ਪਾਕਿ ਆਈ.ਐੱਸ.ਆਈ. ਦੀ ਸ਼ਹਿ, ਨਿਸ਼ਾਨੇ ’ਤੇ ਭਾਰਤ ਦੀਆਂ ਰੇਲਗੱਡੀਆਂ

Tuesday, Sep 10, 2024 - 04:20 AM (IST)

ਪਾਕਿ ਆਈ.ਐੱਸ.ਆਈ. ਦੀ ਸ਼ਹਿ, ਨਿਸ਼ਾਨੇ ’ਤੇ ਭਾਰਤ ਦੀਆਂ ਰੇਲਗੱਡੀਆਂ

ਭਾਰਤੀ ਰੇਲ ਸੇਵਾ ਨੂੰ ਪਟੜੀ ਤੋਂ ਉਤਾਰਨ ਦੀਆਂ ਦੇਸ਼ ਵਿਰੋਧੀ ਤੱਤਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਰੇਲਗੱਡੀਆਂ ਪਲਟਾਉਣ ਅਤੇ ਇਨ੍ਹਾਂ ’ਤੇ ਪਥਰਾਅ ਦੀਆਂ ਘਟਨਾਵਾਂ ਹੋਈਆਂ ਹਨ, ਜੋ ਹੇਠਲੀਆਂ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :

* 16-17 ਅਗਸਤ ਨੂੰ ਤੜਕੇ 2.30 ਵਜੇ ਕਾਨਪੁਰ-ਝਾਂਸੀ ਰੂਟ ’ਤੇ ਪਟਨਾ ਤੋਂ ਅਹਿਮਦਾਬਾਦ ਜਾ ਰਹੀ ‘ਸਾਬਰਮਤੀ ਐਕਸਪ੍ਰੈੱਸ’ ਨੂੰ ਗੋਬਿੰਦਪੁਰੀ ਅਤੇ ਭੀਮਸੇਨ ਸਟੇਸ਼ਨਾਂ ਦਰਮਿਆਨ ਪਟੜੀ ’ਤੇ 3 ਫੁੱਟ ਲੰਬਾ ਬੋਲਡਰ ਰੱਖ ਕੇ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਇਸ ਦੇ 22 ਡੱਬੇ ਪਟੜੀ ਤੋਂ ਉਤਰ ਗਏ। ‘ਸਾਬਰਮਤੀ ਐਕਸਪ੍ਰੈੱਸ’ ਦੇ ਵਾਂਗ 8 ਸਾਲ ਪਹਿਲਾਂ ‘ਇੰਦੌਰ-ਪਟਨਾ ਐਕਸਪ੍ਰੈੱਸ’ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ’ਚ 152 ਮੁਸਾਫਰਾਂ ਦੀ ਜਾਨ ਚਲੀ ਗਈ ਸੀ।

* 23 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਦਿੱਲੀ-ਸਹਾਰਨਪੁਰ ਰੇਲਵੇ ਲਾਈਨ ’ਤੇ ਸ਼ਾਮਲੀ ਬਾਈਪਾਸ ਦੇ ਨੇੜੇ 50 ਮੀਟਰ ਦੀ ਦੂਰੀ ’ਚ ਲਗਭਗ 4 ਥਾਵਾਂ ’ਤੇ 30 ‘ਪੈਂਡ੍ਰੋਲ ਕਲਿਪ’ ਨਿਕਲੇ ਮਿਲੇ। ਇਸ ਦੀ ਸੂਚਨਾ ਉਥੇ ਘੁੰਮਣ ਆਏ ਇਕ ਵਿਦਿਆਰਥੀ ਨੇ ਰੇਲਵੇ ਨੂੰ ਦਿੱਤੀ ਜਿਸ ਤੋ ਬਾਅਦ ‘ਪੈਂਡ੍ਰੋਲ ਕਲਿਪ’ ਲਗਾ ਕੇ ਰੇਲਵੇ ਟਰੈਕ ਨੂੰ ਠੀਕ ਕੀਤਾ ਗਿਆ। ਇੰਨੀ ਵੱਡੀ ਗਿਣਤੀ ’ਚ ਪੈਂਡ੍ਰੋਲ ਕਲਿਪ ਪਟੜੀ ਨਾਲੋਂ ਵੱਖਰੇ ਹੋਣ ’ਤੇ ਟਰੇਨ ਹਾਦਸਾਗ੍ਰਸਤ ਹੋ ਸਕਦੀ ਸੀ।

* 23 ਅਗਸਤ ਨੂੰ ਹੀ ਰਾਜਸਥਾਨ ਦੇ ‘ਪਾਲੀ’ ਜ਼ਿਲੇ ’ਚ ਜੋਧਪੁਰ ਤੋਂ ਗੁਜਰਾਤ ਦੇ ਸਾਬਰਮਤੀ ਦੇ ਦਰਮਿਆਨ ਚੱਲਣ ਵਾਲੀ ‘ਵੰਦੇ ਭਾਰਤ’ ਐੱਕਸਪ੍ਰੈੱਸ ਨੂੰ ‘ਜਵਾਈ ਬੰਨ੍ਹ’ ਅਤੇ ‘ਬਿਰੋਲਿਆ’ ਦਰਮਿਆਨ ਰੇਲ ਪਟੜੀ ’ਤੇ ਸੀਮੈਂਟ ਅਤੇ ਕੰਕ੍ਰੀਟ ਦਾ ਬਲਾਕ ਰੱਖ ਕੇ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ।

* 24 ਅਗਸਤ ਨੂੰ ਫਿਰ ਇਸੇ ਸਥਾਨ ’ਤੇ ਸੀਮੈਂਟ ਅਤੇ ਕੰਕ੍ਰੀਟ ਦੇ ਬਣੇ ਦੋ ਬਲਾਕ ਰੱਖੇ ਮਿਲੇ ਪਰ ਸਮਾਂ ਰਹਿੰਦਿਆਂ ਰੇਲ ਮੁਲਾਜ਼ਮਾਂ ਨੂੰ ਸੂਚਨਾ ਮਿਲ ਜਾਣ ਦੇ ਕਾਰਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ।

* 24-25 ਅਗਸਤ ਦੀ ਰਾਤ ਨੂੰ ਫਰੂਖਾਬਾਦ ’ਚ ਕੁਝ ਗੈਰ-ਸਮਾਜੀ ਤੱਤਾਂ ਨੇ ‘ਕਾਸਗੰਜ–ਫਰੂਖਾਬਾਦ ਐਕਸਪ੍ਰੈੱਸ’ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਦੇ ਅਧੀਨ ਰੇਲਵੇ ਟਰੈਕ ’ਤੇ ਲੱਕੜੀ ਦਾ ਟੁੱਕੜਾ ਰੱਖ ਦਿੱਤਾ ਜੋ ਇੰਜਣ ’ਚ ਫਸ ਗਿਆ।

* 30 ਅਗਸਤ ਨੂੰ ਰਾਜਸਥਾਨ ਦੇ ‘ਬਾਰਾਂ’ ਜ਼ਿਲੇ ’ਚ ‘ਛਬੜਾ’ ਰੇਲ ਲਾਈਨ ’ਤੇ ਮੋਟਰਸਾਈਕਲ ਦੇ ਸਕ੍ਰੈਪ ਨਾਲ ਮੱਧ ਪ੍ਰਦੇਸ਼ ਦੇ ਗੁਨਾ ਤੋਂ ਕੋਟਾ ਜਾ ਰਹੀ ਮਾਲਗੱਡੀ ਦਾ ਇੰਜਣ ਟਕਰਾ ਗਿਆ ਪਰ ਚਾਲਕ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਗੱਡੀ ਨੂੰ ਪਟੜੀ ਤੋਂ ਉਤਰਨ ਤੋਂ ਬਚਾ ਲਿਆ।

* 5 ਸਤੰਬਰ ਨੂੰ ਦੇਰ ਰਾਤ ਫਿਰਜ਼ੋਪੁਰ ਤੋਂ ਚੰਡੀਗੜ੍ਹ ਜਾਣ ਵਾਲੀ ‘ਸਤਲੁਜ ਐਕਸਪ੍ਰੈੱਸ’ ’ਤੇ ‘ਬੱਦੋਵਾਲ’ ਸਟੇਸ਼ਨ ਦੇ ਨੇੜੇ ਸ਼ਰਾਰਤੀ ਤੱਤਾਂ ਨੇ ਪਥਰਾਅ ਕੀਤਾ ਜਿਸ ਨਾਲ 4 ਸਾਲਾ ਬੱਚੇ ਸਮੇਤ 3 ਯਾਤਰੀ ਜ਼ਖਮੀ ਹੋ ਗਏ।

* 8 ਸਤੰਬਰ ਨੂੰ ਕਾਨਪੁਰ ’ਚ ਰਾਤ ਲਗਭਗ ਸਾਢੇ 8 ਵਜੇ ‘ਅਨਵਰਗੰਜ-ਕਾਸਗੰਜ’ ਰੇਲਵੇ ਲਾਈਨ ’ਤੇ ‘ਬਰਾਜਪੁਰ’ ਅਤੇ ‘ਬਿਲਹੌਰ’ ਦਰਮਿਆਨ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ‘ਕਾਲਿੰਦੀ ਐਕਸਪ੍ਰੈੱਸ’ ਦੇ ਚਾਲਕ ਵਲੋਂ ਰੇਲਵੇ ਟ੍ਰੈਕ ’ਤੇ ਭਰੇ ਹੋਏ ਐੱਲ.ਪੀ.ਜੀ. ਸਿਲੰਡਰ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾਉਣ ਨਾਲ ਇਕ ਵੱਡਾ ਹਾਦਸਾ ਟਲ ਗਿਆ। ਪੁਲਸ ਦੇ ਅਨੁਸਾਰ ਚੰਗਾ ਇਹ ਹੋਇਆ ਕਿ ਸਿਲੰਡਰ ਇੰਜਣ ’ਚ ਫਸ ਕੇ ਫਟਿਆ ਨਹੀਂ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਜਾਂਚ ਕਰਨ ’ਤੇ ਝਾੜੀਆਂ ’ਚ ਪੁਲਸ ਨੂੰ ਇਕ ਸਿਲੰਡਰ, ਮਠਿਆਈ ਦੇ ਡੱਬੇ ’ਚ ਪੈਟ੍ਰੋਲ ਦੀ ਬੋਤਲ, ਮਾਚਿਸ ਅਤੇ ਬਾਰੂਦ ਵਰਗੀਆਂ ਕਈ ਖਤਰਨਾਕ ਵਸਤੂਆਂ ਮਿਲੀਆਂ।

‘ਬਿਲਹੌਰ’ ਦੇ ‘ਮਕਨਪੁਰ’ ਵਿਚ ਹਜ਼ਰਤ ਬਦੀਉਦੀਨ ਜਿੰਦਾਸ਼ਾਹ ਦੀ ਮਜ਼ਾਰ ਹੈ ਜਿਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ‘ਜਮਾਤੀਆਂ’ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਲਈ ਪੁਲਸ ਵਲੋਂ ਜਾਂਚ ਦੇ ਘੇਰੇ ’ਚ ‘ਜਮਾਤੀਆਂ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ 12 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

* 9 ਸਤੰਬਰ ਨੂੰ ਹੀ ਉੱਤਰ ਪ੍ਰਦੇਸ਼ ’ਚ ‘ਚੌਕਾਘਾਟ ਡੇਲਵਾਲੀਆ’ ਦੇ ਨੇੜੇ ਲਖਨਊ-ਪਟਨਾ ‘ਵੰਦੇ ਭਾਰਤ’ ਐਕਸਪ੍ਰੈੱਸ ’ਤੇ ਪੱਥਰ ਮਾਰਨ ਦੀ ਘਟਨਾ ਸਾਹਮਣੇ ਆਈ ਜਿਸ ਨਾਲ ‘ਵੰਦੇ ਭਾਰਤ’ ਦੇ ਸੀ-5 ਕੋਚ ਦੇ ਸ਼ੀਸ਼ੇ ਟੁੱਟ ਗਏ।

ਹਾਲ ਹੀ ’ਚ ਪਾਕਿਸਤਾਨ ’ਚ ਮੌਜੂਦ ਅੱਤਵਾਦੀ ‘ਫਸਤੁਲਾ ਗੌਰੀ’ ਨੇ ਇਕ ਆਡੀਓ ਜਾਰੀ ਕਰ ਕੇ ਭਾਰਤ ’ਚ ਮੌਜੂਦ ਸਲੀਪਰ ਸੈੱਲ ਨੂੰ ਰੇਲਗੱਡੀਆਂ ਪਲਟਾਉਣ ਦਾ ਹੁਕਮ ਦਿੱਤਾ ਸੀ ਅਤੇ ਹਾਲ ਹੀ ਦੇ ਰੇਲ ਹਾਦਸਿਆਂ ਦੀ ਵੀ ਇਸੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੀ ਸਾਜ਼ਿਸ਼ ਦਾ ਸ਼ੱਕ ਵੀ ਡੂੰਘਾ ਹੋ ਰਿਹਾ ਹੈ।

ਪਿਛਲੇ ਕੁਝ ਸਮੇਂ ਦੌਰਾਨ ਸਾਹਮਣੇ ਆਈਆਂ ਰੇਲਗੱਡੀਆਂ ਪਲਟਾਉਣ ਅਤੇ ਉਨ੍ਹਾਂ ’ਤੇ ਪਥਰਾਅ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ਧ੍ਰੋਹੀ ਤੱਤਾਂ ਦੇ ਇਰਾਦੇ ਕਿਸ ਕਦਰ ਖਤਰਨਾਕ ਹਨ ਅਤੇ ਜੇਕਰ ਉਹ ਆਪਣੀ ਸਾਜ਼ਿਸ਼ ’ਚ ਸਫਲ ਹੋ ਜਾਣ ਤਾਂ ਕਿੰਨਾ ਵੱਡਾ ਅਨਰਥ ਹੋ ਸਕਦਾ ਹੈ। ਇਸ ਲਈ ਦੁਸ਼ਮਣਾਂ ਦੀਆਂ ਚਾਲਾਂ ਅਸਫਲ ਕਰਨ ਲਈ ਰੇਲ ਪੱਟੜੀਆਂ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਅਤੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਚੌਕਸੀ ਵਧਾਉਣ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News