ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ

Monday, Jun 22, 2026 - 05:02 PM (IST)

ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ

ਪੁਲਸ ਵਿਭਾਗ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਭਾਰਤੀ ਪੱਧਰ ਅਤੇ ਰਾਜ ਪੱਧਰ ਦੇ ਅਧਿਕਾਰੀਆਂ ਨੂੰ ਨਿਸ਼ਚਿਤ ਅਨੁਪਾਤ ਦੇ ਆਧਾਰ ’ਤੇ ਨਿਯੁਕਤ ਕੀਤਾ ਜਾਂਦਾ ਹੈ। ਦੋਵੇਂ ਤਰ੍ਹਾਂ ਦੇ ਅਧਿਕਾਰੀ ਵਿਭਾਗ ਦੀ ਸ਼ਾਨ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ’ਚ ਇਕ ਸੰਗਠਿਤ ਸੰਸਥਾ ਦੇ ਰੂਪ ’ਚ ਆਪਣਾ-ਆਪਣਾ ਯੋਗਦਾਨ ਨਿਭਾਉਂਦੇ ਰਹਿੰਦੇ ਹਨ। ਦੋਵਾਂ ਵਰਗਾਂ ਦੇ ਅਧਿਕਾਰੀਆਂ ਦੇ ਸਬੰਧਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕੁੜੱਤਣ ਦਾ ਅਹਿਸਾਸ ਹੁੰਦਾ ਹੈ, ਜਿਸਦਾ ਵੇਰਵਾ ਇਸ ਤਰ੍ਹਾਂ ਹੈ :

1. ਨਿਯਮਾਂ ਦੇ ਅਨੁਸਾਰ ਵਿਭਾਗ ’ਚ ਸਾਰੇ ਮਹੱਤਵਪੂਰਨ ਅਹੁਦੇ, ਜਿਵੇਂ ਕਿ ਜ਼ਿਲਾ ਕਪਤਾਨ, ਬਟਾਲੀਅਨ ਕਮਾਂਡੈਂਟ ਆਦਿ ਆਈ. ਪੀ. ਐੱਸ. ਅਧਿਕਾਰੀਆਂ ਲਈ ਹੀ ਚਿੰਨ੍ਹਿਤ ਕੀਤੇ ਗਏ ਹਨ ਪਰ ਦੇਖਿਆ ਗਿਆ ਹੈ ਕਿ ਰਾਜ ਪੁਲਸ ਅਧਿਕਾਰੀ ਆਪਣੇ ਰਾਜਨੀਤਿਕ ਆਕਾਵਾਂ ਨਾਲ ਨੇੜਤਾ ਦੇ ਕਾਰਨ ਜ਼ਿਲਾ ਕਪਤਾਨ ਦੇ ਅਹੁਦਿਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਸੁਭਾਵਿਕ ਹੈ ਕਿ ਆਈ. ਪੀ. ਐੱਸ. ਅਧਿਕਾਰੀਆਂ ਨਾਲ ਬੇਇਨਸਾਫ਼ੀ ਅਤੇ ਭੇਦਭਾਵ ਕੀਤਾ ਜਾਂਦਾ ਹੈ। ਕੋਈ ਵੀ ਆਈ. ਪੀ. ਐੱਸ. ਅਧਿਕਾਰੀ ਇਸ ਸਬੰਧ ’ਚ ਕਿਤੇ ਵੀ ਅਪੀਲ ਕਰਨ ਤੋਂ ਝਿਜਕਦਾ ਹੈ ਕਿਉਂਕਿ ਉਸ ਨੂੰ ਡਰ ਰਹਿੰਦਾ ਹੈ ਕਿ ਉਸ ਦੇ ਕਰੀਅਰ ਨੂੰ ਰਾਜਨੀਤਿਕ ਲੋਕ ਖ਼ਰਾਬ ਨਾ ਕਰ ਦੇਣ।

2. ਆਈ. ਪੀ. ਐੱਸ. ਅਧਿਕਾਰੀਆਂ ਦੀ ਗਰੂਮਿੰਗ ਅਤੇ ਐਕਸਪੋਜ਼ਰ ਨਿਸ਼ਚਿਤ ਤੌਰ ’ਤੇ ਬਹੁਤ ਉੱਚੇ ਪੱਧਰ ਦਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਸੋਚ ਅਤੇ ਵਿਭਾਗ ਪ੍ਰਤੀ ਚਿੰਤਨ ਆਦਿ ਵੀ ਜ਼ਿਆਦਾ ਹੁੰਦਾ ਹੈ।

3. ਰਾਜ ਪੁਲਸ ਅਧਿਕਾਰੀਆਂ ਦੇ ਲੋਕਾਂ ਅਤੇ ਰਾਜਨੀਤੀਵਾਨਾਂ ਦੇ ਨਾਲ ਬਹੁਤ ਨੇੜਲੇ ਸਬੰਧ ਹੁੰਦੇ ਹਨ ਅਤੇ ਉਨ੍ਹਾਂ ਦੀ ਆਮ ਜਨਤਾ ’ਚ ਪਹੁੰਚ ਵਧੇਰੇ ਹੁੰਦੀ ਹੈ ਅਤੇ ਉਨ੍ਹਾਂ ’ਚੋਂ ਕੁਝ ਅਧਿਕਾਰੀ ਕੋਈ ਵੀ ਅਣਚਾਹਿਆ ਕੰਮ ਕਰਨ ਲਈ ਤਿਆਰ ਰਹਿੰਦੇ ਹਨ।

4. ਰਾਜ ਪੱਧਰ ਦੇ ਅਧਿਕਾਰੀਆਂ ਦਾ ਸੇਵਾਕਾਲ ਦਾ ਤਜਰਬਾ ਵਧੇਰੇ ਹੁੰਦਾ ਹੈ ਅਤੇ ਇਹ ਅਧਿਕਾਰੀ ਵਧੇਰੇ ਪੇਸ਼ੇਵਰ ਵੀ ਹੁੰਦੇ ਹਨ ਅਤੇ ਆਮ ਤੌਰ ’ਤੇ ਇਹ ਲੋਕ ਆਈ. ਪੀ. ਐੱਸ. ਅਧਿਕਾਰੀਆਂ ਨੂੰ ਗਾਈਡ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਆਈ. ਪੀ. ਐੱਸ. ਅਧਿਕਾਰੀ ਤਾਂ ਉਨ੍ਹਾਂ ਦੀਆਂ ਉਂਗਲਾਂ ’ਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ।

5. ਕਿਸੇ ਆਈ. ਪੀ. ਐੱਸ. ਅਧਿਕਾਰੀ ਨੂੰ ਸਫ਼ਲ ਬਣਾਉਣ ਅਤੇ ਡੇਗਣ ਲਈ ਰਾਜ ਪੱਧਰ ਦੇ ਅਧਿਕਾਰੀ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਦਾ ਮੀਡੀਆ ਦੇ ਨਾਲ ਵੀ ਨੇੜਲਾ ਅਤੇ ਮਿੱਤਰਤਾਪੂਰਨ ਸਬੰਧ ਹੁੰਦਾ ਹੈ ਕਿਉਂਕਿ ਇਹ ਅਧਿਕਾਰੀ ਸਥਾਨਕ ਨਿਵਾਸੀ ਹੁੰਦੇ ਹਨ ਅਤੇ ਮੀਡੀਆ ਨੂੰ ਹਰ ਖ਼ਬਰ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ।

6. ਭਾਰਤੀ ਪੱਧਰ ਦੇ ਅਧਿਕਾਰੀ ਨੂੰ ਆਪਣੀ ਇਮਾਨਦਾਰੀ ਅਤੇ ਨੈਤਿਕਤਾ ਪ੍ਰਤੀ ਵਧੇਰੇ ਸੁਚੇਤ ਇਸ ਲਈ ਰਹਿਣਾ ਪੈਂਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਆਪਣੀ ਅਨੈਤਿਕਤਾ ਦੇ ਕਾਰਨ ਪੂਰੇ ਭਾਰਤ ’ਚ ਬਦਨਾਮ ਹੋ ਜਾਵੇਗਾ, ਇਸ ਲਈ ਉਹ ਸਿੱਧੇ ਤੌਰ ’ਤੇ ਅਣਚਾਹੇ ਕਾਰਜ ਕਰਨ ਤੋਂ ਝਿਜਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕੁਝ ਆਈ. ਪੀ. ਐੱਸ. ਅਧਿਕਾਰੀ ਵਿਕਾਊ ਮਾਲ ਬਣ ਕੇ ਰਾਜਨੀਤੀਵਾਨਾਂ ਦੇ ਤਲੇ ਚਟਦੇ ਰਹਿੰਦੇ ਹਨ ਅਤੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਆਪਣੀ ਵਰਦੀ ਅਤੇ ਰੈਂਕ ਨੂੰ ਦਾਗਦਾਰ ਬਣਾਉਂਦੇ ਰਹਿੰਦੇ ਹਨ।

ਦੂਜੇ ਪਾਸੇ ਰਾਜ ਪੱਧਰ ਦੇ ਵੀ ਕੁਝ ਅਜਿਹੇ ਅਧਿਕਾਰੀ ਹੁੰਦੇ ਹਨ, ਜੋ ਆਪਣੀ ਮਿਹਨਤ, ਨਿਸ਼ਠਾ ਅਤੇ ਇਮਾਨਦਾਰੀ ਲਈ ਪੂਰੇ ਵਿਭਾਗ ’ਚ ਜਾਣੇ ਜਾਂਦੇ ਹਨ ਅਤੇ ਕਿਸੇ ਵੀ ਅਣਉਚਿਤ ਕਾਰਜ ਨੂੰ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹੇ ’ਚ ਇਨ੍ਹਾਂ ਦੋਵਾਂ ਵਰਗਾਂ ਦੇ ਅਧਿਕਾਰੀਆਂ ’ਚ ਮਤਭੇਦ ਹੋਣਾ ਸੁਭਾਵਿਕ ਹੋ ਜਾਂਦਾ ਹੈ।

ਮਨੋਵਿਗਿਆਨਕ ਤੌਰ ’ਤੇ ਰਾਜ ਪੁਲਸ ਅਧਿਕਾਰੀਆਂ ’ਚ ਇਕ ਹੀਣਭਾਵਨਾ ਜਿਹੀ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੇ ਖੰਭਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਉੱਡਣਾ ਹੀ ਭੁੱਲ ਜਾਂਦੇ ਹਨ। ਮੈਂ ਆਪਣੇ ਤਜਰਬਿਆਂ ਦੇ ਆਧਾਰ ’ਤੇ ਵੀ ਦੇਖਿਆ ਹੈ ਕਿ ਕਈ ਸਮਾਰੋਹਾਂ ’ਚ ਆਈ. ਪੀ. ਐੱਸ. ਅਤੇ ਰਾਜ ਪੁਲਸ ਅਧਿਕਾਰੀ ਆਪਣੇ ਵੱਖ-ਵੱਖ ਸਮੂਹ ਬਣਾ ਕੇ ਬੈਠ ਜਾਂਦੇ ਹਨ ਅਤੇ ਆਈ. ਪੀ. ਐੱਸ. ਅਧਿਕਾਰੀ ਵੀ ਆਪਣੀ ਸ੍ਰੇਸ਼ਠਤਾ ਦੇ ਕਾਰਨ ਉਨ੍ਹਾਂ ਨਾਲ ਜ਼ਿਆਦਾ ਮਿਲਦੇ-ਜੁਲਦੇ ਨਹੀਂ ਹਨ।

ਇਸ ਤੋਂ ਇਲਾਵਾ ਦੋਵਾਂ ਵਰਗਾਂ ਦੇ ਅਧਿਕਾਰੀਆਂ ’ਚ ਇਕ ਲੋੜੀਂਦੇ ਸ਼ਿਸ਼ਟਾਚਾਰ ਅਤੇ ਵਿਵਹਾਰ ਦੀ ਕਮੀ ਵੀ ਆਮ ਤੌਰ ’ਤੇ ਦੇਖਣ ਨੂੰ ਮਿਲਦੀ ਹੈ ਅਤੇ ਪ੍ਰਤੀਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਟ੍ਰੇਨਿੰਗ ’ਚ ਸਿਖਾਏ ਗਏ ਅਨੁਸ਼ਾਸਨ ਨੂੰ ਬਣਾਈ ਰੱਖਣ ਦੀ ਕਮੀ ਜ਼ਰੂਰ ਪਾਈ ਜਾਂਦੀ ਹੈ। ਕੁਝ ਅਧਿਕਾਰੀ ਦੂਜਿਆਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਕਾਰਜ ਨਹੀਂ ਕਰਦੇ ਅਤੇ ਅਸਲ ’ਚ ਫਰਿਆਦੀ ਦੀ ਸ਼ਿਕਾਇਤ ਦਾ ਨਿਵਾਰਨ ਹੋਇਆ ਜਾਂ ਨਹੀਂ, ਦਾ ਅਹਿਸਾਸ ਵੀ ਨਹੀਂ ਕਰਦੇ।

ਸਾਡੇ ਸਮੇਂ ’ਚ ਸਾਡੇ ਸੀਨੀਅਰ ਅਧਿਕਾਰੀ ਸਾਨੂੰ ਸ਼ਿਸ਼ਟਾਚਾਰ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਸਨ ਅਤੇ ਸਾਨੂੰ ਰਿਟਾਇਰਡ ਅਧਿਕਾਰੀਆਂ ਦੇ ਘਰ ਸ਼ਿਸ਼ਟਾਚਾਰ ਦੇ ਨਾਤੇ ਜਾਣ ਲਈ ਵੀ ਦੱਸਿਆ ਜਾਂਦਾ ਸੀ ਪਰ ਹੁਣ ਇਹ ਸਭ ਫ਼ਰਮਾਨ ‘ਪੇਪਰ ਟਾਈਗਰ’ ਬਣ ਕੇ ਰਹਿ ਗਏ ਹਨ, ਜੋ ਕਿ ਵਿਭਾਗ ’ਤੇ ਕਿਤੇ ਨਾ ਕਿਤੇ ਵੱਟਾ ਲਗਾਉਂਦੇ ਹਨ।

ਦੋਵਾਂ ਵਰਗ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਦੇ ਨਾਲ ਕਾਰਜ ਕਰਨਾ ਅਤੇ ਇਕ-ਦੂਜੇ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੀਦਾ। ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰ ਕੇ ਪੁਲਸ ਵਿਭਾਗ ’ਚ ਪ੍ਰਵੇਸ਼ ਪਾਉਂਦੇ ਹੀ ਬਹੁਤ ਸਾਰੇ ਅਧਿਕਾਰੀਆਂ ਦੇ ਸਿਰ ’ਤੇ ਕਿਹੜਾ ਹੰਕਾਰ ਰੂਪੀ ਭੂਤ ਸਵਾਰ ਹੋ ਜਾਂਦਾ ਹੈ ਕਿ ਉਹ ਆਪਣੀਆਂ ਮੂਲ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗ ਕੇ ਪੁਲਸ ਦੀ ਰਵਾਇਤੀ ਸੰਸਕ੍ਰਿਤੀ ’ਚ ਬੇਵੱਸ ਹੀ ਢਲ ਜਾਂਦੇ ਹਨ। ਸਮਾਜ ’ਚ ਉੱਚ ਕੋਟੀ ਦਾ ਆਦਰਸ਼ ਅਤੇ ਅਕਸ ਬਣਾਈ ਰੱਖਣ ਲਈ ਉੱਚਤਮ ਅਨੁਸ਼ਾਸਨ, ਆਚਰਣ, ਕੁਸ਼ਲ ਲੀਡਰਸ਼ਿਪ ਅਤੇ ਨੈਤਿਕ ਬਲ ਦੀ ਲੋੜ ਰਹਿੰਦੀ ਹੈ। ਅਧਿਕਾਰੀਆਂ ਨੂੰ ਆਪਣੀ ਜ਼ਮੀਰ ਨੂੰ ਜਾਗ੍ਰਿਤ ਕਰਨਾ ਚਾਹੀਦਾ ਹੈ ਅਤੇ ਜ਼ਮੀਰ ਨੂੰ ਅਨੁਸ਼ਾਸਨ ਰੂਪੀ ਛਾਂਟੇ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ, ਸਮਰੱਥਾ ਅਤੇ ਚਰਿੱਤਰ ਨੂੰ ਇਸ ਤਰ੍ਹਾਂ ਘੜਨਾ ਚਾਹੀਦਾ ਹੈ, ਜਿਸ ਨਾਲ ਰਾਸ਼ਟਰੀ ਅਤੇ ਗਲੋਬਲ ਚੁਣੌਤੀਆਂ ਦਾ ਕਾਰਗਰ ਹੱਲ ਲੱਭਿਆ ਜਾ ਸਕੇ। ਦੋਵਾਂ ਵਰਗਾਂ ਦੇ ਅਧਿਕਾਰੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼ਤਰੰਜ ਦੀ ਖੇਡ ਸਮਾਪਤ ਹੋ ਜਾਣ ’ਤੇ ਰਾਜਾ ਅਤੇ ਸਿਪਾਹੀ ਇਕ ਹੀ ਡੱਬੇ ’ਚ ਬੰਦ ਕਰਕੇ ਰੱਖ ਦਿੱਤੇ ਜਾਂਦੇ ਹਨ।

-ਰਾਜਿੰਦਰ ਮੋਹਨ ਸ਼ਰਮਾ
(ਡੀ.ਆਈ.ਜੀ. ਰਿਟਾਇਰਡ)


author

Harpreet SIngh

Content Editor

Related News