ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
Monday, Mar 30, 2026 - 04:42 PM (IST)
ਜਿਹੜੇ ਲੋਕ ਐਕਸ (ਟਵਿੱਟਰ) ’ਤੇ ਗੰਭੀਰ ਵਿਸ਼ਿਆਂ ਨੂੰ ਲੱਭਦੇ ਰਹਿੰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਬਾਜ਼ਾਰੂ ਸ਼ਕਤੀਆਂ ਸਾਡੇ ਰੋਜ਼ਾਨਾ ਜੀਵਨ ’ਤੇ ਸ਼ਿਕੰਜਾ ਕੱਸਦੀਆਂ ਜਾ ਰਹੀਆਂ ਹਨ। ਸਾਡੀਆਂ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਫਲ ਅਤੇ ਦੁੱਧ ਹੀ ਨਹੀਂ, ਸਾਡੀਆਂ ਦਵਾਈਆਂ ਅਤੇ ਵੈਕਸੀਨ ਤੱਕ ਸਭ ’ਤੇ ਇਨ੍ਹਾਂ ਤਾਕਤਾਂ ਦਾ ਕਬਜ਼ਾ ਹੈ।
ਇਨ੍ਹਾਂ ਦਾ ਉਦੇਸ਼ ਨਾ ਤਾਂ ਸਾਨੂੰ ਸਿਹਤਮੰਦ ਰੱਖਣਾ ਹੈ ਅਤੇ ਨਾ ਹੀ ਸੁਖੀ। ਅਰਬਾਂ-ਖਰਬਾਂ ਰੁਪਏ ਦਾ ਮੁਨਾਫਾ ਕਮਾਉਣਾ ਹੀ ਇਨ੍ਹਾਂ ਦਾ ਉਦੇਸ਼ ਹੁੰਦਾ ਹੈ। ਇਨ੍ਹਾਂ ਲਈ ਅਸੀਂ ਸਭ ਪ੍ਰਯੋਗਸ਼ਾਲਾ ਦੇ ਜਾਨਵਰ ਹਾਂ, ਜਿਨ੍ਹਾਂ ’ਤੇ ਇਹ ਲਗਾਤਾਰ ਖ਼ਤਰਨਾਕ ਪ੍ਰੀਖਣ ਕਰਦੇ ਰਹਿੰਦੇ ਹਨ।
ਅੰਤਰਰਾਸ਼ਟਰੀ ਰਾਜਨੀਤੀ ਦਾ ਤਾਣਾ-ਬਾਣਾ ਇਸ ਤਰ੍ਹਾਂ ਬੁਣਿਆ ਜਾਂਦਾ ਹੈ ਕਿ ਦੁਨੀਆ ਦੇ ਤਮਾਮ ਦੇਸ਼ਾਂ ਦੀ ਅਗਵਾਈ ਇਨ੍ਹਾਂ ਤਾਕਤਾਂ ਦੇ ਚੁੰਗਲ ’ਚ ਫਸੀ ਰਹੇ ਅਤੇ ਆਪਣੇ ਲੋਕਾਂ ਦੇ ਹਿੱਤਾਂ ਦਾ ਬਲੀਦਾਨ ਕਰ ਕੇ ਵੀ ਇਨ੍ਹਾਂ ਦੇ ਮੁਨਾਫੇ ਵਧਾਉਣ ’ਚ ਮਦਦ ਕਰੇ। ਇਨ੍ਹਾਂ ਤਾਕਤਾਂ ਦਾ ਮੁੱਖ ਕੇਂਦਰ ਅਮਰੀਕਾ ਹੈ। ਇਹ ਜਗ-ਜ਼ਾਹਿਰ ਹੈ ਕਿ ਅਮਰੀਕਾ ਦੀ ਹਥਿਆਰਾਂ ਬਾਰੇ ਉਦਯੋਗਿਕ ਲਾਬੀ ਅਮਰੀਕੀ ਸ਼ਾਸਕਾਂ ਨੂੰ ਮੋਹਰਾ ਬਣਾ ਕੇ ਦੁਨੀਆ ਭਰ ’ਚ ਜੰਗ ਕਰਵਾਉਂਦੀ ਰਹਿੰਦੀ ਹੈ, ਜਿਸ ਨਾਲ ਉਸ ਦਾ ਮਾਲ ਵਿਕਦਾ ਰਹੇ।
ਇਨ੍ਹਾਂ ਤਾਕਤਾਂ ਅੱਗੇ ਅਮਰੀਕਾ ਦਾ ਸੱਭਿਅਕ ਸਮਾਜ ਵੀ ਲਾਚਾਰ ਹੈ। ‘ਐਪਸਟੀਨ ਫਾਈਲਜ਼’ ’ਚ ਜਿਸ ਜ਼ੁਲਮ ਤੇ ਪਸ਼ੂ ਪ੍ਰਵਿਰਤੀਆਂ ਦਾ ਖੁਲਾਸਾ ਹੋਇਆ ਹੈ, ਉਸ ਤੋਂ ਬਾਅਦ ਅਮਰੀਕਾ ਦੇ ਤਮਾਮ ਮਸ਼ਹੂਰ ਵੱਡੇ ਲੋਕ ਜੇਲਾਂ ਦੀਆਂ ਸੀਖਾਂ ਦੇ ਪਿੱਛੇ ਹੋਣੇ ਚਾਹੀਦੇ ਸਨ, ਪਰ ਉੱਥੇ ਅਜਿਹਾ ਨਹੀਂ ਹੋ ਰਿਹਾ। ਗੋਸਵਾਮੀ ਤੁਲਸੀਦਾਸ ਜੀ ਲਿਖ ਗਏ ਹਨ ਕਿ ‘ਸਮਰਥ ਕੋ ਨਹੀਂ ਦੋਸ਼ ਗੁਸਾਈਂ’।
ਜਿਸ ਤਰ੍ਹਾਂ ਦੇ ਸੰਕਟ ਅਤੇ ਮਹਾਮਾਰੀਆਂ ਹੁਣ ਲਗਾਤਾਰ ਸਾਡੇ ਜਨ-ਜੀਵਨ ’ਤੇ ਵਾਰ-ਵਾਰ ਹਮਲਾ ਕਰਨ ਲੱਗੀਆਂ ਹਨ, ਉਸ ਤੋਂ ਇਹ ਸਪੱਸ਼ਟ ਹੈ ਕਿ ਸਾਡਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹਨੇਰੇ ਭਰਿਆ ਹੈ। ਰਾਸ਼ਟਰ ਦਾ ‘ਸਕਲ ਘਰੇਲੂ ਉਤਪਾਦ’ ਜਾਂ ਆਰਥਿਕ ਵਿਕਾਸ ਦੀ ਦਰ ਉਸ ਰਾਸ਼ਟਰ ਦੇ ਲੋਕਾਂ ਦੇ ਸੁਖੀ ਅਤੇ ਸਿਹਤਮੰਦ ਹੋਣ ਦਾ ਪੈਮਾਨਾ ਨਹੀਂ ਹੁੰਦੀ। ਇਹ ਅੰਕੜੇ ਉਨ੍ਹਾਂ ਗਿਣਤੀ ਭਰ ਲੋਕਾਂ ਨੂੰ ਖੁਸ਼ ਕਰਦੇ ਹਨ ਜੋ ਦੇਸ਼ ਦੇ ਤਿੰਨ-ਚੌਥਾਈ ਸਾਧਨਾਂ ’ਤੇ ਕਬਜ਼ਾ ਕੀਤੇ ਬੈਠੇ ਹਨ। ਜੇਕਰ ਲੋਕਾਂ ਦੀ ਖੁਸ਼ਹਾਲੀ ਦੇਖਣੀ ਹੈ ਤਾਂ ਸਾਨੂੰ ਗੁਆਂਢੀ ਦੇਸ਼ ਭੂਟਾਨ ਵੱਲ ਰੁਖ਼ ਕਰਨਾ ਪਵੇਗਾ, ਜੋ ਆਪਣੀ ਤਰੱਕੀ ਨੂੰ ‘ਸਕਲ ਘਰੇਲੂ ਉਤਪਾਦ’ ਦੇ ਪੈਮਾਨੇ ’ਤੇ ਨਹੀਂ ਸਗੋਂ ‘ਸਕਲ ਘਰੇਲੂ ਉੱਲਾਸ’ (ਹੈਪੀਨੈੱਸ ਇੰਡੈਕਸ) ਦੇ ਪੈਮਾਨੇ ’ਤੇ ਨਾਪਦਾ ਹੈ।
ਖਾੜੀ ਦੇ ਦੇਸ਼ਾਂ ’ਚ ਚੱਲ ਰਹੀ ਭਿਆਨਕ ਜੰਗ, ਉਸ ਕਾਰਨ ਲਗਾਤਾਰ ਵਧਦਾ ਊਰਜਾ ਸੰਕਟ ਅਤੇ ਹਵਾ ’ਚ ਘੁਲਦਾ ਜ਼ਹਿਰ ਪੂਰੀ ਦੁਨੀਆ ਲਈ ਹਰ ਦਿਨ ਚਿੰਤਾ ਵਧਾ ਰਿਹਾ ਹੈ। ਇਸ ਦਾ ਬੁਰਾ ਅਸਰ ਆਰਥਿਕਤਾ ਅਤੇ ਰੋਜ਼ਗਾਰ ’ਤੇ ਵੀ ਪੈ ਰਿਹਾ ਹੈ। ਸਮੱਸਿਆ ਭਿਆਨਕ ਹੁੰਦੀ ਜਾ ਰਹੀ ਹੈ। ਹਰ ਘਰ ’ਚ ਅਨਿਸ਼ਚਿਤਤਾ ਅਤੇ ਨਿਰਾਸ਼ਾ ਵਧਣ ਲੱਗੀ ਹੈ। ਰਸੋਈ ਗੈਸ ’ਤੇ ਨਿਰਭਰਤਾ ਹਟਾ ਕੇ ਗੋਹੇ ਦੀਆਂ ਪਾਥੀਆਂ ਅਤੇ ਲੱਕੜ ’ਤੇ ਪਰਤਣਾ ਪੈ ਸਕਦਾ ਹੈ। ਕਿਉਂ ਨਾ ਇਸ ਦਿਸ਼ਾ ’ਚ ਇਕ ਨਵੀਂ ਪਹਿਲ ਕੀਤੀ ਜਾਵੇ।
ਸਨਾਤਨ ਹਿੰਦੂ ਸੰਸਕ੍ਰਿਤੀ ’ਚ ਗਊ ਨੂੰ ਮਾਂ ਮੰਨਿਆ ਜਾਂਦਾ ਹੈ। ਧਰਮ ਸ਼ਾਸਤਰ ਕਹਿੰਦੇ ਹਨ ਕਿ ਗਊ ’ਚ 33 ਕਰੋੜ ਦੇਵਤਿਆਂ ਦਾ ਵਾਸ ਹੁੰਦਾ ਹੈ। ਗਊ ਦਾ ਦੁੱਧ, ਉਸ ਤੋਂ ਬਣਿਆ ਦਹੀਂ, ਲੱਸੀ, ਪਨੀਰ ਅਤੇ ਘਿਓ ਸਿਹਤ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਦੇਸੀ ਗਊ ਦੇ ਗੋਹੇ ਅਤੇ ਮੂਤਰ ਦੇ ਗੁਣ ਵਿਗਿਆਨਕ ਪ੍ਰੀਖਣਾਂ ਤੋਂ ਸਿੱਧ ਹੋ ਚੁੱਕੇ ਹਨ।
ਸਦੀਆਂ ਤੋਂ ਹਰ ਸਨਾਤਨੀ ਦੇ ਘਰ ਗਊ ਪਾਲਣ ਦੀ ਪ੍ਰਥਾ ਸੀ, ਪਰ ਸ਼ਹਿਰੀਕਰਨ ਅਤੇ ਆਧੁਨਿਕ ਜੀਵਨਸ਼ੈਲੀ ਨੇ ਇਸ ਪਰੰਪਰਾ ਨੂੰ ਬਹੁਤ ਤੇਜ਼ੀ ਨਾਲ ਨਸ਼ਟ ਕੀਤਾ ਹੈ। ਗਊਵੰਸ਼ ਅਤੇ ਖੇਤੀ ਅਾਧਾਰਿਤ ਜੀਵਨ ਆਮ ਭਾਰਤੀ ਨੂੰ ਸਿਹਤਮੰਦ ਅਤੇ ਸੁਖੀ ਰੱਖਣ ਲਈ ਸਰਵੋਤਮ ਸਿੱਧ ਹੋਇਆ ਹੈ। ਪਿਛਲੇ 79 ਸਾਲਾਂ ’ਚ ਸਾਡੀਆਂ ਸਰਕਾਰਾਂ ਨੇ ਜੇਕਰ ਇਸ ਅਨੁਭਵ ਦਾ ਲਾਭ ਉਠਾਇਆ ਹੁੰਦਾ ਅਤੇ ਆਰਥਿਕ ਵਿਕਾਸ ਦੇ ਮਾਡਲ ਨੂੰ ਇਸ ਤਰ੍ਹਾਂ ਦਿਸ਼ਾ ਦਿੱਤੀ ਹੁੰਦੀ ਕਿ ਪਿੰਡ ਦਾ ਜੀਵਨ ਆਤਮ-ਨਿਰਭਰ ਬਣਦਾ, ਤਾਂ ਸ਼ਹਿਰੀਕਰਨ ਅਤੇ ਉਸ ਤੋਂ ਪੈਦਾ ਹੋਈਆਂ ਹਜ਼ਾਰਾਂ ਚੁਣੌਤੀਆਂ ਅੱਜ ਸਾਡੇ ਸਾਹਮਣੇ ਮੂੰਹ ਅੱਡੀ ਨਾ ਖੜ੍ਹੀਆਂ ਹੁੰਦੀਆਂ।
ਮੈਨੂੰ ਲੱਗਦਾ ਹੈ ਕਿ ਜੇਕਰ ਗਊ ਰੱਖਿਆ ਦੇ ਮਾਮਲੇ ’ਚ ਇਕ ਨਵੀਂ ਅਤੇ ਸਾਂਝੀ ਸੋਚ ਨੂੰ ਕੇਂਦਰ ’ਚ ਰੱਖਦੇ ਹੋਏ ਵਿਕਾਸ ਦਾ ਮਾਡਲ ਤਿਆਰ ਕੀਤਾ ਜਾਵੇ ਤਾਂ ਗਊਵੰਸ਼ ਅਤੇ ਭੂਮੀਹੀਣ ਪਰਿਵਾਰਾਂ ਦਾ ਬਹੁਤ ਭਲਾ ਹੋ ਸਕਦਾ ਹੈ। ਇਹ ਸਿਰਫ਼ ਕਲਪਨਾ ਨਹੀਂ ਹੈ। ਇਸ ਦਿਸ਼ਾ ’ਚ ਅਸੀਂ ਇਕ ਛੋਟਾ ਜਿਹਾ ਪ੍ਰਯੋਗ 20 ਸਾਲ ਪਹਿਲਾਂ ਮਥੁਰਾ ’ਚ ਕਰ ਕੇ ਦੇਖਿਆ ਸੀ, ਜਿਸ ਦੇ ਹਾਂਪੱਖੀ ਨਤੀਜੇ ਆਏ। ਅਸੀਂ ਇਸ ਨੂੰ ਅੱਗੇ ਇਸ ਲਈ ਨਹੀਂ ਚਲਾ ਸਕੇ ਕਿਉਂਕਿ ਸਾਡੀ ਤਰਜੀਹ ਬ੍ਰਜ ਦੇ ਕ੍ਰਿਸ਼ਨ ਕਾਲੀਨ ਸਰੋਵਰਾਂ ਅਤੇ ਜੰਗਲਾਂ ਨੂੰ ਬਚਾਉਣ ਦੀ ਸੀ।
ਹਰ ਪਿੰਡ ’ਚ ਕਈ ਭੂਮੀਹੀਣ ਪਰਿਵਾਰ ਹੁੰਦੇ ਹਨ, ਜਿਨ੍ਹਾਂ ਨੂੰ ‘ਮਨਰੇਗਾ’ ਵਰਗੀਆਂ ਯੋਜਨਾਵਾਂ ਚਲਾ ਕੇ ਸਰਕਾਰ ਸਾਲ ਦੇ ਕੁਝ ਦਿਨ ਰੋਜ਼ਗਾਰ ਦਿੰਦੀ ਹੈ। ਹਰ ਜ਼ਿਲੇ ’ਚ ਅਤੇ ਉਸ ਦੇ ਪਿੰਡਾਂ ’ਚ ਅਜਿਹੇ ਤਮਾਮ ਪੜ੍ਹੇ-ਲਿਖੇ ਸਮਰੱਥ ਨੌਜਵਾਨ ਹਨ ਜੋ ਸਮਾਜਿਕ ਕਾਰਜਾਂ ’ਚ ਰੁਚੀ ਲੈਂਦੇ ਹਨ। ਹੋਣਾ ਇਹ ਚਾਹੀਦਾ ਹੈ ਕਿ ਪਿੰਡ ਦੇ ਭੂਮੀਹੀਣ ਪਰਿਵਾਰਾਂ ਦੀ ਕਮੇਟੀ ਬਣਾ ਕੇ ਉਨ੍ਹਾਂ ਨੂੰ ਚਰਾਗਾਹਾਂ ਦੀ ਜ਼ਮੀਨ ’ਤੇ ਚਾਰਾ ਉਗਾਉਣ ਦੇ ਕੰਮ ’ਚ ਲਗਾਇਆ ਜਾਵੇ।
ਅੱਜ ਪਿੰਡ ਦੇ ਬੱਚਿਆਂ ਦੇ ਮੂੰਹ ’ਚ ਦੁੱਧ ਨਹੀਂ ਜਾਂਦਾ। ਪਿੰਡਾਂ ਦੀ ਗੱਲ ਤਾਂ ਛੱਡੋ, ਦੇਸ਼ ਦੇ ਮਹਾਨਗਰਾਂ ਤੱਕ ’ਚ ਨਕਲੀ ਦੁੱਧ, ਘਿਓ, ਪਨੀਰ ਆਦਿ ਦਾ ਕਾਰੋਬਾਰ ਖ਼ੂਬ ਫਲ-ਫੁੱਲ ਰਿਹਾ ਹੈ। ਅਸੀਂ ਸ਼ਹਿਰੀ ਲੋਕ ਹੀ ਦੁੱਧ ਦੇ ਨਾਂ ’ਤੇ ਆਪਣੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੇ ਹਾਂ। ਅੱਜ ਦੇਸ਼ ’ਚ ਜਿੰਨਾ ਦੁੱਧ ਪੈਦਾ ਹੋ ਰਿਹਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਉਸ ਦੀ ਖਪਤ ਹੈ। ਅਜਿਹੇ ’ਚ ਇਹ ਬਾਕੀ ਦਾ ਦੁੱਧ ਕਿੱਥੋਂ ਆ ਰਿਹਾ ਹੈ?
ਦੁੱਧ ਦੇ ਨਾਂ ’ਤੇ ਕੀ ਪਿਲਾਇਆ ਜਾ ਰਿਹਾ ਹੈ, ਇਸ ਦੀ ਚਿੰਤਾ ਕਿਸੇ ਵੀ ਸਰਕਾਰ ਨੂੰ ਨਹੀਂ ਹੈ। ਛਾਪੇ ਪੈਂਦੇ ਹਨ, ਨਕਲੀ ਮਾਲ ਫੜਿਆ ਜਾਂਦਾ ਹੈ, ਖ਼ਬਰਾਂ ਛਪਦੀਆਂ ਹਨ ਅਤੇ ਮਾਮਲੇ ਦਬਾਅ ਦਿੱਤੇ ਜਾਂਦੇ ਹਨ। ਇਸ ਲਈ ਇਸ ਪੂਰੀ ਵਿਵਸਥਾ ’ਤੇ ਮੁੜ ਵਿਚਾਰ ਕਰਨਾ ਜ਼ਰੂਰੀ ਹੈ। ਅਸੀਂ ਜਦੋਂ ਇਹ ਪ੍ਰਯੋਗ ਮਥੁਰਾ ’ਚ ਕੀਤਾ ਤਾਂ ਅਸੀਂ ਦਾਨੀਆਂ ਨੂੰ ਕਿਹਾ ਕਿ ਉਹ ਇਕ ਪਿੰਡ ਦੀ ਚਰਾਗਾਹ ’ਤੇ ਚਾਰਾ ਉਗਾਉਣ ’ਚ ਆਰਥਿਕ ਮਦਦ ਕਰਨ ਅਤੇ ਕਿਸੇ ਨੂੰ ਗਊ ਸੇਵਾ ਦੇ ਨਾਂ ’ਤੇ ਧਨ ਦਾ ਦਾਨ ਨਾ ਕਰਨ।
ਸਾਡਾ ਤਜਰਬਾ ਤਾਂ ਬਹੁਤ ਛੋਟੇ ਪੱਧਰ ਦਾ ਸੀ, ਪਰ ਆਈ. ਆਈ. ਟੀ. ਅਤੇ ਆਈ. ਆਈ. ਐੱਮ. ਤੋਂ ਪੜ੍ਹ ਕੇ ਅਤੇ ਅਮਰੀਕਾ ’ਚ ਬਹੁ-ਰਾਸ਼ਟਰੀ ਕੰਪਨੀਆਂ ਦੀਆਂ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਛੱਡ ਕੇ ਕੁਝ ਨੌਜਵਾਨ ਮੱਧ ਭਾਰਤ ’ਚ ਬਹੁਤ ਵੱਡੇ ਪੱਧਰ ’ਤੇ ਇਸ ਮਾਡਲ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਹਜ਼ਾਰਾਂ ਗਰੀਬਾਂ ਦੀ ਜ਼ਿੰਦਗੀ ਖੁਸ਼ਹਾਲ ਬਣਾ ਦਿੱਤੀ ਅਤੇ ਇਸ ਪ੍ਰਕਿਰਿਆ ਤੋਂ ਪੈਦਾ ਹੋਈ ਗੋਹੇ ਦੀ ਖਾਦ ਨਾਲ ਬੰਜਰ ਪਈਆਂ ਜ਼ਮੀਨਾਂ ’ਚ ਫਲਾਂ ਦੇ ਵੱਡੇ-ਵੱਡੇ ਬਗੀਚੇ ਲਗਾ ਦਿੱਤੇ ਹਨ।
ਸ਼ੁਰੂ ’ਚ ਉਨ੍ਹਾਂ ਦਾ ਮਜ਼ਾਕ ਉਡਾਉਣ ਵਾਲੇ ਅਤੇ ਉਨ੍ਹਾਂ ਦੇ ਰਾਹ ’ਚ ਰੋੜੇ ਅਟਕਾਉਣ ਵਾਲੇ ਤਾਕਤਵਰ ਲੋਕ, ਨੇਤਾ ਅਤੇ ਅਫ਼ਸਰ ਹੁਣ ਉਨ੍ਹਾਂ ਦੇ ਸਾਹਮਣੇ ਹਥਿਆਰ ਸੁੱਟ ਚੁੱਕੇ ਹਨ ਅਤੇ ਉਨ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਇਸ ਲਈ ਅਸੰਭਵ ਕੁਝ ਵੀ ਨਹੀਂ ਹੈ। ਲੋੜ ਹੈ ਇਕ ਇਮਾਨਦਾਰ ਅਤੇ ਉਦਾਰ ਸੋਚ ਦੀ।
—ਵਿਨੀਤ ਨਾਰਾਇਣ
