ਨਿਤੀਸ਼ ਦੀ ਪਸੰਦ ਸਮਰਾਟ ਚੌਧਰੀ!
Saturday, Mar 21, 2026 - 06:00 PM (IST)
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਾਜ ਸਭਾ ਜਿੱਤ ਦੇ ਨਾਲ, ਰਾਜ ’ਚ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਚਰਚੇ ਤੇਜ਼ ਹੋ ਗਏ ਹਨ। ਨਿਤੀਸ਼ ਕੁਮਾਰ ਨੇ ਪੂਰੇ ਸੰਕੇਤ ਦਿੱਤੇ ਹਨ ਕਿ ਉਹ ਉਪ-ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸਮਰਾਟ ਚੌਧਰੀ ਨੂੰ ਆਪਣਾ ਉੱਤਰਾਧਿਕਾਰੀ ਪਸੰਦ ਕਰਦੇ ਹਨ। ਆਪਣੀ ਚੱਲ ਰਹੀ ‘ਸਮ੍ਰਿਧੀ ਯਾਤਰਾ’ ਦੇ ਚੌਥੇ ਪੜਾਅ ਦੇ ਹਿੱਸੇ ਵਜੋਂ ਜਮੂਈ ’ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ, ਨਿਤੀਸ਼ ਨੇ ਚੌਧਰੀ ਦੇ ਮੋਢੇ ’ਤੇ ਹੱਥ ਰੱਖਿਆ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਮੁਸਕਰਾਉਂਦੇ ਹੋਏ, ਉਨ੍ਹਾਂ ਟਿੱਪਣੀ ਕੀਤੀ, ‘‘ਹੁਣ ਉਹ (ਸਮਰਾਟ) ਸਾਰੇ ਕੰਮ ਸੰਭਾਲਣਗੇ’’ ਅਤੇ ਲੋਕਾਂ ਨੂੰ ਉਨ੍ਹਾਂ ’ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਦੀ ਅਪੀਲ ਕੀਤੀ। ਹਾਲਾਂਕਿ, ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਭਾਜਪਾ ਹਰ ਹਾਲ ’ਚ ਮੁੱਖ ਮੰਤਰੀ ਅਹੁਦੇ ’ਤੇ ਦਾਅਵਾ ਠੋਕੇਗੀ।
ਕਾਂਗਰਸ-ਰਾਇਜੋਰ ਦਲ ’ਚ ਸੀਟ-ਵੰਡ ਸਮਝੌਤਾ
ਕਾਂਗਰਸ ਅਤੇ ਅਖਿਲ ਗੋਗੋਈ ਦੇ ਰਾਇਜੋਰ ਦਲ ਨੇ 2026 ਅਸਾਮ ਵਿਧਾਨ ਸਭਾ ਚੋਣਾਂ ਲਈ ਰਸਮੀ ਸੀਟ-ਵੰਡ ਸਮਝੌਤਾ ਕੀਤਾ, ਜਿਸ ’ਚ ਵਿਰੋਧੀ ਗੱਠਜੋੜ ਨੇ ਖੇਤਰੀ ਪਾਰਟੀ ਨੂੰ 11 ਚੋਣ ਹਲਕੇ ਅਲਾਟ ਕੀਤੇ। ਇਸ ਤਬਦੀਲੀ ਦਾ ਉਦੇਸ਼ ਵਿਰੋਧੀ ਤਾਕਤਾਂ ਨੂੰ ਇਕਜੁੱਟ ਕਰਨਾ ਅਤੇ ਭਾਜਪਾ ਵਿਰੋਧੀ ਰਣਨੀਤੀ ਨੂੰ ਮਜ਼ਬੂਤ ਕਰਨਾ ਹੈ ਅਤੇ ਪ੍ਰਮੁੱਖ ਚੋਣ ਖੇਤਰਾਂ ’ਚ ਚੋਣ ਗਤੀਸ਼ੀਲਤਾ ਨੂੰ ਨਵਾਂ ਰੂਪ ਦੇਣਾ ਹੈ, ਜਦਕਿ ਅਸਾਮ ਜਾਤੀ ਪ੍ਰੀਸ਼ਦ (ਏ. ਜੇ. ਪੀ.), ਮਾਕਪਾ ਅਤੇ ਭਾਕਪਾ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਨਾਲ ਵੀ ਗੱਲਬਾਤ ਨਾਲੋ-ਨਾਲ ਚੱਲ ਰਹੀ ਹੈ, ਜੋ ਸੰਕੇਤ ਦਿੰਦੀ ਹੈ ਕਿ ਅੰਤਿਮ ਗੱਠਜੋੜ ਦੀ ਤਸਵੀਰ ਅਜੇ ਵੀ ਆਕਾਰ ਲੈ ਰਹੀ ਹੈ। ਸਮਝੌਤੇ ਤਹਿਤ, ਰਾਇਜੋਰ ਦਲ ਡਿਗਬੋਈ, ਢਿੰਗ, ਮਾਨਸ, ਤੇਜਪੁਰ, ਸਿਸਿਸਬੋਰਗਾਂਵ, ਬੋਕਾਖਾਟ, ਸ਼ਿਵਸਾਗਰ, ਦਲਗਾਂਵ, ਕਾਲੀਆਬੋਰ, ਮਾਰਘੇਰਿਟਾ ਅਤੇ ਮਾਰਿਆਨੀ ’ਚ ਉਮੀਦਵਾਰ ਉਤਾਰੇਗੀ। ਦੋਵਾਂ ਪਾਰਟੀਆਂ ਨੇ ਗੋਲਪਾਰਾ ਪੂਰਬ ਅਤੇ ਗੌਰੀਪੁਰ ’ਚ ਦੋਸਤਾਨਾ ਮੁਕਾਬਲੇ ਲੜਨ ’ਤੇ ਵੀ ਸਹਿਮਤੀ ਪ੍ਰਗਟਾਈ ਹੈ। ਕਾਂਗਰਸ-ਰਾਇਜੋਰ ਦਲ ਸਮਝੌਤਾ ਉੱਪਰੀ ਅਸਾਮ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। 126 ਮੈਂਬਰੀ ਵਿਧਾਨ ਸਭਾ ਲਈ ਵੋਟਿੰਗ 9 ਅਪ੍ਰੈਲ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਤੈਅ ਹੈ।
ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ
ਦਲਿਤ ਆਈਕਨ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਉਨ੍ਹਾਂ ਦੀ ਜਯੰਤੀ ’ਤੇ ਗੂੰਜ ਉੱਠੀ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ, ਜਿਸ ’ਚ ਉਨ੍ਹਾਂ ਕਾਂਸ਼ੀ ਰਾਮ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਸ਼ੀ ਰਾਮ ਨੇ ਭਾਰਤੀ ਰਾਜਨੀਤੀ ਦੇ ਸਰੂਪ ਨੂੰ ਬਦਲ ਦਿੱਤਾ ਅਤੇ ਆਪਣੇ ਅੰਦੋਲਨਾਂ ਰਾਹੀਂ ਬਹੁਜਨਾਂ ਅਤੇ ਗਰੀਬਾਂ ਦੇ ਵਿਚਾਲੇ ਸਿਆਸੀ ਜਾਗਰੂਕਤਾ ਵਧਾਈ। ਦੂਜੇ ਪਾਸੇ, ਮਾਇਆਵਤੀ ਨੇ ਕਿਹਾ ਕਿ ਕਾਂਸ਼ੀ ਰਾਮ ਦਾ ਸੰਵਿਧਾਨ ’ਚ ਦੇਸ਼ ’ਚ ਇਕ ਸਮਾਜ ਬਣਾਉਣ ’ਚ ਯੋਗਦਾਨ ਇਤਿਹਾਸਕ ਹੈ ਅਤੇ ਇਸੇ ਕਾਰਨ ਉਹ ਵੀ ਲੋਕਾਂ ਦੇ ਦਿਲਾਂ ’ਚ ਿਨਵਾਸ ਕਰਦੇ ਹਨ।
2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਾਰੀਆਂ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਹੋਣਗੀਆਂ। ਖਾਸ ਕਰਕੇ ਮਾਇਆਵਤੀ ਲਈ ਇਹ ‘ਬਣਾਉਣ ਜਾਂ ਵਿਗਾੜਨ’ ਵਾਲੀ ਚੋਣ ਹੋਵੇਗੀ, ਕਿਉਂਕਿ 2022 ਦੀਆਂ ਚੋਣਾਂ ’ਚ ਸਿਰਫ ਇਕ ਬਸਪਾ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ।
ਜਦੋਂ ਕਿ ਰਾਹੁਲ ਗਾਂਧੀ ਸੰਵਿਧਾਨ ਅਤੇ ਸਮਾਨਤਾ ਦੀ ਉਸ ਦੀ ਗਾਰੰਟੀ ਨੂੰ, ਆਪਣੇ ਦਲਿਤ ਜਨ-ਸੰਪਰਕ ਦੀ ਆਧਾਰਸ਼ਿਲਾ ਵਜੋਂ ਪੇਸ਼ ਕਰ ਰਹੇ ਹਨ, ਜੋ ਯੂ. ਪੀ. ਦੇ ਵੋਟਰਾਂ ਦਾ ਲਗਭਗ 21 ਫੀਸਦੀ ਹਿੱਸਾ ਹੈ। ਇੱਥੋਂ ਤੱਕ ਕਿ ਜਦੋਂ ਸਪਾ, ਕਾਂਗਰਸ ਅਤੇ ਬਸਪਾ ਖ਼ੁਦ ਨੂੰ ਦਲਿਤਾਂ ਲਈ ਸਹੀ ਪਾਰਟੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਭਾਜਪਾ ਦਾ ਧਿਆਨ ਗ਼ੈਰ-ਜਾਟਵ ਦਲਿਤਾਂ ਨੂੰ ਪਾਰਟੀ ਦੇ ਪਾਲੇ ’ਚ ਬਰਕਰਾਰ ਰੱਖਣ ਅਤੇ ਇਹ ਯਕੀਨੀ ਬਣਾਉਣ ’ਤੇ ਹੈ ਕਿ ਜਾਟਵ ਕਾਂਗਰਸ ਜਾਂ ਸਪਾ ਵੱਲ ਨਾ ਜਾਣ। ਜੇਕਰ ਜਾਟਵ ਬਸਪਾ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਤਾਂ ਭਾਜਪਾ ਬਿਹਤਰ ਸਥਿਤੀ ’ਚ ਹੈ ਕਿਉਂਕਿ ਇਸ ਨਾਲ ਮਾਇਆਵਤੀ ਨੂੰ ਸਿਰਫ ਕੁਝ ਸੀਟਾਂ ਜਿੱਤਣ ਦੀ ਇਜਾਜ਼ਤ ਮਿਲੇਗੀ। ਹਾਲਾਂਕਿ, ਜੇਕਰ ਜਾਟਵ ਕਾਂਗਰਸ-ਸਪਾ ਗੱਠਜੋੜ ਵੱਲ ਜਾਂਦੇ ਹਨ, ਤਾਂ ਮੁਸਲਮਾਨਾਂ ਅਤੇ ਜਾਟਵਾਂ ਦਾ ਸੁਮੇਲ ਭਾਜਪਾ ਲਈ ਘਾਤਕ ਹੋ ਸਕਦਾ ਹੈ, ਖ਼ਾਸ ਕਰਕੇ ਪੱਛਮੀ ਯੂ. ਪੀ. ’ਚ।
ਤਾਮਿਲਨਾਡੂ ’ਚ ਚੌਤਰਫਾ ਮੁਕਾਬਲੇ ਲਈ ਮੰਚ ਤਿਆਰ
ਅੰਨਾਦ੍ਰਮੁਕ-ਭਾਜਪਾ ਗੱਠਜੋੜ ’ਚ ਸ਼ਾਮਲ ਹੋਣ ਵਾਲੀ ਪਾਰਟੀ ਬਾਰੇ ਅਟਕਲਾਂ ਖ਼ਤਮ ਹੋ ਗਈਆਂ ਹਨ ਕਿਉਂਕਿ ਤਮਿਲਗਾ ਵੇਟਰੀ ਕੜਗਮ (ਟੀ. ਵੀ. ਕੇ.) ਮੁਖੀ ਅਤੇ ਅਭਿਨੇਤਾ ਵਿਜੇ ਨੇ ਕਿਹਾ ਕਿ ਉਹ ਆਪਣੇ ਧਰਮਨਿਰਪੱਖ ਅਕਸ ਨਾਲ ਕਦੇ ਸਮਝੌਤਾ ਨਹੀਂ ਕਰਨਗੇ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਸੁਤੰਤਰ ਤੌਰ ’ਤੇ ਲੜੇਗੀ। ਵਿਜੇ ਨੇ ਆਪਣੀ ਪਾਰਟੀ ਵੱਲੋਂ ਆਯੋਜਿਤ ਇਕ ਇਫ਼ਤਾਰ ਸਮਾਗਮ ਨੂੰ ਚੁਣਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀ. ਵੀ. ਕੇ. ਸਿਰਫ ਉਨ੍ਹਾਂ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰੇਗੀ ਜੋ ਉਨ੍ਹਾਂ ਦੀ ਅਗਵਾਈ ਨੂੰ ਸਵੀਕਾਰ ਕਰਦੀਆਂ ਹਨ। ਵਿਜੇ ਦਾ ਧਰਮਨਿਰਪੱਖ ਵਿਚਾਰਧਾਰਾ ਅਤੇ ਸਮਾਜਿਕ ਨਿਆਂ ’ਤੇ ਧਿਆਨ ਘੱਟਗਿਣਤੀ ਵੋਟਾਂ ਨੂੰ ਭਰੋਸਾ ਦਿਵਾਉਣ ਅਤੇ ਭਾਜਪਾ ਤੋਂ ਵਿਚਾਰਿਕ ਦੂਰੀ ਦਾ ਸੰਕੇਤ ਦੇਣ ਲਈ ਸੀ। ਕਾਂਗਰਸ ਦੇ ਦ੍ਰਮੁਕ ਨਾਲ ਮਜ਼ਬੂਤੀ ਨਾਲ ਗੱਠਜੋੜ ਕਰਨ ਅਤੇ ਅੰਨਾਦ੍ਰਮੁਕ-ਭਾਜਪਾ ਦੇ ਆਪਣੇ ਖ਼ੁਦ ਦੇ ਮੋਰਚੇ ਨੂੰ ਮਜ਼ਬੂਤ ਕਰਨ ਦੇ ਨਾਲ, ਵਿਜੇ ਦੇ ਸਪੱਸ਼ਟ ਐਲਾਨ ਤੋਂ ਬਾਅਦ, ਦ੍ਰਮੁਕ ਦੀ ਅਗਵਾਈ ਵਾਲੇ ਸੈਕੂਲਰ ਪ੍ਰੋਗਰੈਸਿਵ ਅਲਾਇੰਸ, ਅੰਨਾਦ੍ਰਮੁਕ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ, ਟੀ. ਵੀ. ਕੇ. ਅਤੇ ਤਮਿਲ ਰਾਸ਼ਟਰਵਾਦੀ ਨਾਂ ਤਮਿਝਾਰ ਕੱਚੀ ਵਿਚਾਲੇ ਚੌਤਰਫਾ ਮੁਕਾਬਲੇ ਲਈ ਮੰਚ ਤਿਆਰ ਹੈ।
ਅਸਾਮ ’ਚ ਕਾਂਗਰਸ ਨੂੰ ਝਟਕਾ
ਇਕ ਮਹੀਨੇ ਦੇ ਅੰਦਰ ਦੋ ਸੀਨੀਅਰ ਅਸਾਮ ਕਾਂਗਰਸੀ ਆਗੂਆਂ ਪ੍ਰਦਿਊਤ ਬੋਰਦੋਲੋਈ ਅਤੇ ਸਾਬਕਾ ਸੂਬਾ ਪਾਰਟੀ ਮੁਖੀ ਭੂਪੇਨ ਬੋਰਾ ਦੇ ਭਾਜਪਾ ’ਚ ਸ਼ਾਮਲ ਹੋਣ ਨੇ ਨਾ ਸਿਰਫ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਨੂੰ ਲੀਹੋਂ ਲਾਹ ਦਿੱਤਾ ਹੈ, ਸਗੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਗੰਭੀਰ ਝਟਕਾ ਦਿੱਤਾ ਹੈ। ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ, ਕਾਂਗਰਸ ਸੰਸਦ ਮੈਂਬਰ ਅਤੇ ਅਸਾਮ ਲਈ ਪਾਰਟੀ ਦੀ ਸਕ੍ਰੀਨਿੰਗ ਕਮੇਟੀ ਦੀ ਪ੍ਰਧਾਨ, ਪ੍ਰਿਯੰਕਾ ਗਾਂਧੀ ਵਾਡਰਾ ਨੇ ਬੋਰਦੋਲੋਈ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਟਿਕਟਾਂ ਦੀ ਵੰਡ ’ਤੇ ਮਤਭੇਦ ਇਸ ਫੈਸਲੇ ਦਾ ਕਾਰਨ ਹੋ ਸਕਦੇ ਹਨ। ਜਦੋਂ ਕਿ ਬੋਰਦੋਲੋਈ ਨੇ ਕਾਂਗਰਸ ਲੀਡਰਸ਼ਿਪ ’ਤੇ ਉਨ੍ਹਾਂ ਨੂੰ ਦਰਕਿਨਾਰ ਕਰਨ ਦਾ ਦੋਸ਼ ਲਾਇਆ, ਇਹ ਕਹਿੰਦੇ ਹੋਏ ਕਿ ਅੰਦਰੂਨੀ ਦੁਰਵਿਵਹਾਰ ਦੇ ਦਾਅਵਿਆਂ ਦਰਮਿਆਨ ਪਾਰਟੀ ਨਾਲ ਉਨ੍ਹਾਂ ਦੇ ਲੰਬੇ ਸਬੰਧਾਂ ਦਾ ਅੰਤ ਹੋ ਗਿਆ।
—ਰਾਹਿਲ ਨੋਰਾ ਚੋਪੜਾ
