ਭਾਰਤ ਦੁਨੀਆ ਲਈ ਆਦਰਸ਼ ਅਤੇ ਪ੍ਰੇਰਣਾਮਈ ਦੇਸ਼ ਬਣੇਗਾ

Monday, Dec 01, 2025 - 04:53 PM (IST)

ਭਾਰਤ ਦੁਨੀਆ ਲਈ ਆਦਰਸ਼ ਅਤੇ ਪ੍ਰੇਰਣਾਮਈ ਦੇਸ਼ ਬਣੇਗਾ

ਅਯੁੱਧਿਆ ’ਚ ਸ਼੍ਰੀ ਰਾਮ ਜਨਮਭੂਮੀ ਮੰਦਰ ਦੇ ਸਿਖਰ ’ਤੇ ਝੰਡਾ ਲਹਿਰਾਉਣ ਦੇ ਨਾਲ ਸ਼ਾਸਤਰੀ ਪਰੰਪਰਾ ਅਨੁਸਾਰ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ। ਵਿਰੋਧੀਆਂ ਦੀਆਂ ਟਿੱਪਣੀਆਂ ਉਹੋ ਜਿਹੀਆਂ ਹਨ ਜਿਹੋ ਜਿਹੀਆਂ 22 ਜਨਵਰੀ, 2024 ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮੇਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਡਾਕਟਰ ਮੋਹਨ ਭਾਗਵਤ ਵਲੋਂ ਬਟਨ ਦਬਾਉਣ ਦੇ ਨਾਲ ਹੀ ਝੰਡੇ ਦਾ ਹੌਲੀ-ਹੌਲੀ ਉਪਰ ਚੜ੍ਹਨਾ ਅਤੇ ਅਖੀਰ ਮੰਦਰ ਦੇ ਸਿਖਰ ’ਤੇ ਬਿਰਾਜਮਾਨ ਹੋ ਕੇ ਲਹਿਰਾਉਣਾ ਭਾਰਤ ਦੇ ਬਹੁਤ ਵੱਡੇ ਵਰਗ ਲਈ ਵੇਦਨਾਵਾਂ ਨਾਲ ਭਰਪੂਰ ਸੰਘਰਸ਼ ਦੇ ਯੁੱਗ ਦੀ ਸਮਾਪਤੀ ਅਤੇ ਨਵੇਂ ਯੁੱਗ ਦੇ ਸ਼ੁਰੂ ਹੋਣ ਦਾ ਸਾਕਸ਼ਾਤ ਸਵਰੂਪ ਬਣ ਗਿਆ।

ਸੱਚ ਹੈ ਕਿ ਸਿਆਸੀ ਅਤੇ ਗੈਰ-ਸਿਆਸੀ ਵਿਰੋਧੀ ਧਿਰ ਨੇ ਕਦੇ ਵੀ ਸ਼੍ਰੀ ਰਾਮ ਮੰਦਰ ਦੀ ਉਸਾਰੀ ਦੇ ਕੰਮ ਨੂੰ ਤਾਂ ਛੱਡੋ, ਉਨ੍ਹਾਂ ਦੇ ਵਿਚਾਰਾਂ ਦੀ ਵੀ ਹਮਾਇਤ ਨਹੀਂ ਕੀਤੀ। ਸਿੱਧੇ ਅਤੇ ਅਸਿੱਧੇ ਇਸ ਦੇ ਰਾਹ ’ਚ ਜਿੰਨੀਆਂ ਵੀ ਰੁਕਾਵਟਾਂ ਪਾਈਆਂ ਜਾ ਸਕਦੀਆਂ ਸਨ, ਪਾਈਆਂ ਗਈਆਂ। ਜਿਨ੍ਹਾਂ ਵਿਅਕਤੀਆਂ ਨੇ ਸ਼ਾਸਤਰ ’ਚ ਦਰਜ ਅਯੁੱਧਿਆ ਨੂੰ ਹੀ ਕਾਲਪਨਿਕ ਸਾਬਤ ਕਰਨ ਲਈ ਇਤਿਹਾਸ ਦੇ ਨਾਂ ’ਤੇ ਕਿਤਾਬਾਂ ਲਿਖਵਾਈਆਂ, ਮੁਹਿੰਮਾਂ ਚਲਾਈਆਂ, ਅਦਾਲਤਾਂ ’ਚ ਇਸ ਵਿਰੱੁਧ ਮੁਕੱਦਮੇ ਲੜੇ ਅਤੇ ਇਲਾਹਾਬਾਦ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ’ਤੇ ਅੱਜ ਤੱਕ ਸਵਾਲ ਖੜ੍ਹੇ ਕਰਦੇ ਰਹੇ ਹਨ, ਉਨ੍ਹਾਂ ਤੋਂ ਸਾਨੂੰ ਉਸਾਰੂ ਪ੍ਰਤੀਕਿਰਿਆ ਜਾਂ ਹਮਾਇਤ ਲੈਣ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਧਿਆਨ ਰੱਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਡਾਕਟਰ ਮੋਹਨ ਭਾਗਵਤ ਦੇ ਵਿਚਾਰਾਂ ਦੇ ਭਾਵ ’ਚ ਬਿਲਕੁਲ ਬਰਾਬਰੀ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸੁਰ ਵੀ ਅਜਿਹੀ ਹੀ ਸੀ। ਭਾਰਤ ਦੀ ਸਹੀ ਸਮਝ ਅਤੇ ਦੇਸ਼ ਦੇ ਨਿਸ਼ਾਨੇ ਦੀ ਯਥਾਰਥ ਕਲਪਨਾ ਕਾਰਨ ਸੁਰ ’ਚ ਬਰਾਬਰੀ ਬਿਲਕੁਲ ਸੁਭਾਵਿਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇਕਰ 2047 ਤੱਕ ਵਿਕਸਤ ਭਾਰਤ ਦੇ ਨਿਸ਼ਾਨੇ ਦੀ ਯਾਦ ਦਿਵਾਉਂਦੇ ਹੋਏ ਝੰਡਾ ਲਹਿਰਾਉਣ ਨਾਲ ਸੰਬੰਧਤ ਕੀਤਾ ਤਾਂ ਭਾਰਤ ਨੂੰ ਸਮਝਣ ਵਾਲਿਆਂ ਲਈ ਇਹ ਬਿਲਕੁਲ ਸੁਭਾਵਿਕ ਹੈ।

ਜਿਨ੍ਹਾਂ ਨੂੰ ਸਮਝ ਨਹੀਂ ਜਾਂ ਸਮਝਦੇ ਹੋਏ ਵੀ ਸਿਆਸੀ ਪੱਖੋਂ ਵਿਰੋਧ ਕਰਨਾ ਹੈ, ਉਨ੍ਹਾਂ ਲਈ ਇਹ ਮਜ਼ਾਕ ਅਤੇ ਵਿਰੋਧ ਦਾ ਹੀ ਵਿਸ਼ਾ ਹੋਵੇਗਾ। ਗੱਲ ਬਿਲਕੁਲ ਸੌਖੀ ਹੈ। ਕਿਸੇ ਵੀ ਸਮਾਜ ਅੰਦਰ ਇਹ ਭਾਵਨਾ ਬਿਠਾ ਦਿੱਤੀ ਜਾਵੇ ਕਿ ਤੁਹਾਡੀ ਸੰਪੂਰਨ ਸੱਭਿਅਤਾ ਜੋ ਧਰਮ ਨਾਲ ਨਿਰਧਾਰਤ ਹੈ, ਉਹ ਸਿਰਫ ਕਲਪਨਾਵਾਂ, ਮਿੱਥਕਾਂ ਅਤੇ ਬਹੁਤ ਹੱਦ ਤੱਕ ਅੰਧਵਿਸ਼ਵਾਸਾਂ ਨਾਲ ਭਰੀ ਹੋਈ ਹੈ, ਉਸ ਅੰਦਰ ਇਕ ਸਮਾਜ ਅਤੇ ਰਾਸ਼ਟਰ ਵਜੋਂ ਵੱਡੇ ਨਿਸ਼ਾਨੇ ਹਾਸਲ ਕਰਨ ਦੀ ਪ੍ਰੇਰਣਾ ਦਾ ਸੋਮਾ ਪੈਦਾ ਹੋਣਾ ਔਖਾ ਹੋ ਜਾਵੇਗਾ। ਸ਼੍ਰੀ ਰਾਮ ਮੰਦਰ ਅੰਦੋਲਨ ਸਿਰਫ ਇਕ ਆਮ ਮੰਦਰ ਲਈ ਨਹੀਂ ਸੀ ਸਗੋਂ ਉਸ ਦਾ ਨਿਸ਼ਾਨਾ ਸੱਭਿਆਚਾਰਕ, ਧਾਰਮਿਕ, ਰਾਸ਼ਟਰੀ ਮੁੜ ਜਾਗਰਣ ਅਤੇ ਸਥਾਈ ਪ੍ਰੇਰਣਾ ਦਾ ਸੋਮਾ ਖੜ੍ਹਾ ਕਰਨ ਲਈ ਸੀ ਤਾਂ ਜੋ ਭਾਰਤ ਜਾਗ੍ਰਿਤ ਰਹੇ ਅਤੇ ਅਸੀਂ ਸਭ ਦੇਸ਼ ਨੂੰ ਸਿਖਰ ’ਤੇ ਲਿਜਾਣ ਲਈ ਸੰਕਲਪਿਤ ਹੋਈਏ।

ਸਨਾਤਨ ਪਰੰਪਰਾ ’ਚ ਸਿਖਰ ’ਤੇ ਲਹਿਰਾਉਂਦੇ ਝੰਡੇ ਨੂੰ ਮੰਦਰ ਦਾ ਰੱਖਿਅਕ, ਊਰਜਾ ਦਾ ਵਾਹਕ ਅਤੇ ਪੂਰਨਤਾ ਅਤੇ ਪ੍ਰਮਾਤਮਾ ਦੀ ਮੌਜੂਦਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਝੰਡੇ ਨਾਲ ਮੰਦਰ ਨੂੰ ਪੂਰਨਤਾ ਮਿਲਦੀ ਹੈ। ਕਿਹੜਾ ਨਿਸ਼ਾਨ ਰਾਮਲੱਲਾ ਦੇ ਧਾਮ ਦੀ ਪਵਿੱਤਰਤਾ ਅਤੇ ਯੁੱਗਾਂ ਤੱਕ ਕਾਇਮ ਰਹਿਣ ਵਾਲੀ ਸਨਾਤਨ ਪਰੰਪਰਾ ਦੀ ਪ੍ਰਤੀਨਿਧਤਾ ਕਰੇਗਾ? ਇਸ ਦੀ ਚੋਣ ਲਈ ਕਈ ਗ੍ਰੰਥਾਂ ਨੂੰ ਖੰਗਾਲਿਆ ਗਿਆ, ਰਾਮਚਰਿਤਮਾਨਸ, ਭਾਰਤ ਦੀਆਂ ਸਭ ਭਾਸ਼ਾਵਾਂ ਦੇ ਰਾਮਾਇਣ ਵੇਖੇ ਗਏ।

ਵਿਸ਼ਵਕਰਮਾ ਵਾਸਤੂ ਸ਼ਾਸਤਰ ਦੇ ਅਧਿਆਏ 42 ’ਚ ਝੰਡਿਆਂ ਦੇ ਨਿਸ਼ਾਨਿਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਮਹਾਭਾਰਤ, ਰਿਗਵੇਦ, ਵਿਸ਼ਨੂੰਧਰਮੋਤਰ ਪੁਰਾਣ ’ਚ ਝੰਡੇ ਦਾ ਜ਼ਿਕਰ ਹੈ। ਇਸ ’ਚ ਭਗਵਾਨ ਵਿਸ਼ਨੂੰ ਦੇ ਝੰਡੇ ਦਾ ਰੰਗ ਪੀਲਾ ਅਤੇ ਸੁਨਹਿਰੀ ਦੱਸਿਆ ਗਿਆ ਹੈ, ਜੋ ਇਨ੍ਹਾਂ ਦੇ ਅਵਤਾਰ ਹੋਣਗੇ। ਉਨ੍ਹਾਂ ਦੇ ਝੰਡੇ ਦਾ ਰੰਗ ਕੇਸਰੀ ਅਤੇ ਪੀਤਾਂਬਰੀ ਹੋਵੇਗਾ।

ਸੂਰਜਵੰਸ਼ੀ ਹੋਣ ਦੇ ਕਾਰਨ ਸੂਰਜ ਦਾ ਨਿਸ਼ਾਨ ਅੰਕਿਤ ਹੈ। ਸੂਰਜ ਜੀਵਨ ਅਤੇ ਊਰਜਾ ਦਾ ਵੀ ਪ੍ਰਤੀਕ ਹੁੰਦਾ ਹੈ। ਰਘੂਕੁਲ ਦਾ ਅਧਿਕਾਰਤ ਨਿਸ਼ਾਨ ਹੋਣ ਕਾਰਨ ਚਨਾਰ ਦੇ ਦਰੱਖਤ ਨੂੰ ਅੰਕਿਤ ਕੀਤਾ ਗਿਆ ਹੈ। ਹਰੀਵੰਸ਼ ਪੁਰਾਣ ’ਚ ਜ਼ਿਕਰ ਹੈ ਕਿ ਮਹਾਰਿਸ਼ੀ ਕਸ਼ਯਪ ਨੇ ਪਾਰਿਜਾਤ ਦੇ ਬੂਟੇ ’ਚ ਮੰਦਾਰ ਦੇ ਗੁਣ ਮਿਲਾ ਕੇ ਇਸ ਨੂੰ ਤਿਆਰ ਕੀਤਾ ਸੀ। ਵਾਲਮੀਕਿ ਰਾਮਾਇਣ ਦੇ ਅਯੁੱਧਿਆ ਕਾਂਡ ਦੇ ਮੁਤਾਬਕ ਚਿੱਤਰਕੂਟ ’ਚ ਬਨਵਾਸ ਦੌਰਾਨ ਭਗਵਾਨ ਰਾਮ ਨੇ ਲਛਮਣ ਨੂੰ ਝੰਡਿਆਂ ਨਾਲ ਭਰਪੂਰ ਅਸ਼ਵ ਅਤੇ ਰੱਥਾਂ ਨਾਲ ਆਉਂਦੀ ਫੌਜ ਦੀ ਸੂਚਨਾ ਦਿੱਤੀ ਅਤੇ ਇਸ ਬਾਰੇ ਪਤਾ ਲਾਉਣ ਲਈ ਕਿਹਾ।

ਇਸ ਨੂੰ ਵੇਖ ਕੇ ਲਛਮਣ ਨੇ ਕਿਹਾ ਕਿ ਯਕੀਨੀ ਤੌਰ ’ਤੇ ਦੁਸ਼ਟ ਮੰਦਬੁੱਧੀ ਭਰਤ ਖੁਦ ਫੌਜ ਲੈ ਕੇ ਆਇਆ ਹੈ। ਇਹ ਚਨਾਰ ਵਾਲੇ ਵਿਸ਼ਾਲ ਝੰਡੇ ਉਸੇ ਦੇ ਰੱਥ ’ਚ ਲਹਿਰਾਅ ਰਹੇ ਹਨ। ਇਸੇ ਘਟਨਾ ਤੋਂ ਸਪੱਸ਼ਟ ਹੋਇਆ ਕਿ ਚਨਾਰ ਦੇ ਰੁੱਖ ਵਾਲਾ ਝੰਡਾ ਅਯੁੱਧਿਆ ਦੀ ਪਛਾਣ ਅਤੇ ਵਿਰਾਸਤ ਰਹੀ ਹੈ। ਪ੍ਰਾਣ ਪ੍ਰਤਿਸ਼ਠਾ ਦੇ ਸਮੇਂ ਹੀ ਰਾਮ ਮੰਦਰ ਕੰਪਲੈਕਸ ’ਚ ਚਨਾਰ ਦੇ ਬੂਟੇ ਲਾਏ ਗਏ ਹਨ, ਜੋ ਇਸ ਸਮੇਂ ਲਗਭਗ 8 ਤੋਂ 10 ਫੁੱਟ ਉੱਚੇ ਹੋ ਚੁੱਕੇ ਹਨ।

ਇੰਨੀ ਸੂਖਮਤਾ ਨਾਲ ਇਕ-ਇਕ ਪੱਖ ਦਾ ਧਿਆਨ ਰੱਖਣ ਦੀ ਸੋਚ ਅਤੇ ਉਸ ਦੇ ਪਿੱਛੇ ਦੇ ਦਰਸ਼ਨ ਨੂੰ ਵਿਰੋਧੀ ਧਿਰ ਨਹੀਂ ਸਮਝ ਸਕਦੀ। ਜੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਅਯੁੱਧਿਆ ਦੀ ਧਰਤੀ ਆਦਰਸ਼ ਆਚਰਣ ਦਾ ਸਵਰੂਪ ਹੈ ਅਤੇ ਰਾਮ ਆਦਰਸ਼ ਅਤੇ ਅਨੁਸ਼ਾਸਨ ਅਤੇ ਜ਼ਿੰਦਗੀ ਦੇ ਸਰਵਉੱਚ ਚਰਿੱਤਰ ਦੇ ਪ੍ਰਤੀਕ ਹਨ ਜੋ ਸਾਨੂੰ ਉਦੋਂ ਪ੍ਰੇਰਿਤ ਕਰਨਗੇ ਜਦੋਂ ਅਸੀਂ ਆਪਣੇ ਅੰਦਰ ਦੇ ਰਾਮ ਨੂੰ ਜਗਾਵਾਂਗੇ।

ਮੇਕਾਲੇ ਸਿੱਖਿਆ ਪ੍ਰਣਾਲੀ ਦੀ ਗੁਲਾਮ ਮਾਨਸਿਕਤਾ ਤੋਂ ਮੁਕਤੀ ਲਈ 10 ਸਾਲ ਦਾ ਨਿਸ਼ਾਨਾ ਦੇਣ ਲਈ ਯਕੀਨੀ ਤੌਰ ’ਤੇ ਇਹ ਢੁੱਕਵੀਂ ਥਾਂ ਅਤੇ ਸਮਾਂ ਸੀ। ਅਯੁੱਧਿਆ ਅਤੇ ਰਾਮ-ਸੀਤਾ ਨੂੰ ਕਾਲਪਨਿਕ ਬਣਾਉਣ ਦੀ ਸੋਚ ਇਸੇ ਗੁਲਾਮ ਮਾਨਸਿਕਤਾ ’ਚੋਂ ਨਿਕਲੀ ਸੀ।

ਭਾਰਤ ਨੂੰ ਆਪਣੀ ਵਿਸ਼ਾਲ ਅਤੇ ਅਧਿਆਤਮਿਕ ਊਰਜਾ, ਸੱਭਿਅਤਾ ਅਤੇ ਸੰਸਕ੍ਰਿਤੀ ਦੀ ਸ਼ਕਤੀ ਨਾਲ ਦੁਨੀਆ ਲਈ ਅਗਵਾਈ ਵਾਲੀ ਆਦਰਸ਼ ਮਹਾਸ਼ਕਤੀ ਵਜੋਂ ਖੜ੍ਹਾ ਕਰਨਾ ਹੈ ਤਾਂ ਪ੍ਰੇਰਣਾ ਇੱਥੋਂ ਹੀ ਮਿਲੇਗੀ। ਤਾਂ ਸੰਘਰਸ਼ ਤੋਂ ਲੈ ਕੇ ਮੰਦਰ ਦੀ ਉਸਾਰੀ, ਪ੍ਰਾਣ ਪ੍ਰਤਿਸ਼ਠਾ ਅਤੇ ਝੰਡਾ ਲਹਿਰਾਉਣ ਤੱਕ ਦੇ ਪੂਰੇ ਘਟਨਾਚੱਕਰ ਨੂੰ ਦੇਖੀਏ ਤਾਂ ਸਮਝ ’ਚ ਆਉਂਦਾ ਹੈ ਕਿ ਹਰ ਭਾਰਤ ਵਾਸੀ ਲਈ ਇਹ ਮੰਦਰ ਅਤੇ ਉਸ ਉਪਰ ਲਹਿਰਾਉਂਦਾ ਧਾਰਮਿਕ ਝੰਡਾ ਆਪਣੀ ਸੰਸਕ੍ਰਿਤੀ ਦੀ ਵਿਸ਼ਾਲਤਾ ਅਤੇ ਸੰਘਰਸ਼ ਦੇ ਅਸਰ ਨੂੰ ਪੂਰਨ ਪ੍ਰੇਰਣਾ ਦਿੰਦਾ ਰਹੇਗਾ।

ਅਸੀਂ ਇਸ ਤੋਂ ਪ੍ਰੇਰਣਾ ਲੈਂਦੇ ਹੋਏ ਕੰਮ ਕਰਾਂਗੇ ਤਾਂ ਇਹ ਦੇਸ਼ ਦੁਨੀਆ ਲਈ ਆਦਰਸ਼ ਅਤੇ ਪ੍ਰੇਰਣਾ ਭਰਪੂਰ ਦੇਸ਼ ਬਣੇਗਾ। ਇਹੀ ਭਾਰਤ ਦੀ ਮੁੱਖ ਵਿਰਾਸਤ ਹੈ।

–ਅਵਧੇਸ਼ ਕੁਮਾਰ


author

Harpreet SIngh

Content Editor

Related News