ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਕੌਣ ਬਾਜ਼ੀ ਮਾਰੇਗਾ?
Thursday, Apr 16, 2026 - 03:51 PM (IST)
ਚੋਣਾਂ ਦੇ ਇਸ ਜਨੂੰਨੀ ਮੌਸਮ ’ਚ ਅਤੇ ਉਨ੍ਹਾਂ ਮੁਫ਼ਤ ਦੀਆਂ ਰਿਓੜੀਆਂ ਦੇ ਰੌਲੇ-ਰੱਪੇ ਵਿਚਾਲੇ ਜੋ ਰਾਜਨੀਤਿਕ ਦਲਾਂ ਵੱਲੋਂ ਪਰੋਸੀਆਂ ਜਾ ਰਹੀਆਂ ਹਨ (ਜਿਨ੍ਹਾਂ ਨੇ ਸਾਡੇ ਲੋਕਤੰਤਰ ਨੂੰ ਇਕ ਪੋਂਜੀ ਸਕੀਮ ਬਣਾ ਦਿੱਤਾ ਹੈ), ਸਭ ਤੋਂ ਮਹੱਤਵਪੂਰਨ ਸਵਾਲ ਇਹੀ ਹੈ ਕਿ ਕੀ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਪੱਛਮੀ ਬੰਗਾਲ ’ਚ ਆਪਣੇ ਚੌਥੇ ਕਾਰਜਕਾਲ ਦੀ ਅਗਵਾਈ ਕਰੇਗੀ? ਕੀ ਡੀ. ਐੱਮ. ਕੇ. ਦੇ ਸਟਾਲਿਨ ਤਾਮਿਲਨਾਡੂ ’ਤੇ ਆਪਣੀ ਪਕੜ ਬਣਾਈ ਰੱਖਣਗੇ? ਕੀ ਐੱਲ. ਡੀ. ਐੱਫ. ਦੇ ਪਿਨਾਰਾਈ ਕੇਰਲਮ ’ਚ ਹੈਟ੍ਰਿਕ ਦਾ ਆਪਣਾ ਸੁਪਨਾ ਪੂਰਾ ਕਰ ਸਕਣਗੇ? ਅਤੇ ਕੀ ਭਾਜਪਾ ਦੇ ਉੱਤਰ-ਪੂਰਬ ਦੇ ‘ਬਲੂ-ਆਈਡ ਬੁਆਏ’ ਹਿਮੰਤ ਸਰਮਾ ਅਸਾਮ ’ਚ ਫਿਰ ਤੋਂ ਜਿੱਤ ਦਿਵਾ ਸਕਣਗੇ।
ਮਮਤਾ ਨੂੰ ਇਕ ਨਜ਼ਰ ਦੇਖਣ ’ਤੇ ਹੀ ਸਭ ਸਮਝ ਆ ਜਾਂਦਾ ਹੈ। ਆਪਣੀ ਟ੍ਰੇਡਮਾਰਕ ਸੂਤੀ ਸਾੜ੍ਹੀ ਅਤੇ ਹਵਾਈ ਚੱਪਲਾਂ ’ਚ ਦਿਸਣ ਵਾਲੀ ਇਕ ਕਮਜ਼ੋਰ ਕਾਇਆ ਵਾਲੀ ਨੇਤਾ ਦੇ ਪਿੱਛੇ ਇਕ ਲੜਾਕੂ, ਬਹੁਤ ਜ਼ਿਆਦਾ ਲਚਕੀਲੀ ਅਤੇ ਰਾਜਨੀਤਿਕ ਤੌਰ ’ਤੇ ਸਹਿਜ ਸਮਝ ਰੱਖਣ ਵਾਲੀ ਕ੍ਰਿਸ਼ਮਈ ਸ਼ਕਤੀ ਲੁਕੀ ਹੈ। ਉਹ ਅਕਸਰ ਇਕ ਅਜਿਹੇ ਨੇਤਾ ਵਜੋਂ ਵਿਵਹਾਰ ਕਰਦੀ ਹੈ, ਜੋ ਸਥਾਈ ਤੌਰ ’ਤੇ ਅੰਦੋਲਨ ’ਤੇ ਹੋਵੇ ਅਤੇ ਹਰ ਸੰਘਰਸ਼ ਨੂੰ ਸੜਕ ਦੀ ਲੜਾਈ ’ਚ ਬਦਲ ਦਿੰਦੀ ਹੈ। 80 ਦੇ ਦਹਾਕੇ ’ਚ ਉਨ੍ਹਾਂ ਦੇ ਸਿਰ ’ਤੇ ਲੱਗੀ ਲਾਠੀ ਦੀ ਸੱਟ ਨੇ ਉਨ੍ਹਾਂ ਨੂੰ ਇਕ ‘ਟਫ ਨਟ’ (ਸਖ਼ਤ ਜਾਨ) ਵਜੋਂ ਪਛਾਣ ਦਿੱਤੀ। ਕਾਂਗਰਸ ’ਚ ਉਚਿਤ ਸਥਾਨ ਨਾ ਮਿਲਣ ’ਤੇ, ਉਨ੍ਹਾਂ ਨੇ ਜਨਵਰੀ 1998 ’ਚ ਤ੍ਰਿਣਮੂਲ ਕਾਂਗਰਸ ਬਣਾਈ ਅਤੇ ਇਕੱਲੇ ਦਮ ’ਤੇ ਮਾਕਪਾ ਦੇ 34 ਸਾਲਾਂ ਦੇ ਸ਼ਾਸਨ ਨੂੰ ਉਖਾੜ ਦਿੱਤਾ।
‘ਦੀਦੀ’ ਦਾ ਪੇਂਡੂ ਔਰਤਾਂ, ਘੱਟਗਿਣਤੀਆਂ ਅਤੇ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਵੱਡੇ ਵਰਗ ਨਾਲ ਇਕ ਮਜ਼ਬੂਤ ਭਾਵਨਾਤਮਕ ਰਿਸ਼ਤਾ ਹੈ। ਮੁਸਲਿਮ ਬਹੁਲ ਇਲਾਕਿਆਂ ’ਚ ਵੋਟਰ ਸੂਚੀ ’ਚੋਂ ਨਾਂ ਹਟਾਉਣ ਨੂੰ ਲੈ ਕੇ ਚੋਣ ਕਮਿਸ਼ਨ ਨਾਲ ਉਨ੍ਹਾਂ ਦਾ ਟਕਰਾਅ ਮੁੱਖ ਰੂਪ ’ਚ ਇਸ ਲਈ ਹੈ ਕਿਉਂਕਿ ਉਹ ਇਸ ਨੂੰ ਆਪਣੇ ਪ੍ਰਤੀਬੱਧ ਵੋਟਰਾਂ ਦੀ ਜਾਗੀਰ ਮੰਨਦੀ ਹੈ। ਸੱਤਾ ਵਿਰੋਧੀ ਲਹਿਰ, ਭ੍ਰਿਸ਼ਟਾਚਾਰ ਦੇ ਘਪਲੇ, ਗੁੱਟਬਾਜ਼ੀ, ਭਾਜਪਾ ਦੀ ਹਮਲਾਵਰ ਚੁਣੌਤੀ ਅਤੇ ਨੰਦੀਗ੍ਰਾਮ ਵਰਗੀ ਨਿੱਜੀ ਚੋਣ ਹਾਰ ਦੇ ਬਾਵਜੂਦ, ਉਹ ਹਮੇਸ਼ਾ ਚੋਣਾਂ ਨੂੰ ਆਪਣੇ ਆਲੇ-ਦੁਆਲੇ ਕੇਂਦ੍ਰਿਤ ਇਕ ਰਾਸ਼ਟਰਪਤੀ-ਸ਼ੈਲੀ ਦੇ ਮੁਕਾਬਲੇ ’ਚ ਬਦਲ ਦਿੰਦੀ ਹੈ—‘ਬੰਗਾਲ ਦੀ ਰੱਖਿਆ ਕੌਣ ਕਰ ਸਕਦਾ ਹੈ ਅਤੇ ਦਿੱਲੀ ਨਾਲ ਕੌਣ ਲੜ ਸਕਦਾ ਹੈ?’
ਅੱਜ ਵੀ, ਉਹ ਵੋਟਰ ਸੂਚੀ ਸੋਧ, ਹੱਦਬੰਦੀ ਅਤੇ ਯੂ. ਸੀ. ਸੀ. ਵਰਗੇ ਮੁੱਦਿਆਂ ਨੂੰ ਬੰਗਾਲ ਦੇ ਸਮਾਜਿਕ ਤਾਣੇ-ਬਾਣੇ ਲਈ ਹੋਂਦ ਦੇ ਖਤਰੇ ਵਜੋਂ ਹਮਲਾਵਰ ਤਰੀਕੇ ਨਾਲ ਪੇਸ਼ ਕਰ ਰਹੀ ਹੈ। ਇਹ ਮਮਤਾ ਦੀ ਕਲਾਸਿਕ ਰਾਜਨੀਤੀ ਹੈ—ਪ੍ਰਸ਼ਾਸਨ ਨੂੰ ਭਾਵਨਾਵਾਂ ’ਚ ਬਦਲ ਦੇਣਾ। ਬਿਨਾਂ ਸ਼ੱਕ ਉਹ ਬੰਗਾਲ ਦੀ ਸਭ ਤੋਂ ਔਖੀ ਰਾਜਨੀਤਿਕ ਜ਼ਮੀਨੀ ਯੋਧਾ ਬਣੀ ਹੋਈ ਹੈ, ਪਰ 2026 ਸਿਰਫ ਕ੍ਰਿਸ਼ਮੇ ਬਾਰੇ ਨਹੀਂ ਹੈ, ਸਗੋਂ ਇਸ ਬਾਰੇ ਹੈ ਕਿ ਕੀ ਉਨ੍ਹਾਂ ਦੀ ਨਿੱਜੀ ਅਪੀਲ ਅਜੇ ਵੀ 15 ਸਾਲਾਂ ਦੇ ਇਕੱਠੇ ਹੋਏ ਸੱਤਾ ਵਿਰੋਧੀ ਮਾਹੌਲ ’ਤੇ ਹਾਵੀ ਹੋ ਸਕਦੀ ਹੈ?
ਗੁਆਂਢੀ ਰਾਜ ਅਸਾਮ ’ਚ, ਕਾਂਗਰਸ ਤੋਂ ਭਾਜਪਾ ’ਚ ਆਏ ਦਿੱਗਜ ਸਰਮਾ ਨੇ ਬੜੀ ਚਤੁਰਾਈ ਨਾਲ ਇਕ ‘ਨਤੀਜਾ ਦੇਣ ਵਾਲੇ’ ਅਤੇ ‘ਸਟ੍ਰਾਂਗਮੈਨ’ ਵਜੋਂ ਆਪਣਾ ਇਕ ਵੱਖਰਾ ਨਿੱਜੀ ਰਾਜਨੀਤਿਕ ਬ੍ਰਾਂਡ ਬਣਾਇਆ ਹੈ, ਜੋ ਅਕਸਰ ਭਾਜਪਾ ਦੇ ਵਿਚਾਰਧਾਰਕ ਬ੍ਰਾਂਡ ਦੇ ਸਮਾਨਾਂਤਰ ਚੱਲਦਾ ਹੈ ਅਤੇ ਕਦੇ-ਕਦੇ ਉਸ ’ਤੇ ਭਾਰੀ ਵੀ ਪੈਂਦਾ ਹੈ। ਇਕ ਸੀ. ਈ. ਓ.-ਸ਼ੈਲੀ ਦੇ ਮੁੱਖ ਮੰਤਰੀ ਦਾ ਅਕਸ ਬਣਾ ਕੇ, ਉਹ ਇਕ ਪ੍ਰਭਾਵਸ਼ਾਲੀ, ਕੁਸ਼ਲ, ਤੁਰੰਤ ਪ੍ਰਸ਼ਾਸਨਿਕ ਕਾਰਵਾਈ ਕਰਨ ਵਾਲੇ ਅਤੇ ਸਮਝਦਾਰ ਨੇਤਾ ਵਜੋਂ ਉੱਭਰਦੇ ਹਨ, ਜਿੱਥੇ ਲੋਕ ਪਾਰਟੀ ਮਸ਼ੀਨਰੀ ਦੀ ਬਜਾਏ ‘ਉਨ੍ਹਾਂ’ ਨੂੰ ਸਿਹਰਾ ਦਿੰਦੇ ਹਨ।
ਸਰਮਾ ਦੀ ਰਾਜਨੀਤੀ ਅਸਾਮ-ਪਹਿਲਾਂ ਸੰਦੇਸ਼, ਅਸਾਮੀ ਪਛਾਣ, ਪ੍ਰਵਾਸ, ਜ਼ਮੀਨੀ ਰਾਜਨੀਤੀ ਅਤੇ ਖੇਤਰੀ ਮਾਣ ’ਚ ਡੂੰਘਾਈ ਨਾਲ ਜੁੜੀ ਹੋਈ ਹੈ। ਫਿਰ ਵੀ, ਭਾਜਪਾ ਮਾਅਨੇ ਰੱਖਦੀ ਹੈ ਕਿਉਂਕਿ ਸਰਮਾ ਦਾ ਬ੍ਰਾਂਡ ਭਾਜਪਾ ਦੇ ਸੰਗਠਨਾਤਮਕ ਨੈੱਟਵਰਕ, ਆਰ. ਐੱਸ. ਐੱਸ., ਬੂਥ ਮਸ਼ੀਨਰੀ, ਕੇਂਦਰੀ ਲੀਡਰਸ਼ਿਪ ਦੇ ਸਮਰਥਨ ਅਤੇ ਪੀ. ਐੱਮ. ਮੋਦੀ ਨਾਲ ਜੁੜੀਆਂ ਭਲਾਈ ਯੋਜਨਾਵਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਨੈਰੇਟਿਵ ’ਤੇ ਟਿਕਿਆ ਹੋਇਆ ਹੈ। ਫਿਰ ਵੀ, 2026 ਦੀਆਂ ਚੋਣਾਂ ਭਾਜਪਾ ਸ਼ਾਸਨ ਦੀ ਪ੍ਰੀਖਿਆ ਹਨ ਅਤੇ ਇਹ ਵੀ ਕਿ ਕੀ ਸਰਮਾ ਦਾ ਨਿੱਜੀ ਬ੍ਰਾਂਡ ਐੱਨ. ਡੀ. ਏ. ਸਰਕਾਰ ਦੀ 10 ਸਾਲਾਂ ਦੀ ਸੱਤਾ ਵਿਰੋਧੀ ਲਹਿਰ ਤੋਂ ਪਾਰ ਪਾ ਸਕਦਾ ਹੈ?
ਤਾਮਿਲਨਾਡੂ ’ਚ, ਸਟਾਲਿਨ ਦੀ ਅਗਵਾਈ ਵਾਲਾ ਦ੍ਰਮੁਕ ਗੱਠਜੋੜ ਵਿਰੋਧੀਆਂ, ਵਿਸ਼ੇਸ਼ ਤੌਰ ’ਤੇ ਪਲਾਨੀਸਵਾਮੀ ਦੀ ਅੰਨਾਦ੍ਰਮੁਕ ’ਤੇ ਬੜ੍ਹਤ ਬਣਾਉਂਦਾ ਦਿਸ ਰਿਹਾ ਹੈ ਪਰ ਵਿਰੋਧੀ ਧਿਰ ਦਾ ਸਥਾਨ 2021 ਦੀ ਤੁਲਨਾ ’ਚ ਵਧੇਰੇ ਗੁੰਝਲਦਾਰ ਹੈ। ਪਾਰਟੀ ਸੁਪਰੀਮੋ ਕਰੁਣਾਨਿਧੀ ਤੋਂ ਕਮਾਨ ਸੰਭਾਲਣ ਤੋਂ ਬਾਅਦ, ਸਟਾਲਿਨ ਆਪਣੇ ਪਿਤਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਆਏ ਹਨ, ਹਾਲਾਂਕਿ ਉਹ ਐੱਮ. ਜੀ. ਆਰ. ਜਾਂ ਜੈਲਲਿਤਾ ਵਰਗੇ ਕ੍ਰਿਸ਼ਮਈ ਨੇਤਾ ਨਹੀਂ ਹਨ। ਉਨ੍ਹਾਂ ਦੀ ਸ਼ੈਲੀ ਇਕ ਸ਼ਾਂਤ ਸੀ. ਈ. ਓ. ਦੇ ਕਰੀਬ ਹੈ, ਜੋ ਪ੍ਰਕਿਰਿਆ-ਸੰਚਾਲਿਤ ਅਤੇ ਸਿਸਟਮ ਨਿਰਮਾਤਾ, ਸਰਬਸੰਮਤੀ ਪ੍ਰਬੰਧਕ ਅਤੇ ਜਨ-ਲਹਿਰ ਵਾਲੇ ਲੋਕ-ਲੁਭਾਉਣੇ ਨੇਤਾ ਦੀ ਬਜਾਏ ਭਲਾਈ-ਪ੍ਰੇਰਿਤ ਸੰਸਥਾਗਤ ਰਾਜਨੀਤੀਵਾਨ ਹਨ।
ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਪ੍ਰਣਾਲੀਆਂ ਰਾਹੀਂ ਸ਼ਾਸਨ ਕਰਨਾ ਹੈ, ਜੋ ਨੌਕਰਸ਼ਾਹੀ ਅਤੇ ਵਿਭਾਗੀ ਸਮੀਖਿਆਵਾਂ ’ਤੇ ਭਾਰੀ ਨਿਰਭਰ ਹੈ, ਯੋਜਨਾਵਾਂ ਦੀ ਵੰਡ ’ਤੇ ਨਜ਼ਰ ਰੱਖਦੀ ਹੈ ਅਤੇ ‘ਪ੍ਰਸ਼ਾਸਨ ਨੂੰ ਵੰਡ ਮਸ਼ੀਨ ਵਜੋਂ’ ਤਰਜੀਹ ਦਿੰਦੀ ਹੈ। ਛੋਟੇ ਸੰਦੇਸ਼ਾਂ, ਪ੍ਰਤੀਕਾਤਮਕ ਇਸ਼ਾਰਿਆਂ ਅਤੇ ਅਨੁਸ਼ਾਸਿਤ ਚੋਣ ਮੁਹਿੰਮਾਂ ਲਈ ਜਾਣੇ ਜਾਂਦੇ ਸਟਾਲਿਨ ਦੀ ਸਥਿਰਤਾ ਅਤੇ ਸਮਝਦਾਰੀ ਉਨ੍ਹਾਂ ਰਾਜਾਂ ’ਚ ਉਨ੍ਹਾਂ ਦੇ ਪੱਖ ’ਚ ਕੰਮ ਕਰਦੀ ਹੈ, ਜਿੱਥੇ ਪ੍ਰਸ਼ਾਸਨਿਕ ਨਿਰੰਤਰਤਾ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਰਾਜਨੀਤੀ ਕਲਾਸਿਕ ਦ੍ਰਵਿੜ ਭਲਾਈ, ਸਮਾਜਿਕ ਨਿਆਂ, ਨਿਵੇਸ਼-ਆਧਾਰਿਤ ਉਦਯੋਗੀਕਰਨ ਅਤੇ ਆਧੁਨਿਕ ਸ਼ਹਿਰੀ ਸ਼ਾਸਨ ਦਾ ਮਿਸ਼ਰਣ ਹੈ। ਉਨ੍ਹਾਂ ਨੇ ਕਾਂਗਰਸ, ਖੱਬੇਪੱਖੀ, ਵੀ. ਸੀ. ਕੇ. ਅਤੇ ਹੋਰ ਸਹਿਯੋਗੀਆਂ ਨੂੰ ਇਕ ਅਨੁਸ਼ਾਸਿਤ ਗੱਠਜੋੜ ਢਾਂਚੇ ਦੇ ਅੰਦਰ ਕੁਸ਼ਲਤਾ ਨਾਲ ਰੱਖਿਆ ਹੈ, ਜੋ ਦ੍ਰਮੁਕ ਦੇ ਪੱਖ ’ਚ ਕੰਮ ਕਰ ਸਕਦਾ ਹੈ।
ਗੁਆਂਢੀ ਰਾਜ ਕੇਰਲ ’ਚ, ਇਹ ਐੱਲ. ਡੀ. ਐੱਫ. ਬਨਾਮ ਯੂ. ਡੀ. ਐੱਫ. ਦੀ ਲੜਾਈ ਹੈ, ਜਿਸ ’ਚ ਭਾਜਪਾ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਪਿਨਾਰਾਈ ਹੈਟ੍ਰਿਕ ਵੱਲ ਕੰਮ ਕਰ ਰਹੇ ਹਨ ਪਰ ਭਾਰੀ ਸੱਤਾ ਵਿਰੋਧੀ ਲਹਿਰ, 10 ਸਾਲਾਂ ਦੀ ਥਕਾਵਟ ਅਤੇ ਵਿਰੋਧੀ ਯੂ. ਡੀ. ਐੱਫ. (ਕਾਂਗਰਸ) ਵੱਲੋਂ ‘ਪਰਿਵਰਤਨ ਦਾ ਸਮਾਂ’ ਦੇ ਨਾਅਰੇ ਕਾਰਨ ਇਹ ਇਕ ਔਖੀ ਚੜ੍ਹਾਈ ਹੈ, ਕਿਉਂਕਿ ਕੇਰਲ ਆਮ ਤੌਰ ’ਤੇ ਮੋਰਚੇ ਬਦਲਦਾ ਰਹਿੰਦਾ ਹੈ, ਹਾਲਾਂਕਿ ਐੱਲ. ਡੀ. ਐੱਫ. ਨੇ 2021 ’ਚ ਉਸ ਪੈਟਰਨ ਨੂੰ ਤੋੜ ਦਿੱਤਾ ਸੀ। ਭਾਜਪਾ ਲਈ, ਸ਼ਹਿਰੀ ਅਤੇ ਈਸਾਈ ਖੇਤਰਾਂ ’ਚ ਪਹੁੰਚ ਰਾਹੀਂ ਉਸ ਦੀਆਂ ਸੀਟਾਂ ਦੀ ਗਿਣਤੀ ’ਚ ਸੁਧਾਰ ਹੋ ਸਕਦਾ ਹੈ ਪਰ ਪਿਨਾਰਾਈ ਨੂੰ ਹਟਾਉਣ ਲਈ ਇਕ ਇਤਿਹਾਸਕ ਲਹਿਰ ਦੀ ਲੋੜ ਹੋਵੇਗੀ।
ਅੱਗੇ ਕੀ? ਮਮਤਾ, ਸਟਾਲਿਨ ਅਤੇ ਪਿਨਾਰਾਈ ਨੇ ਦਿਖਾਇਆ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਰੱਥ ਅਜੇਤੂ ਨਹੀਂ ਹੈ ਅਤੇ ਉਸ ਨੂੰ ਰੋਕਿਆ ਜਾ ਸਕਦਾ ਹੈ। ਭਾਰਤ ਦੇ ਲੋਕਤੰਤਰ ਲਈ ਇਹ ਚੰਗਾ ਹੈ ਕਿ ਵੱਧ ਖੇਤਰੀ ਆਗੂ ਅਖੀਰ ਆਪਣੀ ਪਛਾਣ ਬਣਾ ਰਹੇ ਹਨ, ਇਕ ਰਚਨਾਤਮਕ ਵਿਰੋਧੀ ਧਿਰ, ਜਿਸ ’ਚ ਜੇਤੂ ਹੀ ਸਭ ਕੁਝ ਹਾਸਲ ਕਰਦਾ ਹੈ!
ਪੂਨਮ ਆਈ. ਕੌਸ਼ਿਸ਼
