ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
Thursday, Jun 25, 2026 - 03:57 PM (IST)
ਜਦੋਂ ਭਵਿੱਖ ਦੇ ਇਤਿਹਾਸਕਾਰ ਨਰਿੰਦਰ ਮੋਦੀ ਯੁੱਗ ਦੀਆਂ ਪਰਿਵਰਤਨਕਾਰੀ ਜਨ-ਕਲਿਆਣਕਾਰੀ ਯੋਜਨਾਵਾਂ ਦਾ ਮੁਲਾਂਕਣ ਕਰਨਗੇ, ਤਾਂ ਸੰਭਵ ਹੈ ਕਿ ਉਹ ਇਸ ਸਿੱਟੇ ’ਤੇ ਪਹੁੰਚਣ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਅਸਲ ’ਚ ਸਿਰਫ ਘਰ ਬਣਾਉਣ ਦੀ ਯੋਜਨਾ ਨਹੀਂ ਸੀ। ਇਹ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਦੀ ਯੋਜਨਾ ਸੀ। ਇਹ ਸਸ਼ਕਤੀਕਰਨ ਦੀ ਯੋਜਨਾ ਸੀ ਅਤੇ ਸਭ ਤੋਂ ਵੱਧ ਕੇ, ਇਹ ਉਸ ਪੀੜ੍ਹੀ-ਦਰ-ਪੀੜ੍ਹੀ ਗਰੀਬੀ ਦੇ ਚੱਕਰ ਨੂੰ ਤੋੜਨ ਦਾ ਯਤਨ ਸੀ, ਜਿਸ ਨੇ ਦਹਾਕਿਆਂ ਤੱਕ ਕਰੋੜਾਂ ਭਾਰਤੀ ਪਰਿਵਾਰਾਂ ਨੂੰ ਆਪਣੀ ਗ੍ਰਿਫ਼ਤ ’ਚ ਰੱਖਿਆ ਸੀ।
25 ਜੂਨ, 2015 ਨੂੰ ‘ਸਭ ਦੇ ਲਈ ਆਵਾਸ’ ਦੇ ਮਹੱਤਵਪੂਰਨ ਟੀਚੇ ਦੇ ਨਾਲ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਪਿਛਲੇ 11 ਸਾਲਾਂ ’ਚ ਆਜ਼ਾਦ ਭਾਰਤ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸਮਾਜਿਕ ਪਹਿਲਕਦਮੀਆਂ ’ਚ ਆਪਣਾ ਸਥਾਨ ਬਣਾ ਲਿਆ ਹੈ। ਇਸ ਦੇ ਪੇਂਡੂ ਅਤੇ ਸ਼ਹਿਰੀ ਦੋਵਾਂ ਹਿੱਸਿਆਂ ਦੇ ਮਾਧਿਅਮ ਨਾਲ 4 ਕਰੋੜ ਤੋਂ ਵੱਧ ਘਰ ਮਨਜ਼ੂਰ ਜਾਂ ਉਸਾਰੇ ਜਾ ਚੁੱਕੇ ਹਨ, ਜਿਨ੍ਹਾਂ ਨਾਲ ਲੱਗਭਗ 20 ਕਰੋੜ ਭਾਰਤੀਆਂ ਦਾ ਜੀਵਨ ਪ੍ਰਤੱਖ ਜਾਂ ਅਪ੍ਰਤੱਖ ਤੌਰ ’ਤੇ ਪ੍ਰਭਾਵਿਤ ਹੋਇਆ ਹੈ।
ਦਹਾਕਿਆਂ ਤੱਕ ਭਾਰਤ ’ਚ ਗਰੀਬੀ ਖਾਤਮੇ ਦੀਆਂ ਨੀਤੀਆਂ ਆਮਦਨ ਵਧਾਉਣ ’ਤੇ ਕੇਂਦਰਿਤ ਰਹੀਆਂ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਇਸ ਸਮੱਸਿਆ ਨੂੰ ਇਕ ਵੱਖਰੇ ਨਜ਼ਰੀਏ ਤੋਂ ਦੇਖਿਆ। ਇਸ ਨੇ ਸਮਝਿਆ ਕਿ ਕਿਸੇ ਗਰੀਬ ਪਰਿਵਾਰ ਲਈ ਪੱਕਾ ਘਰ ਬਣਾਉਣਾ ਜੀਵਨ ਦਾ ਸਭ ਤੋਂ ਵੱਡਾ ਵਿੱਤੀ ਨਿਵੇਸ਼ ਹੁੰਦਾ ਹੈ। ਲੱਖਾਂ ਪਰਿਵਾਰ ਸਾਲਾਂ ਤੱਕ ਬੱਚਤ ਕਰਦੇ ਰਹਿੰਦੇ ਸਨ, ਸਿੱਖਿਆ, ਸਿਹਤ ਅਤੇ ਹੋਰ ਲੋੜਾਂ ਨਾਲ ਸਮਝੌਤਾ ਕਰਦੇ ਸਨ, ਫਿਰ ਵੀ ਆਪਣਾ ਘਰ ਨਹੀਂ ਬਣਾ ਸਕਦੇ ਸਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਇਸ ਆਰਥਿਕ ਸਮੀਕਰਨ ਨੂੰ ਬਦਲ ਦਿੱਤਾ।
ਜਦੋਂ ਘਰ ਬਣਾਉਣ ਦਾ ਵੱਡਾ ਖ਼ਰਚਾ ਸਰਕਾਰ ਚੁੱਕਣ ਲੱਗੀ, ਉਦੋਂ ਪਰਿਵਾਰਾਂ ਦੇ ਸੀਮਤ ਸਰੋਤ ਹੋਰ ਮਹੱਤਵਪੂਰਨ ਲੋੜਾਂ ਲਈ ਉਪਲਬਧ ਹੋਣ ਲੱਗੇ। ਬੱਚਿਆਂ ਦੀ ਸਿੱਖਿਆ ’ਤੇ ਵੱਧ ਖ਼ਰਚ ਹੋਣ ਲੱਗਿਆ। ਸਿਹਤ ਸੇਵਾਵਾਂ ਤੱਕ ਪਹੁੰਚ ਬਿਹਤਰ ਹੋਈ। ਛੋਟੇ ਕਾਰੋਬਾਰ ਸ਼ੁਰੂ ਹੋਏ। ਬੱਚਤ ਵਧੀ। ਦੂਜੇ ਸ਼ਬਦਾਂ ’ਚ ਕਹੀਏ ਤਾਂ ਇਸ ਯੋਜਨਾ ਨੇ ਕਰੋੜਾਂ ਪਰਿਵਾਰਾਂ ਨੂੰ ਸਿਰਫ ਜਿਊਂਦੇ ਰਹਿਣ ਦੀ ਚਿੰਤਾ ’ਚੋਂ ਕੱਢ ਕੇ ਅੱਗੇ ਵਧਣ ਅਤੇ ਬਿਹਤਰ ਜੀਵਨ ਦੀ ਇੱਛਾ ਕਰਨ ਦਾ ਮੌਕਾ ਦਿੱਤਾ।
ਜੇਕਰ ਇਸ ਯੋਜਨਾ ਨੂੰ ਔਰਤਾਂ ਦੇ ਸਸ਼ਕਤੀਕਰਨ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਦਾ ਪ੍ਰਭਾਵ ਹੋਰ ਵੀ ਸ਼ਲਾਘਾਯੋਗ ਦਿਖਾਈ ਦਿੰਦਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ’ਚੋਂ ਇਕ ਇਹ ਰਹੀ ਕਿ ਘਰਾਂ ਦੀ ਮਲਕੀਅਤ ਔਰਤਾਂ ਦੇ ਨਾਂ ਜਾਂ ਸਾਂਝੀ ਮਲਕੀਅਤ ’ਚ ਦੇਣ ਨੂੰ ਪਹਿਲ ਦਿੱਤੀ ਗਈ। ਕਰੋੜਾਂ ਔਰਤਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਘਰ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਅਜਿਹੀ ਜਾਇਦਾਦ ਹੈ, ਜਿਸ ਨੂੰ ਉਹ ਆਪਣੀ ਕਹਿ ਸਕਦੀਆਂ ਹਨ। ਜਾਇਦਾਦ ਦੀ ਮਲਕੀਅਤ ਔਰਤਾਂ ਨੂੰ ਆਰਥਿਕ ਸੁਰੱਖਿਆ ਦਿੰਦੀ ਹੈ, ਪਰਿਵਾਰ ’ਚ ਉਨ੍ਹਾਂ ਦੀ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਦੀ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੀ ‘ਔਰਤਾਂ ਦਾ ਵਿਕਾਸ’ ਨਹੀਂ, ਸਗੋਂ ‘ਔਰਤਾਂ ਦੀ ਅਗਵਾਈ ਵਾਲੇ ਵਿਕਾਸ’ ਦੀ ਧਾਰਨਾ ਦੀ ਇਕ ਉੱਤਮ ਉਦਾਹਰਣ ਹੈ।
ਸਰਹੱਦੀ ਖੇਤਰਾਂ ਤੋਂ ਲੈ ਕੇ ਆਦਿਵਾਸੀ ਇਲਾਕਿਆਂ ਤੱਕ, ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਇਹ ਯੋਜਨਾ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚੀ ਜਿੱਥੇ ਕਦੇ ਸਰਕਾਰੀ ਯੋਜਨਾਵਾਂ ਦੀ ਪਹੁੰਚ ਸੀਮਤ ਮੰਨੀ ਜਾਂਦੀ ਸੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਸ਼ਾਸਨ-ਪ੍ਰਸ਼ਾਸਨ ਦਾ ਇਕ ਮਹੱਤਵਪੂਰਨ ਸਬਕ ਵੀ ਦਿੱਤਾ ਹੈ-ਵੱਡੇ ਪੱਧਰ ਦੀਆਂ ਕਲਿਆਣਕਾਰੀ ਯੋਜਨਾਵਾਂ ਉਦੋਂ ਹੀ ਸਫ਼ਲ ਹੁੰਦੀਆਂ ਹਨ, ਜਦੋਂ ਉਹ ਜਵਾਬਦੇਹੀ ਅਤੇ ਪਾਰਦਰਸ਼ਤਾ ਨਾਲ ਲਾਗੂ ਕੀਤੀਆਂ ਜਾਣ। 11 ਸਾਲਾਂ ਬਾਅਦ, ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਪਰਿਵਰਤਨਕਾਰੀ ਸ਼ਾਸਨ ਹਮੇਸ਼ਾ ਵੱਡੇ ਸਿਆਸੀ ਨਾਅਰਿਆਂ ਜਾਂ ਸੁਰਖੀਆਂ ਨਾਲ ਨਹੀਂ ਬਣਦਾ।
ਕਦੇ-ਕਦੇ ਇਹ ਉਸ ਮਾਂ ਦੇ ਹੱਥ ’ਚ ਘਰ ਦੀ ਚਾਬੀ ਦੇਣ ਨਾਲ ਬਣਦਾ ਹੈ, ਜਿਸ ਨੇ ਜ਼ਿੰਦਗੀ ਭਰ ਆਪਣੇ ਘਰ ਦਾ ਸੁਪਨਾ ਦੇਖਿਆ ਹੋਵੇ। ਕਦੇ ਇਹ ਉਸ ਬੱਚੇ ਦੀ ਮੁਸਕਾਨ ’ਚ ਦਿਸਦਾ ਹੈ, ਜੋ ਹੁਣ ਪੱਕੀ ਛੱਤ ਦੇ ਹੇਠਾਂ ਪੜ੍ਹ ਸਕਦਾ ਹੈ। ਕਦੇ ਇਹ ਉਸ ਪਰਿਵਾਰ ਦੀ ਰਾਹਤ ’ਚ ਦਿਖਾਈ ਦਿੰਦਾ ਹੈ, ਜਿਸ ਨੂੰ ਹੁਣ ਹਰ ਮਾਨਸੂਨ ’ਚ ਆਪਣੇ ਆਸ਼ਿਆਨੇ ਦੇ ਟੁੱਟਣ ਦੀ ਚਿੰਤਾ ਨਹੀਂ ਸਤਾਉਂਦੀ। ਇਹ ਅਜਿਹੇ ਬਦਲਾਅ ਹਨ, ਜੋ ਭਾਵੇਂ ਟੀ. ਵੀ. ਬਹਿਸਾਂ ਦਾ ਵਿਸ਼ਾ ਨਾ ਬਣਨ ਪਰ ਉਹ ਰਾਸ਼ਟਰ ਦੇ ਸਮਾਜਿਕ ਢਾਂਚੇ ਨੂੰ ਡੂੰਘਾਈ ਨਾਲ ਬਦਲ ਦਿੰਦੇ ਹਨ।
ਕਈ ਮਾਇਨਿਆਂ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੋਦੀ ਸਰਕਾਰ ਦੇ ਸ਼ਾਸਨ ਮਾਡਲ ਦੀ ਪ੍ਰਤੀਨਿਧਤਾ ਕਰਦੀ ਹੈ , ਵੱਡੇ ਪੱਧਰ ’ਤੇ ਡਿਲਿਵਰੀ, ਤਕਨਾਲੋਜੀ-ਸਮਰੱਥ ਕਾਰਜਪ੍ਰਣਾਲੀ, ਔਰਤ-ਕੇਂਦਰਿਤ ਸਸ਼ਕਤੀਕਰਨ ਅਤੇ ਸਮਾਜ ਦੇ ਆਖਰੀ ਵਿਅਕਤੀ ਤੱਕ ਸਨਮਾਨਪੂਰਵਕ ਵਿਕਾਸ ਪਹੁੰਚਾਉਣ ਦਾ ਸੰਕਲਪ। ਵਿਕਸਿਤ ਭਾਰਤ 2047 ਦੀ ਯਾਤਰਾ ’ਚ ਇਹ ਯੋਜਨਾ ਇਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ। ਸਿਰਫ ਆਰਥਿਕ ਵਿਕਾਸ ਕਿਸੇ ਰਾਸ਼ਟਰ ਨੂੰ ਵਿਕਸਿਤ ਨਹੀਂ ਬਣਾਉਂਦਾ। ਵਿਕਾਸ ਉਦੋਂ ਹੀ ਸਾਰਥਕ ਹੁੰਦਾ ਹੈ ਜਦੋਂ ਉਸ ਦਾ ਲਾਭ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਵਾਂਝੇ ਵਿਅਕਤੀ ਤੱਕ ਪਹੁੰਚੇ।
ਪਿਛਲੇ 11 ਸਾਲਾਂ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਇਹੀ ਕਾਰਜ ਕੀਤਾ ਹੈ। ਇਸ ਨੇ ਆਵਾਸ ਨੂੰ ਸਿਰਫ ਇਕ ਕਲਿਆਣਕਾਰੀ ਸਹੂਲਤ ਤੋਂ ਅੱਗੇ ਵਧਾ ਕੇ ਸਮਾਜਿਕ ਗਤੀਸ਼ੀਲਤਾ, ਔਰਤ ਸਸ਼ਕਤੀਕਰਨ, ਪਰਿਵਾਰਕ ਸਥਿਰਤਾ ਅਤੇ ਗਰੀਬੀ ਦੇ ਖ਼ਾਤਮੇ ਦਾ ਮਾਧਿਅਮ ਬਣਾ ਦਿੱਤਾ ਹੈ।
-ਤੁਹਿਨ ਸਿਨਹਾ
(ਰਾਸ਼ਟਰੀ ਬੁਲਾਰਾ, ਭਾਰਤੀ ਜਨਤਾ ਪਾਰਟੀ)
