ਅਸਹਿਜ ਸੱਚ ਤੋਂ ਮੂੰਹ ਮੋੜਨ ਦੀ ‘ਸੈਕੂਲਰ’ ਕੀਮਤ
Thursday, Apr 16, 2026 - 05:19 PM (IST)
ਸੱਚ ਤੋਂ ਅੱਖਾਂ ਚੁਰਾ ਕੇ ਸਮਾਜ ਕਦੇ ਮਜ਼ਬੂਤ ਨਹੀਂ ਬਣਦਾ। ਜਦੋਂ ਕਿਸੇ ਸੰਕਟ ਨੂੰ ਜਾਣਬੁੱਝ ਕੇ ਨਾਕਾਰ ਦਿੱਤਾ ਜਾਂਦਾ ਹੈ, ਤਾਂ ਉਹ ਹੋਰ ਗੂੜ੍ਹੀਆਂ ਜੜ੍ਹਾਂ ਫੜ ਲੈਂਦਾ ਹੈ। ਸੁਤੰਤਰ ਭਾਰਤ ’ਚ ਦਹਾਕਿਆਂ ਤੋਂ ਇਹੀ ਹੋ ਰਿਹਾ ਹੈ, ਜਿੱਥੇ ਸਵੈ-ਐਲਾਨਿਆ ਸੈਕੂਲਰਵਾਦੀ-ਉਦਾਰਵਾਦੀ ਕੁਨਬਾ ਫਿਰਕੂ ਸਦਭਾਵਨਾ ਦੇ ਨਾਂ ’ਤੇ ਹਰ ਉਸ ਅਸੁਵਿਧਾਜਨਕ ਤੱਥ ਜਾਂ ਖੁਲਾਸੇ ਨੂੰ ਦਬਾਉਣਾ ਜਾਂ ‘ਪ੍ਰਾਪੇਗੰਡਾ’ ਦੱਸਣਾ ਚਾਹੁੰਦਾ ਹੈ, ਜੋ ਨਾ ਤਾਂ ਨਿਆਂਸੰਗਤ ਹੈ ਅਤੇ ਨਾ ਹੀ ਸਮਾਜਿਕ ਸਦਭਾਵਨਾ ਤੇ ਸਥਿਰਤਾ ਲਈ ਆਦਰਸ਼। ਸਾਲਾਂ ਤੋਂ ਇਹ ਬਹੁਰੂਪੀਆ ਵਰਗ ਹਿੰਦੂ-ਮੁਸਲਿਮ ‘ਏਕਤਾ’ ਅਤੇ ‘ਗੰਗਾ-ਜਮੁਨੀ ਤਹਿਜ਼ੀਬ’ ਦਾ ਪਾਠ ਪੜ੍ਹਾਉਣ ’ਚ ਲੱਗਿਆ ਹੋਇਆ ਹੈ, ਮੰਨੋ ਉਪਦੇਸ਼ ਹੀ ਹੱਲ ਹੋਵੇ। ਤ੍ਰਾਸਦੀ ਦੇਖੋ, ਇਨ੍ਹਾਂ ਦੇ ਉਪਦੇਸ਼ਾਂ ਦਾ ਫਲ ਨਾ ਤਾਂ ਸ਼ਾਂਤੀ ਦੇ ਰੂਪ ’ਚ ਦਿਸਿਆ ਅਤੇ ਨਾ ਹੀ ਸਦਭਾਵਨਾ ਦੇ ਰੂਪ ’ਚ। ਉਲਟਾ, ਜਦੋਂ ਵੀ ਸਮਾਜ ’ਚ ਕੜਵਾਹਟ ਵਧੀ, ਉਸ ਦਾ ਭਾਂਡਾ ਬੜੀ ਸਹਿਜਤਾ ਨਾਲ ਆਰ. ਐੱਸ. ਐੱਸ.-ਭਾਜਪਾ ਦੇ ਸਿਰ ਭੰਨ੍ਹ ਦਿੱਤਾ ਜਾਂਦਾ ਹੈ, ਮੰਨੋ ਜਿਵੇਂ ਸਾਰੇ ਫਸਾਦ ਦੀ ਜੜ੍ਹ ਉਹੀ ਹੋਵੇ ਪਰ ਇਤਿਹਾਸ ਦੀ ਕਸੌਟੀ ’ਤੇ ਇਹ ਸਿੱਟਾ ਵਾਰ-ਵਾਰ ਦਮ ਤੋੜ ਦਿੰਦਾ ਹੈ।
ਜੋ ਲੋਕ ਕਿਸੇ ਹਿੰਦੂ ਨੂੰ ‘ਕੱਟੜ’ ਅਤੇ ‘ਨਫ਼ਰਤੀ’ ਐਲਾਨ ਕਰਨ ’ਚ ਪਲ ਭਰ ਦੀ ਦੇਰੀ ਨਹੀਂ ਲਗਾਉਂਦੇ, ਉਹ ਮਹਾਰਾਸ਼ਟਰ ਦੇ ਨਾਸਿਕ ਕਾਂਡ ’ਤੇ ਜਾਂ ਤਾਂ ਚੁੱਪ ਹਨ ਜਾਂ ਉਸ ਨੂੰ ‘ਨਿੱਜੀ ਰੰਜਿਸ਼’ ਦਾ ਲਿਬਾਸ ਪਹਿਨਾਉਣ ’ਚ ਜੁਟੇ ਹੋਏ ਹਨ। ਦੋਸ਼ ਹੈ ਕਿ ‘ਟਾਟਾ ਕੰਸਲਟੈਂਸੀ ਸਰਵਿਸਿਜ਼’ ਨਾਲ ਜੁੜੀ ਇਕ ਇਕਾਈ ’ਚ ਕੰਮ ਕਰ ਰਹੇ ਮੁਸਲਿਮ ਕਰਮਚਾਰੀ, ਵਿਸ਼ੇਸ਼ ਕਰ ਕੇ ਆਰਥਿਕ-ਸਮਾਜਿਕ ਤੌਰ ’ਤੇ ਕਮਜ਼ੋਰ ਹਿੰਦੂ ਮੁਟਿਆਰਾਂ ਨੂੰ ਪ੍ਰੇਮ ਜਾਲ ’ਚ ਫਸਾ ਕੇ ਧਰਮ ਪਰਿਵਰਤਨ ਲਈ ਦਬਾਅ ਬਣਾ ਰਹੇ ਸਨ। ਇਸ ’ਚ ਐੱਚ. ਆਰ. ਨਿਦਾ ਖਾਨ, ਜਿਸ ਨੂੰ ‘ਲੇਡੀ ਕੈਪਟਨ’ ਕਿਹਾ ਗਿਆ ਹੈ, ’ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਹਿੰਦੂ ਔਰਤ ਕਰਮਚਾਰੀਆਂ ਨਾਲ ਨਜ਼ਦੀਕੀ ਵਧਾ ਕੇ ਉਨ੍ਹਾਂ ਦਾ ਭਰੋਸਾ ਜਿੱਤਿਆ, ਫਿਰ ਹੌਲੀ-ਹੌਲੀ ਉਨ੍ਹਾਂ ’ਤੇ ਨਮਾਜ਼ ਪੜ੍ਹਨ ਅਤੇ ਹਿਜ਼ਾਬ ਅਪਣਾਉਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਘਟਨਾ ਇਕੱਲੀ ਨਹੀਂ ਹੈ, ਨਾ ਹੀ ਕਿਸੇ ਪਲ ਭਰ ਦੀ ਭੁੱਲ ਦਾ ਨਤੀਜਾ ਹੈ। ਇਸ ਦੇ ਪਿੱਛੇ ਇਕ ਅਜਿਹੀ ਪ੍ਰਵਿਰਤੀ ਹੈ, ਜੋ ਦਹਾਕਿਆਂ ਤੋਂ ਸਮਾਨ ਢੰਗ ਨਾਲ ਸੰਚਾਲਨ ਹੁੰਦੀ ਆ ਰਹੀ ਹੈ, ਜਿਸ ’ਚ ਛਲ, ਫਰੇਬ, ਸ਼ੋਸ਼ਣ ਅਤੇ ਦਬਾਅ ਦਾ ਇਕ ਯੋਜਨਾਬੱਧ ਤਾਣਾ-ਬਾਣਾ ਲੁਕਿਅਾ ਹੈ। ਇਸ ਦੀਆਂ ਜੜ੍ਹਾਂ ਵਿਚਾਰਕ-ਮਜ਼੍ਹਬੀ ਅਾਧਾਰ ’ਚ ਮਿਲਦੀਆਂ ਹਨ, ਜਿਸ ’ਚ ਇਸਲਾਮ ਦਾ ਪ੍ਰਸਾਰ ਕਰ ਕੇ ‘ਸਵਾਬ’ ਮਿਲਣ ਦੀ ਧਾਰਨਾ ਹੈ ਅਤੇ ਮਕਸਦ ਕਿਸੇ ਵੀ ਖੇਤਰ ਦੀ ਜਨਸੰਖਿਆ ਦੀ ਬਣਤਰ ਨੂੰ ਬਦਲਣਾ ਹੈ।
ਉੱਤਰ ਪ੍ਰਦੇਸ਼ ਦੇ ਲਖਨਊ ’ਚ ਡਾ. ਰਮੀਜ਼ੂਦੀਨ, ਉਸ ਦੇ ਅੱਬੂ ਸਲੀਮੂਦੀਨ ਅਤੇ ਅੰਮੀ ਖਤੀਜਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਿੰਦੂ ਔਰਤਾਂ ਨੂੰ ਫਸਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ, ਫਿਰ ਗਰਭਪਾਤ ਲਈ ਮਜਬੂਰ ਕਰ ਕੇ ਧਰਮ ਤਬਦੀਲੀ ਦਾ ਦਬਾਅ ਪਾਇਆ। ਇਸੇ ਤਰ੍ਹਾਂ ਉੱਤਰਾਖੰਡ ਦੇ ਦੇਹਰਾਦੂਨ ’ਚ ਇਕ ਮੁਸਲਿਮ ਵਿਦਿਆਰਥਣ ਵੱਲੋਂ ਆਪਣੀ ਹਿੰਦੂ ਸਹਿਪਾਠੀ ਨੂੰ ਧਰਮ ਤਬਦੀਲੀ ਅਤੇ ਮੁਸਲਿਮ ਨੌਜਵਾਨ ਨਾਲ ਵਿਆਹ ਲਈ ਪ੍ਰੇਰਿਤ ਕਰਨ ਦਾ ਮਾਮਲਾ ਚੱਲ ਰਿਹਾ ਹੈ। ਕਰਨਾਟਕ ਦੇ ਬੇਲਗਾਵੀ ’ਚ ਇਕ ਦਲਿਤ ਵਿਆਹੁਤਾ ਨੇ ਰਫੀਕ ਅਤੇ ਉਸ ਦੀ ਪਤਨੀ ਕੌਸਰ ’ਤੇ ਮਿਲ ਕੇ ਜਿਨਸੀ-ਸ਼ੋਸ਼ਣ ਕਰਨ ਅਤੇ ਜ਼ਬਰਦਸਤੀ ਇਸਲਾਮ ਅਪਣਾਉਣ ਦਾ ਦੋਸ਼ ਲਾਇਆ ਹੈ।
ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਅਤੇ ਅਲੀਗੜ੍ਹ ’ਚ ਕਈ ਜਿਮਾਂ ਦਾ ਧਰਮ ਤਬਦੀਲੀ ’ਚ ਸ਼ਾਮਲ ਹੋਣ ਦਾ ਪਰਦਾਫਾਸ਼ ਹੋਇਆ ਸੀ, ਜਿਸ ’ਚ ਰੇਲਵੇ ਪੁਲਸ ਮੁਲਾਜ਼ਮ ਇਰਸ਼ਾਦ ਖਾਨ ਦੇ ਨਾਲ ਇਮਰਾਨ ਖਾਨ ਅਤੇ ਰਜ਼ਾ ਖਾਨ ਆਦਿ ’ਤੇ ਧੋਖਾ ਦੇ ਕੇ ਹਿੰਦੂ ਔਰਤਾਂ ਦਾ ਜਿਨਸੀ-ਸ਼ੋਸ਼ਣ, ਜਬਰ-ਜ਼ਨਾਹ ਅਤੇ ਧਰਮ ਤਬਦੀਲੀ ਕਰਨ ਦੇ ਦੋਸ਼ ਹਨ। ਪਿਛਲੇ ਕੁਝ ਸਾਲਾਂ ’ਚ ਦੇਸ਼ ਭਰ ਦੇ ਕਈ ਸ਼ਹਿਰਾਂ ’ਚ ਸੰਗਠਿਤ ਧਰਮ ਤਬਦੀਲੀ ’ਚ ਸ਼ਾਮਲ ਸਰਗਨਿਅਾਂ ਦਾ ਖੁਲਾਸਾ ਹੋਇਆ ਹੈ, ਜਿਸ ’ਚ ਜਲਾਲੂਦੀਨ ਉਰਫ ਛਾਂਗੂ ਬਾਬਾ ਵੀ ਸ਼ਾਮਲ ਹੈ।
ਅਜਮੇਰ ’ਚ 1992 ਦਾ ਕਾਂਡ ਤਾਂ ਜਿਵੇਂ ਇਸ ਪ੍ਰਵਿਰਤੀ ਦਾ ਭਿਆਨਕ ਰੂਪ ਹੈ। ਇਸ ’ਚ ਫਾਰੂਕ-ਨਫੀਸ ਚਿਸ਼ਤੀ ਆਦਿ ਨੇ ਸੈਂਕੜੇ ਹਿੰਦੂ ਸਕੂਲੀ ਵਿਦਿਆਰਥਣਾਂ ਨੂੰ ਨਿਸ਼ਾਨਾ ਬਣਾਇਆ, ਬਹਿਲਾ-ਫੁਸਲਾ ਕੇ ਉਨ੍ਹਾਂ ਦਾ ਜਿਨਸੀ-ਸ਼ੋਸ਼ਣ ਕੀਤਾ ਅਤੇ ਫਿਰ ਤਸਵੀਰਾਂ ਰਾਹੀਂ ਉਨ੍ਹਾਂ ’ਤੇ ਦਬਾਅ ਪਾਇਆ। ਇਸ ਮਾਮਲੇ ’ਚ ਤਿੰਨ ਦਹਾਕਿਆਂ ਬਾਅਦ ਅਗਸਤ, 2024 ’ਚ ਅਦਾਲਤ ਨੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਗਾਂਧੀ ਜੀ ਨੇ 5 ਫਰਵਰੀ, 1925 ਨੂੰ ਰਾਵਲਪਿੰਡੀ ’ਚ ਕਿਹਾ ਸੀ, ‘‘ਮੁਸਲਮਾਨ ਕਦੇ ਕਿਸੇ ਔਰਤ ਨੂੰ ਭਜਾ ਕੇ ਲੈ ਜਾਂਦੇ ਹਨ ਅਤੇ ਉਸ ਨੂੰ ਮੁਸਲਮਾਨ ਬਣਾ ਲੈਂਦੇ ਹਨ... ਕੋਈ ਮੇਰੀ ਔਰਤ ਭਜਾ ਕੇ ਲੈ ਜਾਵੇ ਅਤੇ ਉਹ ਕਲਮਾ ਪੜ੍ਹ ਲਵੇ, ਤਾਂ ਮੇਰਾ ਇਸ ਸੰਸਾਰ ’ਚ ਜਿਊਣਾ ਹੀ ਅਸੰਭਵ ਹੋ ਜਾਵੇ... ਤਦ ਜਾਂ ਤਾਂ ਮੈਂ ਤੁਹਾਡੇ ਕੋਲ ਆ ਕੇ ਇਹ ਕਹਾਂਗਾ ਕਿ ਤੁਸੀਂ (ਉਸ ਦੀ ਰੱਖਿਆ ਕਰਨ ’ਚ) ਮੇਰੀ ਸਹਾਇਤਾ ਕਰੋ ਜਾਂ ਤੁਹਾਨੂੰ ਪ੍ਰਾਰਥਨਾ ਕਰਾਂਗਾ ਕਿ ਉਸ ਨੂੰ ਫਿਰ ਤੋਂ ਹਿੰਦੂ ਬਣਾਓ...।’’
ਇਕ ਅਮਰੀਕੀ ਇਸਾਈ ਮਿਸ਼ਨਰੀ ਕਲਿਫੋਰਡ ਮੈਨਸ਼ਾਰਟ ਨੇ 1936 ’ਚ ਲੰਡਨ ਤੋਂ ਪ੍ਰਕਾਸ਼ਿਤ ਆਪਣੀ ਪੁਸਤਕ ਨੂੰਦ ਹਿੰਦੂ-ਮੁਸਲਿਮ ਪ੍ਰਾਬਲਮ ਇਨ ਇੰਡੀਆ’ ਵਿਚ ਲਿਖਿਆ ਸੀ, ‘‘ਮੁਸਲਮਾਨ ਭਰੋਸੇ ਲਾਇਕ ਨਹੀਂ। ਉਹ ਹਿੰਦੂਆਂ ਦੀਆਂ ਔਰਤਾਂ ਨੂੰ ਚੁਰਾਉਣ ਅਤੇ ਬਹਿਲਾਉਣ ਦੀ ਕੋਸ਼ਿਸ਼ ਕਰਦੇ ਹਨ।’’ ਇਨ੍ਹਾਂ ਵਿਚਾਰਾਂ ’ਚ ਉਸ ਸਮੇਂ ਦੀ ਬੇਚੈਨੀ ਸਾਫ਼ ਦਿਸਦੀ ਹੈ, ਜੋ ਅੱਜ ਵੀ ਕਿਤੇ ਨਾ ਕਿਤੇ ਛਦਮ-ਸੈਕੂਲਰਵਾਦ ਕਾਰਨ ਬਰਕਰਾਰ ਹੈ। ਇਹ ਵਿਕ੍ਰਿਤੀ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਹੈ। ਬ੍ਰਿਟੇਨ ਦਾ ਚਰਚਿਤ ‘ਗਰੂਮਿੰਗ ਗੈਂਗ’ ਕਾਂਡ ਇਸ ਦਾ ਪ੍ਰਮਾਣ ਹੈ। ਕੁਝ ਦਿਨ ਪਹਿਲਾਂ ਲੰਡਨ ’ਚ ਵੀ ਇਕ 14 ਸਾਲਾ ਸਿੱਖ ਲੜਕੀ ਨਾਲ ਇਸੇ ਪ੍ਰਕਾਰ ਦੀ ਘਟਨਾ ਸਾਹਮਣੇ ਆਈ ਸੀ।
ਬਿਨਾਂ ਸ਼ੱਕ, ਕਿਸੇ ਵੀ ਸੱਭਿਅਕ ਸਮਾਜ ’ਚ ਦੋ ਬਾਲਗਾਂ ਦੇ ਪ੍ਰੇਮ ਵਿਚਕਾਰ ਮਜ਼੍ਹਬ ਜਾਂ ਜਾਤ ਦੀ ਦੀਵਾਰ ਖੜ੍ਹੀ ਨਹੀਂ ਹੋਣੀ ਚਾਹੀਦੀ ਪਰ ਜਦੋਂ ਸਬੰਧ ਦੀ ਨੀਂਹ ਹੀ ਛਲ, ਪਛਾਣ ਛੁਪਾਉਣ ਅਤੇ ਦਬਾਅ ’ਤੇ ਟਿਕੀ ਹੋਵੇ, ਤਾਂ ਉਸ ਨੂੰ ‘ਪ੍ਰੇਮ’ ਕਹਿਣਾ ਸਵੈ ਪ੍ਰੇਮ ਦੀ ਧਾਰਨਾ ਨਾਲ ਅਨਿਆਂ ਹੋਵੇਗਾ। ਫਿਰ ਵੀ ਭਾਰਤ ਦਾ ਇਕ ਵਰਗ ਇਨ੍ਹਾਂ ਸਾਰੇ ਤੱਥਾਂ ਨੂੰ ਨਾਕਾਰ ਕੇ ਜਾਂ ‘ਪ੍ਰਾਪੇਗੰਡਾ’ ਕਹਿ ਕੇ ਨਾਕਾਰ ਦਿੰਦਾ ਹੈ। ਅਸੁਵਿਧਾਜਨਕ ਪ੍ਰਸ਼ਨਾਂ ਤੋਂ ਭੱਜਣਾ ਹੱਲ ਨਹੀਂ ਹੈ। ‘ਸੈਕੂਲਰਵਾਦੀਆਂ’ ਦੇ ਦਹਾਕਿਆਂ ਪੁਰਾਣੇ ਕਪਟੀ ਵਿਵਹਾਰ ਕਾਰਨ ਅੱਜ ਆਮ ਜਨਤਾ ਦਾ ਵਿਸ਼ਵਾਸ ‘ਸੈਕੂਲਰਵਾਦ’ ਤੋਂ ਉੱਠ ਗਿਆ ਹੈ।
-ਬਲਬੀਰ ਪੁੰਜ
