ਵਿਦਿਆਰਥੀ ਅੰਦੋਲਨਾਂ ਦੀ ਕਸੌਟੀ ਉਨ੍ਹਾਂ ਦਾ ਆਖ਼ਰੀ ਨਤੀਜਾ ਹੀ ਹੁੰਦਾ ਹੈ

Sunday, Oct 18, 2026 - 12:30 PM (IST)

ਵਿਦਿਆਰਥੀ ਅੰਦੋਲਨਾਂ ਦੀ ਕਸੌਟੀ ਉਨ੍ਹਾਂ ਦਾ ਆਖ਼ਰੀ ਨਤੀਜਾ ਹੀ ਹੁੰਦਾ ਹੈ

ਜੂਨ 2026 ਤੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਵੱਲੋਂ ਦੇਸ਼ ਭਰ ’ਚ ਕੀਤੇ ਗਏ ਹਾਲੀਆ ਵਿਰੋਧ ਪ੍ਰਦਰਸ਼ਨਾਂ ਨੇ ਸਰਕਾਰਾਂ ਦੇ ਸਖ਼ਤ ਰੁਖ਼ ਦੇ ਨਾਲ ਮਿਲ ਕੇ, ਇਕ ਵਾਰ ਫਿਰ ਵਿਦਿਆਰਥੀ ਅੰਦੋਲਨਾਂ ਅਤੇ ਉਨ੍ਹਾਂ ਦੇ ਨਤੀਜਿਆਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਲਈ ਵਿਦਿਆਰਥੀ ਸੰਗਠਨਾਂ ਅਤੇ ਅੰਦੋਲਨਾਂ ਦੇ ਇਕ ਸੰਖੇਪ ਇਤਿਹਾਸ ’ਤੇ ਨਜ਼ਰ ਮਾਰਨਾ ਉਚਿਤ ਹੋਵੇਗਾ।

1960 ਤੋਂ 1990 ਦੇ ਦਹਾਕਿਆਂ ’ਚ ਦੁਨੀਆ ਭਰ ’ਚ ਵਿਦਿਆਰਥੀ ਅੰਦੋਲਨ ਦੇਖੇ ਗਏ। ਭਾਰਤ ’ਚ ਵੀ ਵਿਦਿਆਰਥੀਆਂ ਵੱਲੋਂ ਕਈ ਅੰਦੋਲਨ ਚਲਾਏ ਗਏ, ਜਿਨ੍ਹਾਂ ’ਚੋਂ ਕੁਝ ਧਰਮ-ਨਿਰਪੇਖ ਸਨ ਅਤੇ ਕੁਝ ਫ਼ਿਰਕੂ ਜਾਂ ਭਾਸ਼ਾਈ।

1968 ਦੇ ਪੈਰਿਸ ਵਿਦਿਆਰਥੀ ਵਿਦਰੋਹ ਨੇ ਯੂਰਪ ਦੇ ਨੌਜਵਾਨਾਂ ਦੀ ਕਲਪਨਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨੇ ‘ਯਥਾਸਥਿਤੀ’ ’ਚ ਬਦਲਾਅ ਲਈ ਨੌਜਵਾਨਾਂ ਦੀ ਤੜਫ਼ ਦੀ ਨੁਮਾਇੰਦਗੀ ਕੀਤੀ। ਇਸ ਨੇ ਖੱਬੇਪੱਖੀ ਰਾਜਨੀਤੀ, ਯੁੱਧ-ਵਿਰੋਧੀ ਭਾਵਨਾ, ਨਾਗਰਿਕ ਅਧਿਕਾਰਾਂ ’ਤੇ ਜ਼ੋਰ ਅਤੇ ਇਕ ਅਜਿਹੇ ਜਵਾਬੀ ਸੱਭਿਆਚਾਰ ਨੂੰ ਮੁੱਖ ਧਾਰਾ ’ਚ ਲਿਆ ਖੜ੍ਹਾ ਕੀਤਾ, ਜਿਸ ਨੇ 1970 ਦੇ ਦਹਾਕੇ ਦੇ ਹਿੱਪੀ ਅੰਦੋਲਨ ’ਚ ਆਪਣਾ ਪ੍ਰਗਟਾਵਾ ਕੀਤਾ।

ਪੈਰਿਸ ’ਚ ਇਹ ਉਭਾਰ ਪ੍ਰਾਗ ਸਪ੍ਰਿੰਗ, ਚੈਕੋਸਲੋਵਾਕੀਆ ’ਚ ਆਜ਼ਾਦੀ ਦੀ ਇਕ ਸੰਖੇਪ ਖਿੜਕੀ, ਦੇ ਨਾਲ ਮੇਲ ਖਾਂਦਾ ਸੀ। ਇਹ ਕਮਿਊਨਿਸਟ ਕੁਸ਼ਾਸਨ ਦੇ ਵਿਰੁੱਧ 1956 ’ਚ ਹੰਗਰੀ ’ਚ ਹੋਈ ਕ੍ਰਾਂਤੀ ਦੇ 12 ਸਾਲ ਬਾਅਦ ਆਇਆ ਸੀ। ਇਨ੍ਹਾਂ ਦੋਵਾਂ ਵਿਰੋਧ ਪ੍ਰਦਰਸ਼ਨਾਂ ਨੂੰ ਸੋਵੀਅਤ ਸੰਘ ਵੱਲੋਂ ਆਪਣੀਆਂ-ਆਪਣੀਆਂ ਰਾਜਧਾਨੀਆਂ ’ਚ ਸੋਵੀਅਤ ਟੈਂਕ ਉਤਾਰ ਕੇ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਸੀ।

ਮੈਕਸੀਕੋ, ਬ੍ਰਾਜ਼ੀਲ, ਅਰਜਨਟੀਨਾ ਤੋਂ ਲੈ ਕੇ ਚਿਲੀ ਤੱਕ ਪੂਰੇ ਲਾਤੀਨੀ ਅਤੇ ਦੱਖਣੀ ਅਮਰੀਕੀ ਮਹਾਦੀਪ ’ਚ 1960 ਅਤੇ 70 ਦੇ ਦਹਾਕੇ ’ਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਖ਼ੁਦਮੁਖ਼ਤਿਆਰੀ, ਬੋਲਣ ਦੀ ਆਜ਼ਾਦੀ, ਪੁਲਸ ਦਮਨ ਅਤੇ ਫ਼ੌਜੀ ਤਾਨਾਸ਼ਾਹੀ ਵਰਗੇ ਮੁੱਦਿਆਂ ’ਤੇ ਆਪਣੀਆਂ-ਆਪਣੀਆਂ ਸਰਕਾਰਾਂ ਵਿਰੁੱਧ ਰੈਲੀਆਂ ਕੀਤੀਆਂ ਅਤੇ ਰੋਹ ਪ੍ਰਗਟ ਕੀਤਾ। ਏਸ਼ੀਆਈ ਕੈਂਪਸ ਵੀ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਸੁਲਗ ਰਹੇ ਸਨ।

ਆਜ਼ਾਦੀ ਤੋਂ ਬਾਅਦ ਦੇ ਭਾਰਤ ਨੇ ਚਾਰ ਵੱਡੇ ਵਿਦਿਆਰਥੀ ਅੰਦੋਲਨ ਦੇਖੇ, ਜਿਨ੍ਹਾਂ ਦੇ ਚਾਰ ਬਹੁਤ ਹੀ ਅਨੋਖੇ ਨਤੀਜੇ ਸਾਹਮਣੇ ਆਏ। 1965 ’ਚ ਤਾਮਿਲਨਾਡੂ ’ਚ ਹਿੰਦੀ-ਵਿਰੋਧੀ ਅੰਦੋਲਨ ਨੂੰ ਸੀ. ਐੱਨ. ਅੰਨਾਦੁਰਾਈ, ਮੁਥੁਵੇਲ ਕਰੁਣਾਨਿਧੀ (ਕਲੈਗਨਾਰ) ਅਤੇ ਤਾਮਿਲ ਬੌਧਿਕ ਅਤੇ ਸੱਭਿਆਚਾਰਕ ਭਾਈਚਾਰੇ ਦੇ ਹੋਰ ਪ੍ਰਮੁੱਖ ਵਿਅਕਤੀਆਂ ਦਾ ਸਮਰਥਨ ਪ੍ਰਾਪਤ ਸੀ। ਇਸ ਦੇ ਸਿੱਟੇ ਵਜੋਂ ਤੱਤਕਾਲੀ ਕਾਂਗਰਸ ਸਰਕਾਰ ਬੇਦਖ਼ਲ ਹੋਈ ਅਤੇ ਇਕ ‘ਦ੍ਰਾਵਿੜ ਦੋਹਰੀ ਸ਼ਾਸਨ ਪ੍ਰਣਾਲੀ’ ਦੀ ਸਥਾਪਨਾ ਹੋਈ, ਜਿਸ ਨੂੰ 6 ਦਹਾਕਿਆਂ ਬਾਅਦ 2026 ਦੀਆਂ ਵਿਧਾਨ ਸਭਾ ਚੋਣਾਂ ’ਚ ਅਦਾਕਾਰ ਸੀ. ਜੋਸਫ਼ ਵਿਜੇ ਦੀ ਜਿੱਤ ਨੇ ਹੀ ਤੋੜਿਆ।

ਇਸ ਦੇ ਉਲਟ, ਉੱਤਰ ਭਾਰਤ ’ਚ ‘ਅੰਗਰੇਜ਼ੀ ਹਟਾਓ ਅੰਦੋਲਨ’ ਕਹਾਉਣ ਵਾਲੇ ਅੰਗਰੇਜ਼ੀ-ਵਿਰੋਧੀ ਅੰਦੋਲਨ ਨੂੰ, ਜਿਸ ਨੂੰ ਡਾ. ਰਾਮ ਮਨੋਹਰ ਲੋਹੀਆ ਅਤੇ ਅਟਲ ਬਿਹਾਰੀ ਵਾਜਪਾਈ ਵਰਗਿਆਂ ਦਾ ਸਮਰਥਨ ਪ੍ਰਾਪਤ ਸੀ, ਨੇ ਸਮਾਜਵਾਦੀਆਂ ਅਤੇ ਸੱਜੇਪੱਖੀਆਂ ਨੂੰ ਇਕੱਠਾ ਕਰ ਦਿੱਤਾ। ਇਸ ਨੇ 1967 ਦੀਆਂ ਸੂਬਾ ਵਿਧਾਨ ਸਭਾ ਚੋਣਾਂ ’ਚ ਪਹਿਲੀਆਂ ਸੰਯੁਕਤ ਵਿਧਾਇਕ ਦਲ ਸਰਕਾਰਾਂ ਦੇ ਗਠਨ ਦਾ ਰਾਹ ਪੱਧਰਾ ਕੀਤਾ।

1974 ’ਚ ਗੁਜਰਾਤ ਦੇ ਨਵਨਿਰਮਾਣ ਅੰਦੋਲਨ ਨੇ ਚਿਮਨਭਾਈ ਪਟੇਲ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਜਲਦੀ ਹੀ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ਵਾਲੇ ਸੰਪੂਰਨ ਕ੍ਰਾਂਤੀ ਅੰਦੋਲਨ ’ਚ ਤਬਦੀਲ ਹੋ ਗਿਆ। ਇਸ ਤੋਂ ਬਾਅਦ 1975 ’ਚ ਐਮਰਜੈਂਸੀ ਅਤੇ ਫਿਰ 1977 ’ਚ ਜਨਤਾ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਈ।

1980 ਦੇ ਦਹਾਕੇ ’ਚ ਆਲ-ਆਸਾਮ ਸਟੂਡੈਂਟਸ ਯੂਨੀਅਨ (ਏ. ਏ. ਐੱਸ. ਯੂ.) ਵੱਲੋਂ ਬੰਗਲਾਦੇਸ਼ ਤੋਂ ਆਏ ਪ੍ਰਵਾਸੀਆਂ ਖ਼ਿਲਾਫ਼ ਇਕ ਸ਼ਕਤੀਸ਼ਾਲੀ ਅੰਦੋਲਨ ਚਲਾਇਆ ਗਿਆ, ਜਿਸ ਨੇ ਆਲ ਆਸਾਮ ਗਣ ਸੰਗਰਾਮ ਪ੍ਰੀਸ਼ਦ (ਏ. ਜੀ. ਐੱਸ. ਯੂ.) ਦਾ ਗਠਨ ਕੀਤਾ। 15 ਅਗਸਤ, 1985 ਦੇ ਆਸਾਮ ਸਮਝੌਤੇ ਤੋਂ ਬਾਅਦ ਇਸ ਨੇ ਆਸਾਮ ਗਣ ਪ੍ਰੀਸ਼ਦ (ਏ. ਜੀ. ਪੀ.) ਦੀ ਸਰਕਾਰ ਨੂੰ ਹੋਂਦ ’ਚ ਲਿਆ ਦਿੱਤਾ।

1990 ’ਚ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਅੰਦੋਲਨ ਦੌਰਾਨ 63 ਤੋਂ ਵੱਧ ਵਿਦਿਆਰਥੀਆਂ ਨੇ ਆਤਮਦਾਹ ਕਰ ਲਿਆ ਅਤੇ ਪੁਲਸ ਫ਼ਾਇਰਿੰਗ ’ਚ 50 ਤੋਂ ਵੱਧ ਮਾਰੇ ਗਏ। ਇਸ ਕਾਰਨ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਗਈ।

ਭਾਰਤੀ ਆਰਥਿਕਤਾ ਦੇ ਉਦਾਰੀਕਰਨ, ਵਿਸ਼ਵੀਕਰਨ ਅਤੇ ਵਾਸ਼ਿੰਗਟਨ ਸਹਿਮਤੀ ਦੇ ਨਾਲ ਇਸ ਦੇ ਮੇਲ ਨੇ ਨੌਜਵਾਨਾਂ ਲਈ ਕਈ ਨਵੇਂ ਰਾਹ ਖੋਲ੍ਹ ਦਿੱਤੇ। ਹੁਣ ਰਵਾਇਤੀ ਪੇਸ਼ੇ ਅਤੇ ਰਾਸ਼ਟਰੀ ਰਾਜਨੀਤੀ ਦੇ ਪ੍ਰਵੇਸ਼ ਦੁਆਰ ਵਜੋਂ ਵਿਦਿਆਰਥੀ ਰਾਜਨੀਤੀ ਹੀ ਬੌਧਿਕ ਤੌਰ ’ਤੇ ਚੁਣੌਤੀ ਭਰੇ, ਭੌਤਿਕ ਤੌਰ ’ਤੇ ਸੰਤੋਸ਼ਜਨਕ ਜਾਂ ਜਨਤਕ ਮੰਚਾਂ ’ਤੇ ਦਿਖਾਈ ਦੇਣ ਵਾਲੇ ਕਰੀਅਰ ਦਾ ਇਕੱਲਾ ਸਾਧਨ ਨਹੀਂ ਰਹਿ ਗਈ ਸੀ।

1992 ’ਚ ਕੇਬਲ ਅਤੇ ਸੈਟੇਲਾਈਟ ਟੈਲੀਵਿਜ਼ਨ ਦੇ ਆਉਣ ਨਾਲ ਨਿੱਜੀ ਉਦਯੋਗਾਂ ਲਈ ਪ੍ਰਸਾਰਣ ਖੇਤਰ ਦੇ ਖੁੱਲ੍ਹਣ ਨੇ ਉਨ੍ਹਾਂ ਨੌਜਵਾਨਾਂ ਨੂੰ ਇਕ ਮੰਚ ਪ੍ਰਦਾਨ ਕੀਤਾ, ਜੋ ਜਨਤਕ ਖੇਤਰ ’ਚ ਆਪਣੀ ਆਵਾਜ਼ ਅਤੇ ਪਛਾਣ ਦੋਵਾਂ ਦੀ ਚਾਹ ਰੱਖਦੇ ਸਨ ।

1991 ਤੋਂ ਬਾਅਦ ਦੇ ਭਾਰਤ ਵੱਲੋਂ ਪੇਸ਼ ਕੀਤੇ ਗਏ ਨਵੇਂ ਮੌਕਿਆਂ ਦੇ ਮੱਦੇਨਜ਼ਰ ਕਰੀਅਰ ਨੂੰ ਲੈ ਕੇ ਸੁਚੇਤਤਾ ਮੁੱਖ ਪ੍ਰੇਰਕ ਸ਼ਕਤੀ ਬਣ ਗਈ। ਵਿਦਿਆਰਥੀ ਹੁਣ ਵਿਦਿਆਰਥੀ ਰਾਜਨੀਤੀ ਨੂੰ ਸਮੇਂ ਦੀ ਬਰਬਾਦੀ ਮੰਨਣ ਲੱਗੇ ਹਨ ਅਤੇ ਸ਼ਾਇਦ ਸਹੀ ਵੀ।

1980 ਅਤੇ 90 ਦੇ ਦਹਾਕੇ ’ਚ ਐੱਨ. ਐੱਸ. ਯੂ. ਆਈ. ਦੇ ਰਾਸ਼ਟਰੀ ਪ੍ਰਧਾਨ ਅਤੇ ਬਾਅਦ ’ਚ ਇੰਟਰਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ (ਆਈ. ਯੂ. ਐੱਸ.) ਦੇ ਪ੍ਰਧਾਨ ਵਜੋਂ, ਮੈਂ ਇਨ੍ਹਾਂ ਬਦਲਾਅ ਨੂੰ ਅਸਲ ਸਮੇਂ ’ਚ ਵਾਪਰਦੇ ਦੇਖਿਆ ਹੈ। ਇਹ ਅਜਿਹੇ ਰੁਝਾਨ ਹਨ ਜੋ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲਗਾਤਾਰ ਕਾਇਮ ਹਨ।

ਕੀ ਨੀਟ ਅਤੇ ਐੱਸ. ਆਈ. ਆਰ. ’ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਇਹ ਨਵੀਨਤਮ ਰੋਹ ਇਸ ਗ਼ੈਰ-ਰਾਜਨੀਤਕ ਢਾਂਚੇ ਨੂੰ ਤੋੜ ਸਕੇਗਾ, ਇਸ ’ਤੇ ਫ਼ੈਸਲਾ ਆਉਣਾ ਅਜੇ ਬਾਕੀ ਹੈ। ਕਿਸੇ ਵੀ ਅੰਦੋਲਨ ਦੀ ਕਸੌਟੀ ਉਸ ਦਾ ਆਖ਼ਰੀ ਨਤੀਜਾ ਹੀ ਹੁੰਦਾ ਹੈ। ਸੜਕ ’ਤੇ ਸਿਰਫ ਸ਼ਕਤੀ ਪ੍ਰਦਰਸ਼ਨ ਦੇ ਰੂਪ ’ਚ ਲਾਮਬੰਦੀ ਮਹਿਜ਼ ਆਤਮ-ਸੰਤੁਸ਼ਟੀ ਹੈ।

—ਮਨੀਸ਼ ਤਿਵਾੜੀ


author

Harpreet SIngh

Content Editor

Related News