ਟੀ. ਬੀ. ਮੁਕਤ ਭਾਰਤ : ਲਾਗ ਦੇ ਰੋਗ ਦੇ ਅੰਤ ਦੀ ਲਗਾਤਾਰ ਯਾਤਰਾ
Friday, Mar 21, 2025 - 06:21 PM (IST)

ਜਿਵੇਂ ਕਿ ਅਸੀਂ 24 ਮਾਰਚ ਨੂੰ ਵਿਸ਼ਵ ਤਪਦਿਕ (ਟੀ. ਬੀ.) ਦਿਵਸ ਦੇ ਨੇੜੇ ਆ ਰਹੇ ਹਾਂ, ਮੈਂ ਭਾਰਤ ਵਿਚ ਟੀ. ਬੀ. ਦੇ ਖਾਤਮੇ ਵੱਲ ਸਾਡੀ ਸਫਲ ਯਾਤਰਾ ’ਤੇ ਨਜ਼ਰ ਮਾਰਨਾ ਚਾਹਾਂਗਾ। ਪਿਛਲੇ ਸਾਲ ਦਸੰਬਰ ਵਿਚ, ਮੈਂ ਮਹਾਰਾਸ਼ਟਰ ਦੇ ਪੇਂਡੂ ਇਲਾਕੇ ’ਚ ਇਕ ਭਾਈਚਾਰਕ ਮੀਟਿੰਗ ਵਿਚ ਸ਼ਾਮਲ ਹੋਇਆ, ਜਿੱਥੇ ਇਕ ਨੌਜਵਾਨ ਔਰਤ ਨੇ ਆਪਣੀ ਸਿਹਤਯਾਬੀ ਦੀ ਕਹਾਣੀ ਸਾਂਝੀ ਕੀਤੀ। ਪਿੰਡ ਵਿਚ ਸ਼ੁਰੂਆਤੀ ਦੌਰ ’ਚ ਬੀਮਾਰੀ ਦਾ ਡੰਗ ਝੱਲਿਆ, ਇਸ ਦੇ ਬਾਵਜੂਦ ਸਥਾਨਕ ਸਿਹਤ ਕਰਮਚਾਰੀਆਂ ਨੇ ਉਸ ਦੇ ਇਲਾਜ ਦੌਰਾਨ ਉਸ ਦਾ ਸਾਥ ਦਿੱਤਾ, ਅਤੇ ਹੁਣ ਉਹ ਆਪਣੇ ਭਾਈਚਾਰੇ ਵਿਚ ਟੀ. ਬੀ. ਜਾਗਰੂਕਤਾ ਮੁਹਿੰਮ ਦੀ ਅਗਵਾਈ ਕਰਦੀ ਹੈ। ਇਹ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਸਥਾਨਕ ਪਹਿਲਕਦਮੀਆਂ ਪੂਰੇ ਭਾਰਤ ਵਿਚ ਟੀ. ਬੀ. ਪ੍ਰਤੀ ਰਵੱਈਏ ਨੂੰ ਬਦਲ ਰਹੀਆਂ ਹਨ, ਜੋ ਕਿ ਹਰ ਰਾਜ ਵਿਚ ਟੀ. ਬੀ. ਦੇ ਖਾਤਮੇ ਦੇ ਯਤਨਾਂ ਨੂੰ ਯੋਜਨਾਬੱਧ ਢੰਗ ਨਾਲ ਵਧਾਉਣ ਦੀ ਸਾਡੀ ਰਾਸ਼ਟਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਤਪਦਿਕ ਅਜੇ ਵੀ ਦੇਸ਼ ਵਿਚ ਗੰਭੀਰ ਜਨਤਕ ਸਿਹਤ ਚੁਣੌਤੀਆਂ ਵਿਚੋਂ ਇਕ ਹੈ। ਇੰਡੀਆ ਟੀ. ਬੀ. ਰਿਪੋਰਟ ਦੇ ਤਾਜ਼ਾ ਐਡੀਸ਼ਨ ਤੋਂ ਪਤਾ ਲੱਗਦਾ ਹੈ ਕਿ 2024 ਵਿਚ ਇਸ ਦੇ ਮਾਮਲਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਸੀ, ਜਿਸ ਵਿਚ ਸੂਚਿਤ ਮਾਮਲਿਆਂ ਦੀ ਗਿਣਤੀ 25 ਲੱਖ ਤੱਕ ਪਹੁੰਚ ਗਈ ਸੀ, ਫਿਰ ਵੀ ਲਗਭਗ 15-20 ਫੀਸਦੀ ਕੇਸ ਅਜੇ ਵੀ ਅਣਪਛਾਤੇ ਹਨ। ਆਰਥਿਕ ਤੌਰ ’ਤੇ ਕਮਜ਼ੋਰ ਭਾਈਚਾਰਿਆਂ, ਖਾਸ ਕਰ ਕੇ ਸ਼ਹਿਰੀ ਝੁੱਗੀਆਂ-ਝੌਂਪੜੀਆਂ ਅਤੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਮੇਂ ਸਿਰ ਬੀਮਾਰੀ ਦੀ ਪਛਾਣ ਅਤੇ ਸੰਪੂਰਨ ਇਲਾਜ ਪ੍ਰਾਪਤ ਕਰਨ ਵਿਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਦੇਸ਼ ਭਰ ਵਿਚ ਟੀ. ਬੀ. ਦੇ ਸਫਲ ਇਲਾਜ ਦੀ ਗਤੀ 86 ਫੀਸਦੀ ਸੁਧਾਰ ਦੇ ਅੰਕੜੇ ਨੂੰ ਛੂਹ ਰਹੀ ਹੈ। ਆਰਥਿਕ ਪਹਿਲੂ ਵੀ ਇਸ ਬੀਮਾਰੀ ਨਾਲ ਸਿੱਧਾ ਜੁੜਿਆ ਹੋਇਆ ਹੈ,
ਜਿਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਮਨੁੱਖੀ ਸਰੋਤਾਂ ਨਾਲ ਸਬੰਧਤ ਉਤਪਾਦਕਤਾ ਨੂੰ ਸਾਲਾਨਾ ਲਗਭਗ 13,000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਹ ਅੰਕੜੇ ਮਿਸ਼ਨ ਦੀ ਤਤਕਾਲ ਕਾਰਵਾਈ ਅਤੇ ਟੀ. ਬੀ. ਨੂੰ ਖਤਮ ਕਰਨ ਲਈ ਨਵੇਂ ਤਰੀਕਿਆਂ ਦੀ ਤੁਰੰਤ ਲੋੜ ਵੱਲ ਧਿਆਨ ਖਿੱਚਦੇ ਹਨ।
ਮੋਦੀ ਸਰਕਾਰ 2025 ਤੱਕ ਟੀ. ਬੀ. ਨੂੰ ਖਤਮ ਕਰਨ ਲਈ ਦ੍ਰਿੜ੍ਹ ਹੈ, ਇਹ ਸਾਡਾ ਸੰਕਲਪ ਹੈ ਕਿ ਅਸੀਂ ਇਸ ਉਦੇਸ਼ ਲਈ ਨਿਰਧਾਰਤ ਵਿਸ਼ਵਵਿਆਪੀ ਟੀਚੇ ਦੇ 5 ਸਾਲਾਂ ਦੇ ਅੰਦਰ ਇਸ ਨੂੰ ਪ੍ਰਾਪਤ ਕਰਾਂਗੇ। ਇਹ ਵਚਨਬੱਧਤਾ ਡਾਇਗਨੌਸਟਿਕ ਸਮਰੱਥਾਵਾਂ ਨੂੰ ਵਧਾਉਣ ਅਤੇ ਇਲਾਜ ਪ੍ਰੋਟੋਕੋਲ ਨੂੰ ਮਜ਼ਬੂਤ ਕਰਨ ਲਈ ਸੀ. ਬੀ. ਐੱਨ. ਏ. ਟੀ. ਅਤੇ ਟਰੂਨੈਟ ਮਸ਼ੀਨਾਂ ਦੀ ਵਧਦੀ ਵਰਤੋਂ ਵਿਚ ਝਲਕਦੀ ਹੈ। ਟੀ. ਬੀ. ਮੁਕਤ ਭਾਰਤ ਮੁਹਿੰਮ ’ਚ ਭਾਈਚਾਰਕ ਸ਼ਮੂਲੀਅਤ ਦੇ ਯਤਨਾਂ ਨੇ ਇਸ ਦਿਸ਼ਾ ਵਿਚ ਮੁੱਖ ਭੂਮਿਕਾ ਨਿਭਾਈ ਹੈ, ਜਦੋਂ ਕਿ ਰਾਸ਼ਟਰੀ ਟੀ. ਬੀ. ਖਾਤਮਾ ਪ੍ਰੋਗਰਾਮ ਲਈ ਹਾਲ ਹੀ ਵਿਚ 4,200 ਕਰੋੜ ਰੁਪਏ ਦਾ ਬਜਟ ਅਲਾਟਮੈਂਟ ਇਸ ਯਤਨ ਨੂੰ ਹੋਰ ਮਜ਼ਬੂਤ ਕਰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਦਿਸ਼ਾ ਵਿਚ ਜ਼ੋਰ ਦਿੱਤਾ ਹੈ ਕਿ ਟੀ. ਬੀ. ਦੇ ਖਾਤਮੇ ਲਈ ਸਿਰਫ਼ ਡਾਕਟਰੀ ਦਖਲਅੰਦਾਜ਼ੀ ਹੀ ਨਹੀਂ, ਸਗੋਂ ਸਮਾਜਿਕ ਤਬਦੀਲੀ ਵੀ ਜ਼ਰੂਰੀ ਹੈ, ਇਸ ਨੂੰ ਜਨ ਅੰਦੋਲਨ ਨਾਲ ਜੁੜਿਆ ਨਜ਼ਰੀਆ ਵੀ ਹਮਾਇਤ ਦਿੰਦਾ ਹੈ। ਇਸ ਤੋਂ ਇਲਾਵਾ ਪੋਸ਼ਣ ਯੋਜਨਾ ਨੇ 90 ਲੱਖ ਤੋਂ ਵੱਧ ਟੀ. ਬੀ. ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਪ੍ਰਦਾਨ ਕੀਤੀ ਹੈ, ਜੋ ਕਿ ਇਲਾਜ, ਤੇਜ਼ੀ ਨਾਲ ਠੀਕ ਹੋਣ ਅਤੇ ਬੀਮਾਰੀ ਤੋਂ ਮੁਕਤੀ ਲਈ ਇਕ ਮਹੱਤਵਪੂਰਨ ਹਿੱਸਾ ਹੈ।
ਖੇਤਰ-ਵਿਸ਼ੇਸ਼ ਹੱਲਾਂ ਦੀ ਲੋੜ ਨੂੰ ਪਛਾਣਦੇ ਹੋਏ, ਅਸੀਂ ਵੱਖ-ਵੱਖ ਰਾਜਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਟੀ. ਬੀ. ਜਾਗਰੂਕਤਾ ਪਹਿਲਕਦਮੀਆਂ ਲਈ ਆਪਣੀਆਂ ਰਣਨੀਤੀਆਂ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸੂਚੀ ਵਿਚ ਸਾਡਾ ਸਫ਼ਰ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਹੋਇਆ, ਜਿੱਥੇ ਅਸੀਂ ਧਰਮਸ਼ਾਲਾ ਵਿਚ ਆਯੋਜਿਤ ਇਕ ਕ੍ਰਿਕਟ ਮੈਚ ਰਾਹੀਂ ਟੀ. ਬੀ. ਬੀਮਾਰੀ ਨਾਲ ਸਬੰਧਤ ਮੁੱਦਿਆਂ ਵੱਲ ਧਿਆਨ ਖਿੱਚਿਆ, ਜਿਸ ਨਾਲ ਭਾਈਚਾਰਕ ਚਰਚਾਵਾਂ ਦਾ ਇਕ ਦੌਰ ਸ਼ੁਰੂ ਹੋਇਆ ਅਤੇ ਬੀਮਾਰੀ ਨਾਲ ਸਬੰਧਤ ਵਧਦੇ ਮਾਮਲਿਆਂ ਨੂੰ ਸੂਚਿਤ ਕੀਤਾ ਜਾਣਾ ਸ਼ੁਰੂ ਹੋ ਗਿਆ। ਇਸ ਸਫਲਤਾ ਦੇ ਆਧਾਰ ’ਤੇ, ਦਿੱਲੀ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਸ਼ਹਿਰੀ ਟੀ. ਬੀ. ਚੁਣੌਤੀਆਂ ਅਤੇ ਕੰਮ ਵਾਲੀ ਥਾਂ ਦੀ ਜਾਂਚ ’ਤੇ ਚਰਚਾ ਕਰਨ ਲਈ ਇਕੱਠੇ ਹੋਏ।
ਇਸ ਨਾਲ ਕਾਰਪੋਰੇਟ ਭਾਈਵਾਲੀਆਂ ਵੀ ਉੱਭਰ ਕੇ ਸਾਹਮਣੇ ਆਈਆਂ। ਦਿੱਲੀ ਨੂੰ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਚੁਣਿਆ ਗਿਆ ਕਿਉਂਕਿ ਸ਼ਹਿਰ ਟੀ. ਬੀ. ਕੰਟਰੋਲ ਲਈ ਚੁਣੌਤੀਆਂ ਅਤੇ ਮੌਕਿਆਂ ਦੋਵਾਂ ਨਾਲ ਭਰਪੂਰ ਹੈ। ਹੁਣ ਅਸੀਂ 22 ਮਾਰਚ 2024 ਨੂੰ ਐੱਮ. ਸੀ. ਏ. ਕ੍ਰਿਕਟ ਗਰਾਊਂਡ ’ਤੇ ਹੋਣ ਵਾਲੇ ਕ੍ਰਿਕਟ ਮੈਚ ਦੀ ਤਿਆਰੀ ਕਰ ਰਹੇ ਹਾਂ। ਇਸ ਸਮਾਗਮ ਵਿਚ ਸੰਸਦ ਮੈਂਬਰਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਵੀ ਹਿੱਸਾ ਲੈਣਗੀਆਂ। ਸਾਡਾ ਇਹ ਅਭਿਆਸ ਟੀ. ਬੀ. ਦੀ ਬੀਮਾਰੀ ਨਾਲ ਸਬੰਧਤ ਮੁੱਖ ਧਾਰਾ ਦੀਆਂ ਚਰਚਾਵਾਂ ਪ੍ਰਤੀ ਸਾਡੀ ਰਾਸ਼ਟਰੀ ਵਚਨਬੱਧਤਾ ਦਾ ਪ੍ਰਤੀਕ ਹੈ।
ਟੀ. ਬੀ. ਖਾਤਮੇ ਦੀ ਮੁਹਿੰਮ ਦੇ ਆਲੇ-ਦੁਆਲੇ ਅਸੀਂ ਜੋ ਖੇਤਰੀ ਸਮਾਗਮ ਸ਼ੁਰੂ ਕੀਤੇ ਸਨ, ਉਹ ਹੁਣ ਇਕ ਵੱਡੇ ਪੱਧਰ ’ਤੇ ਰਾਸ਼ਟਰੀ ਲਹਿਰ ਵਿਚ ਬਦਲ ਰਹੇ ਹਨ। ਇਸ ਦਿਸ਼ਾ ਵਿਚ ਅਸੀਂ ਰਾਜ ਪੱਧਰ ’ਤੇ ਜੋ ਯਤਨ ਸ਼ੁਰੂ ਕੀਤੇ ਸਨ, ਉਨ੍ਹਾਂ ਨੇ ਸਥਾਨਕ ਚੁਣੌਤੀਆਂ ਨੂੰ ਹੱਲ ਕਰਦੇ ਹੋਏ, ਟੀ. ਬੀ. ਦੇ ਖਾਤਮੇ ਦੇ ਰਾਸ਼ਟਰੀ ਟੀਚੇ ਵੱਲ ਆਪਣਾ ਵਿਲੱਖਣ ਯੋਗਦਾਨ ਪਾਇਆ। ਇਨ੍ਹਾਂ ਮਿਹਨਤੀ ਯਤਨਾਂ ਵਿਚ, ਅਸੀਂ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਪੂਰਾ ਸਤਿਕਾਰ ਕਰਦੇ ਹਾਂ, ਜਦੋਂ ਕਿ ਟੀ. ਬੀ. ਦੀ ਰੋਕਥਾਮ, ਜਲਦੀ ਪਛਾਣ ਅਤੇ ਸੰਪੂਰਨ ਇਲਾਜ ’ਤੇ ਸਪੱਸ਼ਟ ਧਿਆਨ ਕੇਂਦ੍ਰਿਤ ਰੱਖਦੇ ਹਾਂ। ਸਾਡੇ ਯਤਨ ਸਰਕਾਰੀ ਪ੍ਰੋਗਰਾਮਾਂ, ਸਿਵਲ ਸੁਸਾਇਟੀ, ਨਿੱਜੀ ਖੇਤਰ, ਮੀਡੀਆ ਅਤੇ ਹਰੇਕ ਨਾਗਰਿਕ ਦੀ ਹਮਾਇਤ ’ਤੇ ਨਿਰਭਰ ਕਰਦੇ ਹਨ।
ਟੀ. ਬੀ. ਦੇ ਖਾਤਮੇ ਵੱਲ ਇਸ ਯਾਤਰਾ ਵਿਚ, ਸਾਨੂੰ ਸਮਾਜ ਦੇ ਹਰ ਪੱਧਰ ’ਤੇ ਲਗਾਤਾਰ ਸਖ਼ਤ ਮਿਹਨਤ ਕਰਨੀ ਪਵੇਗੀ ਜਦੋਂ ਕਿ ਸਾਡੇ ਸਮਾਗਮਾਂ ਨੇ ਜਾਗਰੂਕਤਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਹੁਣ ਇਹ ਮਹੱਤਵਪੂਰਨ ਹੈ ਕਿ ਇਸ ਜਾਗਰੂਕਤਾ ਨੂੰ ਠੋਸ ਕਾਰਵਾਈ ਵਿਚ ਬਦਲਿਆ ਜਾਵੇ। ਇਸ ਦਿਸ਼ਾ ਵਿਚ, ਹਰ ਨਾਗਰਿਕ ਦੀ ਭੂਮਿਕਾ ਹਰ ਪੱਧਰ ’ਤੇ ਮਹੱਤਵਪੂਰਨ ਹੈ, ਟੀ. ਬੀ. ਦੇ ਮਰੀਜ਼ਾਂ ਦੀ ਹਮਾਇਤ ਕਰਨ ਤੋਂ ਲੈ ਕੇ, ਬਿਹਤਰ ਸਿਹਤ ਸਹੂਲਤਾਂ ਦੀ ਵਕਾਲਤ ਕਰਨ ਤੋਂ ਲੈ ਕੇ ਸਕ੍ਰੀਨਿੰਗ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਤੱਕ। ਅਟੁੱਟ ਵਚਨਬੱਧਤਾ, ਨਵੀਨਤਾਕਾਰੀ ਪਹੁੰਚਾਂ ਅਤੇ ਸਮੂਹਿਕ ਕਾਰਵਾਈ ਰਾਹੀਂ, ਅਸੀਂ ਤਪਦਿਕ ਦੀ ਚੁਣੌਤੀ ਨੂੰ ਦੂਰ ਕਰ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ‘ਤਪਦਿਕ ਮੁਕਤ ਭਾਰਤ’ ਦੇ ਸੁਪਨੇ ਨੂੰ ਹਕੀਕਤ ਬਣਾ ਸਕਦੇ ਹਾਂ।
ਅਨੁਰਾਗ ਠਾਕੁਰ