ਅੰਧਵਿਸ਼ਵਾਸ ਦੇ ਮੱਕੜਜਾਲ ’ਚ ਫਸਿਆ ਸਮਾਜ
Tuesday, Sep 03, 2024 - 05:54 PM (IST)
ਮਨੁੱਖੀ ਸਮਾਜ ਨਿਰੰਤਰ ਵਿਕਾਸ ਕਰ ਰਿਹਾ ਹੈ। ਵਿਗਿਆਨਕ ਕਾਢਾਂ ਤੇ ਤਕਨੀਕੀ ਵਿਕਾਸ ਰਾਹੀਂ ਲੋਕ ਵਹਿਮਾਂ-ਭਰਮਾਂ ਤੋਂ ਮੁਕਤ ਹੋ ਰਹੇ ਹਨ। ਸਥਾਪਤ ਧਾਰਨਾਵਾਂ ਟੁੱਟ ਰਹੀਆਂ ਹਨ ਅਤੇ ਨਵੇਂ ਯਥਾਰਥ ਖੋਜੇ ਜਾ ਰਹੇ ਹਨ। ਹਾਲਾਂਕਿ ਦੇਸ਼ ਦੇ ਵਿਕਾਸ ਦਾ ਵਰਤਮਾਨ ਆਰਥਿਕ ਮਾਡਲ ਯਾਨਿ ਕਿ ਲੁੱਟ-ਚੋਂਘ ’ਤੇ ਆਧਾਰਿਤ ਰਾਜ ਪ੍ਰਬੰਧ ਸਾਰੇ ਲੋਕਾਂ ਨੂੰ ਬਰਾਬਰੀ, ਆਜ਼ਾਦੀ, ਨਿਆਂ ਤੇ ਭਰਾਤਰੀ ਭਾਵ ਦੀ ਗਾਰੰਟੀ ਨਹੀਂ ਦਿੰਦਾ, ਕਿਉਂਕਿ ਸੱਤਾ ’ਤੇ ਲੁਟੇਰੀਆਂ ਜਮਾਤਾਂ ਕਾਬਜ਼ ਹਨ।
ਸੰਸਾਰ ਭਰ ’ਚ ਛਿੜੀਆਂ ਭਿਆਨਕ ਜੰਗਾਂ ਦਾ ਮੂਲ ਸਰੋਤ ਵੀ ਇਹੋ ਲੋਟੂ ਰਾਜਸੀ-ਆਰਥਿਕ ਪ੍ਰਬੰਧ, ਭਾਵ ‘ਸਾਮਰਾਜਵਾਦ’ ਹੈ। ਜਿਸ ਕਿਸੇ ਵੀ ਦੇਸ਼ ਅੰਦਰ ਸੱਤਾ ਕਿਰਤੀਆਂ ਹੱਥ ਆਈ ਹੈ, ਉਥੇ ਮੁਕਾਬਲਤਨ ਬਿਹਤਰ ਸਮਾਜ ਸਿਰਜੇ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ।
ਦੇਸ਼ ਅੰਦਰ ਹਰ ਖੇਤਰ ਵਿਚ ਅੱਜ ਜੋ ਕੁਝ ਵੀ ਨਾਂਹ-ਪੱਖੀ ਵਾਪਰ ਰਿਹਾ ਹੈ, ਉਹ ਬਿਨਾਂ ਸ਼ੱਕ ਅਤੀਤ ਦੀਆਂ ਪਿਛਾਖੜੀ ਕਦਰਾਂ-ਕੀਮਤਾਂ ਦੇ ਨਿਰੰਤਰ ਜਾਰੀ ਰਹਿਣ ਦਾ ਨਤੀਜਾ ਹੈ। ਵਿਗਿਆਨਕ ਨਜ਼ਰੀਏ ਦੇ ਨਿੰਦਕ ਉਹੀ ਲੋਕ ਹਨ, ਜੋ ਹਰ ਮਨੁੱਖ ਨੂੰ ਇਕੋ ਜਿਹਾ ਇਨਸਾਫ਼ ਤੇ ਬਰਾਬਰਤਾ ਦੇ ਅਸੂਲਾਂ ’ਤੇ ਆਧਾਰਿਤ ਚੰਗਾ ਜੀਵਨ ਮੁਹੱਈਆ ਕੀਤੇ ਜਾਣ ਦੇ ਵਿਰੋਧੀ ਹਨ।
ਇਹ ‘ਭੱਦਰ ਪੁਰਸ਼’ ਭੂਤ ਕਾਲ ਦੇ ਝੂਠੇ ਗੁਣਗਾਨ ਰਾਹੀਂ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਤਰਕਹੀਣ ਵਿਚਾਰਾਂ ਦੇ ਪਿਛਲੱਗ ਬਣਾਇਆ ਜਾ ਸਕੇ। ਭਾਰਤ ਅੰਦਰ ਲੋਕਾਈ ਦੇ ਨਰੋਏ ਭਵਿੱਖ ਦੀ ਜਾਮਨੀ ਭਰਦੇ ਵਿਗਿਆਨਕ ਨਜ਼ਰੀਏ ਅਤੇ ਲੋਕਾਂ ਨੂੰ ਬੌਧਿਕ ਗੁਲਾਮ ਬਣਾ ਕੇ ਲੁੱਟ ਦਾ ਨਿਜ਼ਾਮ ਕਾਇਮ ਰੱਖਣ ਵਾਲੀ ਅਤੀਤ ਦੀ ਪਿਛਾਖੜੀ ਵਿਚਾਰਧਾਰਾ ਦਰਮਿਆਨ ਗਹਿਗੱਚ ਯੁੱਧ ਚੱਲ ਰਿਹਾ ਹੈ।
ਆਸਥਾ ਦੇ ਨਾਮ ’ਤੇ ਅੰਧ-ਵਿਸ਼ਵਾਸ ਫੈਲਾਉਣ ਵਾਲੇ ‘‘ਧਰਮ ਗੁਰੂ’’ ਸਾਰੇ ਹੀ ਧਰਮਾਂ ਅੰਦਰ ਮੌਜੂਦ ਹਨ, ਜੋ ਥਾਂ-ਥਾਂ ਸਾਰੀਅਾਂ ਬੀਮਾਰੀਆਂ, ਆਰਥਿਕ ਤੰਗੀਆਂ, ਸਮਾਜਿਕ ਪ੍ਰੇਸ਼ਾਨੀਆਂ ਤੇ ਹਰ ਕਿਸਮ ਦੇ ਦੁੱਖ-ਦਰਦ ਵੱਖੋ-ਵੱਖ ਹਾਸੋਹੀਣੇ ਢੰਗਾਂ ਤੇ ਮੰਤਰਾਂ ਨਾਲ ਦੂਰ ਕਰਨ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ।
ਤਾਂਤਰਿਕਾਂ ਵਲੋਂ ਬੋਤਲਾਂ ਵਿਚ ਭਰੇ ਸਾਧਾਰਨ ਪਾਣੀ ਨੂੰ ਮੰਤਰਾਂ ਦੀ ਪਾਣ ਚੜ੍ਹਿਆ ‘ਚਮਤਕਾਰੀ ਜਲ’ ਕਹਿ ਕੇ ਪਿਆਉਣ, ਕੋਈ ਹੋਰ ਖਾਧ ਪਦਾਰਥ ਖੁਆਉਣ ਜਾਂ ਤਾਵੀਜ਼ ਆਦਿ ਦੇ ਕੇ ਹਰ ਕਿਸਮ ਦੇ ਰੋਗ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਬੜੇ ਹਾਸੋਹੀਣੇ ਢੰਗਾਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਦੇ ਵੀ ਝੂਠੇ-ਬੇਬੁਨਿਆਦ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਦੇ ਇਲਾਜ ਪੱਖੋਂ ਅਜੇ ਮੈਡੀਕਲ ਸਾਇੰਸ ਵੀ ਬਹੁਤੀ ਸਫਲ ਨਹੀਂ ਹੋ ਸਕੀ। ਅਜਿਹੇ ਪਾਖੰਡੀ ‘ਸੰਤ’ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਾ ਇਲਾਜ ਕਰਨ ਦਾ ਦਾਅਵਾ ਵੀ ਕਰਦੇ ਹਨ। ਇਹੋ ਨਹੀਂ, ਇਨ੍ਹਾਂ ਢੋਂਗੀਆਂ ਵਲੋਂ ਭੂਤ- ਪ੍ਰੇਤ ਕੱਢਣ ਦੇ ਨਾਂ ’ਤੇ ਚਾੜ੍ਹੇ ਜਾਂਦੇ ਬੇਤਰਸੀ ਕੁਟਾਪੇ ਨਾਲ ਕਈ ਵਾਰ ਪੀੜਤਾਂ ਦੀ ਮੌਤ ਵੀ ਹੋ ਜਾਂਦੀ ਹੈ।
ਇਹ ਗੱਲ ਵੀ ਧਿਆਨਯੋਗ ਹੈ ਕਿ ਕਿਸੇ ਟੀ.ਵੀ. ਚੈਨਲ ’ਤੇ ਜੇਕਰ ਕਦੀ ਇਨ੍ਹਾਂ ਢੋਂਗੀ ਬਾਬਿਆਂ ਦਾ ਸੀਮਤ ਹੱਦ ਤੱਕ ਪਰਦਾਫਾਸ਼ ਕੀਤਾ ਵੀ ਜਾਂਦਾ ਹੈ ਤਾਂ ਬਹਿਸ ਲਈ ਉਨ੍ਹਾਂ ਦੇ ਇਕ ਪਾਸੇ ਤਾਂ ਉਸ ਵਿਸ਼ੇ ਦਾ ਮਾਹਿਰ ਵਿਅਕਤੀ ਬੈਠਾ ਹੁੰਦਾ ਹੈ ਤੇ ਦੂਜੇ ਪਾਸੇ ਅਜਿਹਾ ਧਾਰਮਿਕ ਵਿਅਕਤੀ ਬਿਠਾਇਆ ਜਾਂਦਾ ਹੈ, ਜੋ ਢੋਂਗੀ ਬਾਬੇ ਨੂੰ ਕੇਵਲ ਇਸ ਗੱਲੋਂ ਹੀ ਨਿੰਦਦਾ ਹੈ ਕਿ ਉਹ ਧਰਮ ਅਤੇ ਧਾਰਮਿਕ ਮਰਿਆਦਾਵਾਂ ਤੇ ਗ੍ਰੰਥਾਂ ਦਾ ਪੂਰਾ ਜਾਣਕਾਰ ਨਹੀਂ ਹੈ।
ਮੰਨ ਲਓ ਜੇ ਇਹ ਗਿਆਨ ਹੋ ਵੀ ਜਾਵੇ ਤਾਂ ਕੀ ਉਸ ਦੇ ਊਲ-ਜਲੂਲ ਦਾਅਵੇ ਸਹੀ ਸਿੱਧ ਹੋ ਜਾਣਗੇ? ਵਿਚਾਰਧਾਰਕ ਤੌਰ ’ਤੇ ਦੋਨੋਂ ਹੀ ਅੰਧ-ਵਿਸ਼ਵਾਸੀ, ਵਹਿਮ-ਪ੍ਰਸਤ ਤੇ ਮਿਥਿਹਾਸਕ ਵਰਤਾਰਿਆਂ ਦੇ ਅਨੁਆਈ ਹਨ। ਬਹਿਸ-ਮੁਬਾਹਿਸੇ ਦਾ ਇਹ ਤਰੀਕਾ ‘ਖੂਹ ’ਚੋਂ ਨਿਕਲ ਕੇ ‘ਖਾਤੇ’ ’ਚ ਪੈਣ ਬਰਾਬਰ ਹੈ। ਮਨ ਨੂੰ ਸ਼ਾਂਤੀ ਤੇ ਧਰਵਾਸ ਦੇਣ ਵਾਲੀ ਧਾਰਮਿਕ ਆਸਥਾ, ਇਨ੍ਹਾਂ ਝੂਠੇ ਦਾਅਵਿਆਂ ਤੇ ਪਾਖੰਡਾਂ ਤੋਂ ਕਾਫੀ ਹੱਦ ਤੱਕ ਮੁਕਤ ਹੈ।
ਇਨ੍ਹਾਂ ਸਥਿਤੀਆਂ ’ਚ ਧਾਰਮਿਕ ਕੱਟੜਤਾ ਤੇ ਅੰਧ-ਵਿਸ਼ਵਾਸ ਦੇ ਸਮਰਥਕ ਰਾਜਸੀ ਦਲ ਤੇ ਦੂਸਰੀਆਂ ਸਮਾਜਿਕ ਧਿਰਾਂ, ਦੇਸ਼ ਅੰਦਰ ਵਧ ਰਹੇ ਔਰਤਾਂ ਦੇ ਜਬਰ-ਜ਼ਨਾਹ ਅਤੇ ਹੋਰ ਘਿਨੌਣੇ ਅਪਰਾਧਾਂ ਤੋਂ ਬਚਾਅ ਲਈ, ਸਮਾਜ ਨੂੰ ਜਾਦੂ-ਟੂਣਿਆਂ ਤੇ ਅੰਧ-ਵਿਸ਼ਵਾਸਾਂ ਨਾਲ ਭਰੇ ਮੱਧ ਯੁਗ ਦੇ ‘ਸੁਨਹਿਰੀ ਕਾਲ’ ’ਚ ਮੁੜ ਪਰਤਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ।
ਉਨ੍ਹਾਂ ਦਾ ਭਾਵ ਹੈ ਕਿ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਤੇ ਅਜੋਕੀਆਂ ਚੁਣੌਤੀਆਂ ਦਾ ਹੱਲ ਜਾਤਪਾਤ, ਵਿਤਕਰਿਆਂ ਵਾਲੀ ਮਨੂੰ ਸਿਮਰਤੀ ਵਾਲਾ ਸਮਾਜਿਕ ਢਾਂਚਾ, ਸਤੀ ਪ੍ਰਥਾ, ਬਾਲ ਵਿਆਹ, ਕਿਸਮਤਵਾਦ ਵਰਗੇ ਪਿਛਾਖੜੀ ਵਿਚਾਰਾਂ ਵਾਲੇ ਖੌਫਨਾਕ ਅਤੀਤ ਵੱਲ ਮੁੜ ਪਰਤਣ ਰਾਹੀਂ ਹੀ ਕੀਤਾ ਜਾ ਸਕਦਾ ਹੈ। ਅਜਿਹੇ ਲੋਕਾਂ ਵਲੋਂ ਵਿਗਿਆਨਕ ਨਜ਼ਰੀਏ ਤੇ ਤਰਕਸ਼ੀਲਤਾ ਨੂੰ ਬੜ੍ਹਾਵਾ ਦੇਣ ਦੀ ਥਾਂ ਅੰਧ- ਵਿਸ਼ਵਾਸ ਫੈਲਾਇਆ ਜਾ ਰਿਹਾ ਹੈ।
ਮਿਥਿਹਾਸਕ ਕਹਾਣੀਆਂ ਰਾਹੀਂ ਇਤਿਹਾਸ ਦਾ ਪਿਛਾਖੜੀ ਰੂਪਾਂਤਰਨ ਕੀਤਾ ਜਾ ਰਿਹਾ ਹੈ। ਵਹਿਮ ਪ੍ਰਸਤੀ ’ਚ ਘਿਰੇ ਅਤੀਤ ਦੇ ਹਨੇਰ-ਬ੍ਰਿਤੀਵਾਦੀ ਸਮਾਜ ਨੂੰ ਸੰਸਕ੍ਰਿਤੀ ਤੇ ਦੂਜੇ ਸਾਰੇ ਖੇਤਰਾਂ ’ਚ ਦੁਨੀਆ ਦਾ ‘ਰਾਹ ਦਸੇਰਾ’ ਦੱਸਿਆ ਜਾ ਰਿਹਾ ਹੈ। ਬਿਨਾਂ ਸ਼ੱਕ ਕਈ ਖੇਤਰਾਂ ’ਚ ਭਾਰਤੀ ਸਮਾਜ ਕਈ ਦੂਸਰੇ ਸਮਾਜਾਂ ਨਾਲੋਂ ਵਿਕਸਤ ਕਿਹਾ ਜਾ ਸਕਦਾ ਹੈ।
ਵਹਿਮ-ਭਰਮ ਤੇ ਗਲਤ ਸਮਾਜਿਕ ਧਾਰਨਾਵਾਂ ਦੇ ਜਾਰੀ ਰਹਿਣ ਨਾਲ ਦੇਸ਼ ਨੇ ‘ਜਗਤ ਗੁਰੂ’ ਨਹੀਂ ਬਣਨਾ। ਇਸ ਪਿੱਛਲਖੁਰੀ ਸੋਚ ਤੋਂ ਮੁਕਤ ਹੋਣਾ ਹੀ ਭਾਰਤੀ ਸਮਾਜ ਦੀ ਖੂਬਸੂਰਤੀ ਮੰਨਿਆ ਜਾਵੇਗਾ। ਔਰਤਾਂ-ਬੱਚੀਆਂ ਦੇ ਜਬਰ-ਜ਼ਨਾਹਾਂ ਦੀਆਂ ਹਰ ਰੋਜ਼ ਵਾਪਰ ਰਹੀਆਂ ਹੌਲਨਾਕ ਵਾਰਦਾਤਾਂ ਗੁਲਾਮਦਾਰੀ ਤੇ ਜਗੀਰੂ ਸਮਾਜ ਦੀ ਰਹਿੰਦ-ਖੂੰਹਦ ਦੀ ਦੇਣ ਹੈ।
ਇਸ ਗੈਰ-ਮਨੁੱਖੀ ਵਰਤਾਰੇ ਤੋਂ ਮੁਕਤੀ ਪਾਉਣ ਲਈ ਭਾਰਤੀ ਸਮਾਜ ਨੂੰ ਜਗੀਰੂ ਮਾਨਸਿਕਤਾ ਤੋਂ ਖਹਿੜਾ ਛੁਡਾਉਣਾ ਹੋਵੇਗਾ ਅਤੇ ਮਰਦ ਪ੍ਰਧਾਨ ਸਮਾਜ ਨੂੰ ਔਰਤ-ਮਰਦ ਦੀ ਹਕੀਕੀ ਬਰਾਬਰੀ ਵਾਲੇ ਪ੍ਰਬੰਧ ’ਚ ਤਬਦੀਲ ਕਰਨਾ ਹੋਵੇਗਾ। ਉਨ੍ਹਾਂ ਹਾਕਮਾਂ ਵਿਰੁੱਧ ਵੀ ਬੇਕਿਰਕ ਵਿਚਾਰਧਾਰਕ ਘੋਲ ਵਿੱਢਣੇ ਹੋਣਗੇ, ਜਿਹੜੇ ਔਰਤਾਂ ਨੂੰ ਸਿਰਫ ਕਾਮ ਤ੍ਰਿਪਤੀ ਦੀ ਵਸਤੂ ਹੀ ਸਮਝਦੇ ਹਨ।
ਆਰ.ਐੱਸ.ਐੱਸ. ਤੇ ਇਸ ਨਾਲ ਜੁੜੇ ਸੰਗਠਨ ‘ਹਿੰਦੂਤਵ’ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ ਮੁਸਲਿਮ ਤੇ ਇਸਾਈ ਧਰਮ ਵਿਚਲੇ ‘ਸੌੜੀ ਸੋਚ ਵਾਲੇ ਤੱਤ’ ਵੀ ਧਰਮ ਦੀ ਆੜ ਹੇਠ ਅੰਧ- ਵਿਸ਼ਵਾਸ ਫੈਲਾਉਣ ਵਾਲੀਆਂ ਕੋਝੀਆਂ ਹਰਕਤਾਂ ਕਰਦੇ ਹਨ। ਉਹ ਵੀ ਪੂਰੀ ਤਰ੍ਹਾਂ ਨਿੰਦਣਯੋਗ ਹੈ। ਸਿੱਖ ਧਰਮ, ਜੋ ਬਾਕੀ ਧਰਮਾਂ ਦੇ ਮੁਕਾਬਲੇ ਆਧੁਨਿਕ ਤੇ ਵਧੇਰੇ ਤਰਕਸ਼ੀਲ ਧਰਮ ਕਿਹਾ ਜਾ ਸਕਦਾ ਹੈ, ਅੰਦਰ ਵੀ ਨਾਮ ਨਿਹਾਦ ‘ਬਾਬੇ’ ਤੇ ‘ਬ੍ਰਹਮਗਿਆਨੀ’ ਸਿੱਖ ਧਰਮ ਦੀਆਂ ਮਨੁੱਖੀ ਕਦਰਾਂ-ਕੀਮਤਾਂ ਤੇ ਵਿਗਿਆਨਕ ਨਜ਼ਰੀਏ ਨੂੰ ਪਲੀਤ ਕਰਨ ਦਾ ਯਤਨ ਕਰ ਰਹੇ ਹਨ।
ਉਹ ਧਰਮ ਨੂੰ ‘ਧਨ ਕਮਾਉਣ’ ਦਾ ਸਾਧਨ ਮਾਤਰ ਸਮਝ ਕੇ ਆਪ ਤਾਂ ਹਰ ਕਿਸਮ ਦੀ ਐਸ਼ੋ-ਇਸ਼ਰਤ ਭੋਗਦੇ ਹਨ ਤੇ ਦੂਸਰਿਆਂ ਨੂੰ ਦੁਨਿਆਵੀ ਕਾਰਜਾਂ ਤੇ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੇ ਨਹੀਂ ਥੱਕਦੇ।
ਇਹ ਵਰਤਾਰਾ ਅਸਲ ’ਚ ਵੱਖੋ-ਵੱਖ ਧਰਮਾਂ ਵੱਲੋਂ ਸਮਾਜਿਕ ਵਿਕਾਸ ਲਈ ਸਮੇਂ-ਸਮੇਂ ’ਤੇ ਪਾਏ ਅਹਿਮ ਯੋਗਦਾਨ ਤੇ ਪੁਰਾਣੇ ਸਮੇਂ ਦੀਆਂ ਕੁਰਹਿਤਾਂ ਵਿਰੁੱਧ ਉਠਾਈਆਂ ਆਵਾਜ਼ਾਂ ਦਾ ਅਜੋਕੇ ਦੌਰ ’ਚ ਨਿਖੇਧ ਹੀ ਸਮਝਿਆ ਜਾਣਾ ਚਾਹੀਦਾ ਹੈ। ਮੌਜੂਦਾ ਮੁਸ਼ਕਿਲਾਂ ਦਾ ਹੱਲ ਬੀਤੇ ਦੀਆਂ ਪਿਛਾਖੜੀ ਵਿਚਾਰਾਂ ਦੀ ਮੁੜ ਸੁਰਜੀਤੀ ਨਾਲ ਉੱਕਾ ਹੀ ਨਹੀਂ ਹੋਣਾ। ਲੋੜ ਤਾਂ ਹਰ ਸਮੱਸਿਆ ਲਈ ਜ਼ਿੰਮੇਵਾਰ ਮੌਜੂਦਾ ਆਰਥਿਕ-ਸਮਾਜਿਕ ਢਾਂਚੇ ਦੀ ਹਕੀਕਤ ਨੂੰ ਪਛਾਣਦਿਆਂ ਇਸ ਨੂੰ ਬਦਲਣ ਲਈ ਵਿਗਿਆਨਕ ਸੇਧ ਅਨੁਸਾਰ ਯੁੱਧ ਲੜਦੇ ਹੋਏ ਅੱਗੇ ਵਧਣ ਦੀ ਹੈ।
ਮਨੁੱਖ ਜਾਤੀ ਨੂੰ ਦਰਪੇਸ਼ ਮੁਸੀਬਤਾਂ ਦਾ ਹਕੀਕੀ ਹੱਲ, ਲੁੱਟ-ਖਸੁੱਟ, ਬੇਇਨਸਾਫ਼ੀ ਤੇ ਵੱਖੋ-ਵੱਖ ਤਰ੍ਹਾਂ ਦੀਆਂ ਵਧੀਕੀਆਂ ਲਈ ਜ਼ਿੰਮੇਵਾਰ ਪੂੰਜੀਵਾਦੀ ਪ੍ਰਬੰਧ ਦੀ ਥਾਂ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ’ਤੇ ਆਧਾਰਤ ‘ਸਮਾਜਵਾਦ’ ਦੀ ਸਥਾਪਨਾ ਹੀ ਹੈ। 1990ਵਿਆਂ ਅੰਦਰ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਦੇ ਢਹਿ-ਢੇਰੀ ਹੋ ਜਾਣ ਪਿਛੋਂ ਸਮਾਜਵਾਦ ਦਾ ਸੰਕਲਪ ਵਕਤੀ ਤੌਰ ’ਤੇ ਧੁੰਦਲਾ ਪੈ ਗਿਆ ਸੀ। ਪ੍ਰੰਤੂ ਇਹ ਯਥਾਰਥ ਯਥਾਰਥ ਸੰਸਾਰ ਪੱਧਰ ’ਤੇ ਹੁਣ ਫਿਰ ਸ਼ਿੱਦਤ ਨਾਲ ਅਨੁਭਵ ਕੀਤਾ ਜਾ ਰਿਹਾ ਹੈ।
ਮੰਗਤ ਰਾਮ ਪਾਸਲਾ