ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
Friday, May 29, 2026 - 02:52 AM (IST)
ਬੇਸ਼ੱਕ ਕੇਂਦਰ ਸਰਕਾਰ ਨੇ ਬਾਲੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ 22 ਜਨਵਰੀ, 2015 ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਸ਼ੁਰੂ ਕੀਤੀ ਸੀ, ਪਰ ਅਜੇ ਵੀ ਇਹ ਯੋਜਨਾ ਆਪਣੇ ਟੀਚੇ ਤੋਂ ਬਹੁਤ ਦੂਰ ਹੈ।
ਇਸ ਦਾ ਸਬੂਤ ਹੈ ਦੇਸ਼ ’ਚ ਰੋਜ਼ ਹੋ ਰਹੀਆਂ ਕੰਨਿਆਵਾਂ ਦੀਆਂ ਹੱਤਿਆਵਾਂ। ਇਕ ਪਾਸੇ ਕੁੱਖ ’ਚ ਪਲ ਰਹੀਆਂ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਸਮਾਜਿਕ ਰੂੜ੍ਹੀਆਂ ਅਤੇ ਮਜਬੂਰੀਆਂ ਦੇ ਨਾਂ ’ਤੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਆਪਣੇ ਹੀ ਹੱਥੀਂ ਆਪਣੀਆਂ ਧੀਆਂ ਦੀ ਜਾਨ ਲੈ ਰਹੇ ਹਨ, ਜਿਸ ਦੀਆਂ ਪਿਛਲੇ 2 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 18 ਮਾਰਚ ਨੂੰ ‘ਪਲਨਾਡੂ’ (ਆਂਧਰਾ ਪ੍ਰਦੇਸ਼) ਜ਼ਿਲੇ ਦੇ ‘ਮਾਚੇਰਲਾ’ ਸ਼ਹਿਰ ’ਚ ਆਪਣੀ ਧੀ ‘ਚੌਦੇਸ਼ਵਰੀ ਦੇਵੀ’ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਉਸ ਦੇ ਪਿਤਾ ‘ਚੰਦਰ’ ਨੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। 4 ਅਪ੍ਰੈਲ, 2026 ਨੂੰ ਆਈ ਪੋਸਟਮਾਰਟਮ ਰਿਪੋਰਟ ’ਚ ਹੱਤਿਆ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ‘ਚੰਦਰ’ ਨੂੰ ਗ੍ਰਿਫ਼ਤਾਰ ਕਰ ਲਿਆ।
* 23 ਮਾਰਚ ਨੂੰ ‘ਜਮਸ਼ੇਦਪੁਰ’ (ਝਾਰਖੰਡ) ’ਚ ‘ਲਕਸ਼ਮੀ ਕੁਮਾਰੀ’ ਨਾਂ ਦੀ ਇਕ ਔਰਤ ਨੇ ਆਪਣੀ ਨਵਜੰਮੀ ਧੀ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਘਰ ਦੇ ਪਿਛਵਾੜੇ ’ਚ ਦੱਬ ਦਿੱਤੀ। ‘ਲਕਸ਼ਮੀ ਕੁਮਾਰੀ’ ਦੇ ਪਤੀ ‘ਸੋਨਾ ਰਾਮ’ ਦੀ ਸ਼ਿਕਾਇਤ ’ਤੇ ਪੁਲਸ ਨੇ ‘ਲਕਸ਼ਮੀ ਕੁਮਾਰੀ’ ਨੂੰ ਗ੍ਰਿਫ਼ਤਾਰ ਕਰ ਲਿਆ।
* 15 ਮਈ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੇ ਆਪਣੀਆਂ ਜੁੜਵਾ ਧੀਆਂ ਦੀ ਹੱਤਿਆ ਕਰ ਦਿੱਤੀ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਕਿ ਗਰੀਬੀ ਅਤੇ ਪੈਸੇ ਦੀ ਭਾਰੀ ਤੰਗੀ ਕਾਰਨ ਬੱਚੀਆਂ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰੱਥ ਹੋਣ ਕਰਕੇ ਉਸ ਨੇ ਇਹ ਭਿਆਨਕ ਕਦਮ ਚੁੱਕਿਆ ਅਤੇ ਕਿਹਾ ਕਿ ‘‘ਰੱਬ ਧੀਆਂ ਦੇਵੇ ਤਾਂ ਉਸ ਦੇ ਮਾਤਾ-ਪਿਤਾ ਨੂੰ ਪੈਸਾ ਜ਼ਰੂਰ ਦੇਵੇ।’’
* 20 ਮਈ ਨੂੰ ‘ਕੁਸ਼ੀਨਗਰ’ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ‘ਬਿਗਨ ਅੰਸਾਰੀ’ ਨੇ ਆਪਣੀ 15 ਸਾਲਾ ਨਾਬਾਲਗ ਧੀ ਨਾਲ ਕਿਸੇ ਗੱਲ ’ਤੇ ਨਾਰਾਜ਼ ਹੋਣ ਕਾਰਨ ਬੇਰਹਿਮੀ ਨਾਲ ਉਸ ਦੀ ਹੱਤਿਆ ਕਤਲ ਕਰ ਦਿੱਤੀ। ‘ਬਿਗਨ ਅੰਸਾਰੀ’ ਨੇ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ, ਫਿਰ ਉਸ ਨੇ ਆਪਣੀ ਧੀ ਦਾ ਸਿਰ ਤਲਾਬ ’ਚ ਸੁੱਟਣ ਤੋਂ ਬਾਅਦ ਉਸ ਦੇ ਧੜ ਨੂੰ ਇਕ ਬਾਕਸ ’ਚ ਪੈਕ ਕਰਕੇ ‘ਛਪਰਾ-ਗੋਮਤੀ ਨਗਰ ਐਕਸਪ੍ਰੈੱਸ’ ਟ੍ਰੇਨ ’ਚ ਰੱਖ ਦਿੱਤਾ।
‘ਲਖਨਊ’ ਦੇ ਗੋਮਤੀ ਨਗਰ ਸਟੇਸ਼ਨ ’ਤੇ ਸਫਾਈ ਕਰਮਚਾਰੀਆਂ ਨੇ ਟ੍ਰੇਨ ਦੀ ਸੀਟ ਦੇ ਹੇਠਾਂ ਖੂਨ ਵਗਦਾ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ‘ਬਿਗਨ ਅੰਸਾਰੀ’ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
* 23 ਮਈ ਨੂੰ ‘ਪਟਿਆਲਾ’ (ਪੰਜਾਬ) ’ਚ ‘ਲਵਪ੍ਰੀਤ ਕੌਰ’ ਨਾਂ ਦੀ ਇਕ ਕਲਯੁਗੀ ਔਰਤ ਨੂੰ ਆਪਣੀ 21 ਮਹੀਨਿਆਂ ਦੀ ਮਾਸੂਮ ਧੀ ਦੇ ਵਾਰ-ਵਾਰ ਰੋਣ ਤੋਂ ਤੰਗ ਆ ਕੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 24 ਮਈ ਨੂੰ ‘ਦਿੱਲੀ’ ਦੇ ‘ਭਲਸਵਾ ਡੇਅਰੀ’ (ਮੁਕੰਦਪੁਰ) ਇਲਾਕੇ ’ਚ ‘ਦੀਪਕ’ ਨਾਂ ਦੇ 25 ਸਾਲਾ ਨੌਜਵਾਨ ਨੇ ਆਪਣੀ 10 ਮਹੀਨਿਆਂ ਦੀ ਧੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਪੁਲਸ ’ਚ ਬੱਚੀ ਦੇ ਅਗਵਾ ਹੋਣ ਦੀ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਪੁਲਸ ਨੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ ਕਿ ਧੀ ਲਈ ਦੁੱਧ ਅਤੇ ਦਵਾਈਆਂ ਦਾ ਖਰਚਾ ਪੂਰਾ ਕਰਨ ’ਚ ਅਸਮਰੱਥ ਰਹਿਣ ਕਾਰਨ ਉਸ ਨੇ ਉਸ ਦੀ ਹੱਤਿਆ ਕਰਕੇ ਉਸ ਦੀ ਲਾਸ਼ ਸੈਪਟਿਕ ਟੈਂਕ ’ਚ ਸੁੱਟ ਦਿੱਤੀ ਸੀ।
* 24 ਮਈ ਨੂੰ ਹੀ ‘ਜਾਲੌਨ’ (ਉੱਤਰ ਪ੍ਰਦੇਸ਼) ’ਚ ‘ਵਿਨੀਤਾ’ ਨਾਂ ਦੀ ਇਕ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੇ ਨਾਲ ਸੁੱਤੀ ਪਈ 4 ਸਾਲਾ ਧੀ ‘ਨੈਨਾ’ ਦੀ ਪਰਨੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
* ਅਤੇ ਹੁਣ 25 ਮਈ ਨੂੰ ‘ਕਰਨਾਲ’ (ਹਰਿਆਣਾ) ’ਚ ‘ਸੋਨੂੰ’ ਨਾਂ ਦੇ ਵਿਅਕਤੀ ਨੂੰ ਘਰੇਲੂ ਵਿਵਾਦ ਕਾਰਨ ਆਪਣੀ 3 ਮਹੀਨਿਆਂ ਦੀ ਮਾਸੂਮ ਧੀ ‘ਦਿਵਿਆਂਸ਼ੀ’ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਨਾਲੇ ’ਚ ਸੁੱਟ ਦੇਣ ਦੇ ਦੋਸ਼ ’ਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਧੀਆਂ ਦੀ ਹੱਤਿਆ ਕਰਨ ਵਰਗਾ ਘਿਨਾਉਣਾ ਪਾਪ ਕਰਨ ਵਾਲੇ ਇਹ ਕਿਉਂ ਨਹੀਂ ਸੋਚਦੇ ਕਿ ਜਿੱਥੇ ਪੁੱਤਰ ਇਕ ਵੰਸ਼ ਨੂੰ ਅੱਗੇ ਚਲਾ ਕੇ ਇਕ ਪਰਿਵਾਰ ਦਾ ਨਾਂ ਰੌਸ਼ਨ ਕਰਦਾ ਹੈ, ਉੱਥੇ ਹੀ ਧੀਆਂ ਆਪਣੇ ਪੇਕੇ ਅਤੇ ਸਹੁਰੇ, ਭਾਵ ਦੋ-ਦੋ ਪਰਿਵਾਰਾਂ ਦਾ ਨਾਂ ਰੌਸ਼ਨ ਕਰਦੀਆਂ ਹਨ। ਇਸ ਲਈ, ਧੀਆਂ ਨੂੰ ਇਸ ਤਰ੍ਹਾਂ ਮਾਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਾ ਹੀ ਇਸ ਸਮੱਸਿਆ ਤੋਂ ਮੁਕਤੀ ਦਾ ਇਕੋ-ਇਕ ਉਪਾਅ ਹੈ।
ਧੀਆਂ ਦੀ ਹੱਤਿਆ ਦੀ ਪ੍ਰਵਿਰਤੀ ਨੂੰ ਰੋਕ ਕੇ, ਉਨ੍ਹਾਂ ਦਾ ਸਹੀ ਪਾਲਣ-ਪੋਸ਼ਣ ਕਰਕੇ ਅਤੇ ਉਨ੍ਹਾਂ ਨੂੰ ਸਹੀ ਵਿੱਦਿਆ ਦਿਵਾ ਕੇ ਹੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸਰਕਾਰ ਦਾ ਨਾਅਰਾ ਸਫਲ ਹੋ ਸਕਦਾ ਹੈ।
—ਵਿਜੇ ਕੁਮਾਰ
