ਪਿੰਡਾਂ ਦੀ ਸਵੈ-ਨਿਰਭਰਤਾ

Tuesday, Apr 14, 2026 - 04:25 PM (IST)

ਪਿੰਡਾਂ ਦੀ ਸਵੈ-ਨਿਰਭਰਤਾ

ਅਮਰੀਕਾ, ਈਰਾਨ ਅਤੇ ਇਜ਼ਰਾਈਲ ਜੰਗ ਪਿੱਛੋਂ ਤੇਲ, ਗੈਸ ਆਦਿ ਨੂੰ ਲੈ ਕੇ ਇੰਨੀ ਮਾਰੋਮਾਰੀ ਮਚੀ ਕਿ ਆਸਟ੍ਰੇਲੀਆ ਨੇ ਆਪਣੇ ਪੈਟਰੋਲ ਪੰਪ ਹੀ ਬੰਦ ਕਰ ਦਿੱਤੇ। ਬਹੁਤ ਸਾਰੇ ਦੇਸ਼ਾਂ ’ਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਵਾਹਨਾਂ ਦੇ ਮੁਕਾਬਲੇ ਜਨਤਕ ਵਾਹਨਾਂ ਦੀ ਵਰਤੋਂ ਕਰਨ। ਆਪਣੇ ਦੇਸ਼ ’ਚ ਵੀ ਕਿੱਲਤ ਦੇਖੀ ਗਈ। ਤੇਲ ’ਤੇ ਬਹੁਤ ਸਾਰੇ ਦੇਸ਼ਾਂ ਦੀ ਨਿਰਭਰਤਾ ਦੂਜੇ ਦੇਸ਼ਾਂ ’ਤੇ ਹੈ। ਅਜਿਹੀ ਹਾਲਤ ’ਚ ਜੇ ਕਿਸੇ ਰਸਤੇ ਤੋਂ ਤੇਲ ਸਮੁੱਚੀ ਦੁਨੀਆ ’ਚ ਪਹੁੰਚਦਾ ਹੈ, ਜਿਵੇਂ ਕਿ ਹੋਰਮੁਜ਼, ਉਸ ਨੂੰ ਈਰਾਨ ਨੇ ਬੰਦ ਕਰ ਦਿੱਤਾ ਤਾਂ ਸਾਰੇ ਵਿਪਤਾ ’ਚ ਫਸ ਜਾਣਗੇ।

ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਦੇਖਦੇ-ਪੜ੍ਹਦੇ ਵਾਰ-ਵਾਰ ਯਾਦ ਆਉਂਦਾ ਹੈ ਕਿ ਇਹ ਕਿਹੋ ਜਿਹਾ ਵਿਕਾਸ ਹੈ ਕਿ ਜੇਕਰ ਕੋਈ ਦੇਸ਼ ਚਾਹੇ ਤਾਂ ਸਮੁੱਚੀ ਦੁਨੀਆ ਦੇ ਦੇਸ਼ਾਂ ਦੀ ਨਾ ਸਿਰਫ ਆਰਥਿਕਤਾ ਤਬਾਹ ਕਰ ਦੇਵੇ, ਸਗੋਂ ਲੋਕਾਂ ਦਾ ਜਿਊਣਾ ਵੀ ਔਖਾ ਕਰ ਦੇਵੇ।

ਗਾਂਧੀ ਜੀ ਇਸੇ ਲਈ ਹਰ ਪਿੰਡ ਨੂੰ ਇਕ ਆਤਮ-ਨਿਰਭਰ ਇਕਾਈ ਵਜੋਂ ਵਿਕਸਿਤ ਕਰਨਾ ਚਾਹੁੰਦੇ ਸਨ। ਆਪਣੀ ਪੁਸਤਕ ‘ਹਿੰਦ ਸਵਰਾਜ’ ’ਚ ਉਨ੍ਹਾਂ ਨੇ ਇਨ੍ਹਾਂ ਹੀ ਧਾਰਨਾਵਾਂ ਬਾਰੇ ਦੱਸਿਆ ਸੀ। ਗੁਜਰਾਤ ਦੀ ਪ੍ਰਸਿੱਧ ਸਮਾਜ ਸੇਵਿਕਾ ਇਲਾ ਭੱਟ ਵੀ ਇਸੇ ਦੀ ਹਾਮੀ ਸੀ। ਉਨ੍ਹਾਂ ਨੇ ਆਪਣੀ ਪੁਸਤਕ ‘ਅਨੁਬੰਧ’ ’ਚ ਦੱਸਿਆ ਹੈ ਕਿ ਲੋਕਾਂ ਨੂੰ ਰੋਜ਼ਾਨਾ ਜੀਵਨ ’ਚ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਆਸ-ਪਾਸ ਤੋਂ ਹੀ ਖਰੀਦਣੀਆਂ ਚਾਹੀਦੀਆਂ ਹਨ। ਵੱਧ ਤੋਂ ਵੱਧ ਇਸ ਦੀ ਦੂਰੀ ਸੌ ਕਿਲੋਮੀਟਰ ਦਾ ਖੇਤਰ ਹੋ ਸਕਦੀ ਹੈ। ਇਸ ਤਰ੍ਹਾਂ ਸਥਾਨਕ ਉਤਪਾਦਾਂ ਨੂੰ ਬਾਜ਼ਾਰ ਮਿਲਦਾ ਹੈ, ਸਥਾਨਕ ਅਰਥਵਿਵਸਥਾ ਵਿਕਸਿਤ ਹੁੰਦੀ ਹੈ ਅਤੇ ਲੋਕਾਂ ਦਾ ਜੀਵਨ ਸੌਖਾ ਹੁੰਦਾ ਹੈ।

ਗਾਂਧੀ ਜੀ ਜਾਂ ਇਲਾ ਭੱਟ ਇਹ ਗੱਲਾਂ ਹਵਾ ’ਚ ਨਹੀਂ ਕਰ ਰਹੇ ਸਨ। ਅਜਿਹੀ ਜੀਵਨਸ਼ੈਲੀ ਆਪਣੇ ਪਿੰਡਾਂ ’ਚ ਸੀ ਵੀ। ਜੇਕਰ ਇਹ ਲੇਖਿਕਾ ਆਪਣੇ ਬਚਪਨ ਨੂੰ ਯਾਦ ਕਰੇ, ਤਾਂ ਲੋਕ ਆਪਣੇ ਘਰਾਂ ਦੀਆਂ ਦੀਵਾਰਾਂ, ਛੱਤ, ਫਰਸ਼, ਸਭ ਆਪਣੇ ਆਪ ਹੀ ਬਣਾ ਲੈਂਦੇ ਸਨ। ਇਨ੍ਹਾਂ ’ਚ ਵਰਤੀ ਜਾਣ ਵਾਲੀ ਸਮੱਗਰੀ ਜਿਵੇਂ ਕਿ ਚੀਕਣੀ ਮਿੱਟੀ, ਛੱਤ ਲਈ ਫੂਸ ਜਾਂ ਲੱਕੜ ਦੀਆਂ ਸੋਟੀਆਂ ਸਥਾਨਕ ਹੀ ਹੁੰਦੀਆਂ ਸਨ।

ਖੇਤਾਂ ’ਚ ਜੋ ਅੰਨ, ਸਬਜ਼ੀ ਉਗਦੀ ਸੀ, ਉਸ ਦਾ ਵੱਡਾ ਹਿੱਸਾ ਘਰ ਦੇ ਕੰਮ ਆਉਂਦਾ ਸੀ। ਸਰ੍ਹੋਂ ਤੋਂ ਪਿੰਡ ਦੇ ਕੋਲ੍ਹੂ ਤੋਂ ਹੀ ਤੇਲ ਕਢਵਾਉਣਾ। ਖੇਤਾਂ ’ਚ ਬਚੇ ਡੰਡਲ ਆਦਿ ਦੀ ਵਰਤੋਂ ਬਾਲਣ ਜਾਂ ਪਸ਼ੂਆਂ ਦੇ ਚਾਰੇ ਵਜੋਂ ਕਰਨੀ। ਘਰ ਦੇ ਪਸ਼ੂਆਂ ਦਾ ਦੁੱਧ, ਮੱਖਣ, ਘਿਓ, ਲੱਸੀ ਆਦਿ ਦੀ ਵੀ ਵਰਤੋਂ ਹੁੰਦੀ ਸੀ। ਗੋਹੇ ਦੀਆਂ ਪਾਥੀਆਂ ਨੂੰ ਬਾਲਣ ਲਈ ਵਰਤਿਆਂ ਜਾਂਦਾ ਸੀ। ਘਰ ਦੀਆਂ ਛੱਤਾਂ ਜਦੋਂ ਪਾਈਆਂ ਜਾਂਦੀਆਂ ਸਨ ਤਾਂ ਛੱਪਰ ਪੈਂਦਾ ਸੀ ਅਤੇ ਬਾਹਰੋਂ ਕਿਸੇ ਮਜ਼ਦੂਰ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਸੀ। ਪਿੰਡ ਦੇ ਲੋਕ ਹੀ ਆ ਕੇ ਇਸ ’ਚ ਮਦਦ ਕਰਦੇ ਸਨ।

ਜੇਕਰ ਕਿਸੇ ਦੇ ਘਰ ’ਚ ਵਿਆਹ ਹੁੰਦਾ, ਤਾਂ ਆਪਣੇ ਘਰ ਦਾ ਅਨਾਜ, ਸਬਜ਼ੀਆਂ, ਦੁੱਧ, ਦਹੀਂ ਸਭ ਉਸ ਪਰਿਵਾਰ ਦੇ ਕੋਲ ਪਹੁੰਚਾਇਆ ਜਾਂਦਾ ਸੀ। ਜੇਕਰ ਕਿਸੇ ਦੇ ਘਰ ’ਚ ਕੱਦੂ ਲੱਗੇ ਹੁੰਦੇ ਸਨ, ਤਾਂ ਇਕ ਕੱਦੂ ਲੱਗਾ ਹੀ ਰਹਿਣ ਦਿੱਤਾ ਜਾਂਦਾ, ਜਦੋਂ ਉਹ ਖੂਬ ਵੱਡਾ ਹੋ ਜਾਂਦਾ ਸੀ, ਤਾਂ ਉਸ ਨੂੰ ਬਿਨਾਂ ਕੱਟੇ ਘਰ ’ਚ ਹੀ ਰੱਖ ਲਿਆ ਜਾਂਦਾ ਸੀ। ਵਿਆਹ ਜਿਵੇਂ ਹੀ ਕਰੀਬ ਆਉਂਦੇ ਸਨ, ਉਸ ਨੂੰ ਉਸ ਘਰ ’ਚ ਪਹੁੰਚਾ ਦਿੱਤਾ ਜਾਂਦਾ ਸੀ, ਕਿਉਂਕਿ ਕੱਦੂ ਬਾਰੇ ਮਸ਼ਹੂਰ ਹੈ ਕਿ ਜੇਕਰ ਉਹ ਸਬੂਤਾ ਹੋਵੇ ਤਾਂ ਬਹੁਤ ਦਿਨਾਂ ਤੱਕ ਖਰਾਬ ਨਹੀਂ ਹੁੰਦਾ।

ਵਿਆਹ ’ਚ ਕੈਟਰਿੰਗ ਦੀ ਵਿਵਸਥਾ ਵੀ ਬਾਹਰੋਂ ਨਹੀਂ ਕਰਨੀ ਪੈਂਦੀ ਸੀ। ਪਿੰਡ ਦੀਆਂ ਔਰਤਾਂ ਆਪਣੇ-ਆਪਣੇ ਚਕਲੇ-ਵੇਲਣ ਲੈ ਕੇ ਉਸ ਘਰ ’ਚ ਪਹੁੰਚ ਜਾਂਦੀਆਂ ਸਨ। ਉਹ ਬਾਰਾਤ ਲਈ ਸਾਗ, ਸਬਜ਼ੀ ਬਣਾਉਂਦੀਆਂ, ਪੂਰੀਆਂ ਵੇਲਦੀਆਂ। ਲੋੜ ਪੈਣ ’ਤੇ ਹਲਵਾਈ ਸਿਰਫ਼ ਲੱਡੂ ਬਣਾਉਣ ਲਈ ਰੱਖਿਆ ਜਾਂਦਾ ਸੀ। ਖਾਣਾ ਪਰੋਸਣ ਦੀ ਜ਼ਿੰਮੇਵਾਰੀ ਘਰ ਅਤੇ ਬਾਹਰ ਦੇ ਆਦਮੀਆਂ ਦੀ ਹੁੰਦੀ ਸੀ।

ਉਨ੍ਹਾਂ ਦਿਨਾਂ ’ਚ ਜਿਸ ਵਿਆਹ ’ਚ ਪੰਜ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਸਨ, ਉਸ ਨੂੰ ‘ਪਚਫੇਨੀ’ ਦੀ ਦਾਵਤ ਕਿਹਾ ਜਾਂਦਾ ਅਤੇ ਬਹੁਤ ਚੰਗਾ ਮੰਨਿਆ ਜਾਂਦਾ। ਨਹੀਂ ਤਾਂ ਬਸ ਪੂਰੀ, ਕਚੌਰੀ, ਸਬਜ਼ੀ ਆਦਿ ਨਾਲ ਹੀ ਕੰਮ ਚਲ ਜਾਂਦਾ ਸੀ। ਖਾਣ ਲਈ ਪੱਤਲ ਅਤੇ ਕੁਲ੍ਹੜ ਵੀ ਪਿੰਡ ਦੇ ਸਥਾਨਕ ਕਾਰੀਗਰ ਹੀ ਬਣਾਉਂਦੇ ਸਨ। ਇਸ ਨਾਲ ਉਨ੍ਹਾਂ ਦੀ ਵੀ ਆਮਦਨ ਹੁੰਦੀ ਸੀ। ਵਿਆਹ ਸੰਪੰਨ ਹੋਣ ਤੱਕ ਆਪਣੇ ਘਰ ਵਾਲਿਆਂ ਦੇ ਨਾਲ ਹੋਰ ਲੋਕ ਵੀ ਖੂਬ ਭੱਜ-ਦੌੜ ਕਰਦੇ ਸਨ। ਹੋਰਨਾਂ ਤਿਉਹਾਰਾਂ ’ਚ ਵੀ ਲੋਕਾਂ ਦੀ ਸਾਂਝੀਵਾਲਤਾ ਖੂਬ ਦੇਖਣ ’ਚ ਆਉਂਦੀ ਸੀ।

ਪਿੰਡ ’ਚ ‘ਬਾਰਟਰ’ ਭਾਵ ਅਦਲਾ-ਬਦਲੀ ਦਾ ਸਿਸਟਮ ਵੀ ਚਲਦਾ ਸੀ। ਜੇਕਰ ਤੁਹਾਡੇ ਘਰ ’ਚ ਮੱਕੀ ਹੈ ਅਤੇ ਤੁਹਾਨੂੰ ਚੌਲ ਚਾਹੀਦੇ ਹਨ, ਤਾਂ ਪਿੰਡਾਂ ’ਚ ਜੋ ਛੋਟੀਆਂ-ਮੋਟੀਆਂ ਦੁਕਾਨਾਂ ਹੁੰਦੀਆਂ ਸਨ, ਉੱਥੇ ਝੋਲੀ ’ਚ ਭਰ ਕੇ ਲੈ ਜਾਂਦੇ ਸਨ, ਬਦਲੇ ’ਚ ਚੌਲ ਲੈ ਆਉਂਦੇ ਸਨ। ਜੇਕਰ ਕੁਝ ਹੋਰ ਚਾਹੀਦਾ ਹੁੰਦਾ, ਤਾਂ ਉਹ ਵੀ ਅਨਾਜ ਦੇ ਬਦਲੇ ਮਿਲ ਜਾਂਦਾ ਸੀ। ਇਹੀ ਆਤਮ-ਨਿਰਭਰਤਾ ਸੀ। ਖਾਣਾ ਪਕਾਉਣ ਲਈ ਤੁਸੀਂ ਕਿਸੇ ਬਾਹਰੀ ਗੈਸ ’ਤੇ ਨਿਰਭਰ ਨਹੀਂ ਸੀ। ਨਾ ਹੀ ਇਹ ਕਿ ਜੇਕਰ ਤੇਲ ਨਹੀਂ ਮਿਲਿਆ, ਡੀਜ਼ਲ ਨਾ ਹੋਇਆ, ਮੰਡੀ ’ਚ ਸਬਜ਼ੀ ਅਤੇ ਫਲ ਨਹੀਂ ਪਹੁੰਚੇ, ਤਾਂ ਅੱਜ ਦੀ ਤਰ੍ਹਾਂ ਉਹ ਕਿਸੇ ਘਰ ਤੱਕ ਵੀ ਨਹੀਂ ਪਹੁੰਚਣਗੇ।

ਇਸੇ ਤਰ੍ਹਾਂ ਜ਼ਿਆਦਾਤਰ ਲੋਕ ਪੈਦਲ ਚਲਦੇ ਸਨ। ਕਿਤੇ ਦੂਰ ਦੀ ਯਾਤਰਾ ਕਰਨੀ ਹੋਵੇ, ਤਾਂ ਕਿਸੇ ਤੋਂ ਬੈਲਗੱਡੀ ਜਾਂ ਸਾਈਕਲ ਉਧਾਰ ਲੈ ਲੈਂਦੇ। ਬਹੁਤ ਸਾਧਾਰਨ ਜਿਹਾ ਦਿਖਾਵਾ ਰਹਿਤ ਜੀਵਨ ਸੀ। ਪਰ ਜਿਵੇਂ-ਜਿਵੇਂ ਅਸੀਂ ਸੰਪੰਨ ਹੋਏ, ਸਾਡੀ ਨਿਰਭਰਤਾ ਵੀ ਦੂਜਿਆਂ ’ਤੇ ਵਧਦੀ ਗਈ। ਇਨ੍ਹਾਂ ਦਿਨਾਂ ’ਚ ਤਾਂ ਪਿੰਡ ’ਚ ਵੀ ਘਰ-ਘਰ ’ਚ ਗੈਸ ਹੋ ਗਈ ਹੈ। ਇਹ ਵੀ ਸਮਝ ’ਚ ਨਹੀਂ ਆਉਂਦਾ ਕਿ ਜੇਕਰ ਪਸ਼ੂ ਹਨ, ਤਾਂ ਗੋਹੇ ਨੂੰ ਟਿਕਾਣੇ ਕਿਵੇਂ ਲਗਾਈਏ। ਜਿਸ ਪਰਾਲੀ ਦੀ ਸਮੱਸਿਆ ਦਾ ਹਰ ਸਾਲ ਰੌਲਾ ਪੈਂਦਾ ਹੈ, ਉਨ੍ਹਾਂ ਦਿਨਾਂ ’ਚ ਪਰਾਲੀ ਕਦੇ ਬਚਦੀ ਹੀ ਨਹੀਂ ਸੀ। ਪਸ਼ੂਆਂ ਦੇ ਚਾਰੇ ਅਤੇ ਬਾਲਣ ਦੇ ਕੰਮ ਆ ਜਾਂਦੀ ਸੀ। ਇਸੇ ਤਰ੍ਹਾਂ ਹੁਣ ਬਹੁਤ ਘੱਟ ਲੋਕ ਪੈਦਲ ਚਲਦੇ ਦਿਖਾਈ ਦਿੰਦੇ ਹਨ। ਸਾਈਕਲ ਦੇ ਮੁਕਾਬਲੇ ਬਾਈਕ ਜ਼ਿਆਦਾਤਰ ਘਰਾਂ ’ਚ ਦਿਖਾਈ ਦਿੰਦੀ ਹੈ। ਵਟਾਂਦਰਾ ਪ੍ਰਣਾਲੀ ਤਾਂ ਨਸ਼ਟ ਹੋ ਹੀ ਗਈ।

ਵਕਤ ਬਦਲ ਗਿਆ ਹੈ ਪਰ ਕਹਿੰਦੇ ਹਨ ਕਿ ਇਤਿਹਾਸ ਕਦੇ ਕਾਮੇਡੀ ਤਾਂ ਕਦੇ ਟ੍ਰੈਜਡੀ ਵਜੋਂ ਵਾਪਸ ਆਉਂਦਾ ਹੈ। ਪਿਛਲੇ ਦਿਨਾਂ ’ਚ ਜਦੋਂ ਗੈਸ ਦੀ ਕਿੱਲਤ ਹੋਈ ਤਾਂ ਚੁੱਲ੍ਹਿਆਂ, ਅੰਗੀਠੀਆਂ ਅਤੇ ਸਟੋਵ ਦੀ ਵਾਪਸੀ ਦੇਖੀ ਗਈ। 

ਸ਼ਮਾ ਸ਼ਰਮਾ


author

Rakesh

Content Editor

Related News