ਨਸ਼ਿਆਂ ਦੀ ਵਰਤੋਂ ਦੇ ਕਾਰਨ ਖੂਨ-ਖਰਾਬਾ, ਕੁੱਟਮਾਰ ਅਤੇ ਹੋਰ ਅਪਰਾਧ ਵਧੇ!

Friday, Feb 13, 2026 - 03:46 AM (IST)

ਨਸ਼ਿਆਂ ਦੀ ਵਰਤੋਂ ਦੇ ਕਾਰਨ ਖੂਨ-ਖਰਾਬਾ, ਕੁੱਟਮਾਰ ਅਤੇ ਹੋਰ ਅਪਰਾਧ ਵਧੇ!

ਨਸ਼ੇ ਦੀ ਆਦਤ ਨਾਲ ਜਿਥੇ ਇਕ ਪਾਸੇ ਦੇਸ਼ ਦੀ ਨੌਜਵਾਨ ਪੀੜ੍ਹੀ ਸਰੀਰਕ ਤੌਰ ’ਤੇ ਕਮਜ਼ੋਰ ਹੋਣ ਦੇ ਨਾਲ-ਨਾਲ ਬੇਵਕਤੀ ਮੌਤ ਦੀ ਸ਼ਿਕਾਰ ਹੋ ਰਹੀ ਹੈ ਤਾਂ ਦੂਜੇ ਪਾਸੇ ਨਸ਼ੇ ਦੇ ਅਸਰ ’ਚ ਹਿੰਸਕ ਹੋ ਕੇ ਲੋਕਾਂ ਵਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਦੀ ਹੱਤਿਆ, ਕੁੱਟਮਾਰ ਅਤੇ ਜਬਰ-ਜ਼ਨਾਹ ਵਰਗੇ ਅਪਰਾਧਾ ’ਚ ਵਾਧਾ ਹੋ ਰਿਹਾ ਹੈ, ਜਿਸ ਦੀਅਾਂ ਬੀਤੇ ਇਕ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 25 ਫਰਵਰੀ, 2025 ਨੂੰ ‘ਤਿਰੂਵਨੰਤਪੁਰਮ’ (ਕੇਰਲ) ਦੇ ‘ਵੇਂਜਾਰਮੂਦੂ’ ਸ਼ਹਿਰ ’ਚ ‘ਆਫਾਨ’ ਨਾਂ ਦੇ 23 ਸਾਲਾ ਨੌਜਵਾਨ ਨੇ ਨਸ਼ੇ ਦੇ ਪ੍ਰਭਾਵ ਅਧੀਨ ਆਪਣੀ 19 ਸਾਲਾ ਗਰਲਫ੍ਰੈਂਡ ਅਤੇ ਆਪਣੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰ ਦਿੱਤੀ। ‘ਆਫਾਨ’ ਨੇ ਇਹ ਕਦਮ ਆਪਣੇ ਪਿਤਾ ’ਤੇ ਚੜ੍ਹੇ ਕਰਜ਼ੇ ਨੂੰ ਲੈ ਕੇ ਪ੍ਰੇਸ਼ਾਨੀ ਕਾਰਨ ਉਠਾਇਆ।

* 21 ਮਈ, 2025 ਨੂੰ ‘ਤਿਰੂਵਨੰਤਪੁਰਮ’ (ਕੇਰਲ) ਦੇ ‘ਨੇਦੁਮਾਂਗਡ’ ਕਸਬੇ ’ਚ ਨਸ਼ੇ ’ਚ ਧੁੱਤ ‘ਮਨੀਕੰਦਨ’ ਨਾਂ ਦੇ ਵਿਅਕਤੀ ਨੇ ਆਪਣੀ 85 ਸਾਲਾ ਮਾਂ ‘ਓਮਾਨਾ’ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀਆਂ ਕਈ ਹੱਡੀਆਂ ਟੁੱਟ ਜਾਣ ਕਾਰਨ ਉਸ ਦੀ ਜਾਨ ਚਲੀ ਗਈ।

* ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ’ਚ ‘ਕੰਨੂਰ’ ਜ਼ਿਲੇ ’ਚ ਇਕ ਨੌਜਵਾਨ ਨੇ ਨਸ਼ੇ ’ਚ ਧੁੱਤ ਹੋ ਕੇ ਆਪਣੀ 88 ਸਾਲਾ ਨਾਨੀ ‘ਕਾਰਤੀਕੇਅਨੀ ਅੰਮਾ’ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਨੂੰ ਨਾਨੀ ਦਾ ਉਨ੍ਹਾਂ ਦੇ ਘਰ ’ਚ ਰਹਿਣਾ ਪਸੰਦ ਨਹੀਂ ਸੀ।

* 20 ਜੁਲਾਈ, 2025 ਨੂੰ ‘ਨੂਹ’ (ਹਰਿਆਣਾ) ਦੇ ‘ਜੈਸਿੰਘਪੁਰ’ ਪਿੰਡ ’ਚ ‘ਜਮਸ਼ੇਦ’ ਨਾਂ ਦੇ ਨਸ਼ੇੜੀ ਨੂੰ ਮਾਂ ਵਲੋਂ ਉਸ ਨੂੰ 20 ਰੁਪਏ ਨਾ ਦੇਣ ’ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ।

* 21 ਦਸੰਬਰ, 2025 ਨੂੰ ‘ਭਦੋਹੀ’ (ਉੱਤਰ ਪ੍ਰਦੇਸ਼) ’ਚ ਘਰੇਲੂ ਵਿਵਾਦ ਕਾਰਨ ਨਸ਼ੇ ਦੇ ਪ੍ਰਭਾਵ ਅਧੀਨ ‘ਰਾਮਜੀ ਵਨਵਾਸੀ’ ਨਾਂ ਦਾ ਵਿਅਕਤੀ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਆਪਣੇ 4 ਸਾਲ ਦੇ ਸੌਂ ਰਹੇ ਬੇਟੇ ਨੂੰ ਚੁੱਕ ਕੇ ਬਾਹਰ ਭੱਜ ਗਿਆ ਅਤੇ ਉਸ ਨੂੰ ਜ਼ੋਰ ਨਾਲ ਜ਼ਮੀਨ ’ਤੇ ਪਟਕ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

* 3 ਫਰਵਰੀ, 2026 ਨੂੰ ‘ਜਲੰਧਰ’ (ਪੰਜਾਬ) ’ਚ ਸ਼ਰਾਬ ਦੇ ਨਸ਼ੇ ’ਚ ਧੁੱਤ ‘ਅਰਵਿੰਦਰ’ ਨਾਂ ਦੇ ਇਕ ਵਿਅਕਤੀ ਨੇ ਆਪਣੀ 5 ਸਾਲ ਦੀ ਮਾਸੂਮ ਧੀ ‘ਨਿਹਾਰਿਕਾ’ ਦੇ ਲਗਾਤਾਰ ਰੋਣ ਨਾਲ ਗੁੱਸੇ ’ਚ ਆ ਕੇ ਉਸ ਨੂੰ ਜ਼ਮੀਨ ’ਤੇ ਪਟਕ ਕੇ ਅਤੇ ਫਿਰ ਚੁੰਨੀ ਨਾਲ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ।

* 7 ਫਰਵਰੀ, 2026 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਰਾਵਤਸਰ’ ਵਿਚ ਘਰੇਲੂ ਕਲੇਸ਼ ਦੌਰਾਨ ‘ਗੋਪਾਲ ਗੁਪਤਾ’ ਨਾਂ ਦੇ ਨਸ਼ੇੜੀ ਨੇ ਆਪਣੀ ਇਕ ਸਾਲਾ ਬੇਟੀ ਨੂੰ ਪਾਣੀ ਨਾਲ ਭਰੇ ਟੱਬ ’ਚ ਡੁਬੋ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

* 8 ਫਰਵਰੀ, 2026 ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ ਦੇਰ ਰਾਤ ਸ਼ਰਾਬ ਦੇ ਨਸ਼ੇ ’ਚ ਚੂਰ ਹੋ ਕੇ ਘਰ ਪਹੁੰਚੇ ‘ਸੋਨੂੰ ਤੋਮਰ’ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਖਾਣਾ ਬਣਾਉਣ ਲਈ ਕਿਹਾ ਪਰ ਬੀਮਾਰੀ ਕਾਰਨ ਖਾਣਾ ਬਣਾਉਣ ’ਚ ਅਸਮਰੱਥਾ ਪ੍ਰਗਟ ਕਰਨ ’ਤੇ ਗੁੱਸੇ ’ਚ ਆ ਕੇ ‘ਸੋਨੂੰ ਤੋਮਰ’ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 9 ਫਰਵਰੀ, 2026 ਨੂੰ ‘ਬਿਲਾਸਪੁਰ’ (ਹਿਮਾਚਲ ਪ੍ਰਦੇਸ਼) ਦੇ ‘ਦਨੋਹ’ ਪਿੰਡ ’ਚ ‘ਝਾਰਖੰਡ’ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਵਿਰੁੱਧ ਸ਼ਰਾਬ ਪੀਣ ਤੋਂ ਬਾਅਦ ਆਪਣੇ ਭਰਾਵਾਂ ਨਾਲ ਮਿਲ ਕੇ ਆਪਣੀ ਪਤਨੀ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 10 ਫਰਵਰੀ, 2026 ਨੂੰ ‘ਨਾਗਰਕੁਰਨੂਲ’ (ਤੇਲੰਗਾਨਾ) ਵਿਚ ਇਕ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ’ਚ ਆਪਣੀ ਬਜ਼ੁਰਗ ਸੱਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਯਕੀਨਨ ਹੀ ਇਹ ਘਟਨਾਵਾਂ ਬੜੀਆਂ ਹੀ ਦੁਖਦਾਈ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਦੇਸ਼ ’ਚ ਨਸ਼ੇ ਦੀ ਸਪਲਾਈ ਦੇ ਸਰੋਤ ਬੰਦ ਕਰਨ, ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਸ਼ੇੜੀਆਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਕਰਵਾਉਣ ਦੀ ਤੁਰੰਤ ਲੋੜ ਹੈ।

ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਨੇ 8 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ, ਖਡੂਰ ਸਾਹਿਬ ਅਤੇ ਵੈਰੋਵਾਲ ਸਥਿਤ ਜੈਨ ਮੰਦਰ ’ਚ ਅਰਦਾਸ ਤੋਂ ਬਾਅਦ ਪੰਜਾਬ ਦੀ ਨਸ਼ਾ ਮੁਕਤੀ ਲਈ ਅਰਦਾਸ ਕਰਨ ਦੇ ਬਾਅਦ 9 ਫਰਵਰੀ ਨੂੰ ਤਰਨਤਾਰਨ ਤੋਂ ਨਸ਼ਾ ਮੁਕਤੀ ਪੈਦਲ ਯਾਤਰਾ ਸ਼ੁਰੂ ਕੀਤੀ।

ਇਹ ਪੈਦਲ ਯਾਤਰਾ 12 ਫਰਵਰੀ ਨੂੰ ਅਬੋਹਰ ’ਚ ਸੰਪੰਨ ਹੋਈ। ਨਸ਼ਾ ਮੁਕਤੀ ਦੀ ਦਿਸ਼ਾ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼੍ਰੀ ਕਟਾਰੀਆ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਹੋਰ ਸੂਬਿਅਾਂ ’ਚ ਵੀ ਅਜਿਹੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।

–ਵਿਜੇ ਕੁਮਾਰ
 


author

Inder Prajapati

Content Editor

Related News