‘ਨੋਇਡਾ ਦੀ ਇਕ ਪੰਚਾਇਤ ਦਾ’ ਡੀ. ਜੇ. ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ!

Thursday, Mar 26, 2026 - 05:23 AM (IST)

‘ਨੋਇਡਾ ਦੀ ਇਕ ਪੰਚਾਇਤ ਦਾ’ ਡੀ. ਜੇ. ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ!

ਸ਼ਾਦੀ-ਵਿਆਹ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ ’ਤੇ ਡੀ. ਜੇ. ਲਗਵਾਉਣਾ ਆਮ ਗੱਲ ਹੈ ਪਰ ਕਈ ਵਾਰ ਲੋਕ ਜੋਸ਼ ’ਚ ਆ ਕੇ ਡੀ.ਜੇ. ’ਤੇ ਨੱਚਦੇ ਹੋਏ ਫਾਇਰ ਤੱਕ ਕਰ ਦਿੰਦੇ ਹਨ, ਜਿਸ ਨਾਲ ਖ਼ੁਸ਼ੀ ਦਾ ਮਾਹੌਲ ਮਾਤਮ ’ਚ ਬਦਲ ਜਾਂਦਾ ਹੈ। ਇਸ ਦੀਆਂ ਪਿਛਲੇ 5 ਮਹੀਨਿਆਂ ਦੇ ਦੌਰਾਨ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

*1 ਨਵੰਬਰ, 2025 ਨੂੰ ‘ਰੇਵਾੜੀ’ (ਹਰਿਆਣਾ) ਦੇ ਪਿੰਡ ‘ਪੀਥੜਾਵਾਸ’ ’ਚ ਇਕ ਸਮਾਰੋਹ ਦੇ ਦੌਰਾਨ ਡੀ.ਜੇ. ’ਤੇ ਨੱਚਦੇ ਸਮੇਂ ਫਾਇਰਿੰਗ ਕਰਨ ਤੋਂ ਰੋਕਣ ’ਤੇ ਗੁੱਸੇ ’ਚ ਆਏ ਨੌਜਵਾਨਾਂ ਨੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

* 30 ਜਨਵਰੀ, 2026 ਨੂੰ ‘ਤਰਨਤਾਰਨ’ (ਪੰਜਾਬ) ਦੇ ਪਿੰਡ ‘ਮਲਮੋਹਰੀ’ ’ਚ ਇਕ ਵਿਆਹ ਸਮਾਰੋਹ ਦੇ ਦੌਰਾਨ ਡੀ. ਜੇ. ’ਤੇ ਨੱਚਦੇ ਹੋਏ ਫਾਇਰਿੰਗ ’ਚ ਫ਼ੌਜ ’ਚ ਕੰਮ ਕਰਦੇ ਇਕ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਇਸੇ ਨੂੰ ਦੇਖਦੇ ਹੋਏ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ਦੇ ਪਿੰਡ ‘ਨਵਾਦਾ’ ਦੀ ਪੰਚਾਇਤ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ ਵਿਆਹਾਂ ਅਤੇ ਹੋਰ ਸਮਾਜਿਕ ਸਮਾਰੋਹਾਂ ’ਚ ਸਰਵਸੰਮਤੀ ਨਾਲ ਡੀ. ਜੇ. ਵਜਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

ਦੇਰ ਰਾਤ ਤੱਕ ਤੇਜ਼ ਆਵਾਜ਼ ’ਚ ਵੱਜਣ ਵਾਲੇ ਡੀ. ਜੇ. ਨਾਲ ਆਵਾਜ਼ ਪ੍ਰਦੂਸ਼ਣ ਵਧਦਾ ਹੈ, ਜਿਸ ਨਾਲ ਨੀਂਦ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਮਾਜਿਕ ਬਾਈਕਾਟ ਵਰਗੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਥਾਨਕ ਲੋਕਾਂ ਨੇ ਉਕਤ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹਾਂ ’ਚ ਫ਼ਜ਼ੂਲਖ਼ਰਚੀ ਅਤੇ ਸ਼ੋਰ-ਸ਼ਰਾਬੇ ਦੀ ਜਗ੍ਹਾ ਹੁਣ ਰਵਾਇਤੀ ਗੀਤਾਂ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਉਤਸਵ ਮਨਾਉਣ ਦੀ ਸੰਸਕ੍ਰਿਤੀ ਨੂੰ ਇਸ ਨਾਲ ਉਤਸ਼ਾਹ ਮਿਲੇਗਾ।

-ਵਿਜੇ ਕੁਮਾਰ


author

Sandeep Kumar

Content Editor

Related News