ਸੈਲੀਬ੍ਰਿਟੀ ਅਤੇ ਸਿਆਸਤ : ਪ੍ਰਸਿੱਧੀ, ਸੱਤਾ ਅਤੇ ਸਟਾਰਡਮ ਤੋਂ ਪਰ੍ਹੇ ਦੀ ਹਕੀਕਤ

Monday, Jun 01, 2026 - 05:16 PM (IST)

ਸੈਲੀਬ੍ਰਿਟੀ ਅਤੇ ਸਿਆਸਤ : ਪ੍ਰਸਿੱਧੀ, ਸੱਤਾ ਅਤੇ ਸਟਾਰਡਮ ਤੋਂ ਪਰ੍ਹੇ ਦੀ ਹਕੀਕਤ

ਭਾਰਤ ’ਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਅਤੇ ਰਾਜਨੀਤੀ ਵਿਚਾਲੇ ਰਿਸ਼ਤਾ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਚੁੱਕਾ ਹੈ। ਅਦਾਕਾਰ, ਖੇਡ ਜਗਤ ਦੇ ਸਿਤਾਰੇ, ਟੈਲੀਵਿਜ਼ਨ ਦੇ ਚਿਹਰੇ, ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜਾਣੇ-ਪਛਾਣੇ ਜਨਤਕ ਚਿਹਰੇ ਤੇਜ਼ੀ ਨਾਲ ਸਿਆਸੀ ਜੀਵਨ ’ਚ ਕਦਮ ਰੱਖ ਰਹੇ ਹਨ। ਕੁਝ ਲੋਕ ਸਿਆਸੀ ਪਾਰਟੀਆਂ ’ਚ ਸ਼ਾਮਲ ਹੋ ਰਹੇ ਹਨ, ਕੁਝ ਚੋਣਾਂ ਦੌਰਾਨ ਪ੍ਰਚਾਰ ਕਰਦੇ ਹਨ, ਤਾਂ ਕੁਝ ਸੰਸਦ ਮੈਂਬਰ ਜਾਂ ਜਨਤਾ ਦੇ ਨੁਮਾਇੰਦੇ ਬਣ ਜਾਂਦੇ ਹਨ।

ਅੱਜ ਦੀ ਮੀਡੀਆ-ਨਿਰਭਰ ਦੁਨੀਆ ’ਚ, ਸਿਆਸੀ ਪਾਰਟੀਆਂ ਸੈਲੀਬ੍ਰਿਟੀ ਦੀ ਤਾਕਤ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਇਕ ਮਸ਼ਹੂਰ ਚਿਹਰਾ ਤੁਰੰਤ ਲੋਕਾਂ ਦਾ ਧਿਆਨ ਖਿੱਚਦਾ ਹੈ, ਵੱਡੀ ਭੀੜ ਇਕੱਠੀ ਕਰਦਾ ਹੈ, ਟੈਲੀਵਿਜ਼ਨ ਕਵਰੇਜ ਦਿਵਾਉਂਦਾ ਹੈ ਅਤੇ ਸੋਸ਼ਲ ਮੀਡੀਆ ’ਤੇ ਵਿਜ਼ੀਬਿਲਟੀ ਵਧਾਉਂਦਾ ਹੈ।

ਮਸ਼ਹੂਰ ਹਸਤੀਆਂ ਕੋਲ ਪਹਿਲਾਂ ਹੀ ਲੋਕਾਂ ’ਚ ਪਛਾਣ, ਗੱਲਬਾਤ ਕਰਨ ਦਾ ਹੁਨਰ ਅਤੇ ਲੋਕਾਂ ਨਾਲ ਇਕ ਭਾਵਨਾਤਮਕ ਲਗਾਅ ਹੁੰਦਾ ਹੈ। ਆਧੁਨਿਕ ਰਾਜਨੀਤੀ ’ਚ, ਜਿੱਥੇ ਅਕਸ ਅਤੇ ਵਿਜ਼ੀਬਿਲਟੀ ਬਹੁਤ ਮਾਅਨੇ ਰੱਖਦੀ ਹੈ, ਉੱਥੇ ਇਹ ਇਕ ਬਹੁਤ ਵੱਡਾ ਫਾਇਦਾ ਬਣ ਜਾਂਦਾ ਹੈ।

ਪਰ ਪਿਛਲੇ ਕੁਝ ਸਾਲਾਂ ’ਚ, ਭਾਰਤ ’ਚ ਇਕ ਮਹੱਤਵਪੂਰਨ ਹਕੀਕਤ ਵੀ ਸਾਹਮਣੇ ਆਈ ਹੈ। ਮਸ਼ਹੂਰ ਹਸਤੀਆਂ ਵੱਲੋਂ ਰਾਜਨੀਤੀ ਨੂੰ ਇਕ ਸ਼ੌਕ ਜਾਂ ਸਾਈਡ ਕਰੀਅਰ ਵਜੋਂ ਨਹੀਂ ਲਿਆ ਜਾ ਸਕਦਾ।

ਸਿਨੇਮਾ ਅਤੇ ਰਾਜਨੀਤੀ ਬਾਹਰੋਂ ਦੇਖਣ ’ਚ ਇਕੋ ਜਿਹੇ ਲੱਗ ਸਕਦੇ ਹਨ ਕਿਉਂਕਿ ਦੋਵਾਂ ’ਚ ਹੀ ਲੋਕਾਂ ਦਾ ਧਿਆਨ, ਭੀੜ, ਭਾਸ਼ਣ, ਭਾਵਨਾਵਾਂ ਅਤੇ ਅਕਸ ਬਣਾਉਣਾ ਸ਼ਾਮਲ ਹੁੰਦਾ ਹੈ ਪਰ ਅਸਲ ’ਚ, ਇਹ ਦੋਵੇਂ ਪੂਰੀ ਤਰ੍ਹਾਂ ਵੱਖਰੀ ਦੁਨੀਆ ਹਨ। ਫ਼ਿਲਮਾਂ ਸਕ੍ਰਿਪਟਡ ਭਾਵ ਤੈਅਸ਼ੁਦਾ ਸਕ੍ਰਿਪਟਡ ਵਾਲੇ ਹੀਰੋ ਬਣਾਉਂਦੀਆਂ ਹਨ, ਜਦੋਂ ਕਿ ਰਾਜਨੀਤੀ ਅਸਲ ਲੀਡਰਸ਼ਿਪ, ਸਬਰ, ਜਨ-ਸੇਵਾ ਅਤੇ ਲੰਮੇ ਸਮੇਂ ਦੀ ਵਚਨਬੱਧਤਾ ਦੀ ਪ੍ਰੀਖਿਆ ਲੈਂਦੀ ਹੈ।

ਕਈ ਅਦਾਕਾਰਾਂ ਅਤੇ ਮਸ਼ਹੂਰ ਹਸਤੀਆਂ ਲਈ, ਰਾਜਨੀਤੀ ਸ਼ੁਰੂ ’ਚ ਆਕਰਸ਼ਕ ਲੱਗਦੀ ਹੈ ਕਿਉਂਕਿ ਮਨੋਰੰਜਨ ਦੀ ਦੁਨੀਆ ’ਚ ਸਟਾਰਡਮ ਦੀ ਉਮਰ ਅਕਸਰ ਸੀਮਤ ਹੁੰਦੀ ਹੈ। ਫ਼ਿਲਮ ਇੰਡਸਟਰੀ ’ਚ ਸਫ਼ਲਤਾ ਬਹੁਤ ਤੇਜ਼ੀ ਨਾਲ ਬਦਲਦੀ ਹੈ। ਸਿਤਾਰਿਆਂ ਦੀ ਇਕ ਪੀੜ੍ਹੀ ਹੌਲੀ-ਹੌਲੀ ਨਵੇਂ ਚਿਹਰਿਆਂ ਲਈ ਜਗ੍ਹਾ ਛੱਡ ਦਿੰਦੀ ਹੈ। ਸਮੇਂ ਦੇ ਨਾਲ ਦਰਸ਼ਕ ਬਦਲ ਜਾਂਦੇ ਹਨ, ਰੁਝਾਨ ਬਦਲ ਜਾਂਦੇ ਹਨ ਅਤੇ ਮੌਕੇ ਘਟ ਜਾਂਦੇ ਹਨ। ਇੱਥੋਂ ਤੱਕ ਕਿ ਬੇਹੱਦ ਸਫ਼ਲ ਅਦਾਕਾਰਾਂ ਨੂੰ ਵੀ ਆਖ਼ਰਕਾਰ ਆਪਣੇ ਕਰੀਅਰ ’ਚ ਖੜੋਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਉਲਟ, ਰਾਜਨੀਤੀ ਉਨ੍ਹਾਂ ਨੂੰ ਆਰਜ਼ੀ ਪ੍ਰਸਿੱਧੀ ਤੋਂ ਕਿਤੇ ਵੱਡੀ ਚੀਜ਼ ਦਿੰਦੀ ਹੈ।

ਇਹੀ ਇਕ ਕਾਰਨ ਹੈ ਕਿ ਕਈ ਮਸ਼ਹੂਰ ਹਸਤੀਆਂ ਜ਼ਿੰਦਗੀ ਦੇ ਇਕ ਖ਼ਾਸ ਪੜਾਅ ’ਤੇ ਪਹੁੰਚਣ ਤੋਂ ਬਾਅਦ ਰਾਜਨੀਤੀ ’ਚ ਪ੍ਰਵੇਸ਼ ਕਰਦੀਆਂ ਹਨ। ਰਾਜਨੀਤੀ ਉਨ੍ਹਾਂ ਨੂੰ ਫ਼ਿਲਮਾਂ ਜਾਂ ਖੇਡਾਂ ਵਿਚ ਉਨ੍ਹਾਂ ਦਾ ਸੁਹਿਰਦ ਦੌਰ ਲੰਘ ਜਾਣ ਤੋਂ ਬਾਅਦ ਵੀ ਸੁਰਖੀਆਂ ’ਚ ਅਤੇ ਪ੍ਰਭਾਵਸ਼ਾਲੀ ਬਣੇ ਰਹਿਣ ਦਾ ਮੌਕਾ ਦਿੰਦੀ ਹੈ।

ਸਚਿਨ ਤੇਂਦੁਲਕਰ ਦੀ ਹੀ ਉਦਾਹਰਣ ਲੈ ਲਵੋ। ਉਹ ਭਾਰਤੀ ਇਤਿਹਾਸ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਤੀਕਾਂ ’ਚੋਂ ਇਕ ਹਨ। ਰਾਜ ਸਭਾ ’ਚ ਉਨ੍ਹਾਂ ਦੇ ਦਾਖਲੇ ਨੇ ਭਾਰੀ ਉਤਸ਼ਾਹ ਪੈਦਾ ਕੀਤਾ ਸੀ ਕਿਉਂਕਿ ਲੋਕ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਹਾਲਾਂਕਿ, ਸਮੇਂ ਦੇ ਨਾਲ, ਕਈ ਆਲੋਚਕਾਂ ਨੇ ਸਵਾਲ ਉਠਾਇਆ ਕਿ ਕੀ ਉਹ ਸੰਸਦੀ ਚਰਚਾਵਾਂ ਅਤੇ ਜਨਤਕ ਸਿਆਸੀ ਗਤੀਵਿਧੀਆਂ ’ਚ ਲੋੜੀਂਦੇ ਢੰਗ ਨਾਲ ਸਰਗਰਮ ਸਨ।

ਇਸੇ ਤਰ੍ਹਾਂ, ਰੇਖਾ ਨੂੰ ਭਾਰਤੀ ਸਿਨੇਮਾ ਵਿਚ ਉਨ੍ਹਾਂ ਦੇ ਵੱਕਾਰੀ ਰੁਤਬੇ ਕਾਰਨ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਦੀ ਹਾਜ਼ਰੀ ਨੇ ਸੁਰਖੀਆਂ ਬਟੋਰੀਆਂ ਅਤੇ ਜਨਤਾ ਦੀ ਦਿਲਚਸਪੀ ਜਗਾਈ ਪਰ ਅਕਸਰ ਉਨ੍ਹਾਂ ਦੀ ਹਾਜ਼ਰੀ, ਭਾਈਵਾਲੀ ਅਤੇ ਸਿੱਧੇ ਸਿਆਸੀ ਲਗਾਅ ਨੂੰ ਲੈ ਕੇ ਸਵਾਲ ਉਠਾਏ ਗਏ।

ਅੱਜ ਦੇ ਭਾਰਤੀ ਵੋਟਰ ਕਿਤੇ ਜ਼ਿਆਦਾ ਵਿਵਹਾਰਕ ਅਤੇ ਮੰਗ ਕਰਨ ਵਾਲੇ ਹੋ ਗਏ ਹਨ। ਪਹਿਲਾਂ, ਰਾਜਨੀਤੀ ’ਚ ਪ੍ਰਵੇਸ਼ ਕਰਨ ਵਾਲਾ ਕੋਈ ਸੁਪਰਸਟਾਰ ਇਕ ਵੱਡੀ ਭਾਵਨਾਤਮਕ ਲਹਿਰ ਪੈਦਾ ਕਰ ਸਕਦਾ ਸੀ। ਪਰ ਹੁਣ, ਲੋਕ ਤੇਜ਼ੀ ਨਾਲ ਕਾਰਗੁਜ਼ਾਰੀ, ਵਿਜ਼ੀਬਿਲਟੀ, ਹਲਕੇ ਦੇ ਕੰਮ ਅਤੇ ਗੰਭੀਰਤਾ ਦੀ ਉਮੀਦ ਕਰਦੇ ਹਨ।

ਰਾਜਨੀਤੀ ’ਚ ਸਫ਼ਲ ਹੋਣ ਵਾਲੇ ਸੈਲੀਬ੍ਰਿਟੀ ਆਮ ਤੌਰ ’ਤੇ ਉਹ ਹੁੰਦੇ ਹਨ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਜਨਤਕ ਜੀਵਨ ਦੇ ਲੇਖੇ ਲਾ ਦਿੰਦੇ ਹਨ।

ਉਦਾਹਰਣ ਲਈ, ਐੱਮ. ਜੀ. ਰਾਮਚੰਦਰਨ, ਜੇ. ਜੈਲਲਿਤਾ ਅਤੇ ਐੱਨ. ਟੀ. ਰਾਮਾਰਾਓ ਵਰਗੇ ਆਗੂ ਇਸ ਲਈ ਸਫ਼ਲ ਹੋਏ ਕਿਉਂਕਿ ਉਨ੍ਹਾਂ ਨੇ ਰਾਜਨੀਤੀ ਨੂੰ ਪਾਰਟ-ਟਾਈਮ ਵਾਂਗ ਨਹੀਂ ਦੇਖਿਆ। ਉਨ੍ਹਾਂ ਨੇ ਲੋਕਾਂ ਨਾਲ ਭਾਵਨਾਤਮਕ ਸਾਂਝ ਬਣਾਈ।

ਦੂਜੇ ਪਾਸੇ, ਕਈ ਮਸ਼ਹੂਰ ਹਸਤੀਆਂ ਚੋਣਾਂ ਦੌਰਾਨ ਰਾਜਨੀਤੀ ’ਚ ਆਉਂਦੀਆਂ ਹਨ, ਮੁਹਿੰਮਾਂ ’ਚ ਦਿਖਾਈ ਦਿੰਦੀਆਂ ਹਨ, ਸੁਰਖੀਆਂ ਬਟੋਰਦੀਆਂ ਹਨ ਅਤੇ ਬਾਅਦ ’ਚ ਸਰਗਰਮ ਜਨਤਕ ਜੀਵਨ ਤੋਂ ਗਾਇਬ ਹੋ ਜਾਂਦੀਆਂ ਹਨ। ਇਸ ਨਾਲ ਜਨਤਾ ਦਾ ਭਰੋਸਾ ਕਮਜ਼ੋਰ ਹੁੰਦਾ ਹੈ। ਜਿਵੇਂ ਗੁਰਦਾਸਪੁਰ ਤੋਂ ਸੰਨੀ ਦਿਓਲ, ਲੋਕਾਂ ਨੇ ਉਨ੍ਹਾਂ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਤੱਕ ਲਗਾ ਦਿੱਤੇ ਸਨ।

ਆਧੁਨਿਕ ਵੋਟਰ ਪਹਿਲਾਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਜਾਗਰੂਕ ਹਨ। ਉਹ ਅਸਲ ’ਚ ਅਜਿਹੇ ਹਵਾਈ ਗੱਲਾਂ ਕਰਨ ਵਾਲੇ ਸਿਆਸਤਦਾਨ ਨਹੀਂ ਚਾਹੁੰਦੇ ਜੋ ਸਿਰਫ਼ ਰਾਜਨੀਤੀ ਤੋਂ ਮਿਲਣ ਵਾਲੇ ਮੁਫ਼ਤ ਦੇ ਫਾਇਦਿਆਂ ਅਤੇ ਲਾਭਾਂ ਲਈ ਉੱਥੇ ਮੌਜੂਦ ਹੋਣ। ਉਹ ਇਕ ਅਜਿਹਾ ਵਿਅਕਤੀ ਚਾਹੁੰਦੇ ਹਨ ਜੋ ਪਰਵਾਹ ਕਰੇ ਅਤੇ ਨਤੀਜੇ ਦੇਵੇ।

ਭਵਿੱਖ ’ਚ ਰਾਜਨੀਤੀ ’ਚ ਪ੍ਰਵੇਸ਼ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ, ਕਿਉਂਕਿ ਆਧੁਨਿਕ ਰਾਜਨੀਤੀ ਖ਼ੁਦ ਮੀਡੀਆ, ਬ੍ਰਾਂਡਿੰਗ, ਸ਼ਖਸੀਅਤ ਅਤੇ ਜਨਤਕ ਅਕਸ ਨਾਲ ਡੂੰਘੀ ਜੁੜ ਚੁੱਕੀ ਹੈ। ਇਨਫਲੂਐਂਸਰ, ਯੂ-ਟਿਊਬਰ, ਖੇਡ ਹਸਤੀਆਂ ਅਤੇ ਡਿਜੀਟਲ ਸੈਲੀਬ੍ਰਿਟੀਜ਼ ਭਵਿੱਖ ਦੇ ਸਿਆਸੀ ਉਮੀਦਵਾਰ ਬਣ ਸਕਦੇ ਹਨ।

ਫਿਰ ਵੀ, ਭਾਰਤੀ ਲੋਕਤੰਤਰ ਦਾ ਸਬਕ ਬਿਲਕੁਲ ਸਾਫ਼ ਹੈ। ਪ੍ਰਸਿੱਧੀ ਦਰਵਾਜ਼ਾ ਤਾਂ ਖੋਲ੍ਹ ਸਕਦੀ ਹੈ, ਪਰ ਸਿਰਫ਼ ਵਚਨਬੱਧਤਾ, ਸਖ਼ਤ ਮਿਹਨਤ ਅਤੇ ਜਨ-ਸੇਵਾ ਹੀ ਇਕ ਸਥਾਈ ਸਿਆਸੀ ਕਰੀਅਰ ਦਾ ਨਿਰਮਾਣ ਕਰ ਸਕਦੀ ਹੈ।

ਇਕ ਸੈਲੀਬ੍ਰਿਟੀ ਰਾਤੋ-ਰਾਤ ਮਸ਼ਹੂਰ ਹੋ ਸਕਦਾ ਹੈ, ਪਰ ਇਕ ਸਿਆਸੀ ਆਗੂ ਸਮੇਂ ਦੇ ਨਾਲ ਹੌਲੀ-ਹੌਲੀ ਲੋਕਾਂ ਦਾ ਭਰੋਸਾ ਕਮਾਉਂਦਾ ਹੈ ਅਤੇ ਭਾਰਤ ਦੇ ਲੋਕਤੰਤਰ ’ਚ, ਵੋਟਰ ਮਸ਼ਹੂਰ ਹਸਤੀਆਂ ਦੀ ਸ਼ਲਾਘਾ ਤਾਂ ਕਰ ਸਕਦੇ ਹਨ ਪਰ ਅੰਤ ’ਚ ਉਹ ਇਕ ਆਗੂ ਦੀ ਉਮੀਦ ਕਰਦੇ ਹਨ।

–ਦੇਵੀ ਐੱਮ. ਚੇਰੀਅਨ


author

Harpreet SIngh

Content Editor

Related News