ਉਲਟੀ-ਸਿੱਧੀ ਬਿਆਨਬਾਜ਼ੀ ਨਾਲ ਸਮਾਜ ’ਚ ਨਫਰਤ ਪੈਦਾ ਕਰ ਰਹੇ ਕੁਝ ਆਗੂ
Saturday, Sep 14, 2024 - 03:42 AM (IST)
ਹਾਲਾਂਕਿ ਆਗੂਆਂ ਨੂੰ ਹਰ ਬਿਆਨ ਸੋਚ-ਸਮਝ ਕੇ ਹੀ ਦੇਣਾ ਚਾਹੀਦਾ ਹੈ ਤਾਂ ਕਿ ਬੇਲੋੜੇ ਵਿਵਾਦ ਪੈਦਾ ਨਾ ਹੋਣ ਪਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਬਿਨਾਂ ਸੋਚੇ-ਸਮਝੇ ਬਿਆਨ ਦੇ ਕੇ ਮਾਹੌਲ ’ਚ ਕੁੜੱਤਣ ਫੈਲਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 8 ਅਗਸਤ ਨੂੰ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ‘ਭੰਵਰ ਜਤਿੰਦਰ ਸਿੰਘ’ ਨੇ ਰਾਜਸਥਾਨ ਦੇ ਅਲਵਰ ’ਚ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜਸਥਾਨ ਦੀ ਭਜਨ ਲਾਲ ਸਰਕਾਰ ਬਾਰੇ ਕਿਹਾ, ‘‘ਇਹ ਲੱਤਾਂ ਦੇ ਭੂਤ ਹਨ, ਗੱਲਾਂ ਨਾਲ ਨਹੀਂ ਮੰਨਣਗੇ।’’
* 19 ਅਗਸਤ ਨੂੰ ਟ੍ਰੇਨੀ ਡਾਕਟਰ ਨਾਲ ਕੋਲਕਾਤਾ ’ਚ ਰੇਪ ਅਤੇ ਹੱਤਿਆ ਨੂੰ ਲੈ ਕੇ ਡਾਕਟਰਾਂ ਦੇ ਅੰਦੋਲਨ ’ਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ‘ਅਰੂਪ ਘੋਸ਼’ ਨੇ ਕਿਹਾ, ‘‘ਮਹਿਲਾ ਡਾਕਟਰ ਆਪਣੇ ਬੁਆਏਫ੍ਰੈਂਡ ਦੇ ਨਾਲ ਹਨ। ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਨਾਲ ਜਾਣਾ ਹੈ ਜਾਂ ਆਪਣੇ ਘਰ ਜਾਣਾ ਹੈ, ਉਹ ਜਾਣ ਪਰ ਕਿਸੇ ਮਰੀਜ਼ ਦੀ ਮੌਤ ਹੋਈ ਤਾਂ ਅਸੀਂ ਇਨ੍ਹਾਂ ਨੂੰ ਨਹੀਂ ਛੱਡਾਂਗੇ।’’
ਇਸ ਤੋਂ ਪਹਿਲਾਂ 14 ਅਗਸਤ ਨੂੰ ਤ੍ਰਿਣਮੂਲ ਕਾਂਗਰਸ ਦੇ ਹੀ ਇਕ ਹੋਰ ਆਗੂ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਸੀ ਕਿ, ‘‘ਜੋ ਕੋਈ ਵੀ ਇਸ ਮਾਮਲੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਉਂਗਲੀ ਉਠਾਏਗਾ ਅਸੀਂ ਉਸ ਦੀਆਂ ਉਂਗਲੀਆਂ ਤੋੜ ਦੇਵਾਂਗੇ।’’
* 1 ਸਤੰਬਰ ਨੂੰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ‘ਡਾ. ਕਾਕੋਲੀ ਘੋਸ਼’ ਨੂੰ ਆਪਣੀ ਇਸ ਟਿੱਪਣੀ ਲਈ ਮੁਆਫੀ ਮੰਗਣੀ ਪਈ, ‘‘ਜਦ ਮੈਂ ਮੈਡੀਕਲ ਦੀ ਵਿਦਿਆਰਥਣ ਸੀ ਤਾਂ ਅਧਿਆਪਕਾਂ ਦੀ ਗੋਦ ’ਚ ਬੈਠ ਕੇ ਵਿਦਿਆਰਥਣਾਂ ਪਾਸ ਮਾਰਕਸ ਪ੍ਰਾਪਤ ਕਰਦੀਆਂ ਸਨ। ਜੋ ਵਿਦਿਆਰਥਣਾਂ ਇਸ ਦਾ ਵਿਰੋਧ ਕਰਦੀਆਂ ਸਨ, ਉਨ੍ਹਾਂ ਨੂੰ ਘੱਟ ਨੰਬਰ ਦਿੱਤੇ ਜਾਂਦੇ ਸਨ।’’
* 2 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਭਾਜਪਾ ਸੰਸਦ ਮੈਂਬਰ ਬੱਦਲ ਫਟਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਇਸ ਲਈ ਨਹੀਂ ਗਈ ਕਿਉਂਕਿ ਉਨ੍ਹਾਂ ਨੂੰ ਆਪਣਾ ਮੇਕਅਪ ਖਰਾਬ ਹੋ ਜਾਣ ਦਾ ਡਰ ਸੀ।’’
* 7 ਸਤੰਬਰ ਨੂੰ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ, ‘‘ਵਿਨੇਸ਼ (ਫੋਗਾਟ) ਨੂੰ ਭਗਵਾਨ ਨੇ ਸਜ਼ਾ ਦਿੱਤੀ। ਓਲੰਪਿਕ ’ਚ ਉਸ ਨਾਲ ਚੰਗਾ ਹੋਇਆ। ਉਹ ਪਹਿਲਵਾਨ ਸੀ, ਜੇ ਮੈਂ ਉਸ ਨਾਲ ਛੇੜਛਾੜ ਕੀਤੀ ਸੀ ਤਾਂ ਉਸ ਨੂੰ ਮੇਰੇ ਜ਼ੋਰਦਾਰ ਥੱਪੜ ਉਸੇ ਸਮੇਂ ਜੜਨਾ ਚਾਹੀਦਾ ਸੀ।’’
ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਉਕਤ ਬਿਆਨ ਦੇ ਜਵਾਬ ’ਚ ਵਿਨੇਸ਼ ਫੋਗਾਟ ਨੇ ਕਿਹਾ, ‘‘ਉਹੀ ਸਾਡੀ ਗਲਤੀ ਰਹਿ ਗਈ। ਪਹਿਲਾਂ ਸਾਡੇ ’ਚ ਹਿੰਮਤ ਨਹੀਂ ਸੀ। ਖੈਰ, ਛੇਤੀ ਹੀ ਥੱਪੜ ਮਾਰਨ ਦਾ ਵੀ ਟਾਈਮ ਆਵੇਗਾ।’’
* 9 ਸਤੰਬਰ ਨੂੰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ, ‘‘ਵਿਨੇਸ਼ ਵਰਗੀ ਦਬੰਗ ਲੇਡੀ ਕਿੱਥੇ ਮਿਲੇਗੀ। ਉਹ ਪੂਰੇ ਸਿਸਟਮ ਨੂੰ ਹਾਈਜੈਕ ਕਰ ਲੈਂਦੀ ਹੈ। ਉਹ ਅਜਿਹੀ ਲੇਡੀ ਹੈ ਜੋ ਕੁਸ਼ਤੀ ਨੂੰ ਰੋਕ ਸਕਦੀ ਹੈ। ਭੁਪਿੰਦਰ ਹੁੱਡਾ ਨੂੰ ਤਾਂ ਉਸ ਨੂੰ ਸੀ. ਐੱਮ. ਫੇਸ ਬਣਾ ਦੇਣਾ ਚਾਹੀਦਾ ਹੈ।’’
* 9 ਸਤੰਬਰ ਨੂੰ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ (ਭਾਜਪਾ) ਬੋਲੇ, ‘‘ਰਾਹੁਲ ਗਾਂਧੀ ਚੀਨ ਦੇ ਪੈਸਿਆਂ ’ਤੇ ਪਲ਼ ਰਹੇ ਹਨ। ਆਪਣੇ ਬੁਰੇ ਦੌਰ ’ਚ ਚੀਨ ਨੂੰ ਬ੍ਰਾਂਡ ਅੰਬੈਸਡਰ ਦੀ ਲੋੜ ਨਹੀਂ ਹੈ। ਅਜਿਹੇ ਲੋਕਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣਾ ਚਾਹੀਦਾ।’’
* 12 ਸਤੰਬਰ ਨੂੰ ਤੇਲੰਗਾਨਾ ਹਜੂਰਾਬਾਦ ’ਚ ‘ਭਾਰਤ ਰਾਸ਼ਟਰ ਸਮਿਤੀ’ (ਬੀ. ਆਰ. ਐੱਸ.) ਦੇ ਵਿਧਾਇਕ ‘ਰੈੱਡੀ’ ਨੇ ਕਿਹਾ, ‘‘ਕਾਂਗਰਸ ’ਚ ਸ਼ਾਮਲ ਹੋਏ ਬੀ. ਆਰ. ਐੱਸ. ਦੇ 10 ਵਿਧਾਇਕਾਂ ਨੂੰ ਮੈਂ ਸਾੜ੍ਹੀਆਂ ਅਤੇ ਚੂੜੀਆਂ ਤੋਹਫੇ ’ਚ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੂੰ ਇਨ੍ਹਾਂ ਨੂੰ ਪਾ ਕੇ ਲੋਕਾਂ ’ਚ ਜਾਣਾ ਚਾਹੀਦਾ ਹੈ।’’
ਇਸ ਦੇ ਜਵਾਬ ’ਚ ਕਾਂਗਰਸ ਆਗੂ ਸ਼ੋਭਾ ਰਾਣੀ ਨੇ ਆਪਣੀ ਜੁੱਤੀ ਲਾਹੁੰਦੇ ਹੋਏ ਬੀ. ਆਰ. ਐੱਸ. ਵਿਧਾਇਕ ਰੈੱਡੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ‘‘ਜੇ ਤੁਸੀਂ ਫਿਰ ਤੋਂ ਅੌਰਤਾਂ ਦੀ ਬੇਇੱਜ਼ਤੀ ਕਰੋਗੇ ਤਾਂ ਤੁਹਾਨੂੰ ਇਸ (ਜੁੱਤੀ) ਦਾ ਸਾਹਮਣਾ ਕਰਨਾ ਪਵੇਗਾ।’’
ਇਹ ਤਾਂ ਚੰਦ ਉਦਾਹਰਣਾਂ ਹਨ ਅਤੇ ਹਰ ਪਾਰਟੀ ’ਚ ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ ਆਗੂ ਮੌਜੂਦ ਹਨ। ਹਾਲਾਂਕਿ ਅਜਿਹੀ ਬਿਆਨਬਾਜ਼ੀ ਲਈ ਬਾਅਦ ’ਚ ਕੁਝ ਆਗੂਆਂ ਨੂੰ ਮੁਆਫੀ ਵੀ ਮੰਗਣੀ ਪੈਂਦੀ ਹੈ ਅਤੇ ਬੇਇੱਜ਼ਤ ਵੀ ਹੋਣਾ ਪੈਂਦਾ ਹੈ ਪਰ ਇਹ ਬੁਰਾਈ ਰੁਕ ਨਹੀਂ ਰਹੀ ਅਤੇ ਇਹ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਇਸ ਨਾਲ ਸਮਾਜ ’ਚ ਕੁੜੱਤਣ ਵਧਣ ਅਤੇ ਇਕ-ਦੂਜੇ ਪ੍ਰਤੀ ਨਫਰਤ ਪੈਦਾ ਹੋਣ ਤੋਂ ਇਲਾਵਾ ਹੋਰ ਕੁਝ ਹਾਸਲ ਨਹੀਂ ਹੋਵੇਗਾ। ਇਸ ਲਈ ਅਜਿਹੀ ਬਿਆਨਬਾਜ਼ੀ ਤੋਂ ਸੰਕੋਚ ਕਰਨਾ ਹੀ ਦੇਸ਼ ਅਤੇ ਸਮਾਜ ਦੇ ਹਿੱਤ ’ਚ ਹੈ।
-ਵਿਜੇ ਕੁਮਾਰ