ਦੇਸ਼ ਦੀ ਸੁਰੱਖਿਆ ਖਤਰੇ ਵਿਚ ਪਾ ਰਹੇ ਕੁਝ ਦੇਸ਼ਧ੍ਰੋਹੀ!

Friday, Oct 31, 2025 - 03:14 AM (IST)

ਦੇਸ਼ ਦੀ ਸੁਰੱਖਿਆ ਖਤਰੇ ਵਿਚ ਪਾ ਰਹੇ ਕੁਝ ਦੇਸ਼ਧ੍ਰੋਹੀ!

ਆਪਣੀ ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਸ਼ਾਸਕਾਂ ਵਲੋਂ ਭਾਰਤ ’ਚ ਜਾਅਲੀ ਕਰੰਸੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਦੀ ਘੁਸਪੈਠ ਆਦਿ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਲਾਲਚ ਦੇ ਕੇ ਕੁਝ ਭਾਰਤੀਆਂ ਤੋਂ ਹੀ ਜਾਸੂਸੀ ਕਰਵਾ ਕੇ ਭਾਰਤ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੀ ਹੈ, ਜਿਸ ਦੀਆਂ ਪਿਛਲੇ ਲਗਭਗ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 4 ਜੂਨ ਨੂੰ ਪੰਜਾਬ ਪੁਲਸ ਨੇ ‘ਮੋਹਾਲੀ’ (ਪੰਜਾਬ) ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਇਕ ਯੂ-ਟਿਊਬਰ ‘ਜਸਬੀਰ ਿਸੰਘ’ ਨੂੰ ਗ੍ਰਿਫਤਾਰ ਕੀਤਾ। ਉਹ ਕਈ ਵਾਰ ਪਾਕਿਸਤਾਨ ਜਾ ਚੁੱਕਾ ਸੀ।

* 22 ਜੂਨ ਨੂੰ ਅੰਮ੍ਰਿਤਸਰ ਗ੍ਰਾਮੀਣ ਪੰਜਾਬ ਪੁਲਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਦੇ ਦੋਸ਼ ’ਚ ‘ਗੁਰਪ੍ਰੀਤ ਸਿੰਘ’ ਉਰਫ ‘ਗੋਪੀ ਫੌਜੀ’ ਨੂੰ ਗ੍ਰਿਫਤਾਰ ਕੀਤਾ।

* 5 ਅਗਸਤ ਨੂੰ ਸੁਰੱਖਿਆ ਏਜੰਸੀ ਨੇ ‘ਜੈਸਲਮੇਰ’ (ਰਾਜਸਥਾਨ) ’ਚ ਸਥਿਤ ‘ਰੱਖਿਆ ਖੋਜ ਅਤੇ ਵਿਕਾਸ ਸੰਗਠਨ’ (ਡੀ. ਆਰ. ਡੀ. ਓ.) ਦੇ ਰੈਸਟ ਹਾਊਸ ਦੇ ਮੈਨੇਜਰ ਮਹਿੰਦਰ ਪ੍ਰਸਾਦ ਨੂੰ ਗ੍ਰਿਫਤਾਰ ਕੀਤਾ। ਇਹ ਰੈਸਟ ਹਾਊਸ ਰਣਨੀਤਿਕ ਦ੍ਰਿਸ਼ਟੀ ਨਾਲ ਅਤਿਅੰਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਮਹਿੰਦਰ ਅਨੇਕ ਰਣਨੀਤਿਕ ਜਾਣਕਾਰੀਆਂ ਆਪਣੇ ਮੋਬਾਈਲ ਤੋਂ ਪਾਕਿਸਤਾਨ ਭੇਜਦਾ ਸੀ ਅਤੇ ਇਸ ਦੇ ਬਦਲੇ ’ਚ ਉਸ ਨੂੰ ਪੈਸੇ ਮਿਲਦੇ ਸਨ।

* 25 ਸਤੰਬਰ ਨੂੰ ‘ਜੈਸਲਮੇਰ’ (ਰਾਜਸਥਾਨ) ’ਚ ਪੈਸਿਆਂ ਦੀ ਖਾਤਿਰ ਪਾਕਿਸਤਾਨ ਲਈ ਜਾਸੂਸੀ ਕਰ ਰਹੇ ‘ਹਨੀਫ ਖਾਨ’ ਨੂੰ ਸੀ. ਆਈ. ਡੀ. ਇੰਟੈਲੀਜੈਂਸ ਨੇ ਗ੍ਰਿਫਤਾਰ ਕੀਤਾ। ਉਸ ਨੇ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਵੀ ਆਪਣੇ ਪਾਕਿਸਤਾਨੀ ਹੈਂਡਲਰ ਨੂੰ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦੀ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ।

* 6 ਅਕਤੂਬਰ ਨੂੰ ਪਾਕਿਸਤਾਨ ਨੂੰ ਗੁਪਤ ਸੂਚਨਾ ਦੇਣ ਦੇ ਦੋਸ਼ ’ਚ ‘ਪਲਵਲ’ (ਹਰਿਆਣਾ) ਦੇ ਦੋ ਵਿਅਕਤੀਆਂ ‘ਤੌਫੀਕ’ ਅਤੇ ‘ਵਸੀਮ ਅਕਰਮ’ ਨੂੰ ਗ੍ਰਿਫਤਾਰ ਕੀਤਾ ਗਿਆ। ਉਹ 2022 ’ਚ ਪਾਕਿਸਤਾਨ ਜਾਣ ਦੇ ਬਾਅਦ ਤੋਂ ਹੀ ਵ੍ਹਟਸਐਪ ਨੰਬਰਾਂ ’ਤੇ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜ ਰਹੇ ਸਨ।

* 11 ਅਕਤੂਬਰ ਨੂੰ ਸੁਰੱਖਿਆ ਬਲਾਂ ਨੇ ‘ਅਲਵਰ’ (ਰਾਜਸਥਾਨ) ਜ਼ਿਲੇ ਦੇ ਗੋਬਿੰਦਗੜ੍ਹ ਨਿਵਾਸੀ ‘ਮੰਗਤ ਸਿੰਘ’ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਹ ਇਕ ਪਾਕਿਸਤਾਨੀ ਮਹਿਲਾ ਹੈਂਡਲਰ ਦੇ ਸੰਪਰਕ ’ਚ ਸੀ ਅਤੇ ਭਾਰਤੀ ਸੈਨਾ ਦੀ ਸੰਵੇਦਨਸ਼ੀਲ ਜਾਣਕਾਰੀ ਉਸ ਨੂੰ ਭੇਜਿਆ ਕਰਦਾ ਸੀ।

* ਅਤੇ ਹੁਣ 29 ਅਕਤੂਬਰ ਨੂੰ ਦਿੱਲੀ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ‘ਆਦਿਲ ਹੁਸੈਨ’ ਨੂੰ ਗ੍ਰਿਫਤਾਰ ਕਰਕੇ ਇਕ ਵੱਡੇ ਜਾਸੂਸੀ ਨੈੱਟਵਰਕ ਦਾ ਭਾਂਡਾ ਭੰਨਿਆ ਹੈ। ਉਹ ਇਕ ਵਿਦੇਸ਼ੀ ਪ੍ਰਮਾਣੂ ਵਿਗਿਆਨੀ ਦੇ ਸੰਪਰਕ ’ਚ ਸੀ। ਉਹ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਸੀ।

ਪੁਲਸ ਨੇ ‘ਆਦਿਲ ਹੁਸੈਨ’ ਦੇ ਕਬਜ਼ੇ ’ਚੋਂ ਇਕ ਅਸਲੀ ਅਤੇ 2 ਜਾਅਲੀ ਪਾਸਪੋਰਟ ਜ਼ਬਤ ਕੀਤੇ। ਇਸ ਦਾ ਭਰਾ ‘ਅਖਤਰ’ ਵੀ ਮੁੰਬਈ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

* 29 ਅਕਤੂਬਰ ਨੂੰ ਹੀ ਪੰਜਾਬ ਪੁਲਸ ਨੇ ਕਪੂਰਥਲਾ ਸਥਿਤ ਨਿਊ ਆਰਮੀ ਕੈਂਟ ’ਚ ਪ੍ਰਾਈਵੇਟ ਤੌਰ ’ਤੇ ਸਫਾਈ ਸੇਵਕ ਦਾ ਕੰਮ ਕਰਨ ਵਾਲੇ ‘ਰਾਜਾ’ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕਰਕੇ ਇਕ ਵੱਡੇ ਜਾਸੂਸੀ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਉਹ ਆਪਣੇ ਮੋਬਾਈਲ ਫੋਨ ਦੇ ਜ਼ਰੀਏ ਆਰਮੀ ਕੈਂਟ ਏਰੀਆ ਦੀ ਫੋਟੋ ਖਿੱਚ ਕੇ ਆਪਣੇ ਹੈਂਡਲਰਾਂ ਨੂੰ ਭੇਜਦਾ ਸੀ ਅਤੇ ਉਨ੍ਹਾਂ ਨੂੰ ਆਰਮੀ ਦੇ ਸੀਕ੍ਰੇਟ ਪਲਾਨ ਦੀ ਜਾਣਕਾਰੀ ਦਿੰਦਾ ਸੀ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ’ਚ ਰਹਿਣ ਵਾਲੇ ਕੁਝ ਲੋਕ ਇਸ ਤਰ੍ਹਾਂ ਦੀਆਂ ਦੇਸ਼ਧ੍ਰੋਹੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਆਪਣੇ ਹੀ ਦੇਸ਼ ਦੀਆਂ ਜੜ੍ਹਾਂ ਵੱਢਣ ’ਚ ਲੱਗੇ ਹੋਏ ਹਨ। ਇਸ ਲਈ ਸਾਡੀ ਸਰਕਾਰ ਨੂੰ ਇਨ੍ਹਾਂ ਦੇਸ਼ਧ੍ਰੋਹੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਫੜ ਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ, ਜੋ ਆਪਣੇ ਹੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ।

ਅਜਿਹੇ ਦੇਸ਼ਧ੍ਰੋਹੀਆਂ ਵਿਰੁੱਧ ਸਰਕਾਰ ਨੂੰ ਦੇਸ਼ ਦੇ ਸਰਹੱਦੀ ਖੇਤਰਾਂ ’ਚ ਵਿਸ਼ੇਸ਼ ਮੁਹਿੰਮ ਵੀ ਚਲਾਉਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਪੰਜਾਬ ਅਤੇ ਰਾਜਸਥਾਨ ’ਚ ਜ਼ਿਆਦਾ ਸਰਗਰਮ ਹਨ।

–ਵਿਜੇ ਕੁਮਾਰ
 


author

Inder Prajapati

Content Editor

Related News