‘ਦੇਸ਼ ’ਚ ਸਰਗਰਮ ਹੋ ਰਹੇ ਹਨ’ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
Tuesday, Jun 30, 2026 - 03:49 AM (IST)
ਦੇਸ਼ ਦੇ ਵੱਖ-ਵੱਖ ਸੂਬਿਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਆਦਿ ’ਚ ‘ਲੁਟੇਰੀਆਂ ਦੁਲਹਨਾਂ’ ਦੇ ਅਜਿਹੇ ਕਈ ਗਿਰੋਹ ਸਰਗਰਮ ਹੋ ਰਹੇ ਹਨ ਜੋ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਜਿਨ੍ਹਾਂ ਦਾ ਕਿਸੇ ਕਾਰਨ ਕਰ ਕੇ ਵਿਆਹ ਨਾ ਹੋ ਰਿਹਾ ਹੋਵੇ। ਇਹ ਸਮਾਜ ਵਿਰੋਧੀ ਲੋਕ ਵਿਆਹ ਲਈ ਉਤਾਵਲੇ ਨੌਜਵਾਨਾਂ ਦਾ ਵਿਆਹ ਆਪਣੇ ਗਿਰੋਹ ’ਚ ਸ਼ਾਮਲ ਮੁਟਿਆਰਾਂ ਨਾਲ ਕਰਵਾ ਦਿੰਦੇ ਹਨ, ਜੋ ਕੁਝ ਹੀ ਦਿਨਾਂ ’ਚ ਉੱਥੋਂ ਨਕਦੀ, ਗਹਿਣੇ ਆਦਿ ਚੋਰੀ ਕਰ ਕੇ ਫ਼ਰਾਰ ਹੋ ਜਾਂਦੀਆਂ ਹਨ ਅਤੇ ਕਿਸੇ ਨਵੇਂ ਸ਼ਿਕਾਰ ਦੀ ਭਾਲ ਸ਼ੁਰੂ ਕਰ ਦਿੰਦੀਆਂ ਹਨ। ਅਜਿਹੀਆਂ ਹੀ ‘ਲੁਟੇਰੀਆਂ ਦੁਲਹਨਾਂ’ ਦੀਆਂ ਪਿਛਲੇ 2 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 4 ਮਈ ਨੂੰ ‘ਮਹਾਰਾਜ ਗੰਜ’ (ਉੱਤਰ ਪ੍ਰਦੇਸ਼) ’ਚ ‘ਸਿੰਦੂਰੀਆ’ ਪੁਲਸ ਨੇ ਕੁਆਰੇ ਮੁੰਡਿਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਰੁਪਏ-ਪੈਸੇ ਅਤੇ ਗਹਿਣੇ ਆਦਿ ਬਟੋਰ ਕੇ ਰਫ਼ੂ-ਚੱਕਰ ਹੋ ਜਾਣ ਵਾਲੇ ਇਕ ਵੱਡੇ ‘ਲੁਟੇਰੀ ਦੁਲਹਨ ਗਿਰੋਹ’ ਦਾ ਪਰਦਾਫਾਸ਼ ਕਰ ਕੇ 4 ਔਰਤਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਕਦ ਰਕਮ ਅਤੇ ਗਹਿਣੇ ਬਰਾਮਦ ਕੀਤੇ।
* 6 ਮਈ ਨੂੰ ‘ਬੀਡ’ (ਮਹਾਰਾਸ਼ਟਰ) ਜ਼ਿਲੇ ਦੇ ‘ਉਮਾਪੁਰ’ ਪਿੰਡ ’ਚ ਪੁਲਸ ਨੇ ਇਕ ਅਜਿਹੀ ਔਰਤ ਨੂੰ ਫੜਿਆ ਜੋ ਵੱਖ-ਵੱਖ ਜ਼ਿਲਿਆਂ ਦੇ 8 ਨੌਜਵਾਨਾਂ ਤੋਂ ਉਨ੍ਹਾਂ ਦੇ ਨਾਲ ਇਕ-ਦੋ ਦਿਨਾਂ ਦਾ ਵਿਆਹ ਕਰ ਕੇ ਲੱਖਾਂ ਰੁਪਏ ਬਟੋਰ ਚੁੱਕੀ ਸੀ ਪਰ ਹੁਣ ਨੌਵੇਂ ਨੌਜਵਾਨ ਨਾਲ ਵਿਆਹ ਕਰ ਕੇ ਉਸ ਨੂੰ ਠੱਗਣ ਦੀ ਕੋਸ਼ਿਸ਼ ਦੌਰਾਨ ਫੜੀ ਗਈ।
* 19 ਮਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਨਜੀਰਾਬਾਦ’ ਇਲਾਕੇ ’ਚ ਇਕ ਨੌਜਵਾਨ ਕੋਲੋਂ 2.5 ਲੱਖ ਰੁਪਏ ਠੱਗ ਕੇ ਵਿਆਹ ਦੇ ਮਹਿਜ਼ 10 ਦਿਨਾਂ ਦੇ ਅੰਦਰ ਹੀ ‘ਲੁਟੇਰੀ ਦੁਲਹਨ’ ਗਾਇਬ ਹੋ ਗਈ।
* 21 ਮਈ ਨੂੰ ਪੁਲਸ ਨੇ ‘ਲਲਿਤਪੁਰ’ (ਉੱਤਰ ਪ੍ਰਦੇਸ਼) ’ਚ ਵਿਆਹ ਦੇ ਕੇਵਲ 2 ਦਿਨ ਬਾਅਦ ਹੀ ਸਹੁਰੇ ਪਰਿਵਾਰ ਵਾਲਿਆਂ ਨੂੰ ਨਸ਼ੇ ਵਾਲੇ ਲੱਡੂ ਖੁਆ ਕੇ ਬੇਹੋਸ਼ ਕਰਨ ਤੋਂ ਬਾਅਦ ਰੁਪਏ-ਪੈਸੇ ਲੁੱਟ ਕੇ ਫਰਾਰ ਹੋ ਜਾਣ ਵਾਲੀਆਂ 5 ਲੁਟੇਰੀਆਂ ਦੁਲਹਨਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
* 24 ਮਈ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਦੇ ‘ਛਪਾਰ’ ਇਲਾਕੇ ’ਚ ਪੁਲਸ ਨੇ ਵਿਆਹ ਦੇ ਅਗਲੇ ਹੀ ਦਿਨ ਗਹਿਣੇ ਅਤੇ ਨਕਦੀ ਸਮੇਟ ਕੇ ਫ਼ਰਾਰ ਹੋ ਜਾਣ ਵਾਲੀਆਂ 3 ਲੁਟੇਰੀਆਂ ਦੁਲਹਨਾਂ ਨੂੰ ਗ੍ਰਿਫ਼ਤਾਰ ਕੀਤਾ।
* 10 ਜੂਨ ਨੂੰ ‘ਜੋਧਪੁਰ’ (ਰਾਜਸਥਾਨ) ਦੇ ‘ਦੇਵਨਗਰ’ ਥਾਣੇ ਦੀ ਪੁਲਸ ਨੇ ਇਕ ‘ਲੁਟੇਰੀ ਦੁਲਹਨ’ ਗਿਰੋਹ ਦਾ ਪਰਦਾਫਾਸ਼ ਕਰ ਕੇ ਇਕ ਕੁਆਰੇ ਨੌਜਵਾਨ ਨਾਲ ਵਿਆਹ ਰਚਾਉਣ ਦੇ ਕੁਝ ਹੀ ਦਿਨਾਂ ਬਾਅਦ ਗਹਿਣੇ ਅਤੇ ਕੈਸ਼ ਲੈ ਕੇ ਭੱਜਣ ਵਾਲੀ ਲੁਟੇਰੀ ਦੁਲਹਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
* 28 ਜੂਨ ਨੂੰ ‘ਪੰਨਾ’ (ਮੱਧ ਪ੍ਰਦੇਸ਼) ਦੇ ‘ਅਮਾਨਗੰਜ’ ਥਾਣੇ ਅਧੀਨ ਪੈਂਦੇ ਇਲਾਕੇ ’ਚ ਦਲਾਲਾਂ ਨਾਲ ਮਿਲ ਕੇ ਇਕ ਰੰਡੇ ਵਿਅਕਤੀ ਕੋਲੋਂ 2 ਲੱਖ ਰੁਪਏ ਠੱਗਣ ਵਾਲੀ ਇਕ ‘ਲੁਟੇਰੀ ਦੁਲਹਨ’ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ। ਗਿਰੋਹ ਦਾ ਪਰਦਾਫਾਸ਼ ਸੁਹਾਗਰਾਤ ਦੇ ਅਗਲੇ ਹੀ ਦਿਨ ਉਦੋਂ ਹੋਇਆ ਜਦੋਂ ਲਾੜੇ ਦੀ ਭੈਣ ਨੇ ਨਵੀਂ ਦੁਲਹਨ ਨੂੰ ਫ਼ੋਨ ’ਤੇ ਹੌਲੀ ਜਿਹੀ ਆਪਣੇ ਗੈਂਗ ਦੇ ਸਾਥੀਆਂ ਨਾਲ ਗੱਲ ਕਰਦੇ ਹੋਏ ਸੁਣ ਲਿਆ ਕਿ : ‘‘ਮੇਰੇ ਹਿੱਸੇ ਦੇ ਪੈਸੇ ਤਿਆਰ ਰੱਖਣਾ, ਮੈਂ ਸਵੇਰੇ ਇਨ੍ਹਾਂ ਨੂੰ ਚਕਮਾ ਦੇ ਕੇ ਜਬਲਪੁਰ ਭੱਜ ਰਹੀ ਹਾਂ।’’ ਅਗਲੀ ਸਵੇਰ ਜਦੋਂ ਲੁਟੇਰੀ ਦੁਲਹਨ ਉੱਥੋਂ ਖਿਸਕਣ ਲੱਗੀ ਤਾਂ ਲਾੜੇ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
* ਅਤੇ ਹੁਣ 28 ਜੂਨ ਨੂੰ ਹੀ ‘ਗਗਰੇਟ’ (ਹਿਮਾਚਲ ਪ੍ਰਦੇਸ਼) ’ਚ ਲੁਟੇਰੀ ਦੁਲਹਨ ਦੇ ਸ਼ਿਕਾਰ ਬਣੇ ਇਕ ਨੌਜਵਾਨ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ ਕਿ 2 ਦਿਨ ਪਹਿਲਾਂ ਹੀ ਵਿਆਹ ਕੇ ਘਰ ਲਿਆਂਦੀ ਗਈ ਦੁਲਹਨ ਰਾਤ ਨੂੰ ਮੌਕਾ ਮਿਲਦੇ ਹੀ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ ਹੈ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਸਰਗਰਮ ਸਮਾਜ ਵਿਰੋਧੀ ਅਨਸਰ ਲੋੜਵੰਦ ਲੋਕਾਂ ਦੀ ਮਜਬੂਰੀ ਦਾ ਇਸ ਤਰ੍ਹਾਂ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ। ਲਿਹਾਜ਼ਾ ਝਟਪਟ ਵਿਆਹ ਕਰਾਉਣ ਦੇ ਚੱਕਰ ’ਚ ਨਾ ਪੈ ਕੇ ਅਜਿਹੇ ਗਿਰੋਹਾਂ ਤੋਂ ਬਚ ਕੇ ਰਹਿਣ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਰਿਸ਼ਤਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਨਾਲ ਇਸ ਤਰ੍ਹਾਂ ਦੀ ਠੱਗੀ ਮਾਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ।
—ਵਿਜੇ ਕੁਮਾਰ
