ਬੇਭਰੋਸਗੀ ਮਤਿਆਂ ਦੀ ਕਹਾਣੀ
Saturday, Feb 14, 2026 - 05:16 PM (IST)
ਵਿਰੋਧੀ ਧਿਰ ਦੇ 128 ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਲਿਆਉਣ ਲਈ ਇਕ ਨੋਟਿਸ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਸੌਂਪ ਦਿੱਤਾ ਹੈ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਦੱਸਿਆ ਕਿ ਉਨ੍ਹਾਂ ਨੇ ਨਿਯਮ 94 ਸੀ ਤਹਿਤ ਲੋਕ ਸਭਾ ਦੇ ਸਪੀਕਰ ਵਿਰੁੱਧ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਹੈ।
ਹੁਣ ਤੱਕ ਲੋਕ ਸਭਾ ’ਚ 27 ਵਾਰ ਬੇਭਰੋਸਗੀ ਮਤੇ ਰੱਖੇ ਜਾ ਚੁੱਕੇ ਹਨ। ਲੋਕ ਸਭਾ ’ਚ ਸਭ ਤੋਂ ਪਹਿਲਾ ਬੇਭਰੋਸਗੀ ਮਤਾ ਅਗਸਤ 1963 ’ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ ਦੇ ਵਿਰੁੱਧ ਜੇ. ਬੀ. ਕ੍ਰਿਪਲਾਨੀ ਨੇ ਪੇਸ਼ ਕੀਤਾ ਸੀ ਪਰ ਵਿਰੋਧੀ ਧਿਰ ਸਰਕਾਰ ਡੇਗਣ ’ਚ ਅਸਫਲ ਹੋ ਗਈ ਸੀ ਕਿਉਂਕਿ ਇਸ ਮਤੇ ਦੇ ਪੱਖ ’ਚ ਸਿਰਫ 62 ਵੋਟਾਂ ਅਤੇ ਵਿਰੋਧ ’ਚ 347 ਵੋਟਾਂ ਪਈਆਂ ਸਨ।
ਪਰ 1978 ’ਚ ਲਿਆਂਦੇ ਗਏ ਬੇਭਰੋਸਗੀ ਮਤੇ ਨੇ ਮੋਰਾਰਜੀ ਦੇਸਾਈ ਦੀ ਸਰਕਾਰ ਨੂੰ ਡੇਗ ਦਿੱਤਾ ਸੀ। ਹੁਣ ਤੱਕ ਸਭ ਤੋਂ ਵੱਧ 4 ਵਾਰ ਬੇਭਰੋਸਗੀ ਮਤਾ ਪੇਸ਼ ਕਰਨ ਦਾ ਰਿਕਾਰਡ ਮਾਕਪਾ ਸੰਸਦ ਮੈਂਬਰ ਜਯੋਤਿਰਮਯ ਬਸੁ ਦੇ ਨਾਂ ਹੈ। ਉਨ੍ਹਾਂ ਨੇ ਆਪਣੇ ਚਾਰੇ ਮਤੇ ਇੰਦਰਾ ਗਾਂਧੀ ਸਰਕਾਰ ਦੇ ਵਿਰੁੱਧ ਰੱਖੇ ਸਨ। ਸਭ ਤੋਂ ਵੱਧ ਬੇਭਰੋਸਗੀ ਮਤਿਆਂ ਦਾ ਸਾਹਮਣਾ ਕਰਨ ਵਾਲੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਰਹੀ। ਇੰਦਰਾ ਗਾਂਧੀ ਸਰਕਾਰ ਵਿਰੁੱਧ 15 ਬੇਭਰੋਸਗੀ ਮਤੇ ਪੇਸ਼ ਕੀਤੇ ਗਏ ਸਨ। ਇਸ ਦੇ ਇਲਾਵਾ ਪੀ. ਵੀ. ਨਰਸਿਮ੍ਹਾ ਰਾਓ ਅਤੇ ਲਾਲ ਬਹਾਦੁਰ ਸ਼ਾਸਤਰੀ ਦੀਆਂ ਸਰਕਾਰਾਂ ਨੇ 3-3 ਵਾਰ ਬੇਭਰੋਸਗੀ ਮਤਿਆਂ ਦਾ ਸਾਹਮਣਾ ਕੀਤਾ ਸੀ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਕ ਵਾਰ ਇੰਦਰਾ ਗਾਂਧੀ ਦੀ ਸਰਕਾਰ ਅਤੇ ਦੂਜੀ ਵਾਰ ਪੀ. ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਸੰਜੋਗ ਦੀ ਗੱਲ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਰੁੱਧ ਵੀ 1996 ਅਤੇ 1998 ’ਚ ਦੋ ਵਾਰ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ ਅਤੇ ਉਹ ਦੋਵੇਂ ਵਾਰ ਹਾਰ ਗਏ ਸਨ। ਸੰਨ 2018 ’ਚ ਨਰਿੰਦਰ ਮੋਦੀ ਦੀ ਸਰਕਾਰ ਵਿਰੁੱਧ ਵੀ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ, ਪਰ ਇਹ ਮਤਾ ਡਿੱਗ ਗਿਆ ਸੀ।
ਲੋਕ ਸਭਾ ਦੇ ਸਪੀਕਰ ਓਮ ਬਿਰਲਾ ’ਤੇ ਦੋਸ਼ ਹੈ ਕਿ ਉਹ ਵਿਰੋਧੀ ਧਿਰ ਨਾਲ ਵਿਤਕਰਾ ਕਰਦੇ ਹਨ ਅਤੇ ਸੰਸਦ ਮੈਂਬਰਾਂ ਨੂੰ ਬੋਲਣ ਦਾ ਮੌਕਾ ਘੱਟ ਦਿੰਦੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਲੋਕ ਸਭਾ ਦੇ ਸਪੀਕਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਜਾ ਰਿਹਾ ਹੋਵੇ। ਸੰਸਦ ਦੇ ਇਤਿਹਾਸ ’ਚ ਕਈ ਵਾਰ ਅਜਿਹਾ ਹੋ ਚੁੱਕਾ ਹੈ।
ਬੇਭਰੋਸਗੀ ਮਤਾ ਭਾਰਤੀ ਸੰਸਦੀ ਰਵਾਇਤ ਦਾ ਹੀ ਇਕ ਹਿੱਸਾ ਹੈ। ਜਦੋਂ ਵੀ ਵਿਰੋਧੀ ਧਿਰ ਨੂੰ ਸਰਕਾਰ ਜਾਂ ਫਿਰ ਲੋਕ ਸਭਾ ਸਪੀਕਰ ’ਤੇ ਭਰੋਸਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਨੂੰ ਹਟਾਉਣ ਲਈ ਬੇਭਰੋਸਗੀ ਮਤਾ ਲਿਆਂਦਾ ਜਾਂਦਾ ਹੈ। ਇਸ ਨੂੰ ‘ਮੋਸ਼ਨ ਆਫ ਰਿਮੂਵਲ’ ਕਿਹਾ ਜਾਂਦਾ ਹੈ। ਇਸ ਦੇ ਤਹਿਤ ਲੋਕ ਸਭਾ ਦੇ ਸਪੀਕਰ ਨੂੰ ਹਟਾਇਆ ਜਾ ਸਕਦਾ ਹੈ। ਵੋਟਿੰਗ ’ਚ ਬਹੁਮਤ ਮਿਲਣ ’ਤੇ ਸਪੀਕਰ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਭਾਰਤੀ ਸੰਸਦ ਦੇ ਇਤਿਹਾਸ ’ਚ ਪਹਿਲੀ ਵਾਰ ਸੰਨ 1954 ’ਚ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਲੋਕ ਸਭਾ ਦੇ ਪਹਿਲੇ ਸਪੀਕਰ ਜੀ. ਵੀ. ਮਾਵਲੰਕਰ ਵਿਰੁੱਧ ਇਹ ਮਤਾ ਲਿਆਂਦਾ ਗਿਆ ਸੀ।
ਸੋਸ਼ਲਿਸਟ ਪਾਰਟੀ ਦੇ ਨੇਤਾ ਵਿਘਨੇਸ਼ਵਰ ਮਿਸਿਰ ਇਹ ਮਤਾ ਲਿਆਏ ਸਨ। ਇਸ ਮਤੇ ’ਤੇ ਲਗਭਗ 2 ਘੰਟਿਆਂ ਤੱਕ ਚਰਚਾ ਹੋਈ ਸੀ, ਹਾਲਾਂਕਿ ਬਾਅਦ ’ਚ ਉਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਇਸ ਮਤੇ ਨੂੰ ਜਵਾਹਰ ਲਾਲ ਨਹਿਰੂ ਨੇ ਸਦਨ ਦੀ ਸ਼ਾਨ ਦਾ ਸਵਾਲ ਦੱਸਿਆ ਸੀ।
ਸੰਨ 1954 ਦੇ ਬਾਅਦ ਲੋਕ ਸਭਾ ਦੇ ਸਪੀਕਰ ਵਿਰੁੱਧ ਦੂਜਾ ਮਤਾ 1966 ’ਚ ਹੁਕਮ ਸਿੰਘ ਵਿਰੁੱਧ ਲਿਆਂਦਾ ਗਿਆ। ਉਧਰ ਤੀਜੀ ਵਾਰ 1987 ’ਚ ਉਸ ਸਮੇਂ ਦੇ ਲੋਕ ਸਭਾ ਸਪੀਕਰ ਬਲਰਾਮ ਜਾਖੜ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਪਿਛਲੇ ਸਾਰਿਆਂ ਮਤਿਆਂ ਵਾਂਗ ਇਹ ਮਤਾ ਵੀ ਖਾਰਿਜ ਹੋ ਗਿਆ ਸੀ।
ਹੁਣ ਦੇਖਣਾ ਇਹ ਹੈ ਕਿ ਓਮ ਬਿਰਲਾ ਵਿਰੁੱਧ ਬੇਭਰੋਸਗੀ ਮਤਾ ਕਿੰਨਾ ਚੱਲ ਪਾਉਂਦਾ ਹੈ, ਇਸ ਨਾਲ ਲੋਕ ਸਭਾ ਸਪੀਕਰ ਦੀ ਕੁਰਸੀ ਜਾਂਦੀ ਹੈ ਜਾਂ ਫਿਰ ਇਹ ਮਤਾ ਧੜੰਮ ਡਿੱਗਦਾ ਹੈ। ਫਿਲਹਾਲ ਤਾਂ ਗਿਣਤੀ ਬਲ ਦੇਖਦੇ ਹੋਏ ਅਜਿਹਾ ਨਹੀਂ ਜਾਪਦਾ ਕਿ ਓਮ ਬਿਰਲਾ ਦੀ ਕੁਰਸੀ ਜਾਵੇਗੀ, ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ।
–ਡਾ. ਰਮੇਸ਼ ਸੈਣੀ
