ਬਜ਼ੁਰਗਾਂ ਦਾ ਹੋਣਾ ਚਾਹੀਦਾ ਸਸ਼ਕਤੀਕਰਨ
Saturday, Apr 11, 2026 - 04:46 PM (IST)
ਅਕਸਰ ਨੌਜਵਾਨਾਂ ਦਾ ਦੇਸ਼, ਨਾਰੀ ਸਸ਼ਕਤੀਕਰਨ, ਮਹਿਲਾ ਰਾਖਵੇਂਕਰਨ ਦੀ ਗੱਲ ਸੁਣਾਈ ਦਿੰਦੀ ਹੈ। ਇਸ ਦੇ ਉਲਟ ਤ੍ਰਾਸਦੀ ਹੈ ਕਿ ਰਿਟਾਇਰਡ ਭਾਵ ਜੋ ਕਦੇ ਬਹੁਤ ਉਪਯੋਗੀ ਸਨ, ਅਚਾਨਕ ਉਨ੍ਹਾਂ ਨੂੰ ਘਰ, ਪਰਿਵਾਰ ਅਤੇ ਸਮਾਜ ਕਿਸੇ ਕੰਮ ਦਾ ਨਹੀਂ ਸਮਝਦਾ। ਕੋਈ ਹੋਰ ਨਾ ਵੀ ਸਮਝੇ, ਪਰ ਉਹ ਆਪਣੇ ਆਪ ਨੂੰ ਬੋਝ ਸਮਝਣ ਲੱਗਦੇ ਹਨ। ਅਜਿਹੇ ਲੋਕਾਂ ਦੀ ਪੀੜ੍ਹੀ ਨੂੰ ਸੁਰੱਖਿਆ ਦੀ ਨਹੀਂ, ਸਸ਼ਕਤੀਕਰਨ ਦੀ ਲੋੜ ਹੈ।
ਸੋਚ ’ਚ ਬਦਲਾਅ : ਸਾਡੇ ਦੇਸ਼ ’ਚ ਸੰਯੁਕਤ ਪਰਿਵਾਰ ਦੀ ਜੀਵਨ ਸ਼ੈਲੀ ਰਹੀ ਹੈ ਅਤੇ ਅੱਜ ਵੀ ਕਈ ਪੀੜ੍ਹੀਆਂ ਦੇ ਲੋਕ ਨਾਲ ਰਹਿੰਦੇ ਹਨ। ਜਿਵੇਂ-ਜਿਵੇਂ ਰੋਜ਼ੀ-ਰੋਟੀ ਲਈ ਸੰਘਰਸ਼ ਵਧਿਆ, ਨਾਲ ਰਹਿਣਾ ਮੁਸ਼ਕਲ ਹੁੰਦਾ ਗਿਆ ਅਤੇ ਫਿਰ ਇਕਹਿਰੇ ਪਰਿਵਾਰ ਦਾ ਦੌਰ ਸ਼ੁਰੂ ਹੋਇਆ। ਹੁਣ ਫਿਰ ਤੋਂ 2-3 ਪੀੜ੍ਹੀਆਂ ਦੇ ਇਕੱਠੇ ਰਹਿਣ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਇਸ ਦਾ ਕਾਰਨ ਇਹ ਨਹੀਂ ਕਿ ਅਚਾਨਕ ਨੌਜਵਾਨ ਪੀੜ੍ਹੀ ਨੂੰ ਇਹ ਅਹਿਸਾਸ ਹੋਣ ਲੱਗਾ ਹੋਵੇ ਕਿ ਸਭ ਨਾਲ ਰਹਿਣਗੇ ਤਾਂ ਬਿਹਤਰ ਹੋਵੇਗਾ, ਇਕ-ਦੂਜੇ ਦੇ ਸੁੱਖ-ਦੁੱਖ ’ਚ ਸਾਂਝੇਦਾਰੀ ਵਧੇਗੀ, ਸਗੋਂ ਜ਼ਿਆਦਾਤਰ ਇਹ ਹਕੀਕਤ ਹੈ ਕਿ ਬਜ਼ੁਰਗਾਂ ਨਾਲੋਂ ਵੱਧ ਨੌਜਵਾਨ ਵਰਗ ਨੂੰ ਇਕੱਲਾਪਣ ਮਹਿਸੂਸ ਹੋਣ ਦੇ ਕਾਰਨ ਉਹ ਚਾਹੁਣ ਲੱਗੇ ਹਨ ਕਿ ਘਰ ਦੇ ਵੱਡੇ ਉਨ੍ਹਾਂ ਦੇ ਨਾਲ ਰਹਿਣਗੇ ਤਾਂ ਉਨ੍ਹਾਂ ਦਾ ਜੀਵਨ ਸਹਿਜ ਹੋਵੇਗਾ। ਉਮਰ ਵੀ ਲੰਬੀ ਹੁੰਦੀ ਜਾ ਰਹੀ ਹੈ ਕਿਉਂਕਿ ਸਿਹਤ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ 60 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਤਜਰਬੇ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਧਿਆਨ ’ਚ ਰੱਖ ਕੇ ਸਰਕਾਰ ਕੋਈ ਅਜਿਹੀ ਨੀਤੀ ਬਣਾਏ, ਜਿਸ ਨਾਲ ਉਨ੍ਹਾਂ ਦਾ ਸਸ਼ਕਤੀਕਰਨ ਹੋਵੇ ਅਤੇ ਉਹ ਆਪਣੇ ਆਪ ਨੂੰ ਉਪਯੋਗੀ ਸਮਝਣ। ਇਸ ਦੇ ਨਾਲ ਹੀ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਬਜ਼ੁਰਗ ਹੋਣਾ ਤਰਸ ਦਾ ਨਹੀਂ, ਸਗੋਂ ਇਸ ਪੀੜ੍ਹੀ ਦੇ ਮੁੱਢਲੇ ਅਧਿਕਾਰਾਂ ਦਾ ਵਿਸ਼ਾ ਹੈ।
ਪਿਛਲੇ ਦਿਨੀਂ ਲੰਡਨ ਤੋਂ ਇਕ ਜਾਣ-ਪਛਾਣ ਵਾਲਾ ਨੌਜਵਾਨ ਜੋੜਾ ਭਾਰਤ ਆਇਆ। ਪਤੀ ਇੰਗਲੈਂਡ ’ਚ ਹੀ ਜਨਮਿਆ, ਪੜ੍ਹਿਆ-ਲਿਖਿਆ ਅਤੇ ਆਪਣਾ ਕਾਰੋਬਾਰ ਕਰਦਾ ਹੈ। ਪਤਨੀ ਭਾਰਤ ਤੋਂ ਪੜ੍ਹਨ ਲਈ ਗਈ ਅਤੇ ਫਿਰ ਉੱਥੇ ਹੀ ਨੌਕਰੀ ਕਰ ਲਈ ਅਤੇ ਵਿਆਹ ਵੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉੱਥੇ ਜਿੱਥੇ ਇਕ ਪਾਸੇ ਨੌਜਵਾਨਾਂ ਨੂੰ ਬਾਲਗ ਹੋ ਜਾਣ ’ਤੇ ਆਪਣੇ ਖਰਚ ਲਈ ਪੈਸਾ ਖ਼ੁਦ ਜੁਟਾਉਣਾ ਹੁੰਦਾ ਹੈ, ਪਰਿਵਾਰ ਤੋਂ ਨਾ ਉਨ੍ਹਾਂ ਦੀ ਕੋਈ ਉਮੀਦ ਹੁੰਦੀ ਹੈ, ਨਾ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਕਿ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੁੰਦੇ ਦੇਖਣ ਲਈ ਉਹ ਆਪਣੀ ਜਮ੍ਹਾ ਪੂੰਜੀ ਉਨ੍ਹਾਂ ’ਤੇ ਖਰਚ ਕਰਨ। ਭਾਰਤ ’ਚ ਇਹ ਮੰਨਿਆ ਜਾਂਦਾ ਹੈ ਕਿ ਸੰਤਾਨ ਦੀ ਸਿੱਖਿਆ, ਰੁਜ਼ਗਾਰ ਜਾਂ ਨੌਕਰੀ ਤੱਕ ਦਾ ਪ੍ਰਬੰਧ ਕਰਨਾ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੈ। ਉਹ ਉਧਾਰ ਲੈ ਕੇ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਤੋਂ ਲੈ ਕੇ ਉਨ੍ਹਾਂ ਦਾ ਘਰ ਵਸਾਉਣ ਤੱਕ ਦਾ ਖਰਚ ਉਠਾਉਂਦੇ ਹਨ ਅਤੇ ਉਦੋਂ ਹੀ ਉਹ ਆਪਣੇ ਫਰਜ਼ ਦੀ ਪਾਲਣ ਕਰਦੇ ਹੋਏ ਮੰਨੇ ਜਾਂਦੇ ਹਨ। ਪੱਛਮੀ ਦੇਸ਼ਾਂ ’ਚ ਇਸ ਤਰ੍ਹਾਂ ਦੇ ਵਿਵਹਾਰ ਨੂੰ ਹੈਰਾਨੀ ਦੇ ਰੂਪ ’ਚ ਦੇਖਿਆ ਜਾਂਦਾ ਹੈ।
ਵਧਦੀ ਉਮਰ ਦੀ ਵਿਸ਼ੇਸ਼ਤਾ : ਹੁਣ ਉਮਰ ਨੇ ਤਾਂ ਵਧਣਾ ਹੀ ਹੈ ਅਤੇ ਹਰੇਕ ਦੇ ਜੀਵਨ ’ਚ ਅਜਿਹਾ ਸਮਾਂ ਆਉਂਦਾ ਹੈ ਜਿਸ ਨੂੰ ਰਿਟਾਇਰਮੈਂਟ ਕਹਿੰਦੇ ਹਨ। ਜਿੱਥੇ ਯੂਰਪੀਅਨ ਅਤੇ ਹੋਰ ਵਿਕਸਿਤ ਦੇਸ਼ਾਂ ’ਚ ਲੋਕ ਇਸ ਨੂੰ ਜੀਵਨ ਦਾ ਇਕ ਪੜਾਅ ਮੰਨਦੇ ਹਨ, ਭਾਰਤ ’ਚ ਇਹ ਇਕ ਠਹਿਰਾਅ ਮੰਨਿਆ ਜਾਂਦਾ ਹੈ ਕਿ ਹੁਣ ਬਾਕੀ ਜੀਵਨ ਦੋਹਤੇ-ਪੋਤਿਆਂ ਦੀ ਸੰਗਤ ’ਚ ਬਤੀਤ ਕਰਨ ਦਾ ਸਮਾਂ ਆ ਗਿਆ ਹੈ ਜਾਂ ਪਰਿਵਾਰ ’ਚ ਇਕ ਵੱਡੇ ਬਜ਼ੁਰਗ ਦੀ ਤਰ੍ਹਾਂ ਜ਼ਿੰਮੇਵਾਰੀ ਸੰਭਾਲਣੀ ਹੋਵੇਗੀ ਅਤੇ ਉਹੀ ਕਰਨਾ ਹੋਵੇਗਾ ਜੋ ਸੰਤਾਨ ਚਾਹੇ ਜਾਂ ਕਹਿ ਸਕਦੇ ਹਾਂ ਕਿ ਨਿਰਦੇਸ਼ ਦੇਵੇ। ਇਸ ’ਚ ਅਜਿਹਾ ਨਹੀਂ ਹੈ ਕਿ ਆਦਰ ਜਾਂ ਨਿਰਾਦਰ ਕਰਨ ਵਰਗਾ ਕੁਝ ਹੈ, ਸਗੋਂ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਜੀਵਨ ’ਚ ਬਹੁਤ ਕੁਝ ਕਰ ਲਿਆ, ਹੁਣ ਆਰਾਮ ਕਰਨ ਦਾ ਸਮਾਂ ਹੈ। ਇਹ ਨਾ ਕੋਈ ਪੁੱਛਦਾ ਹੈ, ਨਾ ਜਾਣਨਾ ਚਾਹੁੰਦਾ ਹੈ ਕਿ ਉਮਰ ਦੇ ਇਸ ਮੋੜ ’ਤੇ ਸਰਗਰਮ ਜੀਵਨ ਤੋਂ ਮੁਕਤ ਹੋ ਜਾਣ ਦੀ ਇੱਛਾ ਹੈ ਵੀ ਜਾਂ ਨਹੀਂ। ਸਵਾਲ ਇਹ ਹੈ ਕਿ ਇਸ ਉਮਰ ’ਚ ਸਹਾਰਾ ਚਾਹੀਦਾ ਹੈ ਜਾਂ ਆਜ਼ਾਦੀ ਦੇ ਨਾਲ ਜਿਊਣ ਜਾਂ ਜੋ ਹੁਣ ਤੱਕ ਕਿਸੇ ਕਾਰਨ ਕਰ ਕੇ ਨਹੀਂ ਕਰ ਸਕੇ ਜਾਂ ਉਲਟ ਹਾਲਾਤ ਦੇ ਕਾਰਨ ਸੰਭਵ ਨਹੀਂ ਸੀ, ਉਸ ਨੂੰ ਕਿਵੇਂ ਕੀਤਾ ਜਾਵੇ?
ਮਿੱਤਰ ਜੋੜੇ ਨੇ ਕਿਹਾ ਕਿ ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਨੂੰ ਮਿਲਣ ਦੀ ਇੱਛਾ ਹੋਣ ’ਤੇ ਪਹਿਲਾਂ ਤੋਂ ਦੱਸਣਾ ਹੁੰਦਾ ਹੈ, ਉਨ੍ਹਾਂ ਦੀ ਸਹੂਲਤ ਅਨੁਸਾਰ ਸਮਾਂ ਅਤੇ ਉਸ ਦੀ ਮਿਆਦ ਨਿਸ਼ਚਿਤ ਕਰਨੀ ਹੁੰਦੀ ਹੈ, ਉਦੋਂ ਹੀ ਮਿਲਣ ਜਾਇਆ ਜਾ ਸਕਦਾ ਹੈ। ਸਾਡੇ ਦੇਸ਼ ਦੀ ਤਰ੍ਹਾਂ ਜਦੋਂ ਚਾਹੇ ਉਦੋਂ ਟਪਕ ਪਵੋ, ਸਵੇਰ ਤੋਂ ਸ਼ਾਮ ਤੱਕ ਜੰਮੇ ਰਹੋ ਅਤੇ ਇਹ ਅਹਿਸਾਸ ਦਿਵਾਉਣ ਦੇ ਨਾਲ ਵਿਦਾ ਹੋਵੋ ਕਿ ਦੇਖੋ ਸਾਨੂੰ ਤੁਹਾਡਾ ਕਿੰਨਾ ਧਿਆਨ ਹੈ, ਬਹੁਤ ਜ਼ਿਆਦਾ ਰੁੱਝੇ ਹੋਣ ਦੇ ਬਾਵਜੂਦ ਮਿਲਣ ਆਏ ਅਤੇ ਜਾਂਦੇ-ਜਾਂਦੇ ਹਰ ਤਰ੍ਹਾਂ ਦੀਆਂ ਹਦਾਇਤਾਂ ਦੇਣੀਆਂ ਕਿ ਜਿਵੇਂ ਮੰਨੋ ਕਿ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਤਾਂ ਉਹ ਇਕ ਦਿਨ ਵੀ ਠੀਕ ਨਾਲ ਨਹੀਂ ਰਹਿ ਸਕਣਗੇ। ਦੂਜੇ ਅਰਥਾਂ ’ਚ, ਜਦੋਂ ਤੱਕ ਤੁਸੀ ਜਿਊਣਾ ਹੈ, ਤੁਸੀਂ ਸਾਡੀ ਜ਼ਿੰਮੇਵਾਰੀ ਹੋ। ਜਦੋਂ ਤੱਕ ਜਿਊਂਦੇ ਹੋ, ਆਉਂਦੇ-ਜਾਂਦੇ ਰਹਾਂਗੇ ਅਤੇ ਕਦੇ ਨਾ ਆ ਸਕੇ ਤਾਂ ਤੁਹਾਨੂੰ ਸਾਡੀ ਮਜਬੂਰੀ ਸਮਝਣੀ ਹੋਵੇਗੀ। ਸਾਡੇ ਇੱਥੇ ਬਜ਼ੁਰਗਾਂ ਨੂੰ ਜਾਂ ਤਾਂ ਪਰਿਵਾਰਕ ਭੂਮਿਕਾ ’ਚ ਸੀਮਤ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਸਾਡੀਆਂ ਆਪਣੀਆਂ ਬਣਾਈਆਂ ਬੰਦਿਸ਼ਾਂ ਜਾਂ ਬੰਧਨਾਂ ਦੀ ਹੱਦ ’ਚ ਬੰਨ੍ਹ ਦਿੱਤਾ ਜਾਂਦਾ ਹੈ।
ਸਨਮਾਨ ਅਤੇ ਮਾਣ ਚਾਹੀਦਾ ਹੈ : ਹੁਣ ਅਸੀਂ ਇਸ ਗੱਲ ’ਤੇ ਆਉਂਦੇ ਹਾਂ ਕਿ 60 ਸਾਲ ਦੀ ਉਮਰ ਤੱਕ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮੰਨ ਲਓ 100 ਸਾਲ ਤੱਕ ਜਿਊਣਾ ਹੈ ਭਾਵ ਪੂਰੇ 40 ਸਾਲ ਦਾ ਕਾਰਜਕਾਲ ਤੈਅ ਕਰਨਾ ਕਿਸ ਦੇ ਹੱਥ ’ਚ ਹੈ ਜਾਂ ਪਰਿਵਾਰ ਦੀ ਗੱਲ ਤਾਂ ਬਹੁਤ ਹੋ ਗਈ, ਕੀ ਕੋਈ ਅਜਿਹੀ ਨੀਤੀ ਜਾਂ ਕਾਨੂੰਨ ਹੈ ਜਿਸ ਦੇ ਆਧਾਰ ’ਤੇ ਇਸ ਪੂਰੀ ਪੀੜ੍ਹੀ ਨੂੰ ਸਵੇਰ ਦੀ ਸੈਰ, ਲਾਫਟਰ ਕਲੱਬ ਜਾਂ ਕਿਸੇ ਵੀ ਤਰ੍ਹਾਂ ਨਾਲ ਦਿਨ ਭਰ ਆਪਣਾ ਸਮਾਂ ਬਿਤਾਉਣ ਤੋਂ ਇਲਾਵਾ ਕੁਝ ਹੋਰ ਕੰਮ ਵੀ ਦਿੱਤਾ ਜਾ ਸਕਦਾ ਹੈ? ਉਨ੍ਹਾਂ ਦੀ ਸਮਰੱਥਾ, ਕਾਰਜਕੁਸ਼ਲਤਾ ਅਤੇ ਜੀਵਨ ’ਚ ਪ੍ਰਾਪਤ ਕੀਤੀਆਂ ਉਪਲਬਧੀਆਂ ਨੂੰ ਧਿਆਨ ’ਚ ਰੱਖਦੇ ਹੋਏ ਕੋਈ ਅਜਿਹੀ ਯੋਜਨਾ ਬਣਾਈ ਜਾ ਸਕਦੀ ਹੈ ਜੋ ਉਨ੍ਹਾਂ ਨੂੰ ਇਕ ਪਾਸੇ ਆਪਣੇ ਅਣ-ਉਪਯੋਗੀ ਹੋਣ ਦੇ ਅਹਿਸਾਸ ਤੋਂ ਦੂਰ ਰੱਖਣ ’ਚ ਸਹਾਇਕ ਹੋਵੇ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਮਰੱਥਾ ਅਨੁਸਾਰ ਉਨ੍ਹਾਂ ਲਈ ਕੁਝ ਅਜਿਹੇ ਕਾਰਜਾਂ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਹੋਵੇ, ਜਿਸ ਨਾਲ ਉਹ ਇਕੱਲੇਪਨ ਦੀ ਆਧੁਨਿਕ ਬਿਮਾਰੀ ਤੋਂ ਦੂਰ ਰਹਿਣ ਅਤੇ ਅੰਤਿਮ ਸਾਹ ਤੱਕ ਦੇਸ਼ ਲਈ ਆਪਣਾ ਸਾਰਥਕ ਯੋਗਦਾਨ ਪਾ ਸਕਣ। ਇਹ ਮੌਤ ਦੀ ਉਡੀਕ ਦੀ ਜਗ੍ਹਾ ਸਰਗਰਮ ਬੁਢਾਪਾ ਅਤੇ ਉਹ ਵੀ ਯੋਗਤਾ ਦੇ ਆਧਾਰ ’ਤੇ ਦਿੱਤੇ ਗਏ ਮੌਕੇ ਭਾਵ ਬਜ਼ੁਰਗ ਸਸ਼ਕਤੀਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੋਵੇਗਾ।
ਖੋਜਾਂ ਦੱਸਦੀਆਂ ਹਨ ਕਿ ਬਜ਼ੁਰਗ ਹੋਣਾ ਉਮਰ ਦਾ ਰੁਕਣਾ ਨਹੀਂ, ਸਗੋਂ ਹੁਣ ਤੱਕ ਦੇ ਤਜਰਬੇ ਨੂੰ ਸਿਖ਼ਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੂੰ ਵਿਸ਼ੇਸ਼ ਦਰਜਾ ਨਹੀਂ ਚਾਹੀਦਾ ਪਰ ਆਪਣੇ ਉਪਯੋਗੀ ਹੋਣ ਦੀ ਉਮੀਦ ’ਚ ਕੁਝ ਨਵਾਂ ਕਰਨ ਦੀ ਵਿਵਸਥਾ ਜ਼ਰੂਰ ਚਾਹੀਦੀ ਹੈ। ਉਨ੍ਹਾਂ ਨੂੰ ਸਹਾਰਾ ਨਹੀਂ, ਸਾਰਥਕਤਾ ਚਾਹੀਦੀ ਹੈ, ਕਿਉਂਕਿ ਅੰਤਿਮ ਸਾਹ ਤੱਕ ਪ੍ਰਾਸੰਗਿਕ ਬਣੇ ਰਹਿਣਾ ਹੀ ਜੀਵਨ ਹੈ।
ਪੂਰਨ ਚੰਦ ਸਰੀਨ
