‘ਸਮਾਜਿਕ ਨਿਆਂ’ ਦੀ ਆੜ ’ਚ ਧਰਮ ਤਬਦੀਲੀ ਦੀ ਖੇਡ
Thursday, Sep 18, 2025 - 05:12 PM (IST)

ਬੀਤੇ ਦਿਨੀਂ ਕਾਂਗਰਸ ਸ਼ਾਸਿਤ ਕਰਨਾਟਕ ’ਚ ਵੰਡਕਾਰੀ, ਬਸਤੀਵਾਦੀ ਅਤੇ ਖੱਬੇਪੱਖੀ ਨੈਰੇਟਿਵ ਦਾ ਇਕ ਹੋਰ ਨਮੂਨਾ ਸਾਹਮਣੇ ਆਇਆ। ਮੁੱਖ ਮੰਤਰੀ ਸਿੱਧਰਮਈਆ ਨੇ ਸਦੀਆਂ ਤੋਂ ਜਾਰੀ ਯੋਜਨਾਬੱਧ ‘ਧਰਮ ਤਬਦੀਲੀ’ ਨੂੰ ਸਿਰਫ ਹਿੰਦੂ ਸਮਾਜ ਦੀ ‘ਜਾਤੀ ਪ੍ਰਥਾ’ ਅਤੇ ਬਰਾਬਰੀ ਨਾਲ ਜੋੜ ਕੇ ਉਸ ਦੀ ਸਿੱਧੀ ਹਮਾਇਤ ਕੀਤੀ। ਨਾਲ ਹੀ ਅਜਿਹਾ ਕਰਨ ਵਾਲੇ ਅਪਰਾਧੀਆਂ ਨੂੰ ਜਿਵੇਂ ਕਲੀਨ ਚਿੱਟ ਦੇ ਦਿੱਤੀ। ਇਹ ਕੋਈ ਅਚਾਨਕ ਦਿੱਤਾ ਗਿਆ ਬਿਆਨ ਨਹੀਂ ਸਗੋਂ ਉਸ ਸਾਜ਼ਿਸ਼ ਦਾ ਪ੍ਰਸਾਰ ਹੈ ਜੋ ਹਿੰਦੂ ਸੰਸਕ੍ਰਿਤੀ ਵਿਰੁੱਧ ਫੈਲਾਇਆ ਜਾਂਦਾ ਰਿਹਾ ਹੈ। ਇਸ ਦਾ ਇਕੋ-ਇਕ ਨਿਸ਼ਾਨਾ ਹਿੰਦੂ ਸਮਾਜ ਨੂੰ ਜਾਤੀਆਂ ਦੇ ਨਾਂ ’ਤੇ ਵੰਡਣਾ ਅਤੇ ਮੁਸਲਮਾਨਾਂ ਨੂੰ ਇਸਲਾਮ ਦੇ ਨਾਂ ’ਤੇ ਸੰਗਠਿਤ ਰੱਖਣਾ ਹੈ।
ਇਸੇ ਗਿਣੇ-ਮਿੱਥੇ ਏਜੰਡੇ ਅਧੀਨ ਭਾਰਤ ਦੀ ਸਨਾਤਨ ਸੰਸਕ੍ਰਿਤੀ-ਰਵਾਇਤਾਂ ਨੂੰ ‘ਹੇਠਲੇ ਪੱਧਰ ਦੀ ਹੀਣਭਾਵਨਾ’ ਦੱਸਣ, ਹਿੰਦੂ ਵਿਰੋਧੀ ਪ੍ਰਚਾਰ ’ਤੇ ‘ਪ੍ਰਗਟਾਵੇ ਦੀ ਆਜ਼ਾਦੀ’ ਦੀ ਪੁੱਠ ਚੜ੍ਹਾਉਣ, ਧੋਖਾ, ਤਾਕਤ, ਲਾਲਚ ਨਾਲ ਹੋਣ ਵਾਲੀ ਧਰਮ ਤਬਦੀਲੀ ਨੂੰ ਸਹੀ ਠਹਿਰਾਉਣ ਦਾ ਜਾਲ ਬੁਣਿਆ ਜਾਂਦਾ ਹੈ।
ਜਾਤੀ ਮਰਦਮਸ਼ੁਮਾਰੀ ਸਬੰਧੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ 13 ਸਤੰਬਰ ਨੂੰ ਕਿਹਾ ਕਿ ਬੇਸ਼ੱਕ ਅਸੀਂ ਕਹੀਏ ਕਿ ਧਰਮ ਤਬਦੀਲੀ ਨਾ ਕਰੋ ਪਰ ਕੁਝ ਲੋਕ ਵਿਵਸਥਾ ਕਾਰਨ ਅਜਿਹਾ ਕਰਦੇ ਹਨ। ਸਾਡੇ ਹਿੰਦੂ ਭਾਈਚਾਰੇ ’ਚ ਜੇ ਬਰਾਬਰੀ ਅਤੇ ਇਕੋ ਜਿਹੇ ਮੌਕੇ ਹੁੰਦੇ ਤਾਂ ਕੋਈ ਧਰਮ ਤਬਦੀਲੀ ਕਿਉਂ ਕਰਦਾ।
ਸਵਾਲ ਉੱਠਦਾ ਹੈ ਕਿ ਸੱਚਮੁੱਚ ਹਿੰਦੂ ਸਮਾਜ ’ਚ ਬਰਾਬਰੀ ਦੀ ਕਮੀ ਹੀ ਧਰਮ ਤਬਦੀਲੀ ਦਾ ਕਾਰਨ ਹੈ? ਕੀ ਇਹ ਸੱਚ ਨਹੀਂ ਕਿ ਭਾਰਤੀ ਉਪ-ਮਹਾਦੀਪਾਂ ’ਚ ਜੋ ਲਗਭਗ 60 ਕਰੋੜ ਮੁਸਲਮਾਨ ਰਹਿੰਦੇ ਹਨ, ਉਨ੍ਹਾਂ ਦੇ ਵੱਡੇ-ਵਡੇਰੇ ਇਕ ਸਮੇਂ ਹਿੰਦੂ, ਬੌਧ, ਜੈਨ, ਸਿੱਖ ਆਦਿ ਸਨ।
ਕੀ ਇਹ ਸੱਚ ਨਹੀਂ ਕਿ ਵਧੇਰੇ ਮੁਸਲਮਾਨਾਂ ਦੇ ਵੱਡੇ-ਵਡੇਰਿਆਂ ਨੇ ਤਲਵਾਰ, ਧੋਖਾ ਅਤੇ ਲਾਲਚ ’ਚ ਆ ਕੇ ਧਰਮ ਤਬਦੀਲੀ ਨੂੰ ਪ੍ਰਵਾਨ ਕੀਤਾ।
ਕੀ ਦੁਨੀਆ ਦੇ ਇਸ ਖੇਤਰ ’ਚ ਮੁਹੰਮਦ ਕਾਸਿਮ, ਗਜ਼ਨਵੀ, ਗੌਰੀ, ਖਿਲਜੀ, ਬਾਬਰ ਤੋਂ ਲੈ ਕੇ ਔਰੰਗਜ਼ੇਬ ਅਤੇ ਟੀਪੂ ਸੁਲਤਾਨ ਆਦਿ ਤਕ ਜਬਰੀ ਧਰਮ ਤਬਦੀਲੀ ਦਾ ਇਕ ਖੂਨੀ ਇਤਿਹਾਸ ਰਿਹਾ ਹੈ ਜਿਸ ’ਚ ਗੈਰ-ਮੁਸਲਮਾਨਾਂ ਨੂੰ ਮੌਤ ਅਤੇ ਇਸਲਾਮ ’ਚੋਂ ਇਕ ਚੁਣਨ ਦਾ ਬਦਲ ਦਿੱਤਾ ਜਾਂਦਾ ਸੀ।
ਇਹ ਕੋਈ ਜੁਮਲਾ ਨਹੀਂ ਹੈ ਸਗੋਂ ਇਸ ਤਰ੍ਹਾਂ ਦੀਆਂ ਦਿਲ ਹਿਲਾਊ ਘਟਨਾਵਾਂ ਦਾ ਜ਼ਿਕਰ ਇਸਲਾਮੀ ਹਮਲਾਵਰਾਂ ਦੇ ਸਮਕਾਲੀ ਇਤਿਹਾਸਕਾਰਾਂ ਜਾਂ ਉਨ੍ਹਾਂ ਦੇ ਦਰਬਾਰੀਆਂ ਵੱਲੋਂ ਲਿਖੇ ਵੇਰਵਿਆਂ ’ਚ ਆਸਾਨੀ ਨਾਲ ਮਿਲ ਜਾਂਦਾ ਹੈ।
ਕੀ ਇਹ ਸੱਚ ਨਹੀਂ ਕਿ ਸਿੱਖਾਂ ’ਚ ਬੇਹੱਦ ਸਤਿਕਾਰਯੋਗ ਮਹਾਨ ਗੁਰੂਆਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਲੱਖਾਂ ਲੋਕਾਂ ਵਾਂਗ ਇਸਲਾਮ ਨਾ ਅਪਣਾਉਣ ’ਤੇ ਸ਼ਹੀਦ ਕਰ ਦਿੱਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਦੇ ਨਾਲ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਚਾਰ ਸਾਲਾ ਪੁੱਤਰ ਅਜੇ ਸਿੰਘ, ਛਤਰਪਤੀ ਸੰਭਾਜੀ ਮਹਾਰਾਜ ਅਤੇ ਵੀਰ ਹਕੀਕਤ ਰਾਏ ਨੂੰ ਕਿਸ ‘ਅਪਰਾਧ’ ਲਈ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਇਹੀ ਨਹੀਂ, 16ਵੀਂ ਸਦੀ ਦੇ ਸ਼ੁਰੂ ’ਚ ਕਿਉਂ ਕੈਥੋਲਿਕ ਚਰਚ ਵੱਲੋਂ ਸਥਾਨਕ ਹਿੰਦੂਆਂ, ਮੁਸਲਮਾਨਾਂ ਅਤੇ ਇਸਾਈਆਂ ਦਾ ਮਜ਼੍ਹਬੀ ਸ਼ੋਸ਼ਣ ਕੀਤਾ ਗਿਆ। ਭਾਰਤ ਦੇ ਦੱਖਣੀ ਹਿੱਸੇ ’ਚ ਜੇਸੂਇਟ ਮਿਸ਼ਨਰੀ ਫ੍ਰਾਂਸਿਸ ਜੇਵੀਅਰ ਦੀ ਅਗਵਾਈ ’ਚ ਹੋਏ ਖੂਨੀ ‘ਗੋਆ ਇਨਕਿਊਜ਼ੀਸ਼ਨ’ ’ਚ ਕਿਸ ‘ਪਾਪ’ ਲਈ ਅਣਗਿਣਤ ਸਥਾਨਕ ਲੋਕਾਂ ਦੀ ਜੀਭ ਕੱਟ ਦਿੱਤੀ ਗਈ ਅਤੇ ਜ਼ਿੰਦਾ ਰਹਿੰਦੇ ਉਨ੍ਹਾਂ ਦੀ ਚਮੜੀ ਤਕ ਉਦੇੜ ਦਿੱਤੀ ਗਈ। ਵੈਟੀਕਨ ਵੇਰਵਿਆਂ ਨਾਲ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸਾਹਿਤ ’ਚ ਵੀ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਜ਼ਿਕਰ ਹੈ।
ਗੱਲ ਜੇ ਮੌਜੂਦਾ ਦੌਰ ਦੀ ਕਰੀਏ ਤਾਂ ਹਿੰਦੂਆਂ ਦੀ ਧਰਮ ਤਬਦੀਲੀ ਨੂੰ ‘ਜਾਤੀ ਪ੍ਰਥਾ-ਨਾਬਰਾਬਰੀ’ ਨਾਲ ਜੋੜਨ ਵਾਲੇ ਰਾਜਸਥਾਨ ਦੇ ਅਲਵਰ ਦੀ ਤਾਜ਼ਾ ਘਟਨਾ ਨੂੰ ਕਿਸ ਸ਼੍ਰੇਣੀ ’ਚ ਰੱਖੋਗੇ? ਕੁਝ ਦਿਨ ਪਹਿਲਾਂ ਅਲਵਰ ਪੁਲਸ ਨੇ ਇਸਾਈ ਮਿਸ਼ਨਰੀ ਹੋਸਟਲ ’ਚ ਬੱਚਿਆਂ ਦੀ ਜਬਰੀ ਧਰਮ ਤਬਦੀਲੀ ਨੂੰ ਬੇਨਕਾਬ ਕੀਤਾ ਸੀ।
ਇੱਥੇ ਰਹਿਣ ਵਾਲੇ ਬੱਚਿਆਂ ਨੇ ਦੱਸਿਆ ਸੀ ਕਿ ਹਿੰਦੂ ਦੇਵੀ-ਦੇਵਤਿਆਂ ਨੂੰ ਜਬਰੀ ਮੰਨਣ ਤੋਂ ਇਹ ਕਹਿ ਕੇ ਰੋਕਿਆ ਜਾਂਦਾ ਸੀ ਕਿ ਜੇ ਤੁਸੀਂ ਭਗਵਾਨ ਨੂੰ ਮੰਨੋਗੇ ਤਾਂ ਨਰਕ ’ਚ ਜਾਓਗੇ, ਅੱਗ ’ਚ ਸਾੜ ਦਿੱਤੇ ਜਾਓਗੇ। ਕੀ ਇਹ ਸੱਚ ਨਹੀਂ ਕਿ ਪੰਜਾਬ ’ਚ ਸਿੱਖ ਭਾਈਚਾਰਾ ਵੀ ਧਰਮ ਤਬਦੀਲੀ ਦਾ ਸ਼ਿਕਾਰ ਹੈ, ਜਿਸ ਦਾ ਨੋਟਿਸ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਲਿਆ ਗਿਆ ਹੈ।
ਇਹ ਸੱਚ ਹੈ ਕਿ ਹਿੰਦੂ ਸਮਾਜ ’ਚ ਸਦੀਆਂ ਤੋਂ ਛੂਤਛਾਤ ਰਹੀ ਹੈ ਅਤੇ ਇਸ ਨੂੰ ਮਿਟਾਉਣ ਲਈ ਸਮਾਜ ਦੇ ਅੰਦਰੋਂ ਹੀ ਲਗਾਤਾਰ ਆਵਾਜ਼ਾਂ ਉੱਠਦੀਆਂ ਰਹੀਆਂ ਹਨ। ਅਜਿਹੇ ਮੁਕੰਮਲ ਯਤਨਾਂ ਦਾ ਨਤੀਜਾ ਹੈ ਕਿ ਆਜ਼ਾਦ ਭਾਰਤ ’ਚ ਰਿਜ਼ਰਵੇਸ਼ਨ ਲਾਗੂ ਹੈ ਅਤੇ ਬੌਧਿਕ ਪੱਧਰ ’ਤੇ ਛੂਤਛਾਤ ਦੀ ਕੋਈ ਵੀ ਹਮਾਇਤ ਨਹੀਂ ਕਰਦਾ। ਇਹ ਸਭ ਇਸ ਲਈ ਵੀ ਸੰਭਵ ਹੋ ਸਕਿਆ ਹੈ ਕਿਉਂਕਿ ਇਨ੍ਹਾਂ ਮਾੜੀਆਂ ਕੁਰੀਤੀਆਂ ਦਾ ਵੈਦਿਕ ਸੰਦਰਭ ’ਚ ਕੋਈ ਆਧਾਰ ਨਹੀਂ ਮਿਲਦਾ।
ਕੀ ਇਸਲਾਮ ਨਾਲ ਇਸਾਈਅਤ ਇਸ ਤੋਂ ਮੁਕਤ ਹੈ? ਕੁਝ ਸਾਲ ਪਹਿਲਾਂ ਕੈਥੋਲਿਕ ਬਿਸ਼ਪ ਕਾਨਫਰੰਸ ਆਫ ਇੰਡੀਆ ਨੇ ‘ਆਪਣੀ ਪਾਲਿਸੀ ਆਫ ਦਲਿਤ ਇੰਪਾਵਰਮੈਂਟ ਇਨ ਦਿ ਕੈਥੋਲਿਕ ਚਰਚ ਇਨ ਇੰਡੀਆ’ ਨਾਮੀ ਰਿਪੋਰਟ ’ਚ ਮੰਨਿਆ ਸੀ ਕਿ ਚਰਚ ’ਚ ਧਰਮ ਤਬਦੀਲੀ ਦਲਿਤ ‘ਛੂਤਛਾਤ’ ਦਾ ਸ਼ਿਕਾਰ ਹੈ।
ਇਸ ਦਾ ਭਾਵ ਇਹ ਹੈ ਕਿ ਜਿਸ ਛੂਤਛਾਤ ਅਤੇ ਜਾਤੀ ਵਿਤਕਰੇ ਦੇ ਮਾੜੇ ਰਿਵਾਜ ਤੋਂ ਬਚਣ ਲਈ ਦਲਿਤਾਂ ਨੇ ਹਿੰਦੂ ਸਮਾਜ ਨੂੰ ਛੱਡਿਆ ਸੀ, ਉਹ ਅੱਜ ਵੀ ਉਸ ਮਜ਼੍ਹਬ ’ਚ ਇਸਦੇ ਸ਼ਿਕਾਰ ਹਨ, ਜਿੱਥੇ ਉਨ੍ਹਾਂ ਨੂੰ ਬਰਾਬਰੀ ਅਤੇ ਸਤਿਕਾਰ ਦੇਣ ਦੇ ਵਾਅਦੇ ਨਾਲ ਸ਼ਾਮਲ ਕੀਤਾ ਗਿਆ ਸੀ।
ਆਪਣੇ ਮੁੱਖ ਮੰਤਰੀ ਦੀ ਹਮਾਇਤ ਕਰਦੇ ਹੋਏ ਕਰਨਾਟਕ ਸਰਕਾਰ ’ਚ ਮੰਤਰੀ ਪ੍ਰਿਆਂਕ ਖੜਗੇ ਨੇ ਇਕ ਕਦਮ ਹੋਰ ਅੱਗੇ ਵਧ ਕੇ 15 ਸਤੰਬਰ ਨੂੰ ਕਿਹਾ, ਸਿੱਖ ਧਰਮ, ਜੈਨ ਧਰਮ, ਬੌਧ ਧਰਮ ਅਤੇ ਲਿੰਗਾਇਤ ਧਰਮ ਸਭ ਭਾਰਤ ’ਚ ਇਕ ਵੱਖਰੇ ਧਰਮ ਵਜੋਂ ਪੈਦਾ ਹੋਏ ਸਨ। ਇਹ ਸਭ ਧਰਮ ਭਾਰਤ ’ਚ ਇਸ ਲਈ ਪੈਦਾ ਹੋਏ ਕਿਉਂਕਿ ਹਿੰਦੂ ਧਰਮ ’ਚ ਉਨ੍ਹਾਂ ਲਈ ਥਾਂ ਨਹੀਂ ਸੀ।
ਇਸ ਨੇ ਉਨ੍ਹਾਂ ਨੂੰ ਸਤਿਕਾਰਯੋਗ ਥਾਂ ਨਹੀਂ ਦਿੱਤੀ। ਭਾਰਤੀ ਸਨਾਤਨ ਸੰਸਕ੍ਰਿਤੀ ’ਚ ਹਜ਼ਾਰਾਂ ਸਾਲਾਂ ਤੋਂ ਗੱਲਬਾਤ ਕਰਨ ਅਤੇ ਅਸਹਿਮਤੀ ਪ੍ਰਵਾਨ ਕਰਨ ਦੀ ਪ੍ਰੰਪਰਾ ਰਹੀ ਹੈ। ਚਾਵਾਰਕ ਦਾ ਖਪਤਕਾਰਵਾਦੀ ਦਰਸ਼ਨ ਸੀ-‘ਜਦੋਂ ਤਕ ਜੀਓ, ਉਦੋਂ ਤਕ ਮੌਜ ਕਰੋ...’, ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਸ਼ੀ ਦੀ ਥਾਂ ਹਾਸਲ ਹੈ।
ਜਾਤੀਆਂ ਨੂੰ ਵਰਣ ਦੇ ਪ੍ਰਗਟਾਵੇ ਨਾਲ ਜੋੜਨਾ ਮੂਰਖਤਾ ਹੈ। ਸੱਚ ਇਹ ਹੈ ਕਿ ਬਸਤੀਵਾਦੀ ਅਤੇ ਖੱਬੇਪੱਖੀ ਗਰੁੱਪ ਜਾਣਬੁੱਝ ਕੇ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਕੇ ਸਮਾਜਿਕ ਨਿਆਂ ਦੀ ਆੜ ’ਚ ਸਮੱਸਿਆ ਦਾ ਹੱਲ ਨਹੀਂ ਕਰਦੇ, ਸਗੋਂ ਆਪਣੇ ਭਾਰਤ ਵਿਰੋਧੀ ਏਜੰੰਡੇ ਲਈ ਉਸ ਨੂੰ ਹੋਰ ਡੂੰਘਾ ਅਤੇ ਗੁੰਝਲਦਾਰ ਬਣਾਉਣ ਦਾ ਯਤਨ ਕਰਦੇ ਹਨ।
-ਬਲਬੀਰ ਪੁੰਜ