‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!

Friday, Oct 09, 2026 - 03:28 AM (IST)

‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!

ਭਾਰਤ ’ਚ ਵਿਦਿਆਰਥੀ-ਵਿਦਿਆਰਥਣਾਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਇਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣ ਚੁੱਕੀ ਹੈ। ਸੁਪਰੀਮ ਕੋਰਟ ਵਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਖੁਦਕੁਸ਼ੀਆਂ ਰੋਕਣ ਸਬੰਧੀ ਸੁਝਾਅ ਦੇਣ ਲਈ ਗਠਿਤ ‘ਨੈਸ਼ਨਲ ਟਾਸਕ ਫੋਰਸ’ (ਐੱਨ. ਟੀ. ਐੱਫ.) ਨੇ ਆਪਣੀ ਅੰਤਰਿਮ ਰਿਪੋਰਟ ’ਚ ਇਸ ਨੂੰ ‘ਸੁਸਾਈਡ ਐਪੀਡੈਮਿਕ’ (ਖੁਦਕੁਸ਼ੀ ਦੀ ਮਹਾਮਾਰੀ) ਕਰਾਰ ਦਿੱਤਾ ਹੈ।

ਇਸੇ ਸਰਵੇਖਣ ਦੌਰਾਨ ਉੱਚ ਸਿੱਖਿਆ ਸੰਸਥਾਵਾਂ ਦੇ ਲਗਭਗ 15 ਫੀਸਦੀ ਵਿਦਿਆਰਥੀਆਂ ਨੇ ਸਵੀਕਾਰ ਕੀਤਾ ਕਿ ਪਿਛਲੇ 6 ਮਹੀਨਿਆਂ ’ਚ ਉਹ ਅਜਿਹੇ ਦੌਰ ’ਚੋਂ ਗੁਜ਼ਰੇ, ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਜਾਂ ਤਣਾਅਗ੍ਰਸਤ ਮਹਿਸੂਸ ਕੀਤਾ ਜਦੋਂ ਕਿ 9 ਫੀਸਦੀ ਵਿਦਿਆਰਥੀਆਂ ਨੇ ਆਪਣੇ ਮਨ ’ਚ ਖੁਦਕੁਸ਼ੀ ਦੇ ਵਿਚਾਰ ਆਉਣ ਦੀ ਗੱਲ ਕਹੀ।

ਸਰਵੇ ’ਚ ‘ਰਾਸ਼ਟਰੀ ਪਾਤਰਤਾ ਸਹਿ ਪ੍ਰਵੇਸ਼ ਪ੍ਰੀਖਿਆ ਗ੍ਰੈਜੂਏਟ’ (ਨੀਟ-ਯੂ.ਜੀ.) ਅਤੇ ‘ਰਾਸ਼ਟਰੀ ਸੰਯੁਕਤ ਪ੍ਰਵੇਸ਼ ਪ੍ਰੀਖਿਆ’ (ਜੇ. ਈ. ਈ.) ਰੈਂਕ ਦੇ ਆਧਾਰ ’ਤੇ ਜਾਤੀ ਦੀ ਪਛਾਣ ਅਤੇ ਦਾਖਲੇ, ਅੰਕ ਨਿਰਧਾਰਨ, ਭਾਸ਼ਾ ਦੀ ਦਿੱਕਤ ਅਤੇ ਅਧਿਆਪਕਾਂ ਦੇ ਧਿਆਨ ਦੇਣ ਦੇ ਪੱਧਰ ’ਤੇ ਭੇਦਭਾਵ ਅਤੇ ਜਾਤੀ ਦੇ ਕਾਰਨ ਅਪਮਾਨ ਵਰਗੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ।

ਕਿਉਂਕਿ ਕਈ ਵਿਦਿਆਰਥੀ ਖੁਦਕੁਸ਼ੀ ਲਈ ਛੱਤ ਦੇ ਪੱਖਿਆਂ ਦੀ ਵਰਤੋਂ ਕਰ ਰਹੇ ਹਨ, ਇਸ ਲਈ ਆਈ. ਆਈ. ਟੀ. ਮੁੰਬਈ ਨੇ ਹੋਸਟਲਾਂ ਤੋਂ ਛੱਤ ਦੇ ਪੱਖੇ ਉਤਰਵਾ ਕੇ ‘ਵਾਲ ਮਾਊਂਟਡ’ ਪੱਖੇ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕਰਨ ਦੀਆਂ ਪਿਛਲੇ ਲਗਭਗ 5 ਮਹੀਨਿਆਂ ਦੀਆਂ ਮੁੱਖ ਘਟਨਾਵਾਂ ਹੇਠਾਂ ਦਰਜ ਹਨ :

* 16 ਅਪ੍ਰੈਲ ਨੂੰ ‘ਕੁਰੂਕਸ਼ੇਤਰ’ (ਹਰਿਆਣਾ) ਦੇ ‘ਰਾਸ਼ਟਰੀ ਤਕਨਾਲੋਜੀ ਸੰਸਥਾਨ’ (ਐੱਨ. ਆਈ. ਟੀ.) ’ਚ ਬੀ-ਟੈੱਕ ਦੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ’ ਦੇ ਦੂਜੇ ਸਾਲ ਦੀ ਵਿਦਿਆਰਥਣ ‘ਦੀਕਸ਼ਾ ਦੂਬੇ’ ਨੇ ਹੋਸਟਲ ਦੀ ਤੀਜੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਦੀਕਸ਼ਾ ਦੀ ‘ਏ.ਆਈ.’ ਦੀ ਪੁਸਤਕ ਦੇ ਮੋੜੇ ਹੋਏ ਇਕ ਪੇਜ ’ਤੇ ‘ਸੌਰੀ ਮੰਮੀ-ਪਾਪਾ’ ਲਿਖਿਆ ਹੋਇਆ ਮਿਲਿਆ।

* 14 ਮਈ ਨੂੰ ‘ਨੀਟ-ਯੂ.ਜੀ. 2026’ ਪੇਪਰ ਲੀਕ ਵਿਵਾਦ ਅਤੇ ਪ੍ਰੀਖਿਆ ਰੱਦ ਹੋਣ ਦਾ ਪਤਾ ਲੱਗਣ ’ਤੇ ਤੀਜੀ ਕੋਸ਼ਿਸ਼ ’ਚ ਡਾਕਟਰ ਬਣਨ ਦਾ ਸੁਪਨਾ ਲੈਣ ਵਾਲੇ ‘ਲਖਮੀਪੁਰ ਖੀਰੀ’ ਦੇ ‘ਰਿਤਿਕ ਮਿਸ਼ਰਾ’ ਨੂੰ ਇੰਨਾ ਧੱਕਾ ਲੱਗਾ ਕਿ ਉਸ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਕਤ ਪ੍ਰੀਖਿਆ ਰੱਦ ਹੋਣ ਦੇ ਵਿਰੁੱਧ ਵਿਦਿਆਰਥੀ ਵਰਗ ਦਾ ਗੁੱਸਾ ਭੜਕ ਉੱਠਿਆ ਅਤੇ ਉਸੇ ਮਹੀਨੇ ਲਗਭਗ ਇਕ ਦਰਜਨ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ।

* 22 ਅਗਸਤ ਨੂੰ ‘ਆਈ. ਆਈ. ਟੀ. ਦਿੱਲੀ ਕੈਂਪਸ’ ਦੇ ਲੈਕਚਰ ਹਾਲ ਕੰਪਲੈਕਸ ਦੀ ਛੇਵੀਂ ਮੰਜ਼ਿਲ ਤੋਂ ਕੁੱਦ ਕੇ ਐੱਮ. ਐੱਸ. ਸੀ. ਫਿਜ਼ਿਕਸ ਦੇ ਵਿਦਿਆਰਥੀ ‘ਰਿਸ਼ੀਕੇਸ਼ ਕੁਮਾਰ’ ਨੇ ਖੁਦਕੁਸ਼ੀ ਕਰ ਲਈ।

*10 ਸਤੰਬਰ ਨੂੰ ‘ਤੇਲੰਗਾਨਾ’ ਦੀ ਰਹਿਣ ਵਾਲੀ ਬੀ. ਟੈੱਕ (ਐਗਰੀਕਲਚਰ) ਦੀ ਵਿਦਿਆਰਥਣ ‘ਲਕਸ਼ਮੀ ਚੰਦਰਾ’ ਨੇ ਗਰਲਜ਼ ਹੋਸਟਲ ਦੀ ਸੱਤਵੀਂ ਮੰਜ਼ਿਲ ਤੋਂ ਕੁੱਦ ਕੇ ਜਾਨ ਦੇ ਦਿੱਤੀ।

*18 ਸਤੰਬਰ ਨੂੰ ‘ਆਈ. ਆਈ. ਟੀ. ਮੁੰਬਈ’ ਦੇ ਬੀ. ਟੈੱਕ (ਐਨਰਜੀ ਸਾਇੰਸ) ਦੂਜੇ ਸਾਲ ਦੇ ਦਲਿਤ ਭਾਈਚਾਰੇ ਦੇ ਵਿਦਿਆਰਥੀ ‘ਸਾਹਿਲ ਵਾਕੋਡੇ’ ਨੇ ਆਪਣੇ ਹੋਸਟਲ ਦੇ ਕਮਰੇ ’ਚ ਖੁਦਕੁਸ਼ੀ ਕਰ ਲਈ।

* 24 ਸਤੰਬਰ ਨੂੰ ‘ਵਿਸ਼ਾਖਾਪਟਨਮ’ ’ਚ ‘ਆਂਧਰਾ ਮੈਡੀਕਲ ਕਾਲਜ’ (ਏ. ਐੱਮ. ਸੀ.) ’ਚ ਜਨਰਲ ਮੈਡੀਸਨ ਦੀ ਪੋਸਟ ਗ੍ਰੈਜੂਏਟ ਆਖਰੀ ਸਾਲ ਦੀ ਵਿਦਿਆਰਥਣ ‘ਪੀ. ਸ਼ੈਲਜਾ’ ਨੇ ਪ੍ਰੀਖਿਆ ਅਤੇ ਕਰੀਅਰ ਦੇ ਤਣਾਅ ਦੇ ਕਾਰਨ ਜਾਨ ਦੇ ਦਿੱਤੀ।

* 28 ਸਤੰਬਰ ਨੂੰ ‘ਵਿਸ਼ਾਖਾਪਟਨਮ’ ’ਚ ‘ਆਂਧਰਾ ਮੈਡੀਕਲ ਕਾਲਜ’ ’ਚ ਈ. ਐੱਨ. ਟੀ. ਵਿਭਾਗ ਦੀ ਪਹਿਲੇ ਸਾਲ ਦੀ ਵਿਦਿਆਰਥਣ ‘ਸ਼੍ਰਾਵਣੀ’ ਨੇ ਖੁਦਕੁਸ਼ੀ ਕਰ ਲਈ।

* 5 ਅਕਤੂਬਰ ਨੂੰ ਆਈ. ਆਈ. ਟੀ. ‘ ਦਿੱਲੀ’ ਦੇ ‘ਬਾਇਓਕੈਮੀਕਲ ਇੰਜੀਨੀਅਰਿੰਗ ਵਿਭਾਗ’ ਦੇ ਇਕ ਪੀ. ਐੱਚ. ਡੀ. ਸਕਾਲਰ ‘ਮਨੀਸ਼ ਆਨੰਦ’ ਦੀ ਇਲਾਜ ਦੌਰਾਨ ‘ਏਮਜ਼’ ’ਚ ਮੌਤ ਹੋ ਗਈ। ਉਹ ਕੁਝ ਸਮੇਂ ਪਹਿਲਾਂ ਆਪਣੇ ਕਿਰਾਏ ਦੇ ਕਮਰੇ ’ਚ ਗੰਭੀਰ ਹਾਲਤ ’ਚ ਪਾਇਆ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਕਿਸੇ ਗੱਲ ’ਤੇ ਤਣਾਅ ’ਚ ਆ ਜਾਣ ਕਾਰਨ ਉਸ ਨੇ 18 ਅਗਸਤ ਨੂੰ ਵੱਡੀ ਗਿਣਤੀ ’ਚ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ ਅਤੇ ਉਦੋਂ ਤੋਂ ਹੀ ਉਹ ਟ੍ਰੋਮਾ ਸੈਂਟਰ ਦੇ ਆਈ. ਸੀ. ਯੂ. ’ਚ ਦਾਖ਼ਲ ਸੀ।

ਵਿਦਿਆਰਥੀਆਂ ਵਲੋਂ ਨਿਰਾਸ਼ਾ ’ਚ ਘਿਰ ਕੇ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਬਹੁਤ ਹੀ ਦੁਖਦਾਈ ਹੈ।

ਮਨੋਵਿਗਿਆਨੀਆਂ ਅਨੁਸਾਰ ਅਕਸਰ ਖੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਵਿਦਿਆਰਥੀ ਕੁਝ ਸੰਕੇਤ ਦਿੰਦੇ ਹਨ, ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਉਦਾਹਰਣ ਲਈ, ਉਹ ਅਚਾਨਕ ਸਭ ਤੋਂ ਅਲੱਗ-ਥਲੱਗ ਹੋ ਜਾਂਦੇ ਹਨ ਅਤੇ ਆਪਣੇ ਦੋਸਤਾਂ ਆਦਿ ਤੋਂ ਦੂਰੀ ਬਣਾ ਲੈਂਦੇ ਹਨ। ਉਨ੍ਹਾਂ ਦੇ ਸੁਭਾਅ ’ਚ ਬਹੁਤ ਜ਼ਿਆਦਾ ਚਿੜਚਿੜਾਪਨ ਆ ਜਾਂਦਾ ਹੈ। ਉਹ ਉਦਾਸ ਰਹਿਣ ਲੱਗਦੇ ਹਨ ਜਾਂ ਉਨ੍ਹਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਣ ਲੱਗਦਾ ਹੈ। ਪੜ੍ਹਾਈ ’ਚ ਉਨ੍ਹਾਂ ਦਾ ਪ੍ਰਦਰਸ਼ਨ ਅਚਾਨਕ ਬਹੁਤ ਡਿੱਗ ਜਾਂਦਾ ਹੈ।

ਅਜਿਹੇ ਲੱਛਣ ਦਿਖਾਈ ਦੇਣ ’ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਸਮੱਸਿਆ ਦਾ ਪਤਾ ਲਗਾਉਣ ਅਤੇ ਕਾਊਂਸਲਿੰਗ ਰਾਹੀਂ ਅਜਿਹੀ ਮਨੋਦਸ਼ਾ ਤੋਂ ਬਾਹਰ ਕੱਢਣ ਦੇ ਉਪਾਅ ਕਰਨ ਦੀ ਲੋੜ ਹੈ।

- ਵਿਜੇ ਕੁਮਾਰ


author

Sandeep Kumar

Content Editor

Related News