‘ਭਾਰਤ ਦੇ ਕੁਝ ਗੱਦਾਰ’ ਉਸੇ ਟਾਹਣੀ ਨੂੰ ਕੱਟ ਰਹੇ, ਜਿਸ ’ਤੇ ਬੈਠੇ ਹਨ!
Saturday, Jun 28, 2025 - 07:01 AM (IST)

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਸ਼ਾਸਕਾਂ ਨੇ ਭਾਰਤ ਵਿਰੋਧੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ ਅਤੇ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਲਾਲਚ ਦੇ ਕੇ ਕੁਝ ਦੇਸ਼ਧ੍ਰੋਹੀ ਭਾਰਤੀਆਂ ਤੋਂ ਭਾਰਤ ਦੇ ਹੀ ਵਿਰੁੱਧ ਜਾਸੂਸੀ ਕਰਵਾ ਰਹੀਆਂ ਹਨ।
ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ ‘ਪਹਿਲਗਾਮ’ ’ਚ 26 ਹਿੰਦੂ ਸੈਲਾਨੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ 7 ਮਈ ਨੂੰ ਚਲਾਏ ਗਏ ‘ਆਪ੍ਰੇਸ਼ਨ ਸਿੰਧੂਰ’ ਦੇ ਬਾਅਦ ਭਾਰਤ ’ਚ ਸਰਗਰਮ ਪਾਕਿਸਤਾਨ ਦੇ ਜਾਸੂਸਾਂ ਨੂੰ ਫੜਨ ਲਈ ਜਾਰੀ ਮੁਹਿੰਮ ਅਧੀਨ ਫੜੇ ਗਏ ਦੇਸ਼ਧ੍ਰੋਹੀਆਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 16 ਮਈ, 2025 ਨੂੰ ‘ਹਿਸਾਰ’ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਪਾਕਿਸਤਾਨੀ ਏਜੰਟਾਂ ਦੇ ਸੰਪਰਕ ’ਚ ਰਹਿ ਕੇ ਉਨ੍ਹਾਂ ਨਾਲ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਨ ਦੇ ਦੋਸ਼ ’ਚ ‘ਜੋਤੀ ਮਲਹੋਤਰਾ’ ਨੂੰ ਗ੍ਰਿਫਤਾਰ ਕੀਤਾ।
* 17 ਮਈ ਨੂੰ ‘ਨੂਹ’ (ਹਰਿਆਣਾ) ਜ਼ਿਲੇ ’ਚ ‘ਅਰਮਾਨ’ ਨਾਂ ਦੇ ਦੋਸ਼ੀ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ ਭਾਰਤੀ ਫੌਜ ਅਤੇ ਹੋਰ ਫੌਜੀ ਸਰਗਰਮੀਆਂ ’ਚ ਜਾਣਕਾਰੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
* 19 ਮਈ ਨੂੰ ‘ਮੇਵਾਤ’ (ਹਰਿਆਣਾ) ਜ਼ਿਲੇ ਦੀ ‘ਤਾਵੜੂ’ ਤਹਿਸੀਲ ਦੇ ‘ਕੰਗਰਕਾ’ ਪਿੰਡ ਦੇ ‘ਮੁਹੰਮਦ ਤਾਰਿਫ’ ਨੂੰ ਪਾਕਿਸਤਾਨ ਲਈ ਜਾਜੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 19 ਮਈ ਨੂੰ ‘ਦਿੱਲੀ ਪੁਲਸ’ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ‘ਕਾਸਿਮ’ ਨੂੰ ਭਾਰਤੀ ਫੌਜ ਨਾਲ ਜੁੜੀ ਜਾਣਕਾਰੀ ਆਈ. ਐੱਸ. ਆਈ. ਨੂੰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਹ ਪਿਛਲੇ ਸਾਲ ਇਕ ਮਹੀਨੇ ਲਈ ਪਾਕਿਸਤਾਨ ਗਿਆ ਸੀ, ਜਿੱਥੇ ਉਸ ਨੇ ਆਈ. ਐੱਸ. ਆਈ. ਲਈ ਜਾਸੂਸੀ ਦੀ ਡੂੰਘੀ ਟ੍ਰੇਨਿੰਗ ਲਈ ਸੀ। ਕਾਸਿਮ ਦਾ ਭਰਾ ਵੀ ‘ਆਈ. ਐੱਸ. ਆਈ.’ ਦਾ ਏਜੰਟ ਸੀ ਜੋ ਕਿ ਅਜੇ ਤੱਕ ਫਰਾਰ ਹੈ।
* 29 ਮਈ ਨੂੰ ਮਹਾਰਾਸ਼ਟਰ ਪੁਲਸ ਨੇ ‘ਥਾਣੇ’ ਤੋਂ ‘ਰਵਿੰਦਰ ਮੁਰਲੀਧਰ ਵਰਮਾ’ ਨੂੰ ਗ੍ਰਿਫਤਾਰ ਕੀਤਾ। ਇਸ ਨੇ ਨਵੰਬਰ 2024 ਤੋਂ ਮਾਰਚ 2025 ਤੱਕ ਵ੍ਹਟਸਐੱਪ ਦੇ ਜ਼ਰੀਏ ‘ਪਾਕਿਸਤਾਨੀ ਖੁਫੀਆ ਆਪ੍ਰੇਟਿਵ’ ਨਾਲ ਇਕ ਮਹੱਤਵਪੂਰਨ ਅਦਾਰੇ ਬਾਰੇ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ।
* 3 ਜੂਨ ਨੂੰ ਰਾਜਸਥਾਨ ਪੁਲਸ ਨੇ ‘ਜੈਸਲਮੇਰ’ ਦੇ ਰੋਜ਼ਗਾਰ ਦਫਤਰ ’ਚ ਕੰਮ ਕਰਦੇ ‘ਸ਼ਕੂਰਖਾਨ’ ਨੂੰ ਨਾਜ਼ੁਕ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਦੇਣ ਦੇ ਦੇਸ਼ ’ਚ ਗ੍ਰਿਫਤਾਰ ਕੀਤਾ। ਉਹ 7 ਵਾਰ ਪਾਕਿਸਤਾਨ ਜਾ ਚੁੱਕਾ ਹੈ।
* 3 ਜੂਨ ਨੂੰ ਹੀ ਪੁਲਸ ਨੇ ਤਰਨਤਾਰਨ (ਪੰਜਾਬ) ਜ਼ਿਲੇ ਦੇ ਰਹਿਣ ਵਾਲੇ ‘ਗਗਨਦੀਪ ਸਿੰਘ’ ਨੂੰ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਫੌਜ ਦੀਆਂ ਸਰਗਰਮੀਆਂ ਦੀ ਨਾਜ਼ੁਕ ਜਾਣਕਾਰੀ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆਂ ਨਾਲ ਸਾਂਝੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਪੁਲਸ ਨੇ ਉਸ ਤੋਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ, ਜਿਸ ’ਚ ਉਸ ਵਲੋਂ ਪਾਕਿਸਤਾਨੀ ਖੁਫੀਆ ਏਜੰਸੀਆਂ (ਪੀ. ਆਈ. ਓ.) ਨਾਲ ਸਾਂਝੀ ਕੀਤੀ ਗਈ ਜਾਣਕਾਰੀ ਵੀ ਸ਼ਾਮਲ ਹੈ।
* ਅਤੇ ਹੁਣ 25 ਜੂਨ ਨੂੰ ਨਵੀਂ ਦਿੱਲੀ ਸਥਿਤ ‘ਨੌਸੈਨਾ ਭਵਨ’ ਦੇ ‘ਡਾਇਰੈਕਟੋਰੇਟ ਆਫ ਡੌਕਯਾਰਡ’ ’ਚ ਕੰਮ ਕਰਦੇ ਕਲਰਕ ‘ਵਿਸ਼ਾਲ ਯਾਦਵ’ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ। ਇਸ ਨੇ ਇਕ ਪਾਕਿਸਤਾਨ ਮਹਿਲਾ ਜਾਸੂਸ ਨੂੰ ‘ਆਪ੍ਰੇਸ਼ਨ ਸਿੰਧੂਰ’ ਨਾਲ ਸੰਬੰਧਤ ਵੇਰਵੇ ਅਤੇ ਹੋਰ ਖੁਫੀਆ ਜਾਣਕਾਰੀ ਦਿੱਤੀ ਹੈ।
ਇਸ ਮਹਿਲਾ ਜਾਸੂਸ ਨੇ ਉਸ ਨੂੰ ਆਪਣੀ ਪਛਾਣ ‘ਪ੍ਰਿਆ ਸ਼ਰਮਾ’ ਦੇ ਰੂਪ ’ਚ ਦਿੱਤੀ ਸੀ। ‘ਵਿਸ਼ਾਲ ਯਾਦਵ’ ਨੇ ਪਾਕਿਸਤਾਨੀ ਜਾਸੂਸ ਨੂੰ ‘ਆਪ੍ਰੇਸ਼ਨ ਸਿੰਧੂਰ’ ਨਾਲ ਸੰਬੰਧਤ ਜਾਣਕਾਰੀ ਦੇਣ ਦੇ ਬਦਲੇ 50,000 ਰੁਪਏ ਲੈਣ ਤੋਂ ਇਲਾਵਾ ਉਸ ਤੋਂ ਕੁਲ ਮਿਲਾ ਕੇ ਲਗਭਗ 2 ਲੱਖ ਰੁਪਏ ਹਾਸਲ ਕਰਨ ਦੀ ਗੱਲ ਸਵੀਕਾਰ ਕੀਤੀ ਹੈ।
ਅਧਿਕਾਰੀਆਂ ਅਨੁਸਾਰ ਮੁਲਜ਼ਮ ‘ਵਿਸ਼ਾਲ ਯਾਦਵ’ ਤੋਂ ਪੁੱਛਗਿੱਛ ਦੌਰਾਨ ਉਸ ਦੇ ਮੋਬਾਈਲ ਫੋਨ ਦੇ ਫਾਰੈਂਸਿਕ ਵਿਸ਼ਲੇਸ਼ਣ ’ਚ ਹੈਰਾਨ ਕਰ ਦੇਣ ਵਾਲੇ ਗੰਭੀਰ ਤੱਥ ਸਾਹਮਣੇ ਆਏ ਹਨ ਅਤੇ ਉਹ ਲੰਬੇ ਸਮੇਂ ਤੋਂ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ।
ਇਨ੍ਹਾਂ ਦੇ ਇਲਾਵਾ ਹਰਿਆਣਾ ਦੇ ਦਵਿੰਦਰ ਸਿੰਘ ਢਿੱਲੋਂ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਜ਼ਾਦ ਆਦਿ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਹੈ। ਅਜੇ ਪਤਾ ਨਹੀਂ ਕਿੰਨੇ ਦੇਸ਼ਧ੍ਰੋਹੀ ਅਜਿਹੇ ਹੋਣਗੇ ਜੋ ਭਾਰਤ ਦਾ ਖਾ ਕੇ ਭਾਰਤ ਨਾਲ ਹੀ ਗੱਦਾਰੀ ਕਰ ਰਹੇ ਹਨ।
ਇਸ ਲਈ ਸਰਕਾਰ ਨੂੰ ਆਪਣੇ ਹੀ ਦੇਸ਼ ’ਚ ਬੈਠੇ ਉਨ੍ਹਾਂ ਦੇਸ਼ਧ੍ਰੋਹੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਫੜਨਾ ਚਾਹੀਦਾ ਹੈ ਜੋ ਆਪਣੇ ਹੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ ਅਤੇ ਦਰੱਖਤ ਦੀ ਉਸ ਟਾਹਣੀ ਨੂੰ ਕੱਟ ਰਹੇ ਹਨ, ਜਿਸ ’ਤੇ ਉਹ ਬੈਠੇ ਹਨ।
–ਵਿਜੇ ਕੁਮਾਰ