‘ਡਿਜੀਟਲ ਲੋਰੀ’ ਦੇ ਪਰਛਾਵੇਂ ਹੇਠ ਸਿਸਕਦਾ ਬਚਪਨ

Wednesday, Jun 17, 2026 - 04:57 PM (IST)

‘ਡਿਜੀਟਲ ਲੋਰੀ’ ਦੇ ਪਰਛਾਵੇਂ ਹੇਠ ਸਿਸਕਦਾ ਬਚਪਨ

ਕਦੇ ਬੱਚੇ ਦੀ ਪਹਿਲੀ ਦੁਨੀਆ ਮਾਂ ਦੀ ਗੋਦ ਹੋਇਆ ਕਰਦੀ ਸੀ। ਉਸ ਦੀ ਪਹਿਲੀ ਪਾਠਸ਼ਾਲਾ ਘਰ ਦਾ ਵਿਹੜਾ, ਉਸਦਾ ਪਹਿਲਾ ਮਨੋਰੰਜਨ ਮਿੱਟੀ, ਉਸ ਦੀ ਨਿੱਕੀ ਜਿਹੀ ਦੁਨੀਆ ਦੀ ਪਹਿਲੀ-ਪਹਿਲੀ ਕਹਾਣੀ ਦਾਦੀ ਅਤੇ ਨਾਨੀ ਦੀ ਆਵਾਜ਼ ’ਚ ਹੁੰਦੀ ਸੀ, ਉਸਦਾ ਪਹਿਲਾ ਖਿਡੌਣਾ ਕੋਈ ਲੱਕੜ ਦਾ ਘੋੜਾ ਜਾਂ ਕੱਪੜੇ ਦੀ ਗੁੱਡੀ ਹੁੰਦੀ ਸੀ ਪਰ ਅੱਜ ਤਸਵੀਰ ਬਦਲ ਗਈ ਹੈ। ਹੁਣ ਬੱਚੇ ਦੀ ਪਹਿਲੀ ਦੁਨੀਆ ਇਕ ਚਮਕਦੀ ਹੋਈ ਸਕ੍ਰੀਨ ਹੈ, ਪਹਿਲੀ ਲੋਰੀ ਯੂਟਿਊਬ ਦਾ ਵੀਡੀਓ, ਪਹਿਲਾ ਦੋਸਤ ਕੋਈ ਕਾਰਟੂਨ ਪਾਤਰ ਅਤੇ ਪਹਿਲਾ ਖਿਡੌਣਾ ਸਮਾਰਟਫੋਨ ਬਣ ਗਿਆ ਹੈ। ਇਹ ਸਿਰਫ ਬਦਲਦੇ ਸਮੇਂ ਦੇ ਨਾਲ ਤਕਨਾਲੋਜੀ ਦੇ ਪਾਸਾਰ ਦੀ ਕਹਾਣੀ ਨਹੀਂ, ਇਹ ਬਚਪਨ ਦੇ ਹੌਲੀ-ਹੌਲੀ ਸੁੰਗੜਦੇ ਜਾਣ ਦੀ ਕਹਾਣੀ ਹੈ।

ਹਾਲ ਹੀ ’ਚ ਪੀ. ਜੀ. ਆਈ. ਐੱਮ. ਈ. ਆਰ., ਚੰਡੀਗੜ੍ਹ ਦੀ ਪ੍ਰੋਫੈਸਰ ਡਾਕਟਰ ਅਤੇ ਉਨ੍ਹਾਂ ਦੀ ਟੀਮ ਦੁਆਰਾ ਕੀਤੇ ਗਏ ਅਧਿਐਨ ਨੇ ਇਸ ਸੰਕਟ ਨੂੰ ਅੰਕੜਿਆਂ ਦੀ ਭਾਸ਼ਾ ’ਚ ਸਾਹਮਣੇ ਰੱਖਿਆ ਹੈ। ਖੋਜ ਅਨੁਸਾਰ ਦੇਸ਼ ਦੇ ਲਗਭਗ 68 ਫੀਸਦੀ ਬੱਚੇ ਰੋਟੀ ਖਾਂਦੇ ਸਮੇਂ ਮੋਬਾਈਲ ਜਾਂ ਕਿਸੇ ਸਕ੍ਰੀਨ ਨੂੰ ਦੇਖਦੇ ਹਨ। ਇਹ ਸਿਰਫ ਇਕ ਅੰਕੜਾਤਮਕ ਤੱਥ ਨਹੀਂ ਹੈ, ਸਗੋਂ ਭਾਰਤੀ ਪਰਿਵਾਰਕ ਵਿਵਸਥਾ ’ਚ ਆ ਰਹੇ ਇਕ ਡੂੰਘੇ ਬਦਲਾਅ ਦਾ ਸੰਕੇਤ ਹੈ।

ਇਹ ਵਿਸ਼ਾ ਵਿਚਾਰਨਯੋਗ ਇਸ ਲਈ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ 2019 ਦੀ ਗਾਈਡਲਾਈਨ ਸਪੱਸ਼ਟ ਤੌਰ ’ਤੇ ਕਹਿੰਦੀ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਕਿ 2 ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਸਕ੍ਰੀਨ ਦਾ ਸਮਾਂ 1 ਘੰਟੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਡਬਲਯੂ. ਐੱਚ. ਓ. ਦਾ ਮੰਨਣਾ ਹੈ ਕਿ ਛੋਟੇ ਬੱਚਿਆਂ ਲਈ ਸਰਗਰਮ ਸਰੀਰਕ ਗਤੀਵਿਧੀਆਂ ਵਾਲੀਆਂ ਖੇਡਾਂ, ਲੋੜੀਂਦੀ ਨੀਂਦ ਅਤੇ ਮਨੁੱਖੀ ਸੰਵਾਦ ਕਿਸੇ ਵੀ ਡਿਜੀਟਲ ਮਾਧਿਅਮ ਨਾਲੋਂ ਕਿਤੇ ਵੱਧ ਸਾਰਥਕ ਅਤੇ ਉਪਯੋਗੀ ਹਨ, ਜਦੋਂ ਕਿ ਵਰਤਮਾਨ ਦ੍ਰਿਸ਼ ਬੇਹੱਦ ਚਿੰਤਾਜਨਕ ਹੈ। ਮੋਬਾਈਲ ਫੋਨ ਹੁਣ ਘਰਾਂ ’ਚ ਸਿਰਫ ਸੰਚਾਰ ਦਾ ਮਾਧਿਅਮ ਨਹੀਂ ਰਹਿ ਗਿਆ, ਸਗੋਂ ਉਹ ਬੱਚਿਆਂ ਨੂੰ ਸ਼ਾਂਤ ਰੱਖਣ, ਉਨ੍ਹਾਂ ਨੂੰ ਖਾਣਾ ਖੁਆਉਣ ਅਤੇ ਰੁੱਝੇ ਰੱਖਣ ਦਾ ਸਭ ਤੋਂ ਆਸਾਨ ਸਾਧਨ ਬਣ ਚੁੱਕਾ ਹੈ।

ਇਹ ਵਿਗਿਆਨਕ ਤੱਥ ਹੈ ਕਿ ਮਨੁੱਖੀ ਦਿਮਾਗ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਸਮਾਂ ਜਨਮ ਤੋਂ 5 ਸਾਲ ਤੱਕ ਦਾ ਹੁੰਦਾ ਹੈ। ਇਸੇ ਮਿਆਦ ’ਚ ਭਾਸ਼ਾ, ਭਾਵਨਾਵਾਂ, ਸਮਾਜਿਕ ਹੁਨਰ, ਕਲਪਨਾ ਸ਼ਕਤੀ ਅਤੇ ਸਿੱਖਣ ਦੀ ਸਮਰੱਥਾ ਦੀ ਨੀਂਹ ਰੱਖੀ ਜਾਂਦੀ ਹੈ। ਜਦੋਂ ਕਿਸੇ ਬੱਚੇ ਦੀ ਉਮਰ ਦੇ ਇਸ ਹਿੱਸੇ ਦਾ ਜ਼ਿਆਦਾਤਰ ਸਮਾਂ ਸਕ੍ਰੀਨ ਦੇ ਸਾਹਮਣੇ ਬੀਤਦਾ ਹੈ, ਤਾਂ ਉਸਦਾ ਪ੍ਰਭਾਵ ਸਿਰਫ ਉਸਦੀਆਂ ਅੱਖਾਂ ’ਤੇ ਨਹੀਂ, ਸਗੋਂ ਉਸਦੀ ਪੂਰੀ ਸ਼ਖਸੀਅਤ ਅਤੇ ਮਾਨਸਿਕ ਵਿਕਾਸ ’ਤੇ ਪੈਂਦਾ ਹੈ।

ਅੱਜ ਬੱਚੇ ਦਾ ਮੂੰਹ ਖੁੱਲ੍ਹਵਾਉਣ ਲਈ ਮੋਬਾਈਲ ਸਕ੍ਰੀਨ ਦੀ ਲੋੜ ਪੈਂਦੀ ਹੈ। ਬੱਚਾ ਖਾਂਦੇ ਸਮੇਂ ਕਾਰਟੂਨ ਦੇਖ ਰਿਹਾ ਹੁੰਦਾ ਹੈ। ਅਜਿਹੇ ’ਚ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਸਨੇ ਕਿੰਨਾ ਖਾਧਾ, ਕੀ ਖਾਧਾ ਅਤੇ ਉਸ ਦਾ ਸੁਆਦ ਕਿਹੋ ਜਿਹਾ ਸੀ, ਕਿਉਂਕਿ ਉਹ ਤਾਂ ਭੋਜਨ ਦਾ ਅਾਨੰਦ ਲੈ ਹੀ ਨਹੀਂ ਰਿਹਾ, ਉਸਦਾ ਪੂਰਾ ਧਿਆਨ ਕਾਰਟੂਨ ’ਤੇ ਹੈ। ਡਾਕਟਰਾਂ ਅਨੁਸਾਰ ਅਜਿਹੀਆਂ ਆਦਤਾਂ ਅੱਗੇ ਚੱਲ ਕੇ ਗੈਰ-ਸਿਹਤਮੰਦ ਖਾਣ-ਪੀਣ, ਮੋਟਾਪੇ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।

ਪਰ ਪੀ. ਜੀ. ਆਈ. ਐੱਮ. ਈ. ਆਰ. ਦੇ ਇਸੇ ਅਧਿਐਨ ’ਚ ਇਕ ਸਕਾਰਾਤਮਕ ਗੱਲ ਵੀ ਸਾਹਮਣੇ ਆਈ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ। ਇਸ ਅਧਿਐਨ ’ਚ ਇਹ ਪਾਇਆ ਗਿਆ ਕਿ ਜਦੋਂ ਬੱਚਿਆਂ ਦਾ ਸਕ੍ਰੀਨ ਟਾਈਮ 73 ਫੀਸਦੀ ਘੱਟ ਕੀਤਾ ਗਿਆ, ਤਾਂ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ’ਚ 20 ਫੀਸਦੀ ਦਾ ਵਾਧਾ ਹੋਇਆ। ਇਹ ਅੰਕੜਾ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ, ਕਿਉਂਕਿ ਇਹ ਦੱਸਦਾ ਹੈ ਕਿ ਸਮੱਸਿਆ ਬੱਚਿਆਂ ’ਚ ਨਹੀਂ ਹੈ। ਬੱਚਾ ਅੱਜ ਵੀ ਖੁੱਲ੍ਹੀ ਹਵਾ ’ਚ ਦੌੜਨਾ ਚਾਹੁੰਦਾ ਹੈ। ਉਹ ਅੱਜ ਵੀ ਮਿੱਟੀ ’ਚ ਖੇਡਣਾ ਚਾਹੁੰਦਾ ਹੈ। ਉਹ ਅੱਜ ਵੀ ਤਿਤਲੀਆਂ ਦੇ ਪਿੱਛੇ ਭੱਜਣਾ ਚਾਹੁੰਦਾ ਹੈ। ਉਹ ਅੱਜ ਵੀ ਦੋਸਤ ਬਣਾਉਣਾ ਚਾਹੁੰਦਾ ਹੈ।

ਦਰਅਸਲ, ਅਸੀਂ ਹੀ ਉਸਦੇ ਕੁਦਰਤੀ ਬਚਪਨ ਨੂੰ ਡਿਜੀਟਲ ਉਪਕਰਨਾਂ ਦੇ ਪਿੱਛੇ ਧੱਕ ਦਿੱਤਾ ਹੈ। ਜਿਵੇਂ ਹੀ ਸਕ੍ਰੀਨ ਦਾ ਪ੍ਰਭਾਵ ਘੱਟ ਹੋਇਆ, ਬਚਪਨ ਫਿਰ ਤੋਂ ਸਾਹਮਣੇ ਆ ਗਿਆ। ਅਸਲ ’ਚ ਗੱਲ ਸਿਰਫ਼ ਬੱਚਿਆਂ ਦਾ ਬਚਪਨ ਖੁੱਸ ਜਾਣ ਦੀ ਨਹੀਂ ਹੈ। ਕੈਨੇਡਾ ’ਚ ਲਗਭਗ 900 ਬੱਚਿਆਂ ’ਤੇ ਕੀਤੇ ਗਏ ਇਕ ਅਧਿਐਨ ’ਚ ਪਾਇਆ ਗਿਆ ਕਿ ਛੋਟੇ ਬੱਚਿਆਂ ’ਚ ਹਰੇਕ ਵਾਧੂ 30 ਮਿੰਟ ਸਕ੍ਰੀਨ ਦੀ ਵਰਤੋਂ ਦੇ ਨਾਲ ਉਨ੍ਹਾਂ ’ਚ ਭਾਸ਼ਾ ਦੇ ਵਿਕਾਸ ’ਚ ਦੇਰੀ ਦਾ ਜੋਖਮ ਲਗਭਗ 49 ਫੀਸਦੀ ਤੱਕ ਵਧ ਸਕਦਾ ਹੈ।

ਵੱਖ-ਵੱਖ ਖੋਜਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦੇ ਵਧਦੇ ਸਕ੍ਰੀਨ ਟਾਈਮ ਦੇ ਨਾਲ ਉਨ੍ਹਾਂ ’ਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਭਾਵ ਕੰਸਨਟ੍ਰੇਸ਼ਨ ’ਚ ਕਮੀ ਆ ਜਾਂਦੀ ਹੈ। ਆਖ਼ਰ ਜੋ ਬੱਚਾ ਸਕ੍ਰੀਨ ’ਤੇ ਹਰ 2 ਜਾਂ 3 ਸੈਕਿੰਡ ’ਚ ਬਦਲਦੀ ਰੀਲ ਜਾਂ ਤਸਵੀਰ ਦਾ ਆਦੀ ਹੋ ਚੁੱਕਾ ਹੈ, ਉਹ ਬਹੁਤਾ ਸਮਾਂ ਕਿਸੇ ਇਕ ਵਿਸ਼ੇ ’ਤੇ ਆਪਣਾ ਧਿਆਨ ਕਿਵੇਂ ਕੇਂਦਰਿਤ ਰੱਖ ਸਕੇਗਾ? ਇਸ ਤੋਂ ਇਲਾਵਾ ਭਾਸ਼ਾ ਵਿਕਾਸ ’ਚ ਦੇਰੀ, ਨੀਂਦ ਦੀ ਗੁਣਵੱਤਾ ’ਚ ਗਿਰਾਵਟ, ਚਿੜਚਿੜਾਪਨ ਅਤੇ ਹਮਲਾਵਰ ਵਿਵਹਾਰ, ਸਮਾਜਿਕ ਹੁਨਰਾਂ ’ਚ ਕਮੀ ਅਤੇ ਸਭ ਤੋਂ ਮਹੱਤਵਪੂਰਨ, ਸਰੀਰਕ ਗਤੀਵਿਧੀਆਂ ’ਚ ਗਿਰਾਵਟ ਵਰਗੀਆਂ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਹਨ।

ਅਸਲੀ ਸਮੱਸਿਆ ਬੱਚੇ ਨਹੀਂ, ਅਸੀਂ ਹਾਂ! ਬੱਚਾ ਮੋਬਾਈਲ ਦਾ ਆਦੀ ਹੋ ਕੇ ਪੈਦਾ ਨਹੀਂ ਹੁੰਦਾ, ਉਸ ਨੂੰ ਅਸੀਂ ਬਣਾਉਂਦੇ ਹਾਂ। ਜਦੋਂ ਮਾਤਾ-ਪਿਤਾ ਖ਼ੁਦ ਭੋਜਨ ਦੌਰਾਨ ਫੋਨ ਦੇਖਦੇ ਹੋਣ, ਪਰਿਵਾਰ ਦੇ ਮੈਂਬਰ ਇਕ ਹੀ ਕਮਰੇ ’ਚ ਬੈਠ ਕੇ ਵੱਖ-ਵੱਖ ਸਕ੍ਰੀਨਾਂ ’ਚ ਗੁਆਚੇ ਹੋਣ ਅਤੇ ਗੱਲਬਾਤ ਦੀ ਜਗ੍ਹਾ ਸੋਸ਼ਲ ਮੀਡੀਆ ਨੇ ਲੈ ਲਈ ਹੋਵੇ, ਉਦੋਂ ਬੱਚੇ ਤੋਂ ਡਿਜੀਟਲ ਅਨੁਸ਼ਾਸਨ ਦੀ ਉਮੀਦ ਕਰਨਾ ਆਪਣੇ ਆਪ ਨੂੰ ਧੋਖਾ ਦੇਣਾ ਹੈ। ਬੱਚੇ ਉਪਦੇਸ਼ ਨਹੀਂ ਸੁਣਦੇ, ਉਹ ਵਿਵਹਾਰ ਦੀ ਨਕਲ ਕਰਦੇ ਹਨ। ਇਸੇ ਲਈ ਹਾਲ ਹੀ ਦੇ ਅਨੇਕਾਂ ਅਧਿਐਨਾਂ ’ਚ ਮਾਹਿਰਾਂ ਨੇ ਮਾਤਾ-ਪਿਤਾ ਦੇ ਸਕ੍ਰੀਨ ਵਿਵਹਾਰ ਨੂੰ ਬੱਚਿਆਂ ਦੇ ਸਕ੍ਰੀਨ ਵਿਵਹਾਰ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ।

ਅੱਜ ਪਾਰਕਾਂ ’ਚ ਬੱਚਿਆਂ ਦੀ ਗਿਣਤੀ ਘਟ ਰਹੀ ਹੈ। ਕਿਤਾਬਾਂ ਦੀ ਜਗ੍ਹਾ ਵੀਡੀਓ ਲੈ ਰਹੇ ਹਨ। ਸੰਵਾਦ ਦੀ ਜਗ੍ਹਾ ਨੋਟੀਫਿਕੇਸ਼ਨ ਲੈ ਰਹੇ ਹਨ ਅਤੇ ਅਨੁਭਵ ਦੀ ਜਗ੍ਹਾ ਸਕ੍ਰੀਨ-ਆਧਾਰਿਤ ਉਤੇਜਨਾ ਲੈ ਰਹੀ ਹੈ। ਇਸ ਦਾ ਹੱਲ ਤਕਨਾਲੋਜੀ ਦਾ ਵਿਰੋਧ ਕਰਨਾ ਨਹੀਂ ਹੈ, ਸਗੋਂ ਉਸਦੇ ਨਾਲ ਸੰਤੁਲਨ ਬਣਾਉਣਾ ਹੈ। ਪਹਿਲਾਂ ਵਿਚਾਰ, ਫਿਰ ਵਿਵਹਾਰ ਅਤੇ ਅੰਤ ’ਚ ਆਪਣੀ ਜੀਵਨ ਸ਼ੈਲੀ ’ਚ ਥੋੜ੍ਹਾ ਜਿਹਾ ਬਦਲਾਅ ਸਾਡੇ ਬੱਚਿਆਂ ਦਾ ਬਚਪਨ ਬਚਾ ਸਕਦਾ ਹੈ।

ਭੋਜਨ ਦੇ ਸਮੇਂ ਪੂਰੀ ਤਰ੍ਹਾਂ ਸਕ੍ਰੀਨ-ਮੁਕਤ ਮਾਹੌਲ। ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਮੋਬਾਈਲ ਅਤੇ ਟੈਬਲੇਟ ਬੰਦ। ਹਰ ਰੋਜ਼ ਘੱਟੋ-ਘੱਟ 1 ਘੰਟਾ ਖੁੱਲ੍ਹੀ ਅਤੇ ਤਾਜ਼ਾ ਹਵਾ ’ਚ ਕੋਈ ਵੀ ਸਰੀਰਕ ਗਤੀਵਿਧੀ। ਬੱਚਿਆਂ ਨਾਲ ਪੁਸਤਕ ਪੜ੍ਹਨ ਅਤੇ ਗੱਲਬਾਤ ਦਾ ਸਮਾਂ। ਮਾਤਾ-ਪਿਤਾ ਵਲੋਂ ਖ਼ੁਦ ਡਿਜੀਟਲ ਅਨੁਸ਼ਾਸਨ ਦੀ ਪਾਲਣਾ ਕਰਨਾ। ਇਹ ਕਦਮ ਛੋਟੇ ਹਨ ਪਰ ਇਨ੍ਹਾਂ ਦੇ ਪ੍ਰਭਾਵ ਦੂਰਗਾਮੀ ਹੁੰਦੇ ਹਨ।

-ਡਾ. ਨੀਲਮ ਮਹਿੰਦਰ


author

Harpreet SIngh

Content Editor

Related News