ਇਕ ਲੰਬੀ ਅਤੇ ਛਲਾਵੇ ਭਰੀ ਯਾਤਰਾ ਦਾ ਨਾਂ ਹੈ ‘ਡੰਕੀ ਰੂਟ’

Tuesday, Sep 03, 2024 - 05:42 PM (IST)

‘ਕਈ ਦਿਨ ਭੁੱਖੇ ਰਹਿਣਾ ਪਿਆ। ਇਕ ਵਾਰ ਤਾਂ ਸਿਰਫ ਬਿਸਕੁਟ ਖਾ ਕੇ ਪੂਰਾ ਹਫਤਾ ਗੁਜ਼ਾਰਿਆ। ਰਾਹ ’ਚ ਫੋਨ ਅਤੇ ਜੁੱਤੇ ਖੋਹ ਲਏ ਗਏ। ਨੰਗੇ ਪੈਰੀਂ ਚੱਲਣਾ ਪਿਆ, ਬਿਨਾਂ ਪੱਖੇ ਅਤੇ ਖਿੜਕੀ ਵਾਲੀ ਥਾਂ ’ਚ ਸੌਣ ਨੂੰ ਮਜਬੂਰ ਹੋਣਾ ਪਿਆ।’ ਕਿਸੇ ਫਿਲਮੀ ਡਾਇਲਾਗ ਦਾ ਹਿੱਸਾ ਨਾ ਹੋ ਕੇ ਇਹ ਆਪ-ਬੀਤੀ ਹੈ ਸਮਾਣਾ ਦੇ ਉਨ੍ਹਾਂ 4 ਨੌਜਵਾਨਾਂ ਦੀ, ਅਮਰੀਕਾ ਪਹੁੰਚਣ ਦੀ ਚਾਹਤ ’ਚ ਜਿਨ੍ਹਾਂ ਨੂੰ ਹਾਲ ਹੀ ’ਚ ‘ਡੰਕੀ ਰੂਟ’ ਦੀਆਂ ਦੁਸ਼ਵਾਰੀਆਂ ਦਾ ਸ਼ਿਕਾਰ ਹੋਣਾ ਪਿਆ।

ਨਾਜਾਇਜ਼ ਢੰਗ ਨਾਲ ਹੀ ਸਹੀ, ਇਕ ਵੱਡੀ ਗਿਣਤੀ ’ਚ ਭਾਰਤੀ ਨੌਜਵਾਨ ਅਮਰੀਕਾ, ਕੈਨੇਡਾ, ਬਰਤਾਨੀਆ ਵਰਗੇ ਦੇਸ਼ਾਂ ਵੱਲ ਹਿਜਰਤ ਕਰ ਰਹੇ ਹਨ ਜਿਨ੍ਹਾਂ ’ਚੋਂ ਬਹੁਤੀ ਗਿਣਤੀ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਪੇਂਡੂਆਂ ਦੀ ਹੈ।

ਮੁੱਖ ਕਾਰਨ ਜਿੱਥੇ ਸਾਧਨ ਸੰਪੰਨ ਜ਼ਿੰਦਗੀ ਜਿਊਣ ਦੀ ਇੱਛਾ ਹੈ, ਉੱਥੇ ਹੀ ਬੇਰੋਜ਼ਗਾਰੀ ਦੇ ਧੱਬੇ ਤੋਂ ਮੁਕਤ ਹੋਣ ਦੀ ਆਸ ਵੀ ਲੁਕੀ ਹੋਈ ਹੈ। ਭਾਰਤ ਦੀ ਬੇਰੋਜ਼ਗਾਰੀ ਦਰ ’ਚ 2018 ਤੋਂ ਲਗਾਤਾਰ ਗਿਰਾਵਟ ਆਉਣ ਦੇ ਬਾਵਜੂਦ ਪੇਂਡੂ ਇਲਾਕਿਆਂ ’ਚ ਰੋਜ਼ਗਾਰ ਮਿਲਣ ਨੂੰ ਲੈ ਕੇ ਸਥਿਤੀ ਤਸੱਲੀਬਖਸ਼ ਨਾ ਹੋ ਸਕਣਾ ਧਿਆਨ ਦੇਣ ਯੋਗ ਗੱਲ ਹੈ।

ਪੰਜਾਬੀ ਭਾਸ਼ਾ ਦੇ ‘ਡੰਕੀ’ ਤੋਂ ਬਣਿਆ ‘ਡੰਕੀ ਰੂਟ’ ਦਾ ਸ਼ਾਬਦਿਕ ਅਰਥ ਹੈ- ‘‘ਇਕ ਥਾਂ ਤੋਂ ਦੂਜੀ ਥਾਂ ਜਾਣਾ’’। ਸਰਹੱਦੀ ਕੰਟਰੋਲ ਤੋਂ ਬਚਣ ਲਈ ਇਹ ਇਕ ਲੰਮੀ ਅਤੇ ਘੁੰਮ-ਘੁੰਮ ਕੇ ਕੀਤੀ ਜਾਣ ਵਾਲੀ ਯਾਤਰਾ ਹੈ, ਜਿਸ ਨਾਲ ਦੂਜੇ ਦੇਸ਼ ਵਿਚ ਗੈਰ-ਕਾਨੂੰਨੀ ਦਾਖਲਾ ਹੁੰਦਾ ਹੈ। ਡੰਕੀ ਪ੍ਰਥਾ ਦਸੰਬਰ 2023 ਵਿਚ ਸੁਰਖੀਆਂ ਵਿਚ ਆਈ ਸੀ, ਜਦੋਂ ਫਰਾਂਸ ਨੇ ਮਨੁੱਖੀ ਸਮੱਗਲਿੰਗ ਦੇ ਸ਼ੱਕ ਵਿਚ 303 ਭਾਰਤੀ ਯਾਤਰੀਆਂ ਨੂੰ ਲੈ ਕੇ ਦੁਬਈ ਤੋਂ ਨਿਕਾਰਾਗੁਆ ਲਈ ਇਕ ਚਾਰਟਰ ਫਲਾਈਟ ਦੀ ਉਡਾਣ ’ਤੇ ਰੋਕ ਲਾਉਂਦੇ ਹੋਏ, ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮਨੁੱਖੀ ਸਮੱਗਲਰ ਅਕਸਰ ਨਵੀਂ ਦਿੱਲੀ ਅਤੇ ਮੁੰਬਈ ਤੋਂ ਲੋਕਾਂ ਨੂੰ ਟੂਰਿਸਟ ਵੀਜ਼ੇ ’ਤੇ ਯੂ. ਏ. ਈ. ਲੈ ਜਾਂਦੇ ਹਨ। ਫਿਰ ਉਹ ਲਾਤੀਨੀ ਅਮਰੀਕਾ ਦੇ ਦੇਸ਼ਾਂ ਜਿਵੇਂ ਕਿ ਵੈਨੇਜ਼ੁਏਲਾ, ਨਿਕਾਰਾਗੁਆ, ਗੁਆਟੇਮਾਲਾ ਦੇ ਕਈ ਆਵਾਜਾਈ ਪੁਆਇੰਟਾਂ ਨੂੰ ਪਾਰ ਕਰਦੇ ਹੋਏ ਅਮਰੀਕਾ-ਮੈਕਸੀਕੋ ਸਰਹੱਦ ਤਕ ਪਹੁੰਚ ਬਣਾਉਂਦੇ ਹਨ।

ਇਸ ਕਿਸਮ ਦੀ ਇਮੀਗ੍ਰੇਸ਼ਨ ਨੂੰ ‘ਨੰਬਰ ਦੋ’ ਰੂਟ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ‘ਨੰਬਰ ਇਕ’ ਕਾਨੂੰਨੀ ਤਰੀਕੇ ਨੂੰ ਮਨਜ਼ੂਰੀ ਨਾ ਮਿਲਣ ਜਾਂ ਬੈਕਲਾਗ ਕਾਰਨ ਰੱਦ ਹੋਣ ’ਤੇ ਬਦਲ ਵਜੋਂ ਅਪਣਾਇਆ ਜਾਂਦਾ ਹੈ।

ਵਿਦੇਸ਼ ਜਾਣ ਦਾ ਸਭ ਤੋਂ ਵੱਧ ਰੁਝਾਨ ਅਮਰੀਕਾ ਲਈ ਦੇਖਿਆ ਗਿਆ। ਇੱਥੇ ਰਹਿ ਕੇ ਡਾਲਰ ਕਮਾਉਣਾ ਸਟੇਟਸ ਸਿੰਬਲ ਮੰਨਿਆ ਜਾਂਦਾ ਹੈ। ਪਿਛਲੇ 5 ਸਾਲਾਂ ’ਚ 2 ਲੱਖ ਭਾਰਤੀਆਂ ਨੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ’ਚ ਗੈਰ-ਕਾਨੂੰਨੀ ਤਰੀਕੇ ਅਪਣਾਏ ਹਨ। ਅਮਰੀਕੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ 96 ਹਜ਼ਾਰ 917 ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਦਾਖ਼ਲ ਹੁੰਦੇ ਫੜੇ ਗਏ।

ਬਿਹਤਰ ਭਵਿੱਖ ਦੀ ਭਾਲ ਵਿਚ ਅਪਣਾਏ ਜਾ ਰਹੇ ਇਸ ‘ਡੰਕੀ ਰੂਟ’ ਨੂੰ ਹਰ ਕਦਮ ’ਤੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਵੀ ਘੱਟ ਨਹੀਂ। ਖ਼ਰਾਬ ਮੌਸਮ, ਭੁੱਖ, ਬੀਮਾਰੀ, ਦੁਰਵਿਵਹਾਰ ਅਤੇ ਕਈ ਵਾਰ ਮੌਤ ਤਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਰਿਪੋਰਟਾਂ ਮੁਤਾਬਕ ਜਨਵਰੀ 2022 ਵਿਚ ਅਮਰੀਕਾ-ਕੈਨੇਡਾ ਸਰਹੱਦ ਨੇੜੇ ਠੰਢ ਕਾਰਨ 3 ਸਾਲ ਦੇ ਬੱਚੇ ਸਮੇਤ ਇਕ ਭਾਰਤੀ ਪਰਿਵਾਰ ਦੀ ਮੌਤ ਹੋ ਗਈ ਸੀ।

ਕਈ ਮਹੀਨਿਆਂ ਦੀ ਇਸ ਯਾਤਰਾ ਦੌਰਾਨ ਮਨੁੱਖੀ ਸਮੱਗਲਰਾਂ ਨਾਲ ਵੀ ਮੁਲਾਕਾਤ ਹੋਵੇਗੀ, ਜੋ ਗੈਰ-ਕਾਨੂੰਨੀ ਯਾਤਰਾ ਸੰਚਾਲਨ ਵਿਚ ਮਦਦ ਕਰਨ ਦੇ ਨਾਂ ’ਤੇ ਚੰਗੀ ਰਕਮ ਬਟੋਰ ਲੈਂਦੇ ਹਨ। ਹਾਲ ਹੀ ਦੇ ਸਮਾਣਾ ਕੇਸ ਵਿਚ ਵੀ, ਸਪੇਨ ਵਿਚ ਕਥਿਤ ਤੌਰ ’ਤੇ ਲਾਵਾਰਿਸ ਛੱਡੇ ਗਏ ਚਾਰ ਨੌਜਵਾਨਾਂ ਵਿਚੋਂ ਹਰੇਕ ਨੂੰ ਅਮਰੀਕਾ ਪਹੁੰਚਣ ਲਈ ਕਿਸੇ ਹੋਰ ਏਜੰਟ ਨਾਲ ਸੰਪਰਕ ਕਰਨ ’ਤੇ 25-25 ਲੱਖ ਰੁਪਏ ਵਾਧੂ ਅਦਾ ਕਰਨੇ ਪਏ, ਜਦੋਂ ਕਿ ਪ੍ਰਤੀ ਵਿਅਕਤੀ 35 ਲੱਖ ਰੁਪਏ ਉਹ ਪਹਿਲੇ ਏਜੰਟ ਨੂੰ ਅਦਾ ਕਰ ਚੁੱਕੇ ਸਨ।

ਕੇਰਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਐੱਸ. ਇਰੂਦਯਾ ਅਨੁਸਾਰ, “ਮੁੱਠੀ ਭਰ ਡੰਕੀ ਪ੍ਰਵਾਸੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਬਹੁਗਿਣਤੀ ਨੂੰ ਗੁੰਮਰਾਹ ਕਰਦੀਆਂ ਹਨ। ਪਰਵਾਸ ਦੇ ਫਾਇਦਿਆਂ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਪਰ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਕੋਈ ਨਹੀਂ ਬੋਲਦਾ।’’

ਪੂਰੀ ਕਹਾਣੀ ਜਾਣੇ ਬਿਨਾਂ ਹੀ ਵਿਦੇਸ਼ ਵਿਚ ਪੈਰ ਜਮਾਉਣ ਦੀ ਕਾਹਲੀ ਸਮੇਂ ਦੇ ਨਾਲ ਆਉਣ ਵਾਲੀਆਂ ਉਨ੍ਹਾਂ ਅਣਗਿਣਤ ਸਮੱਸਿਆਵਾਂ ਨਾਲ ਦੋ-ਚਾਰ ਹੋਣ ਹੀ ਨਹੀਂ ਦਿੰਦੀ, ਜੋ ਕੌੜੀ ਹਕੀਕਤ ਬਣ ਕੇ ਸਾਡੇ ਸਾਹਮਣੇ ਆ ਖੜ੍ਹੀਆਂ ਹੁੰਦੀਆਂ ਹਨ।

‘ਨਾ ਇਧਰ ਦੇ, ਨਾ ਓਧਰ ਦੇ’ ਵਾਲੀ ਸਥਿਤੀ ਦੇਸ਼ ਪਰਤਣ ਦਾ ਬਦਲ ਹੀ ਕਿੱਥੇ ਛੱਡਦੀ ਹੈ? ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ’ਚ ਜ਼ਮੀਨ, ਜਾਇਦਾਦ, ਗਹਿਣੇ ਸਭ ਕੁਝ ਦਾਅ ’ਤੇ ਲੱਗ ਚੁੱਕਾ ਹੁੰਦਾ ਹੈ।

ਬਸ ਇਕੋ ਉਮੀਦ ਬਚੀ ਹੈ ਕਿ ਚੰਗੇ ਦਿਨ ਆਉਣਗੇ, ਬਿਲਕੁਲ ਸਮਾਣਾ ਦੇ ਉਨ੍ਹਾਂ ਪਰਿਵਾਰਾਂ ਵਾਂਗ ਹੀ, ਜਿਨ੍ਹਾਂ ਦੇ ਬੱਚਿਆਂ ਨੇ ਕਰੀਬ ਇਕ ਮਹੀਨੇ ਬਾਅਦ ਇਕ ਫੋਨ ਕਾਲ ਦਾ ਇੰਤਜ਼ਾਮ ਕਰ ਕੇ ਆਪਣੀ ਸਮੁੱਚੀ ਹਾਲਤ ਬਿਆਨ ਕੀਤੀ।

ਮਾਪਿਆਂ ਅਨੁਸਾਰ ਇਸ ਗੈਰ-ਕਾਨੂੰਨੀ ਪਰਵਾਸ ਵਿਚ ਕੁੱਲ 2 ਕਰੋੜ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜੋ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਵਿਚ ਸੈਟਲ ਕਰਨ ਲਈ ਏਜੰਟ ਦੇ ਝੂਠੇ ਭਰੋਸੇ ’ਤੇ ਜ਼ਮੀਨ ਅਤੇ ਗਹਿਣੇ ਵੇਚ ਕੇ ਇਕੱਠੇ ਕੀਤੇ ਸਨ।

“ਅਸੀਂ ਆਪਣੇ ਮਾਤਾ-ਪਿਤਾ ਦੀ ਬਦੌਲਤ ਜਿਊਂਦੇ ਬਚ ਗਏ ਅਤੇ ਅਮਰੀਕਾ ਪਹੁੰਚ ਗਏ”, ਪੀੜਤ ਨੌਜਵਾਨਾਂ ਦਾ ਇਹ ਬਿਆਨ ਸੰਖੇਪ ਵਿਚ ਬਹੁਤ ਸਾਰੇ ਵਿਅੰਗ ਛੱਡ ਜਾਂਦਾ ਹੈ। ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਸਾਡੀ ਵਿਵਸਥਾ ਇੰਨੀ ਵਿਕਸਤ ਕਿਉਂ ਨਹੀਂ ਹੋਈ ਕਿ ਰੋਜ਼ਗਾਰ ਦੀ ਉਪਲਬਧਤਾ ਦੇ ਮਾਮਲੇ ਵਿਚ ਦੇਸ਼ ਵਾਸੀਆਂ ਨੂੰ ‘ਇਕ ਅਨਾਰ, ਸੌ ਬਿਮਾਰ’ ਵਾਲੀ ਸਥਿਤੀ ਤੋਂ ਬਚਾ ਸਕੇ?

ਜਨਤਾ ਪ੍ਰਤੀ ਜਵਾਬਦੇਹ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਨੱਕ ਹੇਠਾਂ ਹਨੇਰਾ ਕਿਵੇਂ ਆਪਣਾ ਦਬਦਬਾ ਬਣਾਉਂਦਾ ਹੈ? ਸਭ ਤੋਂ ਵੱਡਾ ਸਵਾਲ ਸਮਾਜ ਦੇ ਉਸ ਤਰਕਹੀਣ ਤਬਕੇ ਦਾ ਹੈ, ਜੋ ਵੱਡੇ ਪੱਧਰ ’ਤੇ ਪ੍ਰਚਾਰ ਦੇ ਬਾਵਜੂਦ ਫਰਜ਼ੀ ਏਜੰਟਾਂ ਦੇ ਧੋਖੇ ਵਿਚ ਆ ਕੇ ਆਪਣੇ ਨੌਜਵਾਨਾਂ ਨੂੰ ‘ਡੰਕੀ ਰੂਟ’ ਅਪਨਾਉਣ ਦੀ ਆਗਿਆ ਦੇ ਦਿੰਦਾ ਹੈ, ਬਜਾਏ ਇਸ ਦੇ ਕੇ ਉਨ੍ਹਾਂ ਨੂੰ ਦੇਸ਼ ’ਚ ਰਹਿ ਕੇ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰਨ ਦੀ ਗੱਲ ਸੋਚੇ!

ਦੀਪਿਕਾ ਅਰੋੜਾ


Rakesh

Content Editor

Related News