ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ

Monday, Apr 13, 2026 - 04:50 PM (IST)

ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ

ਨੇਪਾਲ ਦੀ ਰਾਜਨੀਤੀ ’ਚ ਇਕ ਇਤਿਹਾਸਕ ਬਦਲਾਅ ਆਇਆ ਜਦੋਂ 27 ਮਾਰਚ 2026 ਨੂੰ ਰਾਸ਼ਟਰੀ ਸੁਤੰਤਰ ਪਾਰਟੀ (ਆਰ. ਐੱਸ. ਪੀ.) ਦੀ ਅਗਵਾਈ ’ਚ ਬਾਲੇਨ ਸ਼ਾਹ (ਬਲੇਂਦਰ ਸ਼ਾਹ) ਨੇ 36 ਸਾਲ ਦੀ ਉਮਰ ’ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ 15 ਮੈਂਬਰੀ ਕੈਬਨਿਟ ਦਾ ਗਠਨ ਕੀਤਾ। ਇਹ ਮੰਤਰੀ ਮੰਡਲ ਨਾ ਸਿਰਫ ਨੇਪਾਲ ਦੀ ਸਭ ਤੋਂ ਨੌਜਵਾਨ ਕੈਬਨਿਟ ਹੈ, ਸਗੋਂ ਦੱਖਣੀ ਏਸ਼ੀਆ ’ਚ ਆਪਣੀ ਉੱਚ ਵਿੱਦਿਅਕ ਯੋਗਤਾ ਲਈ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਮੰਤਰੀ ਮੰਡਲ ਦੇ ਮੈਂਬਰਾਂ ਦੀ ਔਸਤ ਉਮਰ ਮਹਿਜ਼ 38.21 ਸਾਲ ਹੈ, ਦਸ ਮੰਤਰੀ 40 ਸਾਲ ਤੋਂ ਘੱਟ ਉਮਰ ਦੇ, ਪੰਜ ਮਹਿਲਾ ਮੰਤਰੀ ਅਤੇ 80 ਫੀਸਦੀ ਤੋਂ ਵੱਧ ਮੈਂਬਰਾਂ ਕੋਲ ਪੋਸਟ-ਗ੍ਰੈਜੂਏਟ ਜਾਂ ਡਾਕਟਰੇਟ ਦੀ ਡਿਗਰੀ ਹੈ। ਇਹ ਅੰਕੜਾ ਨੇਪਾਲ ਦੀ ਰਾਜਨੀਤੀ ਦੇ ਰਵਾਇਤੀ ਚਿਹਰੇ ਨੂੰ ਪੂਰੀ ਤਰ੍ਹਾਂ ਬਦਲ ਰਿਹਾ ਹੈ।

ਇਹ ਕੈਬਨਿਟ ‘ਜੈੱਨ-ਜ਼ੀ ਅੰਦੋਲਨ’ ਦੇ ਸਿੱਟੇ ਵਜੋਂ ਸੱਤਾ ’ਚ ਆਈ ਹੈ। ਭ੍ਰਿਸ਼ਟਾਚਾਰ, ਪੁਰਾਣੀਆਂ ਪਾਰਟੀਆਂ ਦੀ ਨਾਕਾਮੀ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੋਏ ਅੰਦੋਲਨ ਨੇ ਆਰ. ਐੱਸ. ਪੀ. ਨੂੰ ਭਾਰੀ ਬਹੁਮਤ ਦਿਵਾਇਆ। ਹੁਣ ਇਹ ਯੁਵਾ ਟੀਮ ਨਾ ਸਿਰਫ ਨੇਪਾਲ ’ਚ, ਸਗੋਂ ਅੰਤਰਰਾਸ਼ਟਰੀ ਮੀਡੀਆ ’ਚ ‘ਦੁਨੀਆ ਦੀ ਸਭ ਤੋਂ ਯੁਵਾ ਕੈਬਨਿਟ’ ਅਤੇ ‘ਸਭ ਤੋਂ ਪੜ੍ਹੀ-ਲਿਖੀ ਕੈਬਨਿਟ’ ਵਜੋਂ ਮਸ਼ਹੂਰ ਹੋ ਰਹੀ ਹੈ। ਕਈ ਭਾਰਤੀ ਅਖ਼ਬਾਰਾਂ ਨੇ ਇਸ ਨੂੰ ‘ਜਨਰੇਸ਼ਨਲ ਸ਼ਿਫਟ’ ਕਰਾਰ ਦਿੱਤਾ ਹੈ। ਵਿਸ਼ਵ ਪੱਧਰ ’ਤੇ ਇਸ ਦੀ ਸ਼ਲਾਘਾ ਹੋ ਰਹੀ ਹੈ ਕਿਉਂਕਿ ਇਹ ਰਵਾਇਤੀ ਰਾਜਨੀਤੀ ਤੋਂ ਹਟ ਕੇ ਯੋਗਤਾ, ਤਕਨੀਕੀ ਮੁਹਾਰਤ ਅਤੇ ਸਮਾਵੇਸ਼ੀ ਪਹੁੰਚ ’ਤੇ ਅਾਧਾਰਿਤ ਹੈ। ਇਹ ਦੱਖਣੀ ਏਸ਼ੀਆ ਦੀ ਚਮਕਦੀ ਮਿਸਾਲ ਹੈ, ਜਿੱਥੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੀਆਂ ਕੈਬਨਿਟਾਂ ਅਕਸਰ ਸੀਨੀਅਰ ਆਗੂਆਂ ’ਤੇ ਨਿਰਭਰ ਰਹਿੰਦੀਆਂ ਹਨ।

ਇਸ ਕੈਬਨਿਟ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਵਿੱਦਿਅਕ ਪਿਛੋਕੜ ਹੈ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਖੁਦ ਸਿਵਲ ਇੰਜੀਨੀਅਰਿੰਗ ’ਚ ਗ੍ਰੈਜੂਏਟ ਅਤੇ ਸਟ੍ਰਕਚਰਲ ਇੰਜੀਨੀਅਰਿੰਗ ’ਚ ਐੱਮ. ਟੈੱਕ ਹਨ। ਉਹ ਕਾਠਮੰਡੂ ਦੇ ਸਾਬਕਾ ਮੇਅਰ ਅਤੇ ਲੋਕਪ੍ਰਿਯ ਰੈਪਰ ਵੀ ਹਨ। ਉਨ੍ਹਾਂ ਦੀ ਟੀਮ ’ਚ ਦੋ ਡਾਕਟਰੇਟ ਧਾਰਕ ਅਤੇ ਦਸ ਪੋਸਟ-ਗ੍ਰੈਜੂਏਟ ਮੈਂਬਰ ਹਨ। ਵਿੱਤ ਮੰਤਰੀ ਡਾ. ਸਵਰਣਿਮ ਵਾਗਲੇ (41 ਸਾਲ, ਕੈਬਨਿਟ ਦੇ ਸਭ ਤੋਂ ਸੀਨੀਅਰ) ਅਰਥਸ਼ਾਸਤਰ ’ਚ ਪੀਐੱਚ. ਡੀ. (ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ), ਹਾਰਵਰਡ ਤੋਂ ਐੱਮ. ਪੀ. ਏ. ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਗ੍ਰੈਜੂਏਟ ਹਨ। ਉਹ ਪਹਿਲਾਂ ਯੂ. ਐੱਨ. ਡੀ. ਪੀ. ਦੇ ਏਸ਼ੀਆ-ਪ੍ਰਸ਼ਾਂਤ ਖੇਤਰੀ ਆਰਥਿਕ ਸਲਾਹਕਾਰ ਅਤੇ ਨੇਪਾਲ ਦੇ ਰਾਸ਼ਟਰੀ ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ ਰਹਿ ਚੁੱਕੇ ਹਨ। ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ (47 ਸਾਲ) ਅਮਰੀਕਾ ਦੇ ਵਿਸਕਾਨਸਿਨ ਮੈਡੀਸਨ ਤੋਂ ਪਬਲਿਕ ਪਾਲਿਸੀ ’ਚ ਮਾਸਟਰਜ਼ ਹਨ ਅਤੇ ਯੂਨੀਵਰਸਿਟੀ ਆਫ ਬ੍ਰਿਜਪੋਰਟ ਤੋਂ ਪਾਲੀਟੀਕਲ ਇਕਾਨਮੀ ’ਚ ਗ੍ਰੈਜੂਏਟ ਹਨ।

ਸਿੱਖਿਆ, ਵਿਗਿਆਨ ਅਤੇ ਟੈਕਨਾਲੋਜੀ ਅਤੇ ਯੁਵਾ ਤੇ ਖੇਡ ਮੰਤਰੀ ਸਸਮਿਤ ਪੋਖਰੈਲ (29 ਸਾਲ) ਕੈਬਨਿਟ ਦੇ ਸਭ ਤੋਂ ਯੁਵਾ ਮੈਂਬਰ ਹਨ। ਉਹ ਕਾਠਮੰਡੂ ਯੂਨੀਵਰਸਿਟੀ ਤੋਂ ਬਿਜ਼ਨੈੱਸ ਮੈਨੇਜਮੈਂਟ ਅਤੇ ਕਾਨੂੰਨ ’ਚ ਗ੍ਰੈਜੂਏਟ ਹਨ ਅਤੇ ਪਾਲਿਸੀ, ਗਵਰਨੈਂਸ ਅਤੇ ਭ੍ਰਿਸ਼ਟਾਚਾਰ-ਵਿਰੋਧੀ ਵਿਸ਼ੇ ’ਤੇ ਮਾਸਟਰਜ਼ ਕਰ ਰਹੇ ਹਨ। ਉਹ ਬਾਲੇਨ ਦੇ ਮੇਅਰ ਕਾਲ ’ਚ ਸ਼ਹਿਰੀ ਨਿਯੋਜਨ ਸਲਾਹਕਾਰ ਰਹਿ ਚੁੱਕੇ ਹਨ। ਸਿਹਤ ਮੰਤਰੀ ਨਿਸ਼ਾ ਮਹਿਤਾ (38 ਸਾਲ) ਭਾਰਤ ਦੇ ਗਵਾਲੀਅਰ ਤੋਂ ਨਰਸਿੰਗ ’ਚ ਮਾਸਟਰਜ਼ ਅਤੇ ਦਿੱਲੀ ਦੇ ਏਮਜ਼ ਤੋਂ ਸਿਖਲਾਈ ਪ੍ਰਾਪਤ ਹਨ। ਆਮ ਪ੍ਰਸ਼ਾਸਨ ਮੰਤਰੀ ਪ੍ਰਤਿਭਾ ਰਾਵਲ (32 ਸਾਲ) ਏਸ਼ੀਅਨ ਕਾਲਜ ਆਫ ਜਰਨਲਿਜ਼ਮ (ਚੇਨਈ) ਤੋਂ ਪੱਤਰਕਾਰੀ ’ਚ ਪੀ. ਜੀ. ਡਿਪਲੋਮਾ ਰੱਖਦੇ ਹਨ। ਕਿਰਤ ਮੰਤਰੀ ਦੀਪਕ ਕੁਮਾਰ ਸਾਹ (34 ਸਾਲ) ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ ਤੋਂ ਪੀਐੱਚ. ਡੀ. ਸਕਾਲਰ, ਐੱਲ. ਐੱਸ. ਈ. ਤੋਂ ਹੈਲਥ ਪਾਲਿਸੀ ’ਚ ਮਾਸਟਰਜ਼ ਅਤੇ ਆਈ. ਓ. ਐੱਮ. ਤੋਂ ਪਬਲਿਕ ਹੈਲਥ ’ਚ ਮਾਸਟਰਜ਼ ਰੱਖਦੇ ਹਨ।

ਇਸਤਰੀ, ਬਾਲ ਅਤੇ ਬਜ਼ੁਰਗ ਨਾਗਰਿਕ ਮੰਤਰੀ ਸੀਤਾ ਬਾਦੀ (30 ਸਾਲ) ਰਾਜਨੀਤੀ ਵਿਗਿਆਨ ’ਚ ਮਾਸਟਰਜ਼ ਹਨ ਅਤੇ ਬਾਦੀ ਭਾਈਚਾਰੇ ਦੀ ਨੁਮਾਇੰਦਗੀ ਵਜੋਂ ਸਮਾਵੇਸ਼ੀ ਹੋਣ ਦਾ ਪ੍ਰਤੀਕ ਹਨ। ਕਾਨੂੰਨ ਮੰਤਰੀ ਸੋਬਿਤਾ ਗੌਤਮ (30 ਸਾਲ) ਰਾਸ਼ਟਰੀ ਵਿਧੀ ਯੂਨੀਵਰਸਿਟੀ ਤੋਂ ਬੀ. ਏ. ਐੱਲ. ਐੱਲ. ਬੀ. ਹਨ ਅਤੇ ਸੰਸਦੀ ਕਮੇਟੀਆਂ ’ਚ ਸਰਗਰਮ ਰਹੇ ਹਨ। ਭੌਤਿਕ ਬੁਨਿਆਦੀ ਢਾਂਚਾ ਮੰਤਰੀ ਸੁਨੀਲ ਲਾਮਸਲ (35 ਸਾਲ) ਵੀ ਭਾਰਤ ਤੋਂ ਐੱਮ. ਟੈੱਕ (ਸਟ੍ਰਕਚਰਲ ਇੰਜੀਨੀਅਰਿੰਗ) ਹਨ।

ਜ਼ਿਕਰਯੋਗ ਹੈ ਕਿ ਇਹ ਯੋਗਤਾਵਾਂ ਮਹਿਜ਼ ਡਿਗਰੀਆਂ ਨਹੀਂ, ਸਗੋਂ ਵਿਵਹਾਰਕ ਤਜਰਬੇ ਨਾਲ ਜੁੜੀਆਂ ਹਨ। ਯੂ. ਐੱਨ. ਡੀ. ਪੀ., ਟੀਚ ਫਾਰ ਨੇਪਾਲ, ਆਫ਼ਤ ਰਾਹਤ ਸੰਗਠਨ ‘ਹਾਮੀ ਨੇਪਾਲ’ ਅਤੇ ਸ਼ਹਿਰੀ ਨਿਯੋਜਨ ਵਰਗੇ ਖੇਤਰਾਂ ’ਚ ਇਨ੍ਹਾਂ ਸਾਰਿਆਂ ਦੀ ਅਹਿਮ ਭੂਮਿਕਾ ਰਹੀ ਹੈ। ਪੰਜ ਮਹਿਲਾ ਮੰਤਰੀਆਂ ਦੀ ਪ੍ਰਤੀਨਿਧਤਾ ਅਤੇ ਘੱਟਗਿਣਤੀ ਭਾਈਚਾਰਿਆਂ ਦੀ ਹਿੱਸੇਦਾਰੀ (ਜਿਵੇਂ ਸੀਤਾ ਬਾਦੀ) ਸਮਾਵੇਸ਼ੀ ਪਹੁੰਚ ਨੂੰ ਮਜ਼ਬੂਤ ਕਰਦੀ ਹੈ।

ਦੇਖਿਆ ਜਾਵੇ ਤਾਂ ਨੇਪਾਲ ਦੀ ਇਹ ਕੈਬਨਿਟ ਆਪਣੇ ਗੁਆਂਢੀਆਂ ਤੋਂ ਵੱਖਰੀ ਦਿਸਦੀ ਹੈ। ਭਾਰਤ ਦੀ ਮੌਜੂਦਾ ਕੇਂਦਰੀ ਕੈਬਨਿਟ ’ਚ 71 ਮੈਂਬਰ ਹਨ, ਜਿਸ ’ਚੋਂ 57 ਮੈਂਬਰ ਗ੍ਰੈਜੂਏਟ ਜਾਂ ਉਸ ਤੋਂ ਉੱਪਰ ਹਨ ਪਰ 11 ਮੈਂਬਰ ਸਿਰਫ਼ 12ਵੀਂ ਪਾਸ ਹਨ। ਕਈ ਮੰਤਰੀ ਰਾਜਨੀਤਿਕ ਤਜਰਬੇ ’ਤੇ ਨਿਰਭਰ ਹਨ, ਜਦਕਿ ਯੁਵਾ ਚਿਹਰੇ ਘੱਟ ਹਨ। ਉੱਥੇ ਹੀ ਚੀਨ ਦਾ ਮੰਤਰੀ ਮੰਡਲ ਬਹੁਤ ਜ਼ਿਆਦਾ ਪੜ੍ਹੇ-ਲਿਖੇ ਤਕਨੀਕੀ ਮਾਹਿਰਾਂ (ਇੰਜੀਨੀਅਰਿੰਗ, ਅਰਥਸ਼ਾਸਤਰ) ਨਾਲ ਭਰਿਆ ਹੈ, ਪਰ ਉਨ੍ਹਾਂ ਦੀ ਔਸਤ ਉਮਰ 55-60 ਸਾਲ ਦੇ ਕਰੀਬ ਹੈ।

ਨੇਪਾਲ ਦੀ ਕੈਬਨਿਟ ਇਨ੍ਹਾਂ ਸਭ ਨਾਲੋਂ ਯੁਵਾ, ਵਧੇਰੇ ਸਮਾਵੇਸ਼ੀ ਅਤੇ ਯੋਗਤਾ-ਅਾਧਾਰਿਤ ਹੈ। ਭਾਰਤ ਅਤੇ ਚੀਨ ਦੇ ਮੁਕਾਬਲੇ ਇੱਥੇ ਭ੍ਰਿਸ਼ਟਾਚਾਰ-ਵਿਰੋਧੀ ‘ਡਲਿਵਰੀ ਬੇਸਡ ਗਵਰਨੈਂਸ’ ’ਤੇ ਜ਼ੋਰ ਹੈ, ਜੋ ਗੁਆਂਢੀਆਂ ’ਚ ਅਕਸਰ ਘੱਟ ਦੇਖਿਆ ਜਾਂਦਾ ਹੈ। ਹਾਲਾਂਕਿ, ਕੁਝ ਵਿਸ਼ਲੇਸ਼ਕ ਚਿਤਾਵਨੀ ਦਿੰਦੇ ਹਨ ਕਿ ਇਸ ਮੰਤਰੀ ਮੰਡਲ ਕੋਲ ਤਜਰਬੇ ਦੀ ਕਮੀ ਇਕ ਚੁਣੌਤੀ ਹੈ।

ਸਿਰਫ਼ ਦੋ ਹਫ਼ਤੇ ਪੁਰਾਣੀ ਇਹ ਸਰਕਾਰ ਪਹਿਲਾਂ ਹੀ ‘100 ਸੂਤਰੀ ਸ਼ਾਸਨ ਸੁਧਾਰ ਏਜੰਡਾ’ ਲਾਗੂ ਕਰ ਚੁੱਕੀ ਹੈ। ਪਹਿਲੀ ਕੈਬਨਿਟ ਮੀਟਿੰਗ ’ਚ ਮੰਤਰਾਲਿਆਂ ਦਾ ਪੁਨਰਗਠਨ, ਦੱਖਣੀ ਏਸ਼ੀਆ ਸੰਘਰਸ਼ ਦੇ ਪ੍ਰਭਾਵ ਤੋਂ ਨੇਪਾਲੀ ਪ੍ਰਵਾਸੀਆਂ ਦੀ ਸੁਰੱਖਿਆ, ‘ਕਾਰਕੀ ਕਮਿਸ਼ਨ’ ਰਿਪੋਰਟ ’ਤੇ ਕਾਰਵਾਈ ਅਤੇ ਸੰਵਿਧਾਨ ਸੋਧ ’ਤੇ ਚਰਚਾ ਪੱਤਰ ਤਿਆਰ ਕਰਨ ਵਰਗੇ ਕਦਮ ਉਠਾਏ ਗਏ।

ਵਿੱਤ ਮੰਤਰੀ ਸਵਰਣਿਮ ਵਾਗਲੇ ਆਰਥਿਕ ਸਥਿਰਤਾ, ਸੈਰ-ਸਪਾਟਾ ਵਿਕਾਸ ਅਤੇ ਬੁਨਿਆਦੀ ਢਾਂਚੇ ’ਤੇ ਧਿਆਨ ਦੇ ਰਹੇ ਹਨ। ਕਿਰਤ ਅਤੇ ਸਿਹਤ ਮੰਤਰੀਆਂ ਦੀ ਸਿਹਤ ਨੀਤੀ ਮੁਹਾਰਤ ਗਰੀਬੀ ਹਟਾਉਣ ਅਤੇ ਰੋਜ਼ਗਾਰ ਪੈਦਾ ਕਰਨ ’ਚ ਮਦਦ ਕਰੇਗੀ। ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਦੀ ਪਾਲਿਸੀ ਮੁਹਾਰਤ ਨੇਪਾਲ ਦੀ ਕੂਟਨੀਤੀ ਨੂੰ ਮਜ਼ਬੂਤ ਕਰੇਗੀ। ਯੁਵਾ ਬੇਰੋਜ਼ਗਾਰੀ ਘਟਾਉਣ, ਸਿੱਖਿਆ ਦੀ ਗੁਣਵੱਤਾ ਸੁਧਾਰਨ, ਸਿਹਤ ਪਹੁੰਚ ਵਧਾਉਣ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਯਤਨ ਪਹਿਲਾਂ ਹੀ ਦਿਸ ਰਹੇ ਹਨ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਨੇਪਾਲ ਦੀ ਇਹ ‘ਜੈੱਨ-ਜ਼ੀ’ ਕੈਬਨਿਟ ਨਾ ਸਿਰਫ਼ ਦੱਖਣੀ ਏਸ਼ੀਆ ਲਈ ਮਿਸਾਲ ਹੈ, ਸਗੋਂ ਵਿਕਾਸਸ਼ੀਲ ਦੇਸ਼ਾਂ ਨੂੰ ਸਿਖਾਉਂਦੀ ਹੈ ਕਿ ਯੋਗਤਾ ਅਤੇ ਯੁਵਾ ਊਰਜਾ ਰਾਜਨੀਤੀ ਨੂੰ ਬਦਲ ਸਕਦੀ ਹੈ। ਜੇਕਰ ਇਹ ਟੀਮ ਆਪਣੇ 100 ਸੂਤਰੀ ਏਜੰਡੇ ਨੂੰ ਇਮਾਨਦਾਰੀ ਨਾਲ ਲਾਗੂ ਕਰ ਸਕੀ, ਤਾਂ ਨੇਪਾਲ ਆਰਥਿਕ ਖੁਸ਼ਹਾਲੀ, ਸਮਾਜਿਕ ਨਿਆਂ ਅਤੇ ਸੁਸ਼ਾਸਨ ਦਾ ਨਵਾਂ ਮਾਡਲ ਬਣ ਸਕਦਾ ਹੈ।

—ਵਿਨੀਤ ਨਾਰਾਇਣ


author

Harpreet SIngh

Content Editor

Related News