ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
Tuesday, Jun 23, 2026 - 04:44 PM (IST)
ਦੁਨੀਆ ’ਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਬਹੁਤ ਸਾਰੇ ਅਧਿਐਨ ਵੀ ਕੀਤੇ ਗਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਜ਼ੁਰਗ ਸਭ ਤੋਂ ਵੱਧ ਪ੍ਰੇਸ਼ਾਨ ਆਪਣੇ ਇਕੱਲੇਪਨ ਤੋਂ ਹਨ। ਪੂਰੀ ਜ਼ਿੰਦਗੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਕੀਤਾ ਹੈ ਪਰ ਹੁਣ ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੈ। ਬਹੁਤ ਸਾਰੇ ਬਜ਼ੁਰਗ ਚਾਹੁੰਦੇ ਹਨ ਕਿ ਵੱਖ-ਵੱਖ ਖੇਤਰਾਂ ’ਚ ਉਨ੍ਹਾਂ ਦੇ ਤਜਰਬੇ ਦਾ ਲਾਭ ਉਠਾਇਆ ਜਾਵੇ, ਉਹ ਕੁਝ ਕੰਮ ਕਰ ਸਕਣ ਜਿਸ ਨਾਲ ਉਨ੍ਹਾਂ ਦਾ ਸਮਾਂ ਲੰਘ ਸਕੇ ਅਤੇ ਕੁਝ ਆਮਦਨ ਵੀ ਹੋਵੇ ਪਰ ਨੀਤੀ ਘਾੜਿਆਂ ਵਾਲਿਆਂ ਦੀਆਂ ਨਜ਼ਰਾਂ ਨੌਜਵਾਨਾਂ ’ਤੇ ਟਿਕੀਆਂ ਰਹਿੰਦੀਆਂ ਹਨ, ਕਿਉਂਕਿ ਉਨ੍ਹਾਂ ਬਾਰੇ ਸੋਚਿਆ ਜਾਂਦਾ ਹੈ ਕਿ ਉਨ੍ਹਾਂ ਦੇ ਸਰੀਰ ’ਚ ਸ਼ਕਤੀ ਹੈ, ਊਰਜਾ ਹੈ ਅਤੇ ਪਰਸ ’ਚ ਪੈਸੇ ਹਨ, ਇਸ ਲਈ ਜ਼ਿਆਦਾਤਰ ਯੋਜਨਾਵਾਂ ਉਨ੍ਹਾਂ ਨੂੰ ਹੀ ਦੇਖ ਕੇ ਬਣਾਈਆਂ ਜਾਂਦੀਆਂ ਹਨ।
ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਆਰਥਿਕ ਤੰਗੀ ਨਹੀਂ ਪਰ ਉਨ੍ਹਾਂ ਨਾਲ ਗੱਲਬਾਤ ਕਰਨ ਵਾਲਾ ਕੋਈ ਨਹੀਂ ਹੈ। ਆਪਣੇ ਹਾਣੀਆਂ ਦੇ ਅਜਿਹੇ ਗਰੁੱਪ ਵੀ ਬਹੁਤ ਘੱਟ ਹਨ ਜਿਨ੍ਹਾਂ ਨਾਲ ਬੈਠ ਕੇ ਕੁਝ ਗੱਪ-ਸ਼ੱਪ ਕੀਤੀ ਜਾ ਸਕੇ, ਸਮਾਂ ਬਿਤਾਇਆ ਜਾ ਸਕੇ। ਜਿਨ੍ਹਾਂ ਬੱਚਿਆਂ ਅਤੇ ਪਰਿਵਾਰ ਲਈ ਜ਼ਿੰਦਗੀ ਅਤੇ ਸਾਰੇ ਸਾਧਨ ਲਗਾ ਦਿੱਤੇ, ਉਨ੍ਹਾਂ ਕੋਲ ਵੀ ਇਨ੍ਹਾਂ ਲਈ ਬਹੁਤਾ ਸਮਾਂ ਨਹੀਂ ਹੈ। ਇਸ ਦਾ ਇਕ ਕਾਰਨ, ਘੱਟੋ-ਘੱਟ ਆਪਣੇ ਦੇਸ਼ ’ਚ ਤਾਂ ਇਹ ਹੈ ਕਿ ਪਰਿਵਾਰਾਂ ਦਾ ਉਹ ਢਾਂਚਾ ਖ਼ਤਮ ਹੋ ਗਿਆ ਹੈ, ਜਿੱਥੇ ਬਜ਼ੁਰਗਾਂ ਦੀ ਰਾਇ ਨੂੰ ਉਨ੍ਹਾਂ ਦੇ ਤਜਰਬੇ ਦੇ ਅਾਧਾਰ ’ਤੇ ਪਹਿਲ ਮਿਲਦੀ ਸੀ। ਤਜਰਬੇ ਦੀ ਜਿਵੇਂ ਕੋਈ ਅਹਿਮੀਅਤ ਹੀ ਨਹੀਂ ਰਹੀ।
ਫਿਰ ਅੱਜ ਦੀ ਕੰਮਕਾਜੀ ਦੁਨੀਆ ਵੀ ਪਹਿਲਾਂ ਵਰਗੀ ਨਹੀਂ ਰਹੀ ਕਿ ਇਕ ਬੱਝੇ-ਬਝਾਏ ਸਮੇਂ ਲਈ ਦਫ਼ਤਰ ਜਾਣਾ ਹੈ ਅਤੇ ਬਾਕੀ ਸਮਾਂ ਪਰਿਵਾਰ ਲਈ ਹੈ। ਹੁਣ ਤਾਂ ਚੌਵੀ ਘੰਟੇ -ਸੱਤੇ ਦਿਨ ਕੰਮ ਕਰਨ ਦੀਆਂ ਗੱਲਾਂ ਮਾਣ ਨਾਲ ਕੀਤੀਆਂ ਜਾਂਦੀਆਂ ਹਨ। ਸਗੋਂ 24X7 ਕੰਮ ਕਰਦਿਆਂ ਵੀ ਕਈ ਵਾਰ ਕੰਮ ਪੂਰਾ ਨਹੀਂ ਹੁੰਦਾ। ਅਜਿਹੇ ’ਚ ਬਜ਼ੁਰਗਾਂ ਲਈ ਸਮਾਂ ਵੀ ਕਿੱਥੇ ਹੈ। ਡਬਲਿਊ. ਐੱਚ. ਓ. ਦੀ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਅਮਰੀਕਾ ਅਤੇ ਬਹੁਤ ਸਾਰੇ ਯੂਰਪੀਅਨ ਦੇਸ਼ਾਂ ’ਚ 20 ਤੋਂ 34 ਫ਼ੀਸਦੀ ਉਮਰਦਰਾਜ਼ ਲੋਕ ਇਕੱਲੇਪਨ ਨਾਲ ਜੂਝ ਰਹੇ ਹਨ। ਇਕੱਲੇਪਨ ਨੂੰ ਅਜਿਹੀ ਮਹਾਮਾਰੀ ਵੀ ਦੱਸਿਆ ਗਿਆ ਹੈ ਜੋ ਦਿਨ ’ਚ 15 ਸਿਗਰਟਾਂ ਪੀਣ ਦੇ ਬਰਾਬਰ ਹੈ। ਇਸੇ ਲਈ ਬਜ਼ੁਰਗ ਨਾ ਸਿਰਫ਼ ਇਕੱਲੇਪਨ ਨਾਲ ਜੂਝਦੇ ਹਨ, ਇਸ ਦੇ ਕਾਰਨ ਡਿਪਰੈਸ਼ਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਵੀ ਬਣਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ’ਚ ਬਜ਼ੁਰਗਾਂ ਲਈ ਅਜਿਹੇ ਉਪਕਰਨ ਅਤੇ ਰੋਬੋਟ ਬਣਾਏ ਜਾ ਰਹੇ ਹਨ, ਜੋ ਉਨ੍ਹਾਂ ਦੀ ਤਰ੍ਹਾਂ-ਤਰ੍ਹਾਂ ਨਾਲ ਮਦਦ ਕਰਦੇ ਹਨ। ਉਨ੍ਹਾਂ ਦੇ ਕੰਮਾਂ ’ਚ ਹੱਥ ਵਟਾਉਂਦੇ ਹਨ, ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਅਜਿਹੀਆਂ ਖੇਡਾਂ ਬਣਾਈਆਂ ਗਈਆਂ ਹਨ ਜਿੱਥੇ ਏ. ਆਈ. ਅਤੇ ਬਜ਼ੁਰਗ ਇਕੱਠੇ ਖੇਡਦੇ ਹਨ। ਪਾਲਤੂ ਜਾਨਵਰਾਂ ਵਰਗੇ ਰੋਬੋਟ ਵੀ ਹਨ, ਜੋ ਬਜ਼ੁਰਗਾਂ ਦੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ।
ਹਾਲ ਹੀ ’ਚ ਇਕ ਅਜਿਹੀ ਗੁੱਡੀ ਦੀ ਖ਼ਬਰ ਵੀ ਆਈ ਹੈ ਜਿਸਦਾ ਨਾਂ ‘ਹਯੋਡੋਲ’ ਹੈ। ਇਸ ਨੂੰ ਦੱਖਣੀ ਕੋਰੀਆ ’ਚ ਬਣਾਇਆ ਗਿਆ ਹੈ। ਇਸ ਨੂੰ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤਾ ਜਾ ਰਿਹਾ ਹੈ। ਹੁਣ ਤੱਕ 14,500 ਬਜ਼ੁਰਗਾਂ ਨੂੰ ਇਹ ਗੁੱਡੀ ਦਿੱਤੀ ਜਾ ਚੁੱਕੀ ਹੈ। ਦੱਖਣੀ ਕੋਰੀਆ ’ਚ ਬਜ਼ੁਰਗਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਇਸ ਗੁੱਡੀ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਨਾ ਸਿਰਫ਼ ਉਨ੍ਹਾਂ ਦੀ ਸਰੀਰਕ ਸਗੋਂ ਮਾਨਸਿਕ ਸਥਿਤੀ ’ਤੇ ਵੀ ਧਿਆਨ ਦਿੰਦੀ ਹੈ। ਨੀਂਦ ਠੀਕ ਤਰ੍ਹਾਂ ਆਈ ਕਿ ਨਹੀਂ, ਤਬੀਅਤ ਠੀਕ ਹੈ ਕਿ ਨਹੀਂ, ਜੇ ਤਬੀਅਤ ਖ਼ਰਾਬ ਹੈ ਤਾਂ ਦਵਾਈ ਖਾਧੀ ਕਿ ਨਹੀਂ, ਉਨ੍ਹਾਂ ਦਾ ਮੂਡ ਕਿਹੋ ਜਿਹਾ ਹੈ। ਜੇਕਰ ਇਸ ਗੁੱਡੀ ਨੂੰ ਕੋਈ ਚਿੰਤਾਜਨਕ ਸਥਿਤੀ ਲੱਗਦੀ ਹੈ, ਤਾਂ ਉਹ ਤੁਰੰਤ ਕੇਅਰਟੇਕਰਾਂ ਨੂੰ ਇਸਦੀ ਖ਼ਬਰ ਦਿੰਦੀ ਹੈ। ਇਹ ਬਜ਼ੁਰਗਾਂ ਨਾਲ ਗੱਲ ਕਰਦੀ ਹੈ, ਉਨ੍ਹਾਂ ਨਾਲ ਗਾਣੇ ਗਾਉਂਦੀ ਹੈ ਅਤੇ ਉਨ੍ਹਾਂ ਦਾ ਹੱਥ ਫੜ ਕੇ ਪਿਆਰ ਜਤਾਉਂਦੀ ਹੈ। ਇਸ ਨੂੰ ਪਾ ਕੇ ਉੱਥੋਂ ਦੇ ਬਜ਼ੁਰਗ ਬਹੁਤ ਖ਼ੁਸ਼ ਹਨ। ਇਕ ਔਰਤ ਨੇ ਕਿਹਾ ਕਿ ਹੁਣ ਜਦੋਂ ਵੀ ਉਹ ਬਾਹਰੋਂ ਪਰਤਦੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਘਰ ’ਚ ਕੋਈ ਉਸਦਾ ਇੰਤਜ਼ਾਰ ਕਰ ਰਿਹਾ ਹੈ।
ਆਪਣੇ ਇੱਥੇ ਕਹਾਵਤ ਕਹੀ ਜਾਂਦੀ ਹੈ ਕਿ ‘ਨਾ ਹੋਣ ਨਾਲੋਂ ਕੁਝ ਹੋਣਾ ਚੰਗਾ’, ਏ. ਆਈ. ਤਕਨੀਕ ਬਾਰੇ ਵੀ ਇਹ ਸੋਚਿਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨਾਲ ਕੋਈ ਗੱਲ ਕਰਨ ਵਾਲਾ ਨਹੀਂ, ਰਾਜ਼ੀ-ਖ਼ੁਸ਼ੀ ਪੁੱਛਣ ਵਾਲਾ ਨਹੀਂ, ਉਨ੍ਹਾਂ ਨਾਲ ਗੱਲ ਕਰਨ ਵਾਲਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਤਾਂ ਹੈ, ਭਾਵੇਂ ਉਹ ਮਸ਼ੀਨ ਹੀ ਕਿਉਂ ਨਾ ਹੋਵੇ।
ਇਹ ਗੱਲ ਵੀ ਮਹਿਸੂਸ ਹੁੰਦੀ ਹੈ ਕਿ ਆਖ਼ਰ ਇਹ ਕਿਹੋ ਜਿਹੇ ਸਮਾਜ ਹਨ, ਜੋ ਆਪਣੇ ਵਿਕਸਿਤ ਹੋਣ ਦਾ ਦਾਅਵਾ ਕਰਦੇ ਹਨ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਅਰਥਵਿਵਸਥਾਵਾਂ ਹਨ ਪਰ ਉੱਥੇ ਇੰਨਾ ਇਕੱਲਾਪਨ ਹੈ ਕਿ ਕੋਈ ਕਿਸੇ ਦੀ ਨਹੀਂ ਸੁਣ ਰਿਹਾ। ਪਰਿਵਾਰ ਦੇ ਮੁਕਾਬਲੇ ਤੁਸੀਂ ਸਰਕਾਰ ਦੇ ਭਰੋਸੇ ਹੋ। ਇਕ ਵਾਰ ਅਮਰੀਕਾ ’ਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੇ ਦੱਸਿਆ ਸੀ ਕਿ ਉੱਥੇ ਬਜ਼ੁਰਗਾਂ ਲਈ ਬਹੁਤ ਚੰਗੀਆਂ ਯੋਜਨਾਵਾਂ ਹਨ, ਡਾਕਟਰੀ ਸਹੂਲਤਾਂ ਹਨ ਪਰ ਇਨ੍ਹਾਂ ਦਾ ਲਾਭ ਉਦੋਂ ਹੀ ਮਿਲ ਸਕਦਾ ਹੈ ਜਦੋਂ ਉਨ੍ਹਾਂ ਨੂੰ ਕੋਈ ਹਸਪਤਾਲ ਪਹੁੰਚਾਉਣ ਵਾਲਾ ਹੋਵੇ। ਅਕਸਰ ਉਹੀ ਨਹੀਂ ਹੁੰਦਾ ।
ਅਖੌਤੀ ਵਿਕਸਿਤ ਸਮਾਜਾਂ ਵਾਂਗ ਆਪਣੇ ਦੇਸ਼ ’ਚ ਵੀ ਅਜਿਹਾ ਹੋ ਰਿਹਾ ਹੈ ਕਿ ਬਜ਼ੁਰਗਾਂ ਦਾ ਇਕੱਲਾਪਨ ਵਧ ਰਿਹਾ ਹੈ। ਸ਼ਹਿਰ ਦੇ ਸ਼ਹਿਰ ਅਤੇ ਪਿੰਡ ਦੇ ਪਿੰਡ, ਨੌਜਵਾਨ ਆਬਾਦੀ ਤੋਂ ਖ਼ਾਲੀ ਹੋ ਗਏ ਹਨ, ਕਿਉਂਕਿ ਉੱਥੇ ਰੁਜ਼ਗਾਰ ਦੇ ਸਾਧਨ ਨਹੀਂ ਹਨ। ਅਜਿਹੇ ’ਚ ਬਜ਼ੁਰਗ ਉੱਥੇ ਇਕੱਲੇ ਹਨ। ਪਿੰਡਾਂ ’ਚ ਤਾਂ ਚਲੋ ਫਿਰ ਵੀ ਆਪਸੀ ਗੱਲਬਾਤ ਕੁਝ ਹੁੰਦੀ ਹੋਵੇਗੀ ਪਰ ਸ਼ਹਿਰਾਂ ’ਚ ਇਕੱਲੇਪਨ ਦੀ ਗੰਭੀਰ ਸਥਿਤੀ ਵਧਦੀ ਜਾ ਰਹੀ ਹੈ। ਕੀ ਇਹ ਬਿਹਤਰ ਨਹੀਂ ਕਿ ਇਨਸਾਨਾਂ ਨੂੰ ਹੀ ਇਨਸਾਨਾਂ ਦੀ ਮਦਦ ਲਈ ਪ੍ਰੇਰਿਤ ਕੀਤਾ ਜਾਵੇ? ਬਾਲਵਾੜੀਆਂ ਅਤੇ ਬਿਰਧ ਆਸ਼ਰਮਾਂ ਨੂੰ ਆਪਸ ’ਚ ਜੋੜ ਕੇ ਦੋਹਰਾ ਲਾਭ ਲਿਆ ਜਾ ਸਕਦਾ ਹੈ। ਬੱਚਿਆਂ ਨੂੰ ਬਜ਼ੁਰਗਾਂ ਦਾ ਸਹਾਰਾ ਮਿਲ ਜਾਵੇਗਾ ਅਤੇ ਬਜ਼ੁਰਗਾਂ ਨੂੰ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਅਨੰਦ। ਉਦੋਂ ਸ਼ਾਇਦ ਕਿਸੇ ਏ. ਆਈ. ਗੁੱਡੀ ਜਾਂ ਰੋਬੋਟ ਦੀ ਮਦਦ ਨਹੀਂ ਲੈਣੀ ਪਵੇਗੀ।
—ਸ਼ਮਾ ਸ਼ਰਮਾ
