ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ ਨਹੀਂ
Monday, Oct 12, 2026 - 03:12 PM (IST)
ਸਰਦੀਆਂ ਨਜ਼ਦੀਕ ਆਉਂਦਿਆਂ ਹੀ ਦਿੱਲੀ ਇਕ ਜਾਣੀ-ਪਛਾਣੀ ਅਤੇ ਡਰਾਉਣੀ ਸਮੱਸਿਆ ਦਾ ਸਾਹਮਣਾ ਕਰਨ ਲੱਗਦੀ ਹੈ। ਹਵਾ ਭਾਰੀ ਹੋ ਜਾਂਦੀ ਹੈ, ਅਸਮਾਨ ਧੂੰਏਂ ਨਾਲ ਮੈਲਾ ਹੋ ਜਾਂਦਾ ਹੈ, ਅੱਖਾਂ ’ਚ ਜਲਣ ਹੋਣ ਲੱਗਦੀ ਹੈ, ਗਲੇ ’ਚ ਖਾਰਿਸ਼ ਅਤੇ ਸਾਹ ਲੈਣਾ ਔਖਾ ਹੋ ਜਾਂਦਾ ਹੈ। ਬੱਚੇ ਛਿੱਕਣ ਅਤੇ ਖੰਘਣ ਲੱਗਦੇ ਹਨ। ਦਮੇ ਤੋਂ ਪੀੜਤ ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰਦੇ ਹਨ। ਇੱਥੋਂ ਤੱਕ ਕਿ ਸਿਹਤਮੰਦ ਬਾਲਗ ਵੀ ਸਿਰਦਰਦ, ਚਿੜਚਿੜੇਪਨ ਅਤੇ ਅਸਾਧਾਰਨ ਥਕਾਵਟ ਦੀ ਸ਼ਿਕਾਇਤ ਕਰਦੇ ਹਨ। ਇਹ ਕਾਫ਼ੀ ਖ਼ਤਰਨਾਕ ਅਤੇ ਬਹੁਤ ਦੁਖਦਾਈ ਹੈ।
ਦਿੱਲੀ ਦੇ ਲੋਕਾਂ ਲਈ ਸਰਦੀਆਂ ਹੁਣ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਮੌਸਮ ਬਣ ਚੁੱਕੀਆਂ ਹਨ। ਬਾਹਰ ਦੀਆਂ ਗਤੀਵਿਧੀਆਂ, ਜਿਨ੍ਹਾਂ ਦਾ ਅਸੀਂ ਪਹਿਲਾਂ ਅਨੰਦ ਮਾਣਦੇ ਸੀ, ਜਿਵੇਂ ਲੋਧੀ ਗਾਰਡਨ ਜਾਂ ਨਹਿਰੂ ਪਾਰਕ ’ਚ ਪਿਕਨਿਕ ਅਤੇ ਸੈਰ, ਉਹ ਹੁਣ ਜ਼ਹਿਰ ਬਣ ਚੁੱਕੀਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ, ਸੀਨੀਅਰ ਨਾਗਰਿਕ ਆਪਣੀ ਸਵੇਰ ਦੀ ਸੈਰ ਲਈ ਬਾਹਰ ਨਿਕਲਣ ’ਚ ਝਿਜਕਦੇ ਹਨ ਅਤੇ ਸਾਹ ਦੀ ਤਕਲੀਫ਼ ਨਾਲ ਜੂਝ ਰਹੇ ਲੋਕ ਸੋਚਦੇ ਹਨ ਕਿ ਉਹ ਆਉਣ ਵਾਲੇ ਮਹੀਨੇ ਕਿਵੇਂ ਗੁਜ਼ਾਰਨਗੇ।
ਹਰ ਸਰਦੀ ’ਚ ਉਹੀ ਚਿਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ, ਹੰਗਾਮੀ ਮੀਟਿੰਗਾਂ ਹੁੰਦੀਆਂ ਹਨ, ਪਾਬੰਦੀਆਂ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਨੂੰ ਮਾਸਕ ਪਹਿਨਣ, ਘਰਾਂ ਦੇ ਅੰਦਰ ਰਹਿਣ ਅਤੇ ਏਅਰ ਪਿਊਰੀਫਾਇਰ ਖਰੀਦਣ ਦੀ ਸਲਾਹ ਦਿੱਤੀ ਜਾਂਦੀ ਹੈ। ਫਿਰ, ਜਿਵੇਂ ਹੀ ਮੌਸਮ ਬਦਲਦਾ ਹੈ, ਇਹ ਸੰਕਟ ਅਸਥਾਈ ਤੌਰ ’ਤੇ ਜਨਤਾ ਦੇ ਧਿਆਨ ਤੋਂ ਉਹਲੇ ਹੋ ਜਾਂਦਾ ਹੈ। ਅਗਲੀ ਸਰਦੀ, ਇਹ ਕਹਾਣੀ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ। ਕੀ ਅਸਲ ’ਚ ਇਕ ਰਾਜਧਾਨੀ ਆਪਣੇ ਨਿਵਾਸੀਆਂ ਨੂੰ ਇਹੀ ਸਭ ਤੋਂ ਬਿਹਤਰ ਦੇ ਸਕਦੀ ਹੈ? ਸੈਲਾਨੀ ਵੀ ਇੱਥੇ ਆਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਦਾ ਹੈ।
ਨਾਗਰਿਕਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਖੁਦ ਨੂੰ ਘਰਾਂ ’ਚ ਬੰਦ ਕਰ ਲੈਣ, ਆਪਣੀ ਬੱਚਤ ਨੂੰ ਮਹਿੰਗੇ ਉਪਕਰਣਾਂ ’ਤੇ ਖਰਚ ਕਰਨ ਅਤੇ ਸਾਹ ਦੀਆਂ ਬਿਮਾਰੀਆਂ ਨੂੰ ਦਿੱਲੀ ’ਚ ਰਹਿਣ ਦਾ ਇਕ ਆਮ ਹਿੱਸਾ ਮੰਨ ਕੇ ਸਵੀਕਾਰ ਕਰ ਲੈਣ। ਲੋਕ ਆਪਣੇ ਪੱਧਰ ’ਤੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਕੁਝ ਵਿਵਹਾਰਕ ਕਦਮ ਉਠਾ ਸਕਦੇ ਹਨ। ਬਾਹਰ ਨਿਕਲਣ ਤੋਂ ਪਹਿਲਾਂ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦੇਖਣਾ ਇਕ ਸਮਝਦਾਰੀ ਭਰੀ ਰੋਜ਼ਾਨਾ ਆਦਤ ਹੈ। ਜਦੋਂ ਪ੍ਰਦੂਸ਼ਣ ਦਾ ਪੱਧਰ ਵੱਧ ਹੋਵੇ, ਤਾਂ ਬੱਚਿਆਂ, ਬਜ਼ੁਰਗਾਂ ਅਤੇ ਦਮੇ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਬਾਹਰ ਸਖ਼ਤ ਮਿਹਨਤ ਜਾਂ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ। ਬਾਹਰ ਜਾਣਾ ਜਦੋਂ ਅਟੱਲ ਹੋਵੇ, ਤਾਂ ਇਕ ਸਹੀ ਫਿੱਟਿੰਗ ਵਾਲਾ ਐੱਨ95 ਮਾਸਕ ਬਾਰੀਕ ਕਣਾਂ ਦੇ ਸੰਪਰਕ ਨੂੰ ਘਟਾ ਸਕਦਾ ਹੈ। ਘਰ ’ਤੇ ਸਹੀ ਆਕਾਰ ਦਾ ਹੇਪਾ (HEPA) ਫਿਲਟਰ ਵਾਲਾ ਏਅਰ ਪਿਊਰੀਫਾਇਰ ਕਿਸੇ ਬੰਦ ਕਮਰੇ ’ਚ ਹਵਾ ’ਚ ਮੌਜੂਦ ਕਣਾਂ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ।
ਪਰਿਵਾਰਾਂ ਨੂੰ ਘਰ ਦੇ ਅੰਦਰ ਸਿਗਰਟ ਪੀਣ ਅਤੇ ਅਗਰਬੱਤੀ ਜਾਂ ਹੋਰ ਸਮੱਗਰੀਆਂ ਬੇਵ੍ਹਜਾ ਜਗਾਉਣ ਤੋਂ ਬਚਣਾ ਚਾਹੀਦਾ ਹੈ। ਦਮੇ ਤੋਂ ਪੀੜਤ ਲੋਕਾਂ ਨੂੰ ਆਪਣੇ ਤਹਿ ਇਲਾਜ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਲੱਛਣ ਵਿਗੜਨ ’ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜਦੋਂ ਹਵਾ ਦੀ ਗੁਣਵੱਤਾ ਖਰਾਬ ਹੋਵੇ, ਤਾਂ ਸਕੂਲਾਂ ਨੂੰ ਖੇਡ-ਕੁੱਦ ਦੀਆਂ ਬਾਹਰੀ ਗਤੀਵਿਧੀਆਂ ਨੂੰ ਅੰਦਰ ਤਬਦੀਲ ਕਰ ਦੇਣਾ ਚਾਹੀਦਾ ਹੈ ਅਤੇ ਮਾਪਿਆਂ ਨਾਲ ਸਪੱਸ਼ਟ ਗੱਲਬਾਤ ਰੱਖਣੀ ਚਾਹੀਦੀ ਹੈ।
ਹਾਲਾਂਕਿ ਇਨ੍ਹਾਂ ਸਾਵਧਾਨੀਆਂ ਦੀਆਂ ਆਪਣੀਆਂ ਹੱਦਾਂ ਹਨ। ਏਅਰ ਪਿਊਰੀਫਾਇਰ ’ਤੇ ਪੈਸੇ ਖਰਚ ਹੁੰਦੇ ਹਨ, ਮਾਸਕ ਵਾਰ-ਵਾਰ ਬਦਲਣਾ ਪੈਂਦਾ ਹੈ ਅਤੇ ਹਰ ਕੋਈ ਵਰਕ ਫਰਾਮ ਹੋਮ ਨਹੀਂ ਕਰ ਸਕਦਾ। ਉਨ੍ਹਾਂ ਟਰੈਫਿਕ ਪੁਲਸ ਕਰਮਚਾਰੀਆਂ, ਰੇਹੜੀ-ਪਟੜੀ ਵਾਲਿਆਂ, ਡਲਿਵਰੀ ਕਰਮਚਾਰੀਆਂ, ਉਸਾਰੀ ਮਜ਼ਦੂਰਾਂ ਅਤੇ ਹਜ਼ਾਰਾਂ ਹੋਰ ਲੋਕਾਂ ਦਾ ਕੀ, ਜੋ ਆਪਣੇ ਕੰਮ ਦੇ ਘੰਟੇ ਬਾਹਰ ਬਿਤਾਉਣ ਲਈ ਮਜਬੂਰ ਹਨ? ਉਹ ਸਿਰਫ਼ ਇਸ ਲਈ ਕਮਾਉਣਾ ਬੰਦ ਨਹੀਂ ਕਰ ਸਕਦੇ ਕਿਉਂਕਿ ਹਵਾ ਖ਼ਤਰਨਾਕ ਹੋ ਗਈ ਹੈ। ਜ਼ਾਹਿਰ ਹੈ ਕਿ ਉਨ੍ਹਾਂ ਦੀ ਸਿਹਤ ’ਤੇ ਇਸ ਦਾ ਮਾੜਾ ਅਸਰ ਪਵੇਗਾ।
ਇਸ ਲਈ, ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੈ। ਉਸ ਦਾ ਕੰਮ ਸਿਰਫ਼ ਇਹ ਸਮਝਾਉਣਾ ਨਹੀਂ ਹੈ ਕਿ ਨਾਗਰਿਕ ਖੁਦ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਉਣ। ਉਸ ਦਾ ਕੰਮ ਉਨ੍ਹਾਂ ਸਰੋਤਾਂ ਨੂੰ ਕੰਟਰੋਲ ਕਰਨਾ ਹੈ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ।
ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਵਿਰੁੱਧ ਸਖ਼ਤੀ ਅਤੇ ਬਿਹਤਰ ਜਨਤਕ ਆਵਾਜਾਈ ਦੇ ਮਾਧਿਅਮ ਨਾਲ ਲਗਾਮ ਲਗਾਈ ਜਾਣੀ ਚਾਹੀਦੀ ਹੈ। ਦਿੱਲੀ ਨੂੰ ਭਰੋਸੇਮੰਦ ਬੱਸਾਂ, ਕੁਸ਼ਲ ਮੈਟਰੋ ਕਨੈਕਟੀਵਿਟੀ ਅਤੇ ਆਸਾਨ ਆਖਰੀ-ਮੀਲ ਕਨੈਕਟੀਵਿਟੀ ਦੀ ਲੋੜ ਹੈ, ਤਾਂ ਜੋ ਲੋਕਾਂ ਕੋਲ ਨਿੱਜੀ ਵਾਹਨਾਂ ਦੇ ਵਿਵਹਾਰਕ ਬਦਲ ਹੋਣ। ਬਿਨਾਂ ਬਦਲ ਦਿੱਤੇ ਲਗਾਈਆਂ ਗਈਆਂ ਪਾਬੰਦੀਆਂ ਆਮ ਯਾਤਰੀਆਂ ਲਈ ਹੋਰ ਵੱਧ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ।
ਉਸਾਰੀ ਸਮੱਗਰੀ ਨੂੰ ਠੀਕ ਤਰ੍ਹਾਂ ਢੱਕ ਕੇ, ਸੜਕਾਂ ਦੀ ਪ੍ਰਭਾਵਸ਼ਾਲੀ ਸਫ਼ਾਈ, ਧੂੜ ਕੰਟਰੋਲ ਅਤੇ ਉਸਾਰੀ ਵਾਲੀਆਂ ਥਾਵਾਂ ਦੀ ਸਖ਼ਤ ਨਿਗਰਾਨੀ ਰਾਹੀਂ ਉਸਾਰੀ ਦੀ ਧੂੜ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਉਦਯੋਗਿਕ ਨਿਕਾਸ ਲਈ ਨਿਯਮਤ ਨਿਰੀਖਣ ਅਤੇ ਦੱਸੇ ਗਏ ਨਿਯਮਾਂ ਦੀ ਉਲੰਘਣਾ ’ਤੇ ਸਖ਼ਤ ਜੁਰਮਾਨਿਆਂ ਦੀ ਲੋੜ ਹੈ ਪਰ ਦੁੱਖ ਦੀ ਗੱਲ ਹੈ ਕਿ ਇੱਥੇ ਵੀ ਬਿਲਡਰਾਂ, ਪੁਲਸ ਅਤੇ ਐੱਮ. ਸੀ. ਡੀ. ਵਿਚਾਲੇ ਦਾ ਭ੍ਰਿਸ਼ਟ ਗੱਠਜੋੜ ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।
ਦਿੱਲੀ ਦਾ ਪ੍ਰਦੂਸ਼ਣ ਇਕ ਖੇਤਰੀ ਸਮੱਸਿਆ ਵੀ ਹੈ। ਸਰਕਾਰ ਨੂੰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਪਰਾਲੀ ਸਾੜਨ, ਉਦਯੋਗਿਕ ਪ੍ਰਦੂਸ਼ਣ, ਟਰਾਂਸਪੋਰਟ ਨਿਕਾਸ ਅਤੇ ਹੋਰ ਸਰੋਤਾਂ ਨਾਲ ਨਜਿੱਠਣ ਲਈ ਗੁਆਂਢੀ ਰਾਜਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਹੰਗਾਮੀ ਪਾਬੰਦੀਆਂ ਕਈ ਵਾਰ ਜ਼ਰੂਰੀ ਹੋ ਸਕਦੀਆਂ ਹਨ ਪਰ ਉਨ੍ਹਾਂ ਦੀ ਯੋਜਨਾ ਸਾਵਧਾਨੀ ਨਾਲ ਬਣਾਈ ਜਾਣੀ ਚਾਹੀਦੀ ਹੈ। ਉਸਾਰੀ ਕਾਰਜਾਂ ’ਤੇ ਰੋਕ ਨਾਲ ਦਿਹਾੜੀ ਮਜ਼ਦੂਰ ਪ੍ਰਭਾਵਿਤ ਹੋ ਸਕਦੇ ਹਨ, ਜਦੋਂ ਕਿ ਅਚਾਨਕ ਲਗਾਈਆਂ ਗਈਆਂ ਪਾਬੰਦੀਆਂ ਕਾਰੋਬਾਰਾਂ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐਲਾਨਾਂ ਦੇ ਬਾਅਦ ਮਾਪਣਯੋਗ ਨਤੀਜੇ ਦਿਸਣੇ ਚਾਹੀਦੇ ਹਨ। ਅਮਲ ਲਈ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਦਿੱਲੀ ਵਾਸੀਆਂ ਨੂੰ ਹਰ ਸਰਦੀ ਦਿਲਾਸੇ ਦੇ ਸ਼ਬਦਾਂ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇਕ ਅਜਿਹੀ ਸਰਕਾਰ ਚਾਹੀਦੀ ਹੈ ਜੋ ਵਾਰ-ਵਾਰ ਤਾਲਮੇਲ ਬਿਠਾਉਣ ਲਈ ਕਹਿਣ ਦੀ ਬਜਾਏ ਪ੍ਰਦੂਸ਼ਣ ਨੂੰ ਰੋਕੇ। ਸਰਕਾਰ ਮੌਸਮ ਨੂੰ ਕੰਟਰੋਲ ਨਹੀਂ ਕਰ ਸਕਦੀ ਪਰ ਉਹ ਨਿਕਾਸ ਨੂੰ ਕੰਟਰੋਲ ਕਰ ਸਕਦੀ ਹੈ, ਨਿਯਮਾਂ ਨੂੰ ਲਾਗੂ ਕਰ ਸਕਦੀ ਹੈ, ਟਰਾਂਸਪੋਰਟ ’ਚ ਸੁਧਾਰ ਕਰ ਸਕਦੀ ਹੈ ਅਤੇ ਖੇਤਰੀ ਕਾਰਵਾਈ ਦਾ ਤਾਲਮੇਲ ਕਰ ਸਕਦੀ ਹੈ। ਸਾਫ਼ ਹਵਾ ਕੋਈ ਅਜਿਹੀ ਐਸ਼ੋ-ਆਰਾਮ ਨਹੀਂ, ਜਿਸ ਨੂੰ ਨਾਗਰਿਕਾਂ ਨੂੰ ਮਾਸਕ, ਦਵਾਈਆਂ ਅਤੇ ਮਹਿੰਗੇ ਪਿਊਰੀਫਾਇਰ ਖਰੀਦ ਕੇ ਪ੍ਰਾਪਤ ਕਰਨਾ ਪਵੇ। ਇਹ ਇਕ ਬੁਨਿਆਦੀ ਲੋੜ ਅਤੇ ਜਨਤਕ ਜ਼ਿੰਮੇਵਾਰੀ ਹੈ।
ਦਿੱਲੀ ਇਕ ਸਥਾਈ ਹੱਲ ਦੀ ਹੱਕਦਾਰ ਹੈ। ਦਿੱਲੀ ਦੇ ਲੋਕਾਂ ਨੂੰ ਸਾਲ-ਦਰ-ਸਾਲ ਜ਼ਹਿਰੀਲੀ ਹਵਾ ’ਚ ਜਿਊਂਦੇ ਰਹਿਣ ਦਾ ਤਰੀਕਾ ਸਿੱਖਣ ਲਈ ਮਜਬੂਰ ਨਹੀਂ ਹੋਣਾ ਚਾਹੀਦਾ। ਉਸ ਹਵਾ ਨੂੰ ਸਾਹ ਲੈਣ ਯੋਗ ਬਣਾਉਣਾ ਸਰਕਾਰ ਦਾ ਫਰਜ਼ ਹੈ। ਸਾਨੂੰ ਇਸ ਨਾਲ ਮਿਲ ਕੇ ਲੜਨਾ ਹੋਵੇਗਾ, ਜਿਊਂਦੇ ਰਹਿਣਾ ਹੋਵੇਗਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਕ ਬਿਹਤਰ ਵਾਤਾਵਰਣ ਦੇਣ ਲਈ ਸਰਕਾਰ ਦੀ ਮਦਦ ਕਰਨ ਵਾਸਤੇ ਆਪਣੇ ਪੱਧਰ ’ਤੇ ਸਰਵੋਤਮ ਯਤਨ ਕਰਨਾ ਹੋਵੇਗਾ।
—ਦੇਵੀ ਐੱਮ. ਚੇਰੀਅਨ
