ਆਪਣੇ ਸਹਿਯੋਗੀਆਂ ਨੂੰ ਧੋਖਾ ਦੇਣ ਦੀ ਅਮਰੀਕਾ ਦੀ ਹੈ ਪੁਰਾਣੀ ਆਦਤ!
Monday, Oct 19, 2026 - 03:00 AM (IST)
ਬੀਤੇ ਹਫ਼ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਅਚਾਨਕ ਇਕ ‘ਊਰਜਾ ਜੰਗਬੰਦੀ’ ਦਾ ਐਲਾਨ ਕਰਦਿਆਂ ‘ਟਰੁਥ ਸੋਸ਼ਲ’ ’ਤੇ ਲਿਖਿਆ, ‘‘ਹੁਣ ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਯੁੱਧ ’ਚ ‘ਊਰਜਾ ਜੰਗਬੰਦੀ’ ਲਾਗੂ ਹੁੰਦੀ ਹੈ। ਦੋਵੇਂ ਧਿਰਾਂ ਇਸ ’ਤੇ ਸਹਿਮਤ ਹੋ ਗਈਆਂ ਹਨ। ਇਸ ਨੂੰ ਨਾ ਤੋੜੋ!’’
ਹਾਲਾਂਕਿ, ਟ੍ਰੰਪ ਦੇ ਇਨ੍ਹਾਂ ਦਾਅਵਿਆਂ ਦੇ ਬਾਵਜੂਦ, ਰੂਸ ਨੇ ਯੂਕ੍ਰੇਨ ਦੇ ਨਾਗਰਿਕ ਬੁਨਿਆਦੀ ਢਾਂਚੇ ’ਤੇ ਭਾਰੀ ਹਮਲੇ ਜਾਰੀ ਰੱਖੇ ਹਨ। ਰੂਸ ਨੇ ਯੂਕ੍ਰੇਨ ਦੇ ਪ੍ਰਮੁੱਖ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾਉਣ ਲਈ ਹਾਈਪਰਸੋਨਿਕ ਅਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਸ ਨਾਲ ਯੂਕ੍ਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ’ਚ ਘੰਟਿਆਂਬੱਧੀ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਰਹੀ।
ਇਸ ਘਟਨਾਚੱਕਰ ਤੋਂ ਸਪੱਸ਼ਟ ਹੈ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ‘ਊਰਜਾ ਜੰਗਬੰਦੀ’ ਕਰਵਾਉਣ ਦੀ ਵ੍ਹਾਈਟ ਹਾਊਸ ਦੀ ਇਕਤਰਫ਼ਾ ਕੋਸ਼ਿਸ਼ 24 ਘੰਟਿਆਂ ’ਚ ਹੀ ਠੁੱਸ ਹੋ ਗਈ। ਡੋਨਾਲਡ ਟ੍ਰੰਪ ਦੀਆਂ ਚਿਤਾਵਨੀਆਂ ਦੇ ਬਾਵਜੂਦ ਯੂਕ੍ਰੇਨ ਨੇ ਰੂਸੀ ਤੇਲ ਰਿਫਾਈਨਰੀਆਂ ’ਤੇ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ।
ਮਾਸਕੋ ਨੇ ਯੂਕ੍ਰੇਨ ’ਤੇ ਰਿਆਜਾਨ ਖੇਤਰ ’ਚ ਇਕ ਰੂਸੀ ਤੇਲ ਰਿਫਾਈਨਰੀ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਮਾਸਕੋ ਦਾ ਦਾਅਵਾ ਹੈ ਕਿ ਯੂਕ੍ਰੇਨ ਦੇ ਐਂਟੀ-ਏਅਰਕ੍ਰਾਫਟ ਫਾਇਰ ਨਾਲ ਡਿੱਗੇ ਇਕ ਡਰੋਨ ਦੇ ਮਲਬੇ ਦੇ ਰਿਫਾਈਨਰੀ ਨਾਲ ਟਕਰਾਉਣ ਨਾਲ ਅੱਗ ਲੱਗ ਗਈ।
ਟ੍ਰੰਪ ਵੱਲੋਂ ਅਚਾਨਕ ‘ਊਰਜਾ ਜੰਗਬੰਦੀ’ ਦੇ ਐਲਾਨ ਤੋਂ ਬਾਅਦ ਅਜਿਹਾ ਹੋਣਾ (ਜਦੋਂ ਕਿ ਰੂਸ ਅਤੇ ਯੂਕ੍ਰੇਨ ਦੋਵਾਂ ਨੇ ਹੀ ਨਹੀਂ ਕਿਹਾ ਹੈ ਕਿ ਉਹ ਇਸ ’ਤੇ ਸਹਿਮਤ ਹਨ) ਕੋਈ ਹੈਰਾਨੀ ਦੀ ਗੱਲ ਨਹੀਂ ਹੈ! ਟ੍ਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਤੋਂ ਰੂਸੀ ਤੇਲ ਰਿਫਾਈਨਰੀਆਂ ’ਤੇ ਹਮਲੇ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਹਮਲਿਆਂ ਦੀ ਵਜ੍ਹਾ ਕਰਕੇ ਦੁਨੀਆ ਭਰ ’ਚ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਟ੍ਰੰਪ ਨੇ ਤਾਂ ਜ਼ੈਲੇਂਸਕੀ ਨੂੰ ਬਦਲਣ ਤੱਕ ਦੀ ਧਮਕੀ ਦੇ ਦਿੱਤੀ ਹੈ।
ਪਰ ਯੂਰਪੀਅਨ ਦੇਸ਼ਾਂ ਦਾ ਯੂਕ੍ਰੇਨ ਦਾ ਸਾਥ ਨਾ ਛੱਡਣਾ ਤੇ ਜ਼ੈਲੇਂਸਕੀ ਨੂੰ ਸ਼ਾਂਤ ਰਹਿਣ ਦੀ ਸਲਾਹ ਦੇਣਾ ਸ਼ਾਇਦ ਕੁਝ ਦਿਨ ਕੰਮ ਕਰ ਜਾਏ ਕਿਉਂਕਿ ਟ੍ਰੰਪ ਨੇ ਤਾਂ ਅਜੇ ਆਪਣੇ ਦੇਸ਼ ਦੀਆਂ ਮੱਧਕਾਲੀ ਚੋਣਾਂ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।
ਕਿਉਂਕਿ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲੲੀ ਉਨ੍ਹਾਂ ਨੇ ਰੂਸ ਨਾਲ ਤੇਲ ਖਰੀਦਣ ਦੀ ਸੰਧੀ ਕੀਤੀ ਹੈ, ਅਸਲ ’ਚ ਕੋਈ ਕੂਟਨੀਤਕ ਸਮਝ ਨਾ ਹੋਣ ਕਾਰਨ ਟ੍ਰੰਪ ਲਈ ਜ਼ੈਲੇਂਸਕੀ ਦਾ ਅਪਮਾਨ ਕਰਨਾ (ਜਿਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਜ਼ੈਲੇਂਸਕੀ ਪਹਿਲੀ ਵਾਰ ਓਵਲ ਆਫ਼ਿਸ ’ਚ ਟ੍ਰੰਪ ਨੂੰ ਮਿਲਣ ਆਏ ਸਨ) ਕਾਫ਼ੀ ਆਸਾਨ ਹੈ। ਉਨ੍ਹਾਂ ਲਈ ਬਸ ‘ਤਾਕਤਵਰ’ ਅਤੇ ‘ਕਮਜ਼ੋਰ’ ਆਦਮੀ ਦਾ ਕੰਸੈਪਟ ਹੀ ਮਾਇਨੇ ਰੱਖਦਾ ਹੈ।
ਅਤੇ ਹੁਣ ਤਾਂ ਅਜਿਹਾ ਲੱਗਣ ਲੱਗਾ ਹੈ ਕਿ 5 ਸਾਲਾਂ ਤੋਂ ਜਾਰੀ ਇਹ ਯੁੱਧ ਦੂਜੇ ਦੇਸ਼ਾਂ ਤੱਕ ਫੈਲ ਸਕਦਾ ਹੈ। ਰੋਮਾਨੀਆ ਦੇ ਰਾਸ਼ਟਰਪਤੀ ‘ਨਿਕੁਸ਼ੋਰ ਡੈਨ’ ਨੇ 15 ਅਕਤੂਬਰ ਨੂੰ ਕਿਹਾ ਕਿ ਰੂਸ ਦੇ 2 ਡਰੋਨਾਂ ਨੇ ਉਨ੍ਹਾਂ ਦੇ ਹਵਾਈ ਖੇਤਰ ’ਚ ਵੜ ਕੇ ਉਨ੍ਹਾਂ ਦੇ 2 ਕੈਮੀਕਲ ਟੈਂਕਰਾਂ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਜਹਾਜ਼ਾਂ ਨੂੰ ਅੱਗ ਲੱਗ ਗਈ। ਬਚਾਅ ਟੀਮਾਂ ਘੱਟੋ-ਘੱਟ 7 ਲਾਪਤਾ ਮਲਾਹਾਂ ਦੀ ਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਕਾਲੇ ਸਾਗਰ ’ਚ ਸਥਿਤੀ ਗੰਭੀਰ ਹੈ। ਵਪਾਰਕ ਜਹਾਜ਼ਾਂ ’ਤੇ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਡੁਬੋਇਆ ਜਾ ਰਿਹਾ ਹੈ।’’
ਇਸ ਵਿਚਾਲੇ ਜ਼ੈਲੇਂਸਕੀ ਨੇ 14 ਅਕਤੂਬਰ ਨੂੰ ਰੂਸੀ ਤੇਲ ਰਿਫਾਈਨਰੀਆਂ ’ਤੇ ਫਿਰ ਤੋਂ ਹਮਲੇ ਸ਼ੁਰੂ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕੁਝ ਸਮੇਂ ਲਈ ਇਨ੍ਹਾਂ ਹਮਲਿਆਂ ਨੂੰ ਇਸ ਲਈ ਰੋਕਿਆ ਸੀ, ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਯੂਕ੍ਰੇਨ ਸ਼ਾਂਤੀ ਵਾਰਤਾ ਲਈ ਤਿਆਰ ਹੈ। ਉਨ੍ਹਾਂ ਨੇ ‘ਫਾਈਨੈਂਸ਼ੀਅਲ ਟਾਈਮਜ਼’ ਨੂੰ ਕਿਹਾ, ‘‘ਰਿਫਾਈਨਰੀਆਂ ’ਤੇ ਹਮਲੇ ਰੋਕਣ ਦਾ ਫ਼ੈਸਲਾ ਹੁਣ ਖ਼ਤਮ ਹੋ ਗਿਆ ਹੈ। ਬਸ, ਬਹੁਤ ਹੋ ਗਿਆ।’’
ਰੂਸ ਦੇ 360 ਤੋਂ ਵੱਧ ਡਰੋਨਾਂ ਨੇ ਯੂਕ੍ਰੇਨ ’ਚ ‘ਕਿਰੋਵੋਹਰਾਦ’, ਜਿੱਥੇ ਰੂਸ ਦੇ ਨਜ਼ਦੀਕੀ ਹੋਰਨਾਂ ਇਲਾਕਿਆਂ ਦੀ ਤੁਲਨਾ ’ਚ ਘੱਟ ਹਮਲੇ ਹੋਏ ਹਨ, ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ’ਚ 3 ਲੋਕਾਂ ਦੀ ਮੌਤ ਅਤੇ 6 ਲੋਕ ਜ਼ਖ਼ਮੀ ਹੋ ਗਏ।
ਇਸ ਵਿਚਾਲੇ ‘ਸਪੇਸਐਕਸ’ ਦੇ ਮੁਖੀ ਐਲਨ ਮਸਕ, ਜੋ ਯੂਕ੍ਰੇਨ ਦੀ ਸੈਨਾ ਵੱਲੋਂ ਵਰਤੇ ਜਾਣ ਵਾਲੇ ‘ਸਟਾਰਲਿੰਕ’ ਟਰਮੀਨਲ ਬਣਾਉਂਦੇ ਹਨ, ਅਮਰੀਕਾ ’ਚ ਜ਼ੈਲੇਂਸਕੀ ਦੇ ਇਕ ਪ੍ਰਮੁੱਖ ਆਲੋਚਕ ਵਜੋਂ ਸਾਹਮਣੇ ਆਏ ਹਨ।
ਅੱਜਕਲ ਟ੍ਰੰਪ ਨਾਲ ਫਿਰ ਜੁੜਨ ਲਈ ਯਤਨਸ਼ੀਲ ਐਲਨ ਮਸਕ ਨੇ 15 ਅਕਤੂਬਰ ਨੂੰ ‘ਸਟਾਰਲਿੰਕ ਸਿਸਟਮ’ ਨੂੰ ਬੰਦ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਅਮਰੀਕਾ ਸਰਕਾਰ ਕੰਟਰੋਲ ਕਰਦੀ ਹੈ ਪਰ ਜ਼ੈਲੇਂਸਕੀ ਦੇ ਇਸ ਬਿਆਨ ’ਤੇ ਕਿ ਯੂਕ੍ਰੇਨ ਰੂਸ ਦੀ ਹਾਰ ਤੱਕ ਲੜਦਾ ਰਹੇਗਾ, ਸੋਸ਼ਲ ਮੀਡੀਆ ’ਤੇ ਮਸਕ ਨੇ ਲਿਖਿਆ, ‘‘ਅਤੇ ਇਸ ਤਰ੍ਹਾਂ ਇਹ ਕਤਲੇਆਮ ਜਾਰੀ ਹੈ... ਹੁਣ ਜ਼ੈਲੇਂਸਕੀ ਦੇ ਜਾਣ ਦਾ ਸਮਾਂ ਆ ਗਿਆ ਹੈ।’’
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਆਪਣੇ ਸਹਿਯੋਗੀਆਂ ਨੂੰ ਧੋਖਾ ਦੇ ਰਿਹਾ ਹੋਵੇ, ਪਰ ਟ੍ਰੰਪ ਦੇ ਦੌਰ ’ਚ ਇਹ ਕੋਈ ਅਪਵਾਦ ਨਹੀਂ, ਸਗੋਂ ਇਕ ਨਿਯਮ ਜਿਹਾ ਬਣ ਗਿਆ ਹੈ। ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਮਜ਼ਬੂਤ ਸਹਿਯੋਗੀਆਂ ਕੈਨੇਡਾ, ਯੂਰਪੀਅਨ ਯੂਨੀਅਨ, ਬ੍ਰਿਟੇਨ ਜਾਂ ਆਸਟ੍ਰੇਲੀਆ ਨੂੰ ਜਦੋਂ ਵੀ ਟ੍ਰੰਪ ਦਾ ਮਨ ਕੀਤਾ, ਅਪਮਾਨਿਤ ਕੀਤਾ ਅਤੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਇਸ ਨਾਲ ਨਾ ਸਿਰਫ ਪੂਰੀ ਦੁਨੀਆ ’ਚ ਆਰਥਿਕ ਅਵਿਵਸਥਾ ਫੈਲ ਰਹੀ ਹੈ, ਸਗੋਂ ਸਭ ਤੋਂ ਵੱਧ ਨੁਕਸਾਨ ਅਮਰੀਕਾ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਵੱਕਾਰ ਅਤੇ ਤਾਕਤ ਨੂੰ ਹੋ ਰਿਹਾ ਹੈ। ਸ਼ਾਇਦ 16 ਦਿਨ ਬਾਅਦ ਅਮਰੀਕਾ ’ਚ ਹੋਣ ਵਾਲੀਆਂ ਮੱਧ-ਕਾਲੀ ਚੋਣਾਂ ਇਸ ਸਥਿਤੀ ’ਤੇ ਕੁਝ ਹੱਦ ਤੱਕ ਲਗਾਮ ਲਗਾ ਸਕਣ।
ਅਜਿਹੇ ਘਟਨਾਚੱਕਰ ਦੇ ਵਿਚਾਲੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੇ ‘ਗ਼ਾਲਿਬ’ ਨੂੰ ਪੜ੍ਹਿਆ ਹੁੰਦਾ ਤਾਂ ਉਹ ਟ੍ਰੰਪ ਬਾਰੇ ਕੁਝ ਇੰਝ ਕਹਿੰਦੇ :
‘‘ਹਮਕੋ ਉਨਸੇ ਵਫ਼ਾ ਕੀ ਹੈ ਉਮੀਦ, ਜੋ ਨਹੀਂ ਜਾਨਤੇ ਵਫ਼ਾ ਕਿਆ ਹੈ!’’
