ਅਫਗਾਨਿਸਤਾਨ ਨੂੰ ਕਿਉਂ ਹਰਾ ਨਹੀਂ ਸਕਦਾ ਪਾਕਿਸਤਾਨ?

Thursday, Oct 16, 2025 - 04:47 PM (IST)

ਅਫਗਾਨਿਸਤਾਨ ਨੂੰ ਕਿਉਂ ਹਰਾ ਨਹੀਂ ਸਕਦਾ ਪਾਕਿਸਤਾਨ?

ਬੀਤੇ ਦਿਨੀਂ ਭਾਰਤੀ ਉਪ ਮਹਾਦੀਪ ’ਚ ਬੇਹੱਦ ਦਿਲਚਸਪ ਘਟਨਾਚੱਕਰ ਸਾਹਮਣੇ ਆਇਆ ਜਦੋਂ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਆਮਿਰ ਖਾਨ ਮੁੱਤਾਕੀ ਭਾਰਤ ਦੇ ਮਹੱਤਵਪੂਰਨ ਦੌਰੇ ’ਤੇ ਰਹੇ, ਉਦੋਂ ਪਾਕਿਸਤਾਨ-ਅਫਗਾਨਿਸਤਾਨ ਦੀ ਡੂਰੰਡ ਸਰਹੱਦ ’ਤੇ ਤਾਲਿਬਾਨ ਲੜਾਕੇ ਅਤੇ ਪਾਕਿਸਤਾਨੀ ਫੌਜ ਇਕ-ਦੂਜੇ ’ਤੇ ਗੋਲਾ-ਬਾਰੂਦ ਵਰ੍ਹਾ ਰਹੇ ਸਨ। ਇਹ ਤਣਾਅ 11 ਅਕਤੂਬਰ ਦੀ ਰਾਤ ਉਦੋਂ ਵਧ ਗਿਆ ਜਦੋਂ ਪਾਕਿਸਤਾਨੀ ਹਵਾਈ ਹਮਲੇ ਦੇ ਜਵਾਬ ’ਚ ਅਫਗਾਨ ਬਲਾਂ ਨੇ ਸਰਹੱਦ ਪਾਰ ਕਰ ਕੇ ਕਈ ਫੌਜੀ ਚੌਕੀਅਾਂ ’ਤੇ ਕਬਜ਼ਾ ਕਰ ਲਿਆ।

ਦੋਵਾਂ ਪਾਸਿਆਂ ਤੋਂ ਕਈ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਹ ਸੁਣ ਕੇ ਅਜੀਬ ਲੱਗਦਾ ਹੈ ਕਿ ਪਾਕਿਸਤਾਨ ਜੋ ਕਿ ਵਿਸ਼ਵਵਿਆਪੀ ਅੱਤਵਾਦ ਦਾ ਗੜ੍ਹ ਮੰਨਿਆ ਜਾਂਦਾ ਹੈ, ਤਾਲਿਬਾਨ, ਜੋ ਕਿ ਇਸਲਾਮ ਦਾ ਇਕ ਕੱਟੜਪੰਥੀ ਰੂਪ ਹੈ, ’ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾ ਰਿਹਾ ਹੈ ਜੋ ਸਰਹੱਦ ਪਾਰ ਕਰਕੇ ਉਸ ’ਤੇ ਹਮਲੇ ਕਰਦੇ ਹਨ। ਕੀ ਇਹ ਸੱਚ ਨਹੀਂ ਹੈ ਕਿ ਭਾਰਤ ਦਹਾਕਿਆਂ ਤੋਂ ਪਾਕਿਸਤਾਨ ਤੋਂ ਇਸੇ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ? ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਦਾ ਅਸਲ ਕਾਰਨ ਕੀ ਹੈ? ਭਾਰਤ ਤਾਲਿਬਾਨ ਦੇ ਨੇੜੇ ਕਿਉਂ ਵਧ ਰਿਹਾ ਹੈ?

ਇਕ ਇਸਲਾਮੀ ਦੇਸ਼ ਹੋਣ ਦੇ ਨਾਤੇ ਅਤੇ ਇਸਦੇ ਅੰਦਰ ਇਕ ਸੁੰਨੀ ਸੰਪਰਦਾ ਪ੍ਰਮੁੱਖ ਹੋਣ ਦੇ ਨਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸੁਹਿਰਦ ਭਾਈਚਾਰਾ ਅਤੇ ਚੰਗੇ ਗੁਆਂਢੀ ਸਬੰਧ ਹੋਣਾ ਸੁਭਾਵਿਕ ਸੀ। ਜਦੋਂ ਅਮਰੀਕਾ ਨੇ ਅਗਸਤ 2021 ਵਿਚ ਦੋ ਦਹਾਕਿਆਂ ਦੇ ਕਬਜ਼ੇ ਤੋਂ ਬਾਅਦ ਇਕ ਸਮਝੌਤੇ ਦੇ ਤਹਿਤ ਤਾਲਿਬਾਨ ਨੂੰ ਸੱਤਾ ਵਾਪਸ ਕੀਤੀ ਤਾਂ ਪਾਕਿਸਤਾਨ ਦਾ ਮੰਨਣਾ ਸੀ ਕਿ ਇਹ ਉਸਦੀ ਭਾਰਤ ਵਿਰੋਧੀ ਰਣਨੀਤੀ ਨੂੰ ਤੇਜ਼ ਕਰੇਗਾ ਪਰ ਇਹ ਹਸੀਨ ਸੁਪਨਾ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ। ਅਫਗਾਨਿਸਤਾਨ ਅਜੇ ਵੀ 1893 ਵਿਚ ਬ੍ਰਿਟਿਸ਼ ਸ਼ਾਸਨ ਦੌਰਾਨ ਖਿੱਚੀ ਗਈ ਡੂਰੰਡ ਲਾਈਨ ਨੂੰ ਮਾਨਤਾ ਨਹੀਂ ਦਿੰਦਾ, ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦਾ ਇਕ ਵੱਡਾ ਕਾਰਨ ਹੈ ਪਰ ਮੌਜੂਦਾ ਟਕਰਾਅ ਮੁੱਤਾਕੀ ਦੀ ਹਾਲੀਆ ਭਾਰਤ ਫੇਰੀ ਅਤੇ ਸਾਂਝੇ ਬਿਆਨ ਤੋਂ ਪੈਦਾ ਹੁੰਦਾ ਹੈ।

ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਨੇ 10 ਅਕਤੂਬਰ ਨੂੰ ਇਕ ਸਾਂਝਾ ਬਿਆਨ ਜਾਰੀ ਕੀਤਾ। ਇਸਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਗਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ, ਜਿਸ ਵਿਚ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਨਿੱਖੜਵਾਂ ਅਤੇ ਪ੍ਰਭੂਸੱਤਾ ਵਾਲਾ ਹਿੱਸਾ ਦੱਸਿਆ। ਮੁੱਤਾਕੀ ਨੇ ਭਾਰਤ ਨੂੰ ਭਰੋਸਾ ਦਿਵਾਇਆ ਕਿ ਅਫਗਾਨਿਸਤਾਨ ‘ਅੱਤਵਾਦ ਦਾ ਸਖ਼ਤ ਵਿਰੋਧੀ’ ਹੈ ਅਤੇ ਕਿਸੇ ਨੂੰ ਵੀ ਅੱਤਵਾਦ ਫੈਲਾਉਣ ਲਈ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਉੱਥੇ ਹੀ ਭਾਰਤ ਨੇ ਕਾਬੁਲ ਵਿਚ ਭਾਰਤੀ ਦੂਤਾਵਾਸ ਖੋਲ੍ਹਣ ਦਾ ਐਲਾਨ ਕੀਤਾ ਹੈ। ਦੋਵਾਂ ਧਿਰਾਂ ਨੇ ਇਕ-ਦੂਜੇ ਦੀ ਖੇਤਰੀ ਅਖੰਡਤਾ ਲਈ ਸਤਿਕਾਰ ’ਤੇ ਵੀ ਜ਼ੋਰ ਦਿੱਤਾ। ਇਹ ਸਭ ਪਾਕਿਸਤਾਨ ਨੂੰ ਚੁੱਭਣਾ ਸੁਭਾਵਿਕ ਹੀ ਸੀ ਅਤੇ ਸ਼ਾਇਦ ਇਸੇ ਕਾਰਨ ਉਸ ਨੇ ਬੌਖਲਾ ਕੇ ਅਫਗਾਨਿਸਤਾਨ ’ਤੇ ਹਵਾਈ ਹਮਲਾ ਕਰ ਦਿੱਤਾ।

ਦਰਅਸਲ, ਸੰਕਟ ਪਾਕਿਸਤਾਨ ਦੇ ਡੀ. ਐੱਨ. ਏ. ਵਿਚ ਸ਼ਾਮਲ ਹੈ। ਆਪਣੇ ਪਿਛਲੇ ਲੇਖਾਂ ਵਿਚ ਮੈਂ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨ ਨਾ ਤਾਂ ਸੱਚਮੁੱਚ ਇਕ ਇਸਲਾਮੀ ਦੇਸ਼ ਹੈ ਅਤੇ ਨਾ ਹੀ ਉਸ ਦਾ ਭਾਰਤੀ ਉਪ ਮਹਾਦੀਪ ਦੇ ਮੁਸਲਮਾਨਾਂ ਨਾਲ ਕੋਈ ਸਰੋਕਾਰ। ਪੱਛਮੀ ਸ਼ਕਤੀਆਂ ਨੇ ਉਸ ਨੂੰ ਆਪਣੀਆਂ ਰਾਜਨੀਤਿਕ ਜ਼ਰੂਰਤਾਂ ਦੀ ਪੂਰਤੀ ਲਈ ਬਣਾਇਆ ਸੀ ਅਤੇ ਉਹ ਅੱਜ ਵੀ ਉਸੇ ਭੂਮਿਕਾ ’ਚ ਹੈ। ਉਨ੍ਹਾਂ ਲਈ ਇਸਲਾਮ ਸਿਰਫ਼ ਇਕ ਬਹਾਨਾ ਹੈ ਅਤੇ ਮੁਸਲਮਾਨ ਸਿਰਫ਼ ਇਕ ਅੌਜ਼ਾਰ।

ਮੁਸਲਮਾਨ ਆਮ ਤੌਰ ’ਤੇ ਫਿਲਸਤੀਨ ਅਤੇ ਈਰਾਨ ਨਾਲ ਹਮਦਰਦੀ ਰੱਖਦੇ ਹਨ। ਹਾਲਾਂਕਿ, ਹਾਲ ਹੀ ਦੇ ਸਮੇਂ ਵਿਚ, ਪਾਕਿਸਤਾਨ ਸਿੱਧੇ ਅਤੇ ਅਸਿੱਧੇ ਤੌਰ ’ਤੇ ਉਨ੍ਹਾਂ ਵਿਰੁੱਧ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਕਰਦਾ ਰਿਹਾ ਹੈ। ਪਾਕਿਸਤਾਨ ਦੁਆਰਾ ਇਜ਼ਰਾਈਲ ਮਨਜ਼ੂਰਸ਼ੁਦਾ ‘ਗਾਜ਼ਾ ਯੋਜਨਾ’ ਦਾ ਸਮਰਥਨ ਇਸਦਾ ਇਕ ਹਾਲੀਆ ਪ੍ਰਮਾਣ ਹੈ। ਹੁਣ, ਇਸ ਵਿਰੁੱਧ ਪਾਕਿਸਤਾਨ ’ਚ ‘ਤਹਿਰੀਕ-ਏ-ਲੱਬੈਕ ਪਾਕਿਸਤਾਨ’ ਵਰਗੇ ਜੇਹਾਦੀ ਸੰਗਠਨ ਹਿੰਸਕ ਪ੍ਰਦਰਸ਼ਨ ’ਤੇ ਉਤਰ ਆਏ ਹਨ।

ਆਖਿਰ ਭਾਰਤ ਨੇ ਤਾਲਿਬਾਨ ਵੱਲ ਦੋਸਤੀ ਦਾ ਹੱਥ ਕਿਉਂ ਵਧਾਇਆ? ਇਹ ਇਕ ਅਸਵੀਕਾਰਨਯੋਗ ਸੱਚਾਈ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਤਣਾਅਪੂਰਨ ਅਤੇ ਅਸਥਿਰ ਖੇਤਰਾਂ ਵਿਚੋਂ ਇਕ ਵਿਚ ਸਥਿਤ ਹੈ, ਜਿੱਥੇ ਉਹ ਅਜਿਹੇ ਗੁਆਂਢੀਆਂ (ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼) ਨਾਲ ਘਿਰਿਆ ਹੋਇਆ ਹੈ, ਜੋ ਮਜ਼੍ਹਬੀ ਅਤੇ ਸਾਮਰਾਜਵਾਦੀ ਕਾਰਨਾਂ ਕਰ ਕੇ ਭਾਰਤ ਨੂੰ ਿਮਟਾਉਣਾ, ਬਰਬਾਦ ਅਤੇ ਕਮਜ਼ੋਰ ਕਰਨਾ ਚਾਹੁੰਦੇ ਹਨ। ਅਜਿਹਾ ਵੀ ਨਹੀਂ ਹੈ ਕਿ ਭਾਰਤ ਨੇ ਅਫਗਾਨਿਤਸਤਾਨ ਨਾਲ ਹੁਣੇ ਸਾਰੇ ਸਬੰਧ ਸੁਧਾਰਨ ਦੀ ਪਹਿਲ ਕੀਤੀ ਹੋਵੇ। 2002-2021 ਦੌਰਾਨ ਭਾਰਤ ਨੇ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਅਤੇ ਵਿਕਾਸ ਪ੍ਰਾਜੈਕਟਾਂ ਵਿਚ ਲਗਭਗ 3 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ, ਜਿਸ ਵਿਚ ਸੜਕਾਂ, ਬਿਜਲੀ, ਪਾਣੀ, ਡੈਮ ਅਤੇ ਅਫਗਾਨ ਸੰਸਦ ਭਵਨ ਦੀ ਉਸਾਰੀ ਸਮੇਤ 400 ਪ੍ਰਾਜੈਕਟ ਸ਼ਾਮਲ ਹਨ।

ਇਸ ਸੰਦਰਭ ਵਿਚ, ਇਕ ਮਸ਼ਹੂਰ ਕਹਾਵਤ ਹੈ : ‘ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ।’ ਸਫਲ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਅਤੇ ਬਦਲਦੇ ਵਿਸ਼ਵ ਦ੍ਰਿਸ਼ਟੀਕੋਣ ਦੇ ਮੱਦੇਨਜ਼ਰ, ਜਿਸ ਵਿਚ ਅਮਰੀਕਾ, ਡੋਨਾਲਡ ਟਰੰਪ ਦੀ ਅਗਵਾਈ ਹੇਠ, ਪਾਕਿਸਤਾਨ ਨਾਲ ਆਪਣੀ ਨੇੜਤਾ ਵਧਾ ਰਿਹਾ ਹੈ, ਭਾਰਤ ਆਪਣੀ ਖੇਤਰੀ ਅਖੰਡਤਾ ਅਤੇ ਸੁਰੱਖਿਆ ਲਈ ਰਾਸ਼ਟਰੀ ਹਿੱਤ ਵਿਚ ਆਪਣੀ ਰਣਨੀਤਿਕ ਰਣਨੀਤੀ ਅਤੇ ਕੂਟਨੀਤੀ ਵਿਚ ਸੰਤੁਲਿਤ ਅਤੇ ਜ਼ਰੂਰੀ ਬਦਲਾਅ ਕਰ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਈਰਾਨੀ ਚਾਬਹਾਰ ਬੰਦਰਗਾਹ ਨੂੰ ਵੀ ਵਿਕਸਤ ਕਰ ਰਿਹਾ ਹੈ ਅਤੇ ਅਫਗਾਨਿਸਤਾਨ ਰਾਹੀਂ ਮੱਧ ਏਸ਼ੀਆ ਤੱਕ ਸਿੱਧੀ ਪਹੁੰਚ ਬਣਾਉਣਾ ਚਾਹੁੰਦਾ ਹੈ।

ਇਹ ਦਿਲਚਸਪ ਗੱਲ ਹੈ ਕਿ ਭਾਰਤ ਦੇ ਮੌਜੂਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਦਸੰਬਰ 1999 ਦੀ ਕੰਧਾਰ ਹਾਈਜੈਕਿੰਗ ਘਟਨਾ ਦੌਰਾਨ ਮੁੱਖ ਵਾਰਤਾਕਾਰਾਂ ਵਿਚੋਂ ਇਕ ਸਨ, ਜਦੋਂ ਕਿ ਮੁੱਤਾਕੀ ਨੇ ਤਾਲਿਬਾਨ ਪ੍ਰਸ਼ਾਸਕੀ ਮਾਮਲਿਆਂ ਨੂੰ ਸੰਭਾਲਿਆ ਸੀ। 26 ਸਾਲ ਬਾਅਦ, ਇਹ ਦੋਵੇਂ ਵਿਅਕਤੀ ਇਕ ਵਾਰ ਫਿਰ ਅਸਾਧਾਰਨ ਭੂ-ਰਾਜਨੀਤਿਕ ਵਿਕਾਸ ਦੇ ਕੇਂਦਰ ਵਿਚ ਹਨ।

ਕੀ ਪਾਕਿਸਤਾਨ ਕੋਲ ਸੱਚਮੁੱਚ ਅਫਗਾਨਿਸਤਾਨ ਨੂੰ ਝੁਕਾਉਣ ਦੀ ਸ਼ਕਤੀ ਹੈ? ‘ਕਾਫ਼ਿਰ-ਕੁਫ਼ਰ’ ਦੀ ਧਾਰਨਾ ਤੋਂ ਪ੍ਰੇਰਿਤ ਧਾਰਮਿਕ ਸੋਚ ਤੋਂ ਪਰ੍ਹੇ ਦੇਖਦੇ ਹੋਏ, ਜੇਕਰ ਅਸੀਂ ਪਿਛਲੇ ਪੰਜ ਦਹਾਕਿਆਂ ਦੇ ਇਤਿਹਾਸ ਦੀ ਜਾਂਚ ਕਰੀਏ, ਤਾਂ ਕੋਈ ਵੀ ਸ਼ਕਤੀਸ਼ਾਲੀ ਦੇਸ਼ ਆਤਮ-ਸਨਮਾਨ ਦੀ ਲੜਾਈ ਵਿਚ ਅਫਗਾਨਿਸਤਾਨ ਨੂੰ ਨਿਰਣਾਇਕ ਤੌਰ ’ਤੇ ਹਰਾਉਣ ਦੇ ਯੋਗ ਨਹੀਂ ਰਿਹਾ ਹੈ। ਸੀਤ ਯੁੱਧ ਦੌਰਾਨ ਸੋਵੀਅਤ ਯੂਨੀਅਨ ਨੇ 1979 ਵਿਚ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਫਿਰ ਅਮਰੀਕਾ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਮਦਦ ਨਾਲ ਮੁਜਾਹਿਦੀਨ ਨਾਮਕ ਅਫਗਾਨ ਬਾਗੀਆਂ ਦਾ ਇਕ ਸਮੂਹ ਬਣਾਇਆ।

ਵਰਤਮਾਨ ਵਿਚ, ਅਮਰੀਕਾ ਅਤੇ ਚੀਨ ਦੋਵੇਂ ਆਪਣੇ ‘ਪਿਛਲੱਗੂ’ ਪਾਕਿਸਤਾਨ ਦੀ ਮਦਦ ਨਾਲ ਅਫਗਾਨਿਸਤਾਨ ਦੇ ਵਿਸ਼ਾਲ ਅਤੇ ਅਣਵਰਤੇ ਖਣਿਜ ਸਰੋਤਾਂ ਤੱਕ ਪਹੁੰਚ ਚਾਹੁੰਦੇ ਹਨ। ਇਸ ਲਈ ਪਾਕਿਸਤਾਨ ਅਫਗਾਨਿਸਤਾਨ ਨੂੰ ਆਪਣੇ ਮਾਲਕਾਂ ਲਈ ਕਠਪੁਤਲੀ ਬਣਾਉਣਾ ਚਾਹੁੰਦਾ ਹੈ। ਹੁਣ, ਕੀ ਪਾਕਿਸਤਾਨ ਇਕ ਅਜਿਹੇ ਅਫਗਾਨਿਸਤਾਨ ਨੂੰ ਝੁਕਾਅ ਸਕਦਾ ਹੈ ਜਿਸ ਨੂੰ ਸੋਵੀਅਤ ਰੂਸ ਅਤੇ ਅਮਰੀਕਾ ਨਹੀਂ ਦਬਾ ਸਕੇ? ਕਦੇ ਨਹੀਂ।

ਬਲਬੀਰ ਪੁੰਜ


author

Rakesh

Content Editor

Related News