ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ
Monday, Oct 12, 2026 - 02:49 AM (IST)
ਤਾਂ ਇਕ ਹੋਰ ਸਾਲ ਬੀਤ ਗਿਆ, ਜਿਸ ਦਾ ਮਤਲਬ ਹੈ ਕਿ ਟਰੰਪ ਨੂੰ ਫਿਰ ਨੋਬਲ ਪੁਰਸਕਾਰ ਨਹੀਂ ਮਿਲਿਆ। ਇਸ ਵਾਰ ਨੋਬਲ ਪੁਰਸਕਾਰ ਜੇਤੂ ਨਵਨੇਥਮ ‘ਨਵੀ’ ਪਿੱਲੈ ਹੈ, ਜੋ ਦੱਖਣੀ ਅਫ਼ਰੀਕੀ ਕਾਨੂੰਨ ਮਾਹਿਰ ਹੈ ਅਤੇ 2008 ਤੋਂ 2014 ਤੱਕ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵਜੋਂ ਕੰਮ ਕਰ ਚੁੱਕੀ ਹੈ। ਤਾਮਿਲ ਮੂਲ ਦੀ ਦੱਖਣੀ ਅਫ਼ਰੀਕੀ ਨਾਗਰਿਕ ਪਿੱਲੈ ਨੂੰ ਸ਼ਾਂਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਉਤਸ਼ਾਹਿਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ!
ਉਨ੍ਹਾਂ ਨੇ ਉਸ ਯੂ. ਐੱਨ. ਕਮਿਸ਼ਨ ਦੀ ਪ੍ਰਧਾਨਗੀ ਕੀਤੀ ਸੀ ਜਿਸ ਨੇ ਇਹ ਸਿੱਟਾ ਕੱਢਿਆ ਸੀ ਕਿ ਇਜ਼ਰਾਈਲ ਗਾਜ਼ਾ ’ਚ ਕਤਲੇਆਮ ਦਾ ਦੋਸ਼ੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਨੇਤਨਯਾਹੂ ਨੇ ‘ਨਵੀ’ ਦੀ ਸਖ਼ਤ ਆਲੋਚਨਾ ਕੀਤੀ ਹੈ ਪਰ ਜਿੱਥੇ ਨੇਤਨਯਾਹੂ ਹੋਣ, ਉੱਥੇ ਟਰੰਪ ਪਿੱਛੇ ਕਿਵੇਂ ਰਹਿ ਸਕਦੇ ਹਨ? ਉਨ੍ਹਾਂ ਨੇ ਵੀ ਪਿੱਲੈ ’ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ।
ਨਾਰਵੇਜੀਅਨ ਨੋਬਲ ਕਮੇਟੀ ਨੇ ਕਿਹਾ ਕਿ ਪਿੱਲੈ, ਜੋ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ. ਸੀ. ਜੇ.) ’ਚ ਜੱਜ ਵਜੋਂ ਕੰਮ ਕਰ ਰਹੀ ਹੈ, ਨੇ ‘ਇਹ ਦਿਖਾਇਆ ਹੈ ਕਿ ਕਾਨੂੰਨੀ ਉਪਾਅ ਯੁੱਧ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ’ਚ ਮਦਦ ਕਰ ਸਕਦੇ ਹਨ।’
ਉਨ੍ਹਾਂ ਦੇ ਦਾਦਾ-ਦਾਦੀ ਭਾਰਤ ਤੋਂ ਗਏ ਸਨ ਅਤੇ ਗੰਨੇ ਦੇ ਖੇਤਾਂ ’ਚ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਟਰੱਕ ਡਰਾਈਵਰ ਹਨ ਅਤੇ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਮਜ਼ਬੂਤ ਹਿੰਦੂ ਸੰਸਕਾਰਾਂ ਨਾਲ ਪਾਲਿਆ-ਪੋਸਿਆ ਹੈ!
ਭਾਵੇਂ ਹੁਣ ਟਰੰਪ ਦੀ ਭਾਰਤ-ਵਿਰੋਧੀ ਨੀਤੀ ਆਪਣੇ ਸਿਖ਼ਰ ’ਤੇ ਹੈ, ਜਿਸ ਤਹਿਤ ਜੇਕਰ ਭਾਰਤ ਰੂਸ ਤੋਂ ਤੇਲ ਖਰੀਦਦਾ ਹੈ ਤਾਂ ਉਸ ’ਤੇ 100 ਫੀਸਦੀ ਟੈਰਿਫ ਲਗਾਉਣ ਦੀ ਗੱਲ ਹੈ, ਜਦੋਂ ਕਿ ਉਨ੍ਹਾਂ ਨੇ ਖ਼ੁਦ ਅਮਰੀਕਾ ਲਈ ਤੇਲ ਖ਼ਰੀਦਣ ਲਈ ਪੁਤਿਨ ਨਾਲ ਸਮਝੌਤਾ ਕੀਤਾ ਹੈ ਅਤੇ ਜ਼ੈਲੇਂਸਕੀ ਨੂੰ ਸਮਰਥਨ ਨਾ ਦੇਣ ਜਾਂ ਉਨ੍ਹਾਂ ਨੂੰ ਹਟਾਉਣ ਦੀ ਗੱਲ ਵੀ ਕਹਿ ਰਹੇ ਹਨ ਜੇਕਰ ਉਹ ਰੂਸ ’ਤੇ ਹਮਲੇ ਨਹੀਂ ਰੋਕਦੇ।
ਇਸੇ ਭਾਰਤ ਵਿਰੋਧੀ ਨੀਤੀ ਤਹਿਤ ਅਮਰੀਕਾ ਨੇ ਹਾਲਾਂਕਿ ਭਾਰਤੀ ਜਾਂ ਪ੍ਰਮੁੱਖ ਆਈ. ਟੀ. ਕੰਪਨੀਆਂ ਨੂੰ ਯੂਥ/ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਤੋਂ ਪੂਰੀ ਤਰ੍ਹਾਂ ਬੈਨ ਨਹੀਂ ਕੀਤਾ ਹੈ, ਸਗੋਂ ਅਕਤੂਬਰ 2026 ’ਚ ਯੂ. ਐੱਸ. ਡਿਪਾਰਟਮੈਂਟ ਆਫ਼ ਲੇਬਰ ਨੇ ਕੁਝ ਵੱਡੀਆਂ ਕੰਪਨੀਆਂ ਦੇ PERM (Permanent Labor Certification Program) ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਹੈ।
ਇਨ੍ਹਾਂ ਸਭ ਦੇ ਉੱਪਰ, ਐਲਨ ਮਸਕ ਸਟਾਰਲਿੰਕ ਦੀ ਡੀਲ ’ਚ ਆਪਣੀ ਜਗ੍ਹਾ ਡਰਾ-ਧਮਕਾ ਕੇ ਬਣਾਉਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇਕਬਾਲ ਨੇ 1902 ’ਚ ਕੀ ਲਿਖਿਆ ਸੀ :
‘ਕੁਛ ਤੋ ਹੈ ਬਾਤ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ।’
