ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
Tuesday, Oct 13, 2026 - 06:05 PM (IST)
ਹਾਲ ਹੀ ’ਚ ਪਿੱਤਰ ਪੱਖ ਲੰਘਿਆ ਹੈ। ਬ੍ਰਜ ਪ੍ਰਦੇਸ਼ ’ਚ ਇਸ ਨੂੰ ਸਰਾਧ ਕਿਹਾ ਜਾਂਦਾ ਹੈ। ਸਰਾਧ, ਸ਼ਰਧਾ ਨਾਲ ਜੁੜਿਆ ਹੋਇਆ ਹੈ। ਆਪਣੇ ਪੁਰਖਿਆਂ ਨੂੰ ਯਾਦ ਕਰਨਾ ਵੀ ਹੈ। ਜਿਸ ਪੁਰਖੇ ਦਾ ਸਰਾਧ ਹੋਵੇ, ਉਸਦੀ ਪਸੰਦ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾ ਕੇ, ਘਰ ’ਚ ਲੱਗੀ ਤੋਰੀ ਜਾਂ ਲੌਕੀ ਦੀ ਵੇਲ ਨਾਲੋਂ ਥਾਲੀ ਵਰਗੇ ਵੱਡੇ-ਵੱਡੇ ਪੱਤੇ ਤੋੜ ਕੇ, ਉਨ੍ਹਾਂ ਨੂੰ ਧੋ ਕੇ, ਖਾਣਾ ਪਰੋਸ ਕੇ, ਛੱਤ ’ਤੇ ਸਭ ਤੋਂ ਪਹਿਲਾਂ ਕਾਂਵਾਂ ਲਈ ਰੱਖਿਆ ਜਾਂਦਾ ਸੀ। ਉਨ੍ਹਾਂ ਨੂੰ ‘ਆਓ-ਆਓ’ ਕਹਿ ਕੇ ਬੁਲਾਇਆ ਜਾਂਦਾ ਸੀ। ਮੰਨਦੇ ਸਨ ਕਿ ਕਾਂ ਖਾਣਗੇ, ਤਾਂ ਭੋਜਨ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ। ਹਾਲਾਂਕਿ ਦਿੱਲੀ ’ਚ ਅਜਿਹਾ ਹੁੰਦੇ ਘੱਟ ਦੇਖਿਆ। ਕਾਂਵਾਂ ਦੀ ਉਮਰ ਸੌ ਸਾਲ ਤੱਕ ਕਹੀ ਜਾਂਦੀ ਹੈ, ਇਸ ਲਈ ਸ਼ਾਇਦ ਇਹ ਵੀ ਸੋਚਿਆ ਜਾਂਦਾ ਕਿ ਜਿਨ੍ਹਾਂ ਪੁਰਖਿਆਂ ਨੂੰ ਅਸੀਂ ਨਹੀਂ ਦੇਖ ਸਕੇ, ਸ਼ਾਇਦ ਇਨ੍ਹਾਂ ਨੇ ਦੇਖਿਆ ਹੋਵੇ।
ਪਿਛਲੇ ਦਿਨੀਂ ਪਿੰਡੋਂ ਆਏ ਭਤੀਜੇ ਨੇ ਦੱਸਿਆ ਕਿ ਹੁਣ ਪਿੰਡ ’ਚ ਕਾਂ ਨਹੀਂ ਦਿਸਦੇ। ਬੜੀ ਹੈਰਾਨੀ ਹੋਈ। ਆਖਰ ਘਰ ਦੇ ਆਸ-ਪਾਸ ਦੇ ਰੁੱਖਾਂ ’ਤੇ ਬਸੇਰਾ ਕਰਨ ਵਾਲੇ ਕਾਂ, ਕਿੱਥੇ ਗਏ? ਕੀ ਉਹ ਖ਼ਤਮ ਹੋ ਰਹੇ ਹਨ? ਉਨ੍ਹਾਂ ਬਾਰੇ ਚਿੜੀਆਂ ਦੇ ਖ਼ਤਮ ਹੋਣ ਵਰਗੀਆਂ ਚਿੰਤਾਵਾਂ ਵੀ ਕਿਧਰੇ ਨਹੀਂ ਦਿਸਦੀਆਂ। ਉਂਝ ਵੀ ਸਾਡੇ ਸਮਾਜ ’ਚ ਕਾਂ ਨੂੰ ਬੜਾ ਚਲਾਕ, ਸਿਆਣਾ, ਮਕਾਰ, ਮੂਰਖ ਅਤੇ ਨਾ ਜਾਣੇ ਕੀ-ਕੀ ਕਹਿੰਦੇ ਹਨ। ਕੀ ਪਤਾ, ਉਸਦੇ ਕਾਲੇ ਰੰਗ ਕਰ ਕੇ ਅਜਿਹਾ ਹੋਵੇ।
ਇਕ ਕਹਾਵਤ ਬਚਪਨ ਤੋਂ ਸੁਣਦੀ ਆਈ ਹਾਂ—‘ਕਾਗ ਪੜ੍ਹਾਏ ਪੀਂਜਰਾ, ਪੜ੍ਹ ਗਏ ਚਾਰੋ ਵੇਦ, ਜਬ ਸੁਧ ਆਈ ਕੁਟੁੰਬ ਕੀ, ਰਹੇ ਢੇਢ ਕੇ ਢੇਢ।’ ਭਾਵ ਕਿ ਕਾਂ ਨੂੰ ਕੁਝ ਵੀ ਸਿਖਾ ਲਵੋ, ਉਹ ਮੂਰਖ ਦਾ ਮੂਰਖ ਹੀ ਰਹਿੰਦਾ ਹੈ। ਜਦਕਿ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਯਾਦਦਾਸ਼ਤ ਅਤੇ ਉਮਰ ਕਾਫ਼ੀ ਹੁੰਦੀ ਹੈ। ਜੇਕਰ ਤੁਸੀਂ ਉਨ੍ਹਾਂ ਦੀ ਮਦਦ ਕਰੋ, ਤਾਂ ਉਹ ਇਸ ਨੂੰ ਯਾਦ ਰੱਖਦੇ ਹਨ। ਕੋਈ ਨੁਕਸਾਨ ਪਹੁੰਚਾਏ, ਤਾਂ ਉਸ ਨੂੰ ਵੀ ਨਹੀਂ ਭੁੱਲਦੇ। ਕਈ ਵਾਰ ਸਿਰ ’ਤੇ ਚੁੰਝ ਮਾਰ ਕੇ ਬਦਲਾ ਵੀ ਲੈਂਦੇ ਹਨ। ਇਹੋ ਨਹੀਂ, ਜੇਕਰ ਤੁਸੀਂ ਉਨ੍ਹਾਂ ਨੂੰ ਖੁਆਉਂਦੇ-ਪਿਆਉਂਦੇ ਹੋ, ਦੇਖਭਾਲ ਕਰਦੇ ਹੋ, ਤਾਂ ਰੰਗ-ਬਿਰੰਗੇ ਮੋਤੀ, ਬੋਤਲਾਂ ਦੇ ਢੱਕਣ ਆਦਿ ਤੋਹਫ਼ੇ ’ਚ ਲਿਆ ਕੇ ਦਿੰਦੇ ਹਨ।
ਜਪਾਨ ਬਾਰੇ ਇਕ ਖ਼ਬਰ ਪੜ੍ਹੀ ਸੀ ਕਿ ਕਾਂ ਅਖਰੋਟ ਲਿਆ ਕੇ ਰੈੱਡ ਲਾਈਟਾਂ ’ਤੇ ਪਾ ਦਿੰਦੇ ਹਨ। ਆਉਂਦੀਆਂ-ਜਾਂਦੀਆਂ ਗੱਡੀਆਂ ਕਰ ਕੇ ਅਖਰੋਟ ਟੁੱਟ ਜਾਂਦੇ ਹਨ, ਤਾਂ ਉਹ ਉਨ੍ਹਾਂ ਦੀ ਗਿਰੀ ਖਾਂਦੇ ਹਨ। ਪਹਿਲੀ ਜਮਾਤ ’ਚ ਇਕ ਕਹਾਣੀ ਵੀ ਪੜ੍ਹੀ ਸੀ ਕਿ ਕਿਵੇਂ ਘੜੇ ’ਚ ਪਾਣੀ ਤੱਕ ਚੁੰਝ ਨਾ ਪਹੁੰਚਣ ਕਰ ਕੇ, ਕਾਂ ਨੇ ਪਾਣੀ ਦੇ ਹੇਠਾਂ ਉਦੋਂ ਤੱਕ ਕੰਕਰ ਪਾਏ, ਜਦੋਂ ਤੱਕ ਪਾਣੀ ਇੰਨਾ ਉੱਪਰ ਨਾ ਆ ਗਿਆ ਕਿ ਉਹ ਪੀ ਸਕੇ। ਇਹ ਗੱਲ ਦੇਖੀ ਵੀ ਹੈ। ਜੇਕਰ ਕਾਂਵਾਂ ਨੂੰ ਸੁੱਕੇ ਚੌਲ ਜਾਂ ਰੋਟੀ ਖਾਣ ਨੂੰ ਦੇਈਏ, ਤਾਂ ਪਹਿਲਾਂ ਉਹ ਲਿਜਾ ਕੇ ਉਨ੍ਹਾਂ ਨੂੰ ਪਾਣੀ ’ਚ ਭਿਓਂ ਕੇ ਨਰਮ ਕਰਦੇ ਹਨ, ਫਿਰ ਖਾਂਦੇ ਹਨ।
ਕਾਂ ਦੀ ਭੱਦੀ ਅਾਵਾਜ਼ ਕਰ ਕੇ ਵੀ ਲੋਕ ਉਸ ਨੂੰ ਪਸੰਦ ਨਹੀਂ ਕਰਦੇ। ਕਿਹਾ ਗਿਆ ਹੈ—‘ਕਾਗਾ ਕਾ ਕੋ ਲੇਤ ਹੈ, ਕੋਇਲ ਕਾ ਕੋ ਦੇਤ, ਮੀਠੇ ਵਚਨ ਸੁਨਾਏ ਕਰ, ਸਭ ਕਾ ਮਨ ਹਰ ਲੇਤ।’ ਮਤਲਬ ਕਿ ਕੋਇਲ ਨੂੰ ਸਭ ਮਿੱਠਾ ਬੋਲਣ ਕਰ ਕੇ ਪਸੰਦ ਕਰਦੇ ਹਨ।
ਬਹੁਤ ਸਾਲ ਪਹਿਲਾਂ ਇਕ ਪੰਛੀ ਵਿਗਿਆਨੀ ਦੀ ਕਿਤਾਬ ਪੜ੍ਹ ਰਹੀ ਸੀ, ਜਿਸ ’ਚ ਉਨ੍ਹਾਂ ਨੇ ਦੱਸਿਆ ਸੀ ਕਿ ਕਾਂ ਅਤੇ ਕੋਇਲ ਬਾਰੇ ਇਹ ਗੱਲ ਬਿਲਕੁਲ ਸੱਚ ਹੈ ਕਿ ਕੋਇਲ ਆਪਣੇ ਆਂਡੇ ਕਾਂ ਦੇ ਆਲ੍ਹਣੇ ’ਚ ਰੱਖ ਜਾਂਦੀ ਹੈ। ਕਾਂ ਬੱਚਿਆਂ ਨੂੰ ਪਾਲਦੇ ਹਨ। ਉੱਡਣਾ ਸਿਖਾਉਂਦੇ ਹਨ। ਜਦੋਂ ਉਹ ਵੱਡੇ ਹੋ ਜਾਂਦੇ ਹਨ, ਤਾਂ ਕੋਇਲ ਉਨ੍ਹਾਂ ਨੂੰ ਉਡਾ ਕੇ ਲੈ ਜਾਂਦੀ ਹੈ। ਇਹ ਕਹਾਣੀ ਉੱਤਰ ਪ੍ਰਦੇਸ਼ ’ਚ ਘਰ-ਘਰ ਕਹੀ ਜਾਂਦੀ ਹੈ। ਇਸ ਅਨੁਸਾਰ ਤਾਂ ਕੋਇਲ ਹੀ ਬਹੁਤ ਚਲਾਕ ਸਾਬਤ ਹੁੰਦੀ ਹੈ।
ਇਕ ਜਾਣਕਾਰ, ਨਵੀਨ ਸਹਿਗਲ ਦੀ ਕਾਂਵਾਂ ਨਾਲ ਬਹੁਤ ਦੋਸਤੀ ਸੀ। ਉਨ੍ਹਾਂ ਦੇ ਘਰ ਦੇ ਆਸ-ਪਾਸ ਰੁੱਖਾਂ ’ਤੇ ਜਿੰਨੇ ਵੀ ਕਾਂ ਰਹਿੰਦੇ ਸਨ, ਉਨ੍ਹਾਂ ਨੇ ਸਭ ਦੇ ਨਾਂ ਰੱਖੇ ਹੋਏ ਸਨ। ਉਹ ਨਾਂ ਲੈ ਕੇ ਉਨ੍ਹਾਂ ਨੂੰ ਪੁਕਾਰਦੇ। ਜਿਸ ਦਾ ਨਾਂ ਲੈਂਦੇ, ਉਹੀ ਕਾਂ ਆ ਪਹੁੰਚਦਾ। ਕਾਂਵਾਂ ਨਾਲ ਦੋਸਤੀ ’ਤੇ, ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਅਤੇ ਘਟਨਾਵਾਂ ਲਿਖਦੇ ਵੀ ਸਨ।
ਕੁਝ ਸਾਲ ਪਹਿਲਾਂ ਇਕ ਕਾਂ ਇਸ ਲੇਖਿਕਾ ਦੀ ਰਸੋਈ ਦੀ ਬਾਰੀ ’ਤੇ ਵੀ ਆਉਂਦਾ ਸੀ। ਇਹ ਲੇਖਿਕਾ ਆਪਣੀ ਹਥੇਲੀ ’ਤੇ ਬਿਸਕੁਟ ਰੱਖ ਕੇ ਉਸ ਦੇ ਅੱਗੇ ਕਰ ਦਿੰਦੀ ਸੀ। ਉਹ ਸਿਰ ਹਿਲਾਉਂਦਾ, ਆਪਣੀਆਂ ਕਾਲੀਆਂ ਅੱਖਾਂ ਨਾਲ ਦੇਖਦਾ, ਫਿਰ ਬਿਸਕੁਟ ਚੁੰਝ ’ਚ ਲੈ ਕੇ ਉੱਡ ਜਾਂਦਾ। ਅਕਸਰ ਸਵੇਰੇ ਛੇ ਵਜੇ ਉਹ ਆ ਪਹੁੰਚਦਾ। ਜੇਕਰ ਕਿਸੇ ਵਜ੍ਹਾ ਕਰ ਕੇ ਉੱਠਣ ’ਚ ਦੇਰ ਹੁੰਦੀ, ਤਾਂ ਉਹ ਇੰਨਾ ਰੌਲਾ ਪਾਉਂਦਾ ਕਿ ਪਤਾ ਲੱਗ ਜਾਂਦਾ ਕਿ ਛੇ ਵੱਜ ਗਏ ਹਨ, ਉੱਠ ਜਾਓ। ਨਾ ਜਾਣੇ ਉਸ ਦੀ ਕਿਹੜੀ ਘੜੀ ਸੀ ਕਿ ਉਹ ਹਮੇਸ਼ਾ ਇਕੋ ਸਮੇਂ ’ਤੇ ਆਉਂਦਾ। ਕਈ ਵਾਰ ਉਸ ਨੂੰ ਘੂਰਦੀ ਕਿ ਤੇਰਾ ਕਰਜ਼ਾ ਖਾਧਾ ਹੈ, ਜੋ ਰੋਜ਼ ਸਵੇਰੇ ਆ ਪਹੁੰਚਦਾ ਹੈਂ! ਕਦੇ ਦੇਰ ਨਾਲ ਉੱਠਣਾ ਚਾਹਾਂ, ਤਾਂ ਸੌਣ ਵੀ ਨਹੀਂ ਦਿੰਦਾ। ਉਹ ਆਪਣੀਆਂ ਕਾਲੀਆਂ ਅੱਖਾਂ ਨਾਲ ਦੇਖਦਾ।
ਇਕ ਵਾਰ ਵਿਦੇਸ਼ ਗਈ ਸੀ, ਤਾਂ ਧੀ ਨੇ ਫ਼ੋਨ ਕਰ ਕੇ ਦੱਸਿਆ ਕਿ ਤੁਹਾਡਾ ਕਾਂ ਰੋਜ਼ ਆਉਂਦਾ ਹੈ। ਕੁਝ ਖਾਣ ਨੂੰ ਵੀ ਦਿਆਂ ਤਾਂ ਖਾਂਦਾ ਨਹੀਂ। ਦੇਖਦਾ ਰਹਿੰਦਾ ਹੈ, ਉੱਡਦਾ ਵੀ ਨਹੀਂ ਹੈ।
ਜਦੋਂ ਪਰਤੀ, ਤਾਂ ਰੋਜ਼ ਉਸਦੀ ਉਡੀਕ ਕਰਦੀ ਪਰ ਉਹ ਨਹੀਂ ਆਇਆ। ਸ਼ਾਇਦ ਉਸਨੇ ਸੋਚਿਆ ਹੋਵੇ ਕਿ ਕਿਧਰੇ ਹੋਰ ਚਲੀ ਗਈ ਹਾਂ। ਉਂਝ ਵੀ ਕਾਂਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਗਰਮੀਆਂ ਦੇ ਦਿਨਾਂ ’ਚ ਪਹਾੜਾਂ ਵੱਲ ਚਲੀਆਂ ਜਾਂਦੀਆਂ ਹਨ।
ਇਹ ਵੀ ਸੋਚਦੀ ਹਾਂ ਕਿ ਅਸੀਂ ਮਨੁੱਖਾਂ ਨੇ ਇਸ ਧਰਤੀ ਨੂੰ ਆਪਣੇ-ਆਪਣੇ ਦੇਸ਼ ਅਤੇ ਭਾਸ਼ਾ ਕਹਿ ਕੇ ਵੰਡਿਆ ਹੈ। ਕਿਧਰੇ ਜਾਓ ਅਤੇ ਉੱਥੋਂ ਦੀ ਭਾਸ਼ਾ ਨਾ ਆਉਂਦੀ ਹੋਵੇ, ਤਾਂ ਖਾਸੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਭਾਰਤ ’ਚ ਭਾਵੇਂ ਉੱਤਰ ਹੋਵੇ ਜਾਂ ਦੱਖਣ, ਵਿਦੇਸ਼ ’ਚ ਕੋਈ ਵੀ ਉਹ ਦੇਸ਼ ਜਿੱਥੇ ਕਾਂ ਪਾਏ ਜਾਂਦੇ ਹਨ, ਉਹ ਉਂਝ ਹੀ ਬੋਲਦੇ ਹਨ ਜਿਵੇਂ ਅਸੀਂ ਉਨ੍ਹਾਂ ਨੂੰ ਸੁਣਦੇ ਆਏ ਹਾਂ। ਸਾਡੇ ਨਾਲੋਂ ਚੰਗੇ ਤਾਂ ਇਹੋ ਹਨ, ਜੋ ਪ੍ਰਦੇਸ਼ ਜਾਂ ਦੇਸ਼ ਬਦਲਣ ’ਤੇ ਭਾਸ਼ਾ ਲਈ ਲੜਦੇ ਨਹੀਂ ਹਨ।
— ਸ਼ਮਾ ਸ਼ਰਮਾ
