ਭੰਗ ਹੋ ਰਹੀ ਦੁਨੀਆ ਦੀ ਸ਼ਾਂਤੀ, 87 ਦੇਸ਼ਾਂ ’ਚ ਹਾਲਾਤ ਹੋਏ ਬਦਤਰ!
Friday, Sep 12, 2025 - 02:35 AM (IST)

ਗਲੋਬਲ ਪੀਸ ਇੰਡੈਕਸ-2025’ ਦੇ ਅਨੁਸਾਰ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਵਿਸ਼ਵ ਸ਼ਾਂਤੀ ’ਚ ਔਸਤਨ ਲਗਭਗ 0.36 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲਗਾਤਾਰ 13 ਸਾਲਾਂ ਤੋਂ ਵਿਸ਼ਵ ’ਚ ਅਸ਼ਾਂਤੀ ਵਧ ਰਹੀ ਹੈ ਅਤੇ 87 ਦੇਸ਼ਾਂ ’ਚ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਗਏ ਹਨ। ਵਿਸ਼ਵ ਦੇ ਦੇਸ਼ ਲਗਾਤਾਰ ਆਪਣੀ ਫੌਜੀ ਸ਼ਕਤੀ ਵਧਾ ਰਹੇ ਹਨ ਅਤੇ ਪੁਰਾਣੇ ਫੌਜੀ ਜਾਂ ਡਿਪਲੋਮੈਟਿਕ ਗੱਠਜੋੜ ਟੁੱਟ ਰਹੇ ਹਨ।
ਵਿਸ਼ਵ ਦੇ 5 ਸਭ ਤੋਂ ਵੱਧ ਅਸੁਰੱਖਿਅਤ ਦੇਸ਼ਾਂ ’ਚ ਅਫਗਾਨਿਸਤਾਨ, ਯਮਨ, ਸੀਰੀਆ, ਦੱਖਣੀ ਸੂਡਾਨ ਅਤੇ ਇਰਾਕ ਤੋਂ ਇਲਾਵਾ ਇਜ਼ਰਾਈਲ ਵਰਗੇ ਸ਼ਕਤੀਸ਼ਾਲੀ ਦੇਸ਼ ਵੀ ਸ਼ਾਮਲ ਹਨ।
ਵਰਣਨਯੋਗ ਹੈ ਕਿ ਇਜ਼ਰਾਈਲ ਨੇ ਪਿਛਲੇ 72 ਘੰਟਿਆਂ ’ਚ ਗਾਜ਼ਾ (ਫਿਲਸਤੀਨ), ਸੀਰੀਆ, ਲਿਬਨਾਨ, ਕਤਰ, ਯਮਨ ਅਤੇ ਟਿਊਨੀਸ਼ੀਆ ਸਮੇਤ 6 ਮੁਸਲਿਮ ਦੇਸ਼ਾਂ ’ਤੇ ਹਮਲੇ ਕੀਤੇ, ਜਿਨ੍ਹਾਂ ’ਚ 200 ਤੋਂ ਵੱਧ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖ਼ਮੀ ਹੋ ਗਏ ਹਨ।
ਨੇਪਾਲ ’ਚ ‘ਜੈਨ ਜ਼ੈੱਡ’ ਵਲੋਂ ਸੋਸ਼ਲ ਮੀਡੀਆ ’ਤੇ ਬੈਨ, ਸੱਤਾਧਾਰੀਆਂ ਦੇ ਭ੍ਰਿਸ਼ਟਾਚਾਰ ਅਤੇ ਪਰਿਵਾਰ ਪੋਸ਼ਣ ਦੇ ਵਿਰੁੱਧ ਅਤੇ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਿਗਆ ਅੰਦੋਲਨ ਉੱਥੇ ਫੌਜ ਵਲੋਂ ਦੇਸ਼ ਦਾ ਕੰਟਰੋਲ ਸੰਭਾਲਣ ਅਤੇ ਪ੍ਰਧਾਨ ਮੰਤਰੀ ‘ਕੇ. ਪੀ. ਸ਼ਰਮਾ ਓਲੀ’ ਦੇ ਅਸਤੀਫੇ ਤੋਂ ਬਾਅਦ ਫਿਲਹਾਲ ਰੁਕ ਗਿਆ ਲੱਗਦਾ ਸੀ।
ਇਸ ਦੌਰਾਨ ਨੇਪਾਲ ’ਚ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਰੇਸ ’ਚ ‘ਕਾਠਮੰਡੂ’ ਦੇ ਮੇਅਰ ‘ਬਾਲੇਨ ਸ਼ਾਹ’ ਅਤੇ ਉੱਥੋਂ ਦੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਚੀਫ ਜਸਟਿਸ ‘ਸੁਸ਼ੀਲਾ ਕਾਰਕੀ’ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ ਪਰ ਇਸ ਨੂੰ ਲੈ ਕੇ ਵੀ ‘ਜੈਨ ਜ਼ੈੱਡ’ ’ਚ ਫੁੱਟ ਪੈ ਗਈ ਹੈ ਅਤੇ ਸੁਸ਼ੀਲਾ ਕਾਰਕੀ ਦੇ ਪ੍ਰਧਾਨ ਮੰਤਰੀ ਬਣਨ ਦੇ ਰਾਹ ’ਚ ਅੜਚਣ ਆ ਗਈ ਹੈ।
‘ਜੈਨ ਜ਼ੈੱਡ’ ਦਾ ਇਕ ਵਰਗ ਭਾਰਤ ਸਮਰਥਕ ‘ਸੁਸ਼ੀਲਾ ਕਾਰਕੀ’ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਉਣ ਨੂੰ ਤਿਆਰ ਨਹੀਂ ਹੈ। ਇਸ ਨੂੰ ਲੈ ਕੇ ਦੋਵੇਂ ਗੁੱਟਾਂ ’ਚ 11 ਸਤੰਬਰ ਨੂੰ ਫੌਜ ਮੁੱਖ ਦਫਤਰ ਦੇ ਸਾਹਮਣੇ ਝੜਪ ਹੋ ਜਾਣ ਨਾਲ ਕਈ ਨੌਜਵਾਨ ਜ਼ਖਮੀ ਹੋ ਗਏ।
ਦੂਜੇ ਪਾਸੇ ਫਰਾਂਸ ’ਚ ਰਾਸ਼ਟਰਪਤੀ ‘ਇਮੈਨੂਅਲ ਮੈਕਰੋਂ’ ਵਲੋਂ ਸਾਬਕਾ ਪ੍ਰਧਾਨ ਮੰਤਰੀ ‘ਫ੍ਰਾਂਸਵਾ ਬਾਯਰੂ’ ਤੋਂ ਅਸਤੀਫਾ ਲੈ ਕੇ ਆਪਣੀ ਕਰੀਬੀ ਅਤੇ ਰੱਖਿਆ ਮੰਤਰੀ ‘ਸੇਬੇਸਟੀਅਨ ਲੇਕੋਰਨੂ’ (39) ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੇ ਨਾਲ ਹੀ ਉੱਥੇ ਦੰਗਾ ਭੜਕ ਉੱਠਿਆ ਅਤੇ ਲੋਕ ਸੜਕਾਂ ’ਤੇ ਉਤਰ ਆਏ। ਇਸ ਪ੍ਰੋਟੈਸਟ ਨੂੰ ‘ਬਲਾਕ ਏਵਰੀਥਿੰਗ’ ਨਾਂ ਦਿੱਤਾ ਗਿਆ ਹੈ। ਫਰਾਂਸ ’ਚ ਚੱਲੀ ਆ ਰਹੀ ਅਸ਼ਾਂਤੀ ਦੇ ਨਤੀਜੇ ਵਜੋਂ ਇੱਥੇ ਇਕ ਸਾਲ ’ਚ ਚੌਥਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਿਗਆ ਹੈ।
ਲੋਕਾਂ ’ਚ ‘ਫ੍ਰਾਂਸਵਾ ਬਾਯਰੂ’ ਵਲੋਂ ਬਜਟ ’ਚ 50 ਅਰਬ ਡਾਲਰ ਦੀ ਕਟੌਤੀ ਕਰਨ, 2 ਰਾਸ਼ਟਰੀ ਛੁੱਟੀਆਂ ਰੱਦ ਕਰਨ, 2026 ’ਚ ਪੈਨਸ਼ਨ ’ਤੇ ਰੋਕ ਲਗਾਉਣ ਅਤੇ ਹੈਲਥ ਸਰਵਿਸ ਖਰਚ ’ਚ ਅਰਬਾਂ ਡਾਲਰ ਦੀ ਕਟੌਤੀ ਕਰਨ ਦੇ ਪ੍ਰਸਤਾਵਾਂ ਦੇ ਕਾਰਨ ਪਹਿਲਾਂ ਹੀ ਵਿਆਪਕ ਗੁੱਸਾ ਪਾਇਆ ਜਾ ਰਿਹਾ ਸੀ ਜੋ ‘ਸੇਬੇਸਟੀਅਨ ਲੇਕੋਰਨੂ’ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਹੋਰ ਵਧ ਗਿਆ।
ਪ੍ਰਦਰਸ਼ਨ ਦੇ ਕਾਰਨ ਪਬਲਿਕ ਟਰਾਂਸਪੋਰਟ, ਸਰਕਾਰੀ ਦਫਤਰਾਂ, ਹਸਪਤਾਲਾਂ ਅਤੇ ਵਿੱਦਿਅਕ ਸੰਸਥਾਵਾਂ ਤੱਕ ’ਚ ਕੰਮ ਰੁਕ ਗਿਆ ਅਤੇ ਹੜਤਾਲ ਵਰਗੇ ਹਾਲਾਤ ਬਣ ਗਏ ਹਨ। ਇਸ ਅੰਦੋਲਨ ਨਾਲ ਨਜਿੱਠਣ ਲਈ ਫਰਾਂਸ ਨੇ 80,000 ਤੋਂ ਵੱਧ ਸੁਰੱਖਿਆ ਬਲ ਤਾਇਨਾਤ ਕੀਤੇ ਹਨ। ਸਿਆਸੀ ਆਬਜ਼ਰਵਰਾਂ ਅਨੁਸਾਰ ਸ਼ਾਇਦ ਮੈਕਰੋਂ ਅਤੇ ‘ਸੇਬੇਸਟੀਅਨ ਲੇਕੋਰਨੂ’ ਲਈ ਅਗਲਾ ਰਾਹ ਆਸਾਨ ਨਹੀਂ ਹੋਵੇਗਾ।
ਜਿੱਥੇ ਸੂਡਾਨ ’ਚ ਦੋ ਵਿਰੋਧੀ ਗਿਰੋਹਾਂ ਵਿਚਾਲੇ ਤਣਾਅ ਨਾਲ ਖਾਨਾਜੰਗੀ ਦੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਪੋਲੈਂਡ ਨਾਲ ਨਾਰਾਜ਼ਗੀ ਦੇ ਕਾਰਨ ਰੂਸ ਨੇ ਆਪਣੇ ਕਈ ਡਰੋਨ ‘ਪੋਲੈਂਡ’ ਭੇਜ ਦਿੱਤੇ ਜਿਨ੍ਹਾਂ ਨੂੰ ਨਾਟੋ ਦੇਸ਼ਾਂ ਵਲੋਂ ਮਾਰ ਕੇ ਡੇਗਣ ਨਾਲ ਸਥਿਤੀ ਤਣਾਅਪੂਰਨ ਹੋ ਗਈ। ਰੂਸ ਨੇ 10 ਸਤੰਬਰ ਨੂੰ 7 ਘੰਟਿਆਂ ’ਚ 19 ਵਾਰ ਪੋਲੈਂਡ ਦੀ ਹਵਾਈ ਹੱਦ ਦੀ ਉਲੰਘਣਾ ਕੀਤੀ।
10 ਸਤੰਬਰ ਨੂੰ ਹੀ ਅਮਰੀਕਾ ’ਚ ‘ਡੋਨਾਲਡ ਟਰੰਪ’ ਦੇ ਸਹਿਯੋਗੀ ‘ਚਾਰਲੀ ਕ੍ਰਿਕ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੇ ਕਾਰਨ ਅਮਰੀਕਾ ’ਚ ਸਿਆਸੀ ਹਿੰਸਾ ਦੇ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।
ਇਸ ਪਿਛੋਕੜ ’ਚ ਸਵਾਲ ਉੱਠਦਾ ਹੈ ਕਿ ਕਿਤੇ ਸ਼ਾਂਤੀ ਅਤੇ ਅਹਿੰਸਾ ਦਾ ਪਾਠ ਭੁੱਲ ਕੇ ਇਹ ਦੁਨੀਆ ਬਾਰੂਦ ਦੇ ਢੇਰ ’ਤੇ ਤਾਂ ਨਹੀਂ ਆ ਬੈਠੀ ਹੈ। ਅਜਿਹੀ ਸਥਿਤੀ ’ਚ ਤਾਂ ਕੋਈ ਚਮਤਕਾਰ ਹੀ ਵਿਸ਼ਵ ਨੂੰ ਤੀਸਰੀ ਵਿਸ਼ਵ ਜੰਗ ਤੋਂ ਬਚਾਅ ਸਕਦਾ ਹੈ।
–ਵਿਜੇ ਕੁਮਾਰ