ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ

Wednesday, Oct 14, 2026 - 02:42 PM (IST)

ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ

ਅਰਬਪਤੀ ਬਿਲ ਏਕਮੈਨ ਦੀ ਜ਼ਿੰਦਗੀ ਇਸ ਫਰਵਰੀ ਉਦੋਂ ਉਥਲ-ਪੁਥਲ ਹੋ ਗਈ, ਜਦੋਂ ਉਨ੍ਹਾਂ ਦੀ 26 ਸਾਲਾ ਧੀ ਆਪਣੇ ਬਰੁਕਲਿਨ ਸਥਿਤ ਅਪਾਰਟਮੈਂਟ ’ਚ ਡਿੱਗ ਪਈ। ਉਹ ਦਿਮਾਗ ਦੀ ਬ੍ਰੇਨ ਹੈਮਰੇਜ ਤੋਂ ਪੀੜਤ ਸੀ, ਜਿਸ ਨੇ ਉਸ ਨੂੰ ਤੁਰਨ-ਫਿਰਨ, ਬੋਲਣ ਜਾਂ ਦੇਖਣ ’ਚ ਅਸਮਰੱਥ ਬਣਾ ਦਿੱਤਾ ਸੀ।

ਹੇਜ ਫੰਡ ਮੈਨੇਜਰ ਨੇ ਉਹੀ ਕੀਤਾ, ਜੋ ਕੋਈ ਵੀ ਚੰਗਾ ਪਿਤਾ ਕਰਦਾ ਹੈ, ਘੱਟੋ-ਘੱਟ ਅਜਿਹਾ ਪਿਤਾ, ਜਿਸ ਕੋਲ ਅਥਾਹ ਵਿੱਤੀ ਸਾਧਨ ਹੋਣ ਅਤੇ ਜਿਸ ਨੂੰ ਦੋਸਤ ‘ਮਿਸਟਰ ਫਿਕਸ-ਇਟ’ ਦੀ ਪ੍ਰਵਿਰਤੀ ਵਾਲਾ ਦੱਸਦੇ ਹਨ। ਉਹ ਤੁਰੰਤ ਸਰਗਰਮ ਹੋ ਗਏ ਅਤੇ ਉਸ ਨੂੰ ਨਿਊਯਾਰਕ ਸਿਟੀ ਦੇ ਮਾਊਂਟ ਸਿਨਾਈ ਹਸਪਤਾਲ ’ਚ ਬਿਹਤਰੀਨ ਇਲਾਜ ਦਿਵਾਇਆ ਅਤੇ ਦੁਨੀਆ ਭਰ ਦੇ ਪ੍ਰਭਾਵਸ਼ਾਲੀ ਸੰਪਰਕਾਂ ਵਾਲੇ ਦੋਸਤਾਂ ਦੇ ਨੈੱਟਵਰਕ ਤੋਂ ਸਲਾਹ ਲਈ।

ਉਨ੍ਹਾਂ ਨੇ ਉਸ ਨੂੰ ਇਕ ਅਜਿਹੀ ਅਨੋਖੀ ਸੈੱਲ ਥੈਰੇਪੀ ਦਿਵਾਉਣ ’ਚ ਮਦਦ ਕੀਤੀ, ਜੋ ਲੰਬੀ ਉਮਰ ਪ੍ਰਤੀ ਉਤਸ਼ਾਹੀ ਲੋਕਾਂ ’ਚ ਚਰਚਾ ’ਚ ਰਹੀ ਹੈ ਅਤੇ ਫਿਰ, ਵਿਗਿਆਨਕ ਖੋਜ ਨੂੰ ਗਤੀ ਦੇਣ ਦੀ ਇਕ ਨਵੀਂ ਇੱਛਾ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਲੰਬੀ ਉਮਰ ਅਤੇ ਦਿਮਾਗ ਦੀ ਸਿਹਤ ਨੂੰ ਸਮਰਪਿਤ ਇਕ ਸੰਸਥਾ ਸ਼ੁਰੂ ਕਰਨ ਲਈ 400 ਮਿਲੀਅਨ ਡਾਲਰ ਤੋਂ ਵੱਧ ਖਰਚ ਕਰਨ ਦਾ ਸੰਕਲਪ ਲਿਆ।

ਉਨ੍ਹਾਂ ਨੇ ਐਕਸ ’ਤੇ ਕਿਹਾ, ‘‘ਸਾਡਾ ਟੀਚਾ ਦੁਨੀਆ ਦਾ ਸਭ ਤੋਂ ਵੱਡਾ ਦਿਮਾਗ ਖੋਜ, ਮੁੜ-ਵਸੇਬਾ, ਰਿਕਵਰੀ, ਮਨੁੱਖੀ ਸੰਵਰਧਨ ਅਤੇ ਲੰਬੀ ਉਮਰ ਸੰਸਥਾ ਬਣਾਉਣਾ ਹੈ।’’ ਉਨ੍ਹਾਂ ਨੇ ਪੋਸਟ ਕੀਤਾ ਕਿ ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐੱਫ. ਡੀ. ਏ.) ਨੇ ਮਈ ’ਚ ਲੂਸੀ ਦੀ ਮੈਡੀਕਲ ਟੀਮ ਨੂੰ ਪਹਿਲੀ ਵਾਰ ਐਮਰਜੈਂਸੀ ਮਨਜ਼ੂਰੀ ਦਿੱਤੀ ਕਿ ਉਹ ਮਨੁੱਖੀ ਸੈੱਲਾਂ ਦੇ ਊਰਜਾ ਪੈਦਾ ਕਰਨ ਵਾਲੇ ਹਿੱਸੇ, ਮਾਈਟੋਕਾਂਡ੍ਰੀਆ ਨੂੰ ਉਸ ਦੇ ਪੈਰ ਦੀਆਂ ਮਾਸਪੇਸ਼ੀਆਂ ਤੋਂ ਉਸ ਦੀਆਂ ਅੱਖਾਂ ’ਚ ਟਰਾਂਸਪਲਾਂਟ ਕਰਨ, ਇਸ ਉਮੀਦ ’ਚ ਕਿ ਇਹ ਛੋਟੇ ‘ਪਾਵਰਹਾਊਸ’ ਉਸ ਦੀਆਂ ਆਪਟਿਕ ਨਸਾਂ ਨੂੰ ਠੀਕ ਕਰਨ ’ਚ ਮਦਦ ਕਰਨਗੇ ਅਤੇ ਸ਼ਾਇਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਵਾਪਸ ਲੈ ਆਉਣਗੇ।

ਚਿਕਿਤਸਾ ਦਾ ਮੀਲ ਪੱਥਰ : ਏਕਮੈਨ ਦੀ ਧੀ ਲੂਸੀ ਨੂੰ ਦਿੱਤਾ ਗਿਆ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਚੋਟ ਖੋਜਕਾਰਾਂ ਅਤੇ ਲੰਬੀ ਉਮਰ ਦੇ ਵਿਗਿਆਨੀਆਂ, ਦੋਵਾਂ ਦੀ ਰੁਚੀ ਆਕਰਸ਼ਿਤ ਕਰ ਰਿਹਾ ਹੈ, ਜੋ ਮਾਈਟੋਕਾਂਡ੍ਰੀਆ ਨੂੰ ਉਮਰ ਵਧਣ ਦੇ ਕੁਝ ਪ੍ਰਭਾਵਾਂ ਨੂੰ ਉਲਟਾਉਣ ਦੇ ਇਕ ਸੰਭਾਵੀ ਸਾਧਨ ਵਜੋਂ ਦੇਖਦੇ ਹਨ।

ਸੈੱਲ ਦੇ ਊਰਜਾ ਪਾਵਰਹਾਊਸ ਵਜੋਂ ਜਾਣੇ ਜਾਣ ਤੋਂ ਇਲਾਵਾ, ਮਾਈਟੋਕਾਂਡ੍ਰੀਆ ਨੁਕਸਾਨੇ ਗਏ ਸੈੱਲਾਂ ਨੂੰ ਹਟਾਉਣ ’ਚ ਵੀ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਸੰਭਾਵੀ ਤੌਰ ’ਤੇ ਪੁਨਰਜਨਨ ਅਤੇ ਜ਼ਖ਼ਮ ਭਰਨ ’ਚ ਸਹਾਇਤਾ ਮਿਲਦੀ ਹੈ।

ਪਹਿਲਾ ਮਨੁੱਖੀ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ, ਜੋ ਪੇਟ ਦੀ ਮਾਸਪੇਸ਼ੀ ਤੋਂ ਦਿਲ ’ਚ ਕੀਤਾ ਗਿਆ ਸੀ, 2017 ’ਚ ਰਿਪੋਰਟ ਕੀਤਾ ਗਿਆ ਸੀ। ਉਦੋਂ ਤੋਂ ਦਰਜਨਾਂ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚ 2024 ’ਚ ਦਿਮਾਗ ਨਾਲ ਜੁੜਿਆ ਇਕ ਮਾਮਲਾ ਵੀ ਸ਼ਾਮਲ ਹੈ, ਪਰ ਸਟੈਨਫੋਰਡ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ’ਚ ਰਸਾਇਣਕ ਅਤੇ ਪ੍ਰਣਾਲੀ ਜੀਵ ਵਿਗਿਆਨ ਦੀ ਪ੍ਰੋਫ਼ੈਸਰ ਡਾਰੀਆ ਮੋਚਲੀ-ਰੋਸੇਨ ਦੇ ਅਨੁਸਾਰ, ਇਨ੍ਹਾਂ ’ਚੋਂ ਕੋਈ ਵੀ ਹੁਣ ਤੱਕ ਮਨੁੱਖੀ ਅੱਖਾਂ ’ਤੇ ਨਹੀਂ ਕੀਤਾ ਗਿਆ ਸੀ।

ਇਲਾਜ ਦੀ ਯੋਜਨਾ : ਮਾਊਂਟ ਸਿਨਾਈ ਦੇ ਨਿਊਰੋਸਾਇੰਟਿਸਟ ਡੇਵਿਡ ਪੁਟਰਿਨੋ, ਜੋ ਲੂਸੀ ਏਕਮੈਨ ਦੀ ਦੇਖਭਾਲ ਲਈ ਜ਼ਿੰਮੇਵਾਰ ਹਨ, ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਲਗਭਗ 1 ਸਾਲ ਤੋਂ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਖੋਜ ’ਤੇ ਕੰਮ ਕਰ ਰਹੇ ਸਨ। ਅਪ੍ਰੈਲ ’ਚ, ਉਨ੍ਹਾਂ ਨੇ ਜਰਨਲ ‘ਨੇਚਰ’ ’ਚ ਇਕ ਅਧਿਐਨ ਪੜ੍ਹਿਆ, ਜਿਸ ’ਚ ਇਕ ਚੂਹੇ ਨੂੰ ਅਜਿਹੀ ਸੱਟ ਤੋਂ ਉੱਭਰਨ ’ਚ ਮਦਦ ਕਰਨ ਲਈ ਸਫ਼ਲਤਾਪੂਰਵਕ ਮਾਈਟੋਕਾਂਡ੍ਰੀਅਲ ਟ੍ਰਾਂਸਪਲਾਂਟ ਦੀ ਵਰਤੋਂ ਕੀਤੀ ਗਈ ਸੀ, ਜਿਸ ਨੇ ਉਸ ਜਾਨਵਰ ਦੀ ਆਪਟਿਕ ਨਸ ਨੂੰ ਕੁਚਲ ਦਿੱਤਾ ਸੀ। ਇਸ ਅਧਿਐਨ ਨੇ ਮਾਊਂਟ ਸਿਨਾਈ ਦੀ ਮੈਡੀਕਲ ਟੀਮ ਨੂੰ ਭਰੋਸੇਮੰਦ ਕੀਤਾ ਕਿ ਮਨੁੱਖਾਂ ’ਚ ਇਸ ਦਾ ਡਾਕਟਰੀ ਇਲਾਜ ਕਰਨ ਦਾ ਸਮਾਂ ਆ ਗਿਆ ਹੈ।

ਲੂਸੀ ਦੇ ਡਾਕਟਰਾਂ ਨੇ ਉਸ ਦੇ ਪਰਿਵਾਰ ਨਾਲ ਇਸ ਵਿਚਾਰ ਨਾਲ ਸੰਪਰਕ ਕੀਤਾ ਅਤੇ ਟੀਮ ਨੇ ਅੰਤ ’ਚ ਦਵਾਈ ਪ੍ਰਾਪਤ ਕਰਨ ਲਈ ਸਮਾਂ-ਸੰਵੇਦਨਸ਼ੀਲ ਰੈਗੂਲੇਟਰ ਮਨਜ਼ੂਰੀ ਲਈ ਅਰਜ਼ੀ ਦਿੱਤੀ, ਜਿਸ ਨੂੰ eIND ਦੇ ਰੂਪ ’ਚ ਜਾਣਿਆ ਜਾਂਦਾ ਹੈ, ਕੁਝ ਅਜਿਹਾ, ਜਿਸ ਨੂੰ ਪੁਟਰਿਨੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ’ਚ ਪਹਿਲਾਂ ਸਿਰਫ 2 ਵਾਰ ਕੀਤਾ ਸੀ।

ਪਹਿਲੇ ਕੁਝ ਹਫ਼ਤਿਆਂ ਤੱਕ, ਇਸ ਇਲਾਜ, ਉਸ ਦੀਆਂ ਅੱਖਾਂ ’ਚ ਇਕ ਇੰਜੈਕਸ਼ਨ, ਨੇ ਲੂਸੀ ਨੂੰ ਰੌਸ਼ਨੀ ਨੂੰ ਮਹਿਸੂਸ ਕਰਨ ਦੀ ਸਮਰੱਥਾ ਦਿੱਤੀ। ਲਗਭਗ ਇਕ ਮਹੀਨੇ ਦੇ ਬਾਅਦ, ਇਹ ਲਾਭ ਘੱਟ ਹੁੰਦਾ ਦਿਖਾਈ ਦਿੱਤਾ।

ਲੰਬੀ ਉਮਰ ਦਾ ਟੀਚਾ

-ਓਪਨ ਏ. ਆਈ. ਦੇ ਸੀ. ਈ. ਓ. ਸੈਮ ਆਲਟਮੈਨ ਨੇ ਰੇਟਰੋ ਬਾਇਓਸਾਇੰਸਿਜ਼ ਦਾ ਸਮਰਥਨ ਕੀਤਾ ਹੈ, ਜਿਸ ਦਾ ਟੀਚਾ ਮਨੁੱਖੀ ਜੀਵਨ ਕਾਲ ’ਚ 10 ਸਿਹਤਮੰਦ ਸਾਲ ਜੋੜਨਾ ਹੈ।

-ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜੋਸ ਕਥਿਤ ਤੌਰ ’ਤੇ ਆਲਟੋਸ ਲੈਬਜ਼ ਦੇ ਫੰਡਰ ਹਨ, ਜੋ ਸੈਲੂਲਰ ਕਾਇਆਕਲਪ ’ਤੇ ਕੇਂਦ੍ਰਿਤ ਹੈ।

-ਪੀਟਰ ਥਿਏਲ, ਸਰਗੇਈ ਬ੍ਰਿਨ ਅਤੇ ਲੈਰੀ ਐਲਿਸਨ ਨੇ ਵੀ ਜੀਵਨ ਵਿਸਥਾਰ ਖੋਜ ’ਚ ਨਿਵੇਸ਼ ਕੀਤਾ ਹੈ।

-ਐਲਨ ਮਸਕ ਨੇ ਨਿਊਰਾਲਿੰਕ ਦੀ ਸਹਿ-ਸਥਾਪਨਾ ਕੀਤੀ ਹੈ ਅਤੇ ਇਸ ਦੇ ਸਾਬਕਾ ਸਹਿ-ਸੰਸਥਾਪਕ ਮੈਕਸ ਹੋਡਕ ਹੁਣ ‘ਸਾਇੰਸ’ ਦੀ ਅਗਵਾਈ ਕਰਦੇ ਹਨ, ਜੋ ਉਮਰ ਨਾਲ ਸਬੰਧਤ ਨਜ਼ਰ ਦੀ ਕਮਜ਼ੋਰੀ ਲਈ ਇਕ ਰੇਟਿਨਾ ਚਿੱਪ ਵਿਕਸਿਤ ਕਰ ਰਹੀ ਹੈ।

—ਐਲਿਜ਼ਾਬੇਥ ਡਵੋਸਕਿਨ

(‘ਦਿ ਵਾਸ਼ਿੰਗਟਨ ਪੋਸਟ’ ਤੋਂ ਧੰਨਵਾਦ ਸਹਿਤ)


author

Anmol Tagra

Content Editor

Related News