‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!

Thursday, Oct 08, 2026 - 04:35 AM (IST)

‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!

ਸਮੁੱਚੀ ਦੁਨੀਆ ’ਚ ਸਾਰੇ ਬੈਂਕਾਂ ਨੇ ਏ. ਟੀ. ਐੱਮ. ਲਾ ਕੇ ਖਾਤਾਧਾਰਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ਤੋਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਮਦਦ ਨਾਲ ਪੈਸੇ ਕਢਵਾ ਲੈਣ।

ਇਹ ਸਹੂਲਤ ਇਕ ਵਰਦਾਨ ਹੈ ਪਰ ਕਈ ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ ਹੋਣ ਕਾਰਨ ਅਪਰਾਧੀ ਅਨਸਰਾਂ ਵੱਲੋਂ ਏ. ਟੀ. ਐੱਮ. ਤੋੜ ਕੇ ਉਨ੍ਹਾਂ ’ਚ ਪਿਆ ਧਨ ਲੁੱਟਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਪਿਛਲੇ ਲੱਗਭਗ 7 ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 14 ਅਪ੍ਰੈਲ ਨੂੰ ‘ਪੂਰਬੀ ਜਯੰਤੀਆ ਹਿਲਜ਼’ (ਮੇਘਾਲਿਆ) ਦੇ ‘ਵਾਪੁੰਗਸਕਰ’ ਪਿੰਡ ’ਚ ‘ਐੱਚ. ਡੀ. ਐੱਫ. ਸੀ. ਬੈਂਕ’ ਦੇ ਏ. ਟੀ. ਐੱਮ. ਨੂੰ ਗੈਸ ਸਿਲੰਡਰ ਅਤੇ ਹੋਰ ਔਜ਼ਾਰਾਂ ਨਾਲ ਕੱਟ ਕੇ ਲੁਟੇਰੇ ਉੱਥੋਂ 9,57,900 ਰੁਪਏ ਲੈ ਕੇ ਫ਼ਰਾਰ ਹੋ ਗਏ।

* 25 ਜੁਲਾਈ ਨੂੰ ‘ਅੰਨਮੱਈਆ’ (ਤਾਮਿਲਨਾਡੂ) ਜ਼ਿਲੇ ਦੇ ‘ਮਦਨਪੱਲੇ’ ਵਿਚ ਲੁਟੇਰਿਆਂ ਦਾ ਇਕ ਹਥਿਆਰਬੰਦ ਗਿਰੋਹ ਇੰਡਸਟਰੀਅਲ ਏਰੀਆ ’ਚ ਸਥਿਤ ‘ਸਟੇਟ ਬੈਂਕ’ ਦੇ ਏ. ਟੀ. ਐੱਮ. ਨੂੰ ਉਸ ’ਚ ਮੌਜੂਦ 13.5 ਲੱਖ ਰੁਪਏ ਦੀ ਨਕਦੀ ਸਮੇਤ ਪੁੱਟ ਕੇ ਲੈ ਗਿਆ।

* 13 ਅਗਸਤ ਨੂੰ ‘ਫ਼ਰੀਦਾਬਾਦ’ (ਹਰਿਆਣਾ) ’ਚ 3 ਲੁਟੇਰਿਆਂ ਨੇ ‘ਸਟੇਟ ਬੈਂਕ’ ਦੇ ਏ. ਟੀ. ਐੱਮ. ’ਤੇ ਧਾਵਾ ਬੋਲਿਆ ਅਤੇ ਏ. ਟੀ. ਐੱਮ. ਨੂੰ ਹੀ ਪੁੱਟ ਕੇ ਲੈ ਗਏ, ਜਿਸ ’ਚ 8.54 ਲੱਖ ਰੁਪਏ ਮੌਜੂਦ ਸਨ।

* 25 ਅਗਸਤ ਨੂੰ ‘ਕਾਂਚੀਪੁਰਮ’ (ਤਾਮਿਲਨਾਡੂ) ’ਚ ਲੁਟੇਰਿਆਂ ਨੇ ਇਕ ਬੈਂਕ ਦੇ ਏ. ਟੀ. ਐੱਮ. ਦਾ ਕੈਸ਼ ਬਾਕਸ ਗੈਸ ਕਟਰ ਨਾਲ ਕੱਟ ਕੇ 9 ਲੱਖ ਰੁਪਏ ਲੁੱਟ ਲਏ।

* 14 ਸਤੰਬਰ ਨੂੰ ‘ਜੈਪੁਰ’ (ਰਾਜਸਥਾਨ) ਸਥਿਤ ‘ਰਾਮਨਗਰੀਆ’ ਵਿਚ ਲੁਟੇਰੇ ‘ਬੈਂਕ ਆਫ਼ ਇੰਡੀਆ’ ਦੇ ਏ. ਟੀ. ਐੱਮ. ਤੋਂ ਬੰਦੂਕ ਦੀ ਨੋਕ ’ਤੇ 41.70 ਲੱਖ ਰੁਪਏ ਲੁੱਟ ਕੇ ਲੈ ਗਏ। ਪੁਲਸ ਨੇ ਇਸ ਲੁੱਟ ’ਚ ਸ਼ਾਮਲ ਇਕ ਮੁਟਿਆਰ ਅਤੇ ਉਸ ਦੇ ਬੁਆਏਫ਼੍ਰੈਂਡ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 26.80 ਲੱਖ ਰੁਪਏ ਬਰਾਮਦ ਕੀਤੇ।

* 19 ਸਤੰਬਰ ਨੂੰ ‘ਕਰੀਮ ਨਗਰ’ (ਤੇਲੰਗਾਨਾ) ਦੇ ‘ਥਿਮਲਾਪੁਰ’ ਅਤੇ ‘ਦੁਰਸ਼ੇਦ’ ਵਿਚ ਇਕ ਅੰਤਰਰਾਜੀ ਗੈਂਗ ਨੇ ਤੜਕੇ 3:00 ਤੋਂ 4:00 ਵਜੇ ਦੇ ਦਰਮਿਅਾਨ ‘ਸਟੇਟ ਬੈਂਕ ਆਫ਼ ਇੰਡੀਆ’ ਦੇ 2 ਵੱਖ-ਵੱਖ ਏ. ਟੀ. ਐੱਮਜ਼. ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਦੋਵੇਂ ਏ. ਟੀ. ਐੱਮਜ਼. ਮਸ਼ੀਨਾਂ ਨੂੰ ਗੈਸ ਕਟਰ ਨਾਲ ਕੱਟ ਕੇ ਉੱਥੋਂ 16 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਔਰਤਾਂ ਵਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਪੇਂਟ ਛਿੜਕ ਦਿੱਤਾ ਸੀ।

* 6 ਅਕਤੂਬਰ ਨੂੰ ‘ਸ਼ਮਸ਼ਾਬਾਦ’ (ਤੇਲੰਗਾਨਾ) ਸਥਿਤ ‘ਐਕਸਿਸ ਬੈਂਕ’ ਦੇ ਏ. ਟੀ. ਐੱਮ. ਨੂੰ 2 ਚੋਰ ਗੈਸ ਕਟਰ ਦੀ ਮਦਦ ਨਾਲ ਕੱਟ ਕੇ ਉਸ ’ਚ ਪਏ 32 ਲੱਖ ਰੁਪਏ ਲੈ ਉੱਡੇ। ਆਪਣੀ ਪਛਾਣ ਛੁਪਾਉਣ ਲਈ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰੇ ’ਤੇ ਕਾਲੇ ਪੇਂਟ ਦਾ ਸਪ੍ਰੇਅ ਕਰ ਦਿੱਤਾ ਸੀ।

* 6 ਅਕਤੂਬਰ ਨੂੰ ਹੀ ਤੜਕੇ ਲੱਗਭਗ ਸਾਢੇ ਤਿੰਨ ਵਜੇ ‘ਦੇਵਘਰ’ (ਝਾਰਖੰਡ) ਦੇ ‘ਨੰਦਨ ਪਹਾੜ’ ਇਲਾਕੇ ’ਚ ਨਕਾਬਪੋਸ਼ ਲੁਟੇਰੇ ‘ਸਟੇਟ ਬੈਂਕ ਆਫ਼ ਇੰਡੀਆ’ ਦੇ ਏ. ਟੀ. ਐੱਮ. ਵਾਲੇ ਕੈਬਿਨ ਦੇ ਸ਼ਟਰ ਨੂੰ ਕੱਟਣ ਤੋਂ ਬਾਅਦ ਏ. ਟੀ. ਐੱਮ. ਨੂੰ ਪੁੱਟ ਕੇ ਲੈ ਗਏ, ਜਿਸ ’ਚ 4.82 ਲੱਖ ਰੁਪਏ ਸਨ।

* ਅਤੇ ਹੁਣ 6 ਅਕਤੂਬਰ ਨੂੰ ਹੀ ‘ਰਾਜਪੁਰਾ’ (ਪੰਜਾਬ) ’ਚ ‘ਕੇਨਰਾ ਬੈਂਕ’ ਦੇ ਏ. ਟੀ. ਐੱਮ. ਤੋਂ ਲੁਟੇਰੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਕੈਬਿਨ ’ਚ ਲੱਗੇ ਕੈਮਰਿਆਂ ਨੂੰ ਸਪ੍ਰੇਅ ਪੇਂਟ ਨਾਲ ਢੱਕ ਦਿੱਤਾ ਸੀ।

ਵਧੇਰੇ ਮਾਮਲਿਆਂ ’ਚ ਚੋਰ ਏ. ਟੀ. ਐੱਮ. ਵਾਲੇ ਕੈਬਿਨ ’ਤੇ ਸੁਰੱਖਿਆ ਗਾਰਡ ਤਾਇਨਾਤ ਨਾ ਹੋਣ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਗੈਸ ਕਟਰ ਨਾਲ ਏ. ਟੀ. ਐੱਮ. ਦੀ ਕੈਸ਼ ਟ੍ਰੇ ਕੱਟ ਲੈਂਦੇ ਹਨ। ਜਿੱਥੇ ਗੈਸ ਕਟਰ ਕੰਮ ਨਹੀਂ ਕਰਦਾ, ਉੱਥੇ ਚੋਰ ਰੱਸਿਆਂ ਦੇ ਸਹਾਰੇ ਏ. ਟੀ. ਐੱਮ. ਨੂੰ ਆਪਣੀ ਗੱਡੀ ਨਾਲ ਬੰਨ੍ਹ ਕੇ ਪੂਰੇ ਏ. ਟੀ. ਐੱਮ. ਨੂੰ ਹੀ ਪੁੱਟ ਕੇ ਲੈ ਜਾਂਦੇ ਹਨ। ਪਛਾਣ ਛੁਪਾਉਣ ਲਈ ਸੀ. ਸੀ. ਟੀ.ਵੀ. ਕੈਮਰਿਆਂ ’ਤੇ ਪੇਂਟ ਜਾਂ ਬਲੈਕ ਸਪ੍ਰੇਅ ਕਰਨਾ ਚੋਰਾਂ ਦਾ ਨਵਾਂ ਤਰੀਕਾ ਬਣ ਗਿਆ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜਕੱਲ ਏ. ਟੀ.ਐੱਮ. ਲੁੱਟਣ ਦੀਆਂ ਘਟਨਾਵਾਂ ਕਿੰਨੀਆਂ ਵਧ ਚੁੱਕੀਆਂ ਹਨ। ਇਸ ਲਈ ਏ. ਟੀ. ਐੱਮ. ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕਰਨ ਦੀ ਲੋੜ ਹੈ। ਇਸ ਲਈ ਬੈਂਕਾਂ ਦੇ ਏ. ਟੀ. ਐੱਮਜ਼. ਕੈਬਿਨਾਂ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ, ਏ. ਟੀ. ਐੱਮ. ਕੈਬਿਨ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਉਸ ਦੇ ਆਸ-ਪਾਸ ਸਮੁੱਚੀ ਰੌਸ਼ਨੀ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਉੱਥੋਂ ਲੰਘਣ ਵਾਲਿਆਂ ਦੀਆਂ ਸਰਗਰਮੀਅਾਂ ’ਤੇ ਨਜ਼ਰ ਰੱਖੀ ਜਾ ਸਕੇ।

— ਵਿਜੇ ਕੁਮਾਰ


author

Sandeep Kumar

Content Editor

Related News