯਕੀਨੀ ਬਣਾਉਣਾ ਕੇਂਦਰੀ ਨੀਤੀ ਦੀ ਤਰਜੀਹ ਬਣੀ ਰਹੇਗੀ।

ਜਿਵੇਂ-ਜਿਵੇਂ ਉਦਯੋਗ ਵਿਕਸਿਤ ਹੋ ਰਿਹਾ ਹੈ, ਭਾਰਤ ਦਾ ਉਦੇਸ਼ ਨਾ ਸਿਰਫ ਸਥਾਪਤ ਬਾਜ਼ਾਰਾਂ ’ਚ, ਸਗੋਂ ਉਭਰਦੇ ਖੇਤਰਾਂ ’ਚ, ਵਿਸ਼ੇਸ਼ ਤੌਰ ’ਤੇ ਨਵਾਚਾਰ-ਸੰਚਾਲਿਤ ਖੇਤਰਾਂ ’ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਸੁਧਾਰ ਇਸ ਬਦਲਾਅ ਦੇ ਕੇਂਦਰ ’ਚ ਹਨ। ਰੈਗੂਲੇਟਰੀ ਤਾਲਮੇਲ, ਪ੍ਰਵਾਨਗੀ ਪ੍ਰਕਿਰਿਆਵਾਂ ਦਾ ਡਿਜੀਟਲੀਕਰਨ ਅਤੇ ਤੇਜ਼ੀ ਨਾਲ ਮਨਜ਼ੂਰੀ ਵਰਗੇ ਯਤਨ ਵਪਾਰ ਕਰਨ ਦੀ ਸੌਖ ਨੂੰ ਵਧਾ ਰਹੇ ਹਨ।

ਗੁਣਵੱਤਾ ਦੇ ਮਾਪਦੰਡਾਂ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਨਾਲ ਭਾਰਤੀ ਔਸ਼ਧੀ ਉਤਪਾਦਾਂ ’ਤੇ ਕੌਮਾਂਤਰੀ ਵਿਸ਼ਵਾਸ ਦੀ ਲਗਾਤਾਰਤਾ ਯਕੀਨੀ ਹੁੰਦੀ ਹੈ। ਹਾਲਾਂਕਿ, ਆਰ. ਐਂਡ ਡੀ. ਨਿਵੇਸ਼ ਵਧਾਉਣਾ ਇਕ ਪ੍ਰਮੁੱਖ ਚੁਣੌਤੀ ਬਣੀ ਹੋਈ ਹੈ। ਇਸ ਦਾ ਹੱਲ ਕਰਨ ਲਈ, ਜਨਤਕ-ਨਿੱਜੀ ਸਹਿਯੋਗ ਨੂੰ ਮਜ਼ਬੂਤੀ ਦੇਣੀ ਜ਼ਰੂਰੀ ਹੋਵੇਗੀ, ਤਾਂ ਜੋ ਲੰਬੇ ਸਮੇਂ ਦੇ ਨਵਾਚਾਰ ਨੂੰ ਬਣਾਈ ਰੱਖਿਆ ਜਾ ਸਕੇ।

ਨੀਤੀਗਤ ਸਮਰਥਨ, ਤਕਨੀਕੀ ਤਰੱਕੀ ਅਤੇ ਬਾਜ਼ਾਰ ਦਾ ਆਪਸੀ ਤਾਲਮੇਲ ਔਸ਼ਧੀ ਖੇਤਰ ਲਈ ਵਿਕਾਸ ਦਾ ਇਕ ਵਿਲੱਖਣ ਮੌਕਾ ਪੇਸ਼ ਕਰਦਾ ਹੈ। ਭਾਰਤ ਦਾ ਘਰੇਲੂ ਬਾਜ਼ਾਰ, ਜਿਸ ਦਾ ਮੁੱਲ ਪਹਿਲਾਂ ਹੀ 4 ਲੱਖ ਕਰੋੜ ਰੁਪਏ ਤੋਂ ਵੱਧ ਹੈ, ਨਿਰੰਤਰ ਵਿਸਥਾਰ ਲਈ ਤਿਆਰ ਹੈ। ਅਗਲੇ ਦਹਾਕੇ ’ਚ, ਭਾਰਤ ਨਾ ਸਿਰਫ ਜੈਨਰਿਕ ਦਵਾਈਆਂ ’ਚ ਇਕ ਮੋਹਰੀ ਦੇਸ਼ ਵਜੋਂ, ਸਗੋਂ ਨਵੀਨਤਾਕਾਰੀ ਦਵਾਈਆਂ, ਕਿਣਵਨ-ਆਧਾਰਿਤ ਉਤਪਾਦਾਂ ਅਤੇ ਅਗਲੀ ਪੀੜ੍ਹੀ ਦੀਆਂ ਮੈਡੀਕਲ ਸੇਵਾਵਾਂ ’ਚ ਵੀ ਇਕ ਸ਼ਕਤੀਸ਼ਾਲੀ ਕੇਂਦਰ ਵਜੋਂ ਉਭਰਨ ਲਈ ਬਿਹਤਰ ਸਥਿਤੀ ’ਚ ਹੈ।

ਸਿੱਟੇ ਵਜੋਂ, ਭਾਰਤ ਦਾ ਔਸ਼ਧੀ ਖੇਤਰ ਨਵੇਂ ਪੜਾਅ ’ਚ ਪ੍ਰਵੇਸ਼ ਕਰ ਰਿਹਾ ਹੈ, ਜੋ ਨਵਾਚਾਰ, ਮਜ਼ਬੂਤੀ ਅਤੇ ਕੌਮਾਂਤਰੀ ਮੁਕਾਬਲੇਬਾਜ਼ੀ ਰਾਹੀਂ ਪਰਿਭਾਸ਼ਿਤ ਹੁੰਦਾ ਹੈ। ‘ਬਾਇਓਫਾਰਮਾ ਸ਼ਕਤੀ’ ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ, ਨੈਦਾਨਿਕ ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਨਿਸ਼ਾਨਾ ਨਿਰਮਾਣ ਉਤਸ਼ਾਹ ਦੇ ਸਮਰਥਨ ਨਾਲ, ਭਾਰਤ ਹੌਲੀ-ਹੌਲੀ ਮਾਤਰਾ-ਸੰਚਾਲਿਤ ਜੈਨਰਿਕ ਦਵਾਈ ਕੇਂਦਰ ਤੋਂ ਉੱਚ ਕੀਮਤਾਂ ਵਾਲੇ ਬਾਇਓਫਾਰਮਾ ਨਵਾਚਾਰ ਮੋਹਰੀ ਦੇਸ਼ ਵੱਲ ਅੱਗੇ ਵਧ ਰਿਹਾ ਹੈ। ਇਹ ਤਬਦੀਲੀ, ਕੌਮਾਂਤਰੀ ਸਿਹਤ ਸੰਭਾਲ ’ਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ, ‘ਵਿਕਸਿਤ ਭਾਰਤ 2047’ ਦੇ ਵਿਆਪਕ ਟੀਚਿਆਂ ਨੂੰ ਹਾਸਲ ਕਰਨ ’ਚ ਕੇਂਦਰੀ ਭੂਮਿਕਾ ਨਿਭਾਏਗੀ।

—ਜਗਤ ਪ੍ਰਕਾਸ਼ ਨੱਡਾ


author

Harpreet SIngh

Content Editor

Related News