ਹਿੰਦੂ-ਸਿੱਖ ਏਕਤਾ ਦੇ ਚਾਨਣ-ਮੁਨਾਰੇ ਸਨ ਅਮਰ ਸ਼ਹੀਦ ਰਾਮਪ੍ਰਕਾਸ਼ ਪ੍ਰਭਾਕਰ

Saturday, Dec 06, 2025 - 05:23 PM (IST)

ਹਿੰਦੂ-ਸਿੱਖ ਏਕਤਾ ਦੇ ਚਾਨਣ-ਮੁਨਾਰੇ ਸਨ ਅਮਰ ਸ਼ਹੀਦ ਰਾਮਪ੍ਰਕਾਸ਼ ਪ੍ਰਭਾਕਰ

5 ਦਸੰਬਰ 1991 ਦੀ ਸ਼ਾਮ ਅਤੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਅੱਤਵਾਦ ਆਪਣੇ ਸਿਖਰ 'ਤੇ ਸੀ। ਸ਼ਾਮ 4 ਵਜੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਇਕ ਪ੍ਰੌਢ ਅਧਿਕਾਰੀ ਸਕੂਟਰ 'ਤੇ ਸਵਾਰ ਹੋ ਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਤੋਂ ਕਾਦੀਆਂ ਆ ਰਹੇ ਸਨ। ਇੰਨੇ ਵਿੱਚ ਰਸਤੇ ਵਿੱਚ ਸਟੇਨਗੰਨਾਂ ਅਤੇ ਏ. ਕੇ.-47 ਰਾਈਫਲਾਂ ਨਾਲ ਲੈਸ ਤਿੰਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਸੰਘ ਦੇ ਇਹ ਸਵੈ.ਸੇਵਕ ਘਬਰਾਏ ਨਹੀਂ, ਸ਼ਾਖਾ ਵਿੱਚ ਖੇਡੀ ਜਾਣ ਵਾਲੀ ਕਬੱਡੀ ਦੇ ਖਿਡਾਰੀਆਂ ਵਾਂਗ ਇਕੱਲਿਆਂ ਹੀ ਤਿੰਨਾਂ ਨਾਲ ਭਿੜ ਗਏ। ਉਹ ਨਾ ਸਿਰਫ਼ ਭਿੜੇ ਹੀ, ਸਗੋਂ ਉਨ੍ਹਾਂ 'ਤੇ ਭਾਰੀ ਵੀ ਪੈਣ ਲੱਗੇ ਪਰ ਬੇਤਹਾਸ਼ਾ ਹੋ ਕੇ ਅੱਤਵਾਦੀਆਂ ਨੇ ਰਾਈਫਲ ਦੇ ਬੱਟਾਂ ਨਾਲ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੇਹੋਸ਼ ਹੋਣ 'ਤੇ ਆਪਣੇ ਨਾਲ ਲੈ ਗਏ। ਤਿੰਨ ਦਿਨ ਉਨ੍ਹਾਂ ਨੂੰ ਭਿਆਨਕ ਤਸੀਹੇ ਦਿੱਤੇ ਗਏ, ਭੁੱਖੇ-ਪਿਆਸੇ ਰੱਖਿਆ ਗਿਆ ਅਤੇ 8 ਦਸੰਬਰ ਨੂੰ ਰਾਤ ਦੇ ਲਗਭਗ ਦਸ ਵਜੇ ਗੋਲ਼ੀਆਂ ਮਾਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਰੁਦਰਾਵਤਾਰ ਹਨੂੰਮਾਨਜੀ ਵਰਗੀ ਜੀਵਨ ਪ੍ਰਵਿਰਤੀ ਦੇ ਇਹ ਸਵੈ. ਸੇਵਕ ਕੋਈ ਹੋਰ ਨਹੀਂ ਸਗੋਂ ਕਾਦੀਆਂ ਦੇ ਰਹਿਣ ਵਾਲੇ ਸ਼੍ਰੀ ਰਾਮਪ੍ਰਕਾਸ਼ ਪ੍ਰਭਾਕਰ ਸਨ, ਜਿਨ੍ਹਾਂ ਨੇ ਦੇਸ਼ ਵੰਡ ਸਮੇਂ ਮੁਸਲਿਮ ਲੀਗੀਆਂ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ, ਗਾਂਧੀ ਹੱਤਿਆ ਤੋਂ ਬਾਅਦ ਸੰਘ 'ਤੇ ਪਾਬੰਦੀ ਅਤੇ ਐਮਰਜੈਂਸੀ ਦੌਰਾਨ ਲੋਕਤੰਤਰ ਬਚਾਉਣ ਤੱਕ ਦੇ ਸੰਘਰਸ਼ਾਂ ਵਿੱਚ ਤਤਕਾਲੀਨ ਸੱਤਾਧਾਰੀਆਂ ਨਾਲ ਲੋਹਾ ਲਿਆ। ਸੰਘਰਸ਼ਾਂ ਵਿੱਚ ਤਪ ਕਰਕੇ ਉਹ ਸੋਨੇ ਤੋਂ ਕੁੰਦਨ ਬਣ ਚੁੱਕੇ ਸਨ ਅਤੇ ਪੰਜਾਬ ਵਿੱਚ ਅੱਤਵਾਦ ਦੌਰਾਨ ਹਿੰਦੂ-ਸਿੱਖ ਏਕਤਾ ਦੇ ਚਾਨਣ-ਮੁਨਾਰੇ ਬਣੇ ਹੋਏ ਸਨ।

ਇਹ ਵੀ ਪੜ੍ਹੋ: Instagram ਦੀ ਐਡ ਨੇ ਕੁੜੀ ਨੂੰ ਪਾਇਆ ਭੜਥੂ! ਵੇਖਣ ਲੱਗੀ ਕੈਨੇਡਾ ਦੇ ਸੁਫ਼ਨੇ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

15 ਸਤੰਬਰ 1924 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਹਰਚੋਵਾਲ ਵਿੱਚ ਜਨਮੇ ਰਾਮਪ੍ਰਕਾਸ਼ ਜੀ ਦਾ ਬਚਪਨ ਤੋਂ ਹੀ ਘਰ ਨਾਲੋਂ ਵੱਧ ਦੇਸ਼ ਅਤੇ ਸਮਾਜ ਵੱਲ ਧਿਆਨ ਰਹਿੰਦਾ ਸੀ। ਤੁਹਾਡਾ ਵਿਆਹ ਸ਼੍ਰੀਮਤੀ ਕੈਲਾਸ਼ਵੰਤੀ ਨਾਲ ਹੋਇਆ ਜੋ ਅੰਮ੍ਰਿਤਸਰ ਦੇ ਪਿੰਡ ਰੂਪੋਂਵਾਲੀ ਦੇ ਰਹਿਣ ਵਾਲੇ ਸਨ। 1944 ਵਿੱਚ ਉਹ ਸੰਘ ਦੇ ਸੰਪਰਕ ਵਿੱਚ ਆਏ। ਦੂਜੇ ਸਾਲ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਹ ਸੰਘ ਦੇ ਪ੍ਰਚਾਰਕ ਬਣਨ। ਆਪਣੀ ਇਹ ਇੱਛਾ ਉਸ ਸਮੇਂ ਦੇ ਪ੍ਰਾਂਤ ਪ੍ਰਚਾਰਕ ਸ਼੍ਰੀ ਮਾਧਵ ਰਾਵ ਮੁਲੇ ਦੇ ਸਾਹਮਣੇ ਰੱਖੀ ਪਰ ਤੁਹਾਡੇ ਪਰਿਵਾਰਕ ਹਾਲਾਤ ਕਾਰਨ ਇਜਾਜ਼ਤ ਨਹੀਂ ਮਿਲੀ ਪਰ ਮਨ ਹੀ ਮਨ ਵਿੱਚ ਪ੍ਰਣ ਕਰ ਲਿਆ ਕਿ ਇਕ ਪੁੱਤਰ ਨੂੰ ਪੂਰੀ ਜ਼ਿੰਦਗੀ ਲਈ ਸੰਘ ਦੇ ਕੰਮ ਵਿਚ ਸਮਰਪਿਤ ਕਰ ਦਿਆਂਗੇ। ਉਨ੍ਹਾਂ ਦਾ ਇਹ ਸੁਫ਼ਨਾ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਅਸ਼ੋਕ ਪ੍ਰਭਾਕਰ ਨੇ ਪ੍ਰਚਾਰਕ ਬਣ ਕੇ ਪੂਰਾ ਕੀਤਾ ਜੋ ਇਸ ਸਮੇਂ ਹਿੰਦੂ ਜਾਗਰਣ ਮੰਚ ਦੇ ਰਾਸ਼ਟਰੀ ਸੰਯੋਜਕ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ ਭਾਜਪਾ

ਦੇਸ਼ ਨੇ 1947 ਵਿੱਚ ਵੰਡ ਦੀ ਭਿਆਨਕਤਾ ਝੱਲੀ, ਇਸ ਦੌਰਾਨ ਲੱਖਾਂ ਲੋਕ ਮਾਰੇ ਗਏ ਅਤੇ ਕਰੋੜਾਂ ਨੂੰ ਬੇਘਰ ਹੋਣਾ ਪਿਆ। ਕਾਦੀਆਂ ਇਲਾਕੇ ਵਿੱਚ ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਸਹਾਰਾ ਦੇਣ ਅਤੇ ਵਸਾਉਣ ਵਿੱਚ ਇਥੋਂ ਦੇ ਨੌਜਵਾਨਾਂ ਦੀ ਅਗਵਾਈ ਰਾਮਪ੍ਰਕਾਸ਼ ਪ੍ਰਭਾਕਰ ਨੇ ਕੀਤੀ। ਸਥਾਨਕ ਹਿੰਦੂ-ਸਿੱਖਾਂ ਨੂੰ ਦੰਗਾਕਾਰੀਆਂ ਤੋਂ ਬਚਾਇਆ। ਉੱਜੜ ਕੇ ਆਏ ਲੋਕਾਂ ਦੇ ਦੁੱਖ਼-ਦਰਦ ਵਿੱਚ ਉਨ੍ਹਾਂ ਦੇ ਨਾਲ ਦਿਨ-ਰਾਤ ਸ਼ਾਮਲ ਹੋਏ। ਉਨ੍ਹਾਂ ਲਈ ਲੰਗਰ ਲਗਵਾਏ, ਰਹਿਣ ਦੀ ਵਿਵਸਥਾ ਕਰਵਾਈ। 30 ਜਨਵਰੀ 1948 ਵਿੱਚ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਸੰਘ 'ਤੇ ਪਾਬੰਦੀ ਲੱਗ ਗਈ। ਗਾਂਧੀ ਜੀ ਦੇ ਕਾਤਲ ਦਾ ਸੰਘ ਨਾਲ ਦੂਰ-ਦੂਰ ਤੱਕ ਕੋਈ ਸੰਬੰਧ ਨਹੀਂ ਸੀ। ਤਤਕਾਲੀਨ ਸਰਸੰਘਚਾਲਕ ਸ਼੍ਰੀ ਗੁਰੂਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਗੁਰੂਜੀ ਨੇ ਸਵੈ. ਸੇਵਕਾਂ ਨੂੰ ਤੇਰ੍ਹਾਂ ਦਿਨਾਂ ਦਾ ਗਾਂਧੀ ਜੀ ਦੀ ਹੱਤਿਆ ਦਾ ਸੋਗ ਮਨਾਉਣ ਦਾ ਨਿਰਦੇਸ਼ ਦਿੱਤਾ ਸੀ। ਸਰਕਾਰ ਦੇ ਦਮਨ ਨੂੰ ਖ਼ਤਮ ਕਰਨ ਲਈ ਫਰਵਰੀ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ। ਲੱਖਾਂ ਕਾਰਕੁਨ ਗ੍ਰਿਫ਼ਤਾਰ ਕਰ ਲਏ ਗਏ। ਗੁਰਦਾਸਪੁਰ ਜ਼ਿਲ੍ਹੇ ਵਿੱਚ ਸੱਤਿਆਗ੍ਰਹਿ ਦੌਰਾਨ ਰਾਮਪ੍ਰਕਾਸ਼ ਪ੍ਰਭਾਕਰ, ਪੰ. ਉਮਾਸ਼ੰਕਰ, ਰਿਸ਼ੀਦੱਤ ਗੁਲਾਟੀ, ਸਰਦਾਰੀ ਲਾਲ ਗਾਂਧੀ, ਪੰਨਾ ਲਾਲ ਧਾਰੀਵਾਲ, ਚਮਨ ਲਾਲ ਬਟਾਲਾ ਅਤੇ ਹੋਰਨਾਂ ਦੀ ਅਗਵਾਈ ਵਿੱਚ ਜੇਲ੍ਹਾਂ ਭਰ ਦਿੱਤੀਆਂ। ਪ੍ਰਭਾਕਰ ਜੀ ਯੌਲ ਕੈਂਪ ਜੇਲ੍ਹ (ਧਰਮਸ਼ਾਲਾ) ਵਿੱਚ ਲੋਕਾਂ ਤੋਂ ਹੱਥ ਉਠਵਾ ਕੇ ਗਾਉਂਦੇ ਹੋਏ ਜੋਸ਼ ਦਿਵਾਉਂਦੇ ਸਨ 

ਅਜ਼ਮਾਇਆ ਜਾਵੇਗਾ, ਕੌਣ ਅੱਗੇ ਵੱਧ ਕੇ ਪਹਿਲਾਂ ਪਹਿਲੀ ਗੋਲ਼ੀ ਖਾਵੇਗਾ?
ਜਦੋਂ ਸਰਕਾਰ ਨੂੰ ਕੁਝ ਨਹੀਂ ਮਿਲਿਆ ਤਾਂ ਕਈ ਮਹੀਨਿਆਂ ਵਿੱਚ ਸਭ ਨੂੰ ਰਿਹਾ ਕਰ ਦਿੱਤਾ। ਸਰਕਾਰ ਨੇ ਭਰੋਸੇ ਤੋਂ ਬਾਅਦ ਵੀ ਸੰਘ ਤੋਂ ਪਾਬੰਦੀ ਨਹੀਂ ਹਟਾਈ ਤਾਂ ਫਿਰ ਤੋਂ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਗਿਆ। ਦੱਸਦੇ ਹਨ ਕਿ ਇਸ ਦੌਰਾਨ ਪੁਲਸ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਪਿੱਛੇ ਪਈ ਹੋਈ ਸੀ। ਇਕ ਵਾਰ ਇਕ ਸਬ-ਇੰਸਪੈਕਟਰ ਦੋ ਸਿਪਾਹੀਆਂ ਨਾਲ ਆਏ ਅਤੇ ਪ੍ਰਭਾਕਰ ਤੋਂ ਹੀ ਉਨ੍ਹਾਂ ਦੇ ਘਰ ਦਾ ਪਤਾ ਪੁੱਛਣ ਲੱਗੇ ਅਤੇ ਉਨ੍ਹਾਂ ਨੇ ਦੂਰੋਂ ਹੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਘਰ ਉੱਧਰ ਹੈ। ਪੁਲਸ ਪਾਰਟੀ ਕੁਝ ਦੂਰ ਜਾ ਕੇ ਕਿਸੇ ਹੋਰ ਤੋਂ ਪੁੱਛਣ ਲੱਗੀ ਤਾਂ ਜਵਾਬ ਮਿਲਿਆ ਕਿ ਉਹ ਪ੍ਰਭਾਕਰ ਜੀ ਹੀ ਸਨ, ਜਿਨ੍ਹਾਂ ਨੇ ਤੁਹਾਨੂੰ ਆਪਣੇ ਘਰ ਦਾ ਪਤਾ ਦੱਸਿਆ ਪਰ ਜਨਵਰੀ 1949 ਨੂੰ ਤੁਸੀਂ ਗ੍ਰਿਫ਼ਤਾਰ ਕਰ ਲਏ ਗਏ। ਆਖਿਰ ਸਰਕਾਰ ਨੂੰ ਝੁਕਣਾ ਪਿਆ ਅਤੇ ਸੰਘ ਤੋਂ ਪਾਬੰਦੀ ਹਟਾ ਲਈ ਗਈ।

ਇਹ ਵੀ ਪੜ੍ਹੋ: ਹਾਏ ਗ਼ਰੀਬੀ! ਜਲੰਧਰ 'ਚ 5ਵੀਂ ਮੰਜ਼ਿਲ 'ਤੇ ਚੜ੍ਹ ਮਿਹਨਤ ਕਰਦੇ ਦੋ ਮਜ਼ਦੂਰ ਅਚਾਨਕ ਡਿੱਗੇ ਹੇਠਾਂ, ਤੇ ਫਿਰ...

1951 ਵਿੱਚ ਜਨਸੰਘ ਦੀ ਸਥਾਪਨਾ ਹੋਈ ਅਤੇ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਸੰਗਠਨ ਮੰਤਰੀ ਬਣਾਏ ਗਏ। ਰਿਸ਼ੀਦੱਤ ਗੁਲਾਟੀ ਤੁਹਾਡੇ ਸਹਾਇਕ ਬਣੇ। ਨਗਰ ਕਮੇਟੀਆਂ ਵਿੱਚ ਜਨਸੰਘ ਦੀ ਜਿੱਤ ਹੋਈ ਪਰ ਸਰਕਾਰ ਕਮੇਟੀ 'ਤੇ ਜਨਸੰਘ ਦੀ ਜਿੱਤ ਨੂੰ ਨਕਾਰਦੀ ਰਹੀ ਅਤੇ ਜਿੱਤੇ ਹੋਏ ਦਲ ਨੂੰ ਸੱਤਾ ਸੌਂਪਣ ਲਈ ਤਿਆਰ ਨਹੀਂ ਹੋਈ। ਇਸ ਲਈ ਜਨ-ਅੰਦੋਲਨ ਹੋਇਆ। ਸਰਕਾਰ ਨੇ ਪੰਡਿਤ ਉਮਾ ਸ਼ੰਕਰ ਬਟਾਲਾ, ਪ੍ਰਭਾਕਰ ਜੀ, ਰਾਮਦਿਆਲ, ਰਿਸ਼ੀਦੱਤ ਗੁਲਾਟੀ ਬਟਾਲਾ ਅਤੇ ਪੰਨਾ ਲਾਲ ਧਾਰੀਵਾਲ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ। ਨਿਆਂ ਲਈ ਅਦਾਲਤ ਗਏ ਅਤੇ ਮਾਮਲਾ ਸੁਪਰੀਮ ਕੋਰਟ ਤੱਕ ਗਿਆ। ਜੱਜ ਸ਼੍ਰੀ ਹਿਦਾਇਤੁੱਲਾਹ ਖ਼ਾਨ ਨੇ ਫ਼ੈਸਲਾ ਇਨ੍ਹਾਂ ਦੇ ਹੱਕ ਵਿੱਚ ਦਿੱਤਾ। ਬਟਾਲਾ ਕਮੇਟੀ ਵਿੱਚ ਜਨਸੰਘ ਵਾਰ-ਵਾਰ ਚੋਣ ਜਿੱਤਦੀ ਰਹੀ ਅਤੇ 17  ਸਾਲ ਤੱਕ ਕਮੇਟੀ 'ਤੇ ਇਨ੍ਹਾਂ ਦਾ ਰਾਜ ਰਿਹਾ।

ਇਹ ਵੀ ਪੜ੍ਹੋ: ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ ਮਿਲੀ ਖ਼ਾਸ ਸਹੂਲਤ

1953 ਵਿੱਚ ਕਸ਼ਮੀਰ ਸੱਤਿਆਗ੍ਰਹਿ ਅੰਦੋਲਨ ਦੌਰਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਜਦੋਂ ਕਸ਼ਮੀਰ ਜਾ ਰਹੇ ਸਨ ਤਾਂ ਪ੍ਰਭਾਕਰ ਜੀ ਸੈਂਕੜੇ ਕਾਰਕੁਨਾਂ ਨਾਲ ਬਟਾਲਾ ਤੋਂ ਮਾਧੋਪੁਰ ਤੱਕ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਦੇ ਕਸ਼ਮੀਰ ਵਿੱਚ ਬਲੀਦਾਨ 'ਤੇ ਤੁਸੀਂ ਇਕ ਦਿਲ ਨੂੰ ਛੂਹਣ ਵਾਲੀ ਮਾਰਮਿਕ ਕਵਿਤਾ ਲਿਖੀ -
ਜ਼ਾਲਿਮ ਨੂੰ ਜ਼ੁਲਮ ਕੀ ਬਰਛੀ ਸੇ 
ਤੁਮ ਸੀਨਾ-ਏ-ਦਿਲ ਭਰਮਾਨੇ ਦੋ 
ਯੇ ਦਰਦ ਰਹੇਗਾ ਬਣ ਕੇ ਦਵਾ 
ਤੁਮ ਸਬਰ ਕਰੋ ਵਕਤ ਆਣੇ ਦੋ।

ਪ੍ਰਭਾਕਰ ਜੀ ਨੇ ਆਪਣੇ ਜੀਵਨ ਕਾਲ ਵਿੱਚ ਹਰ ਜਨ-ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਗਊ-ਰੱਖਿਆ ਅੰਦੋਲਨ, ਹਿੰਦੀ ਅੰਦੋਲਨ, ਪ੍ਰੌਢ ਸਿੱਖਿਆ ਅੰਦੋਲਨ ਦੀ ਅਗਵਾਈ ਇਨ੍ਹਾਂ ਨੇ ਕੀਤੀ। 1975 ਵਿੱਚ ਜੂਨ ਮਹੀਨੇ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ। ਸੰਗਠਨ ਵੱਲੋਂ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕਰਨ ਦਾ ਫ਼ੈਸਲਾ ਲਿਆ ਗਿਆ। ਪ੍ਰਭਾਕਰ ਜੀ ਲੰਬੇ ਸਮੇਂ ਤੱਕ ਪੁਲਸ ਨੂੰ ਚਕਮਾ ਦਿੰਦੇ ਰਹੇ। ਬਾਹਰ ਰਹਿ ਕੇ ਸੰਗਠਨ ਦਾ ਕੰਮ ਕਰਦੇ ਰਹੇ। ਆਖਿਰ ਫੜੇ ਗਏ ਅਤੇ ਇਕ ਸਾਲ ਜੇਲ੍ਹ ਵਿੱਚ ਰਹੇ। 1977 ਵਿੱਚ ਐਮਰਜੈਂਸੀ ਨੂੰ ਹਟਾ ਲਿਆ ਗਿਆ। ਰਾਮਪ੍ਰਕਾਸ਼ ਪ੍ਰਭਾਕਰ ਦੋ ਸਾਲ ਕਾਦੀਆਂ ਨਗਰ ਪਾਲਿਕਾ ਦੇ ਪ੍ਰਧਾਨ ਰਹੇ। ਉਹ ਸਮਾਜ ਦੇ ਹਰ ਵਰਗ ਨੂੰ ਸਵੀਕਾਰਯੋਗ ਸਨ। 30 ਅਕਤੂਬਰ 1990 ਨੂੰ ਕਾਦੀਆਂ ਤੋਂ ਚਾਰ ਸਾਥੀਆਂ ਨੂੰ ਨਾਲ ਲੈ ਕੇ ਅਯੁੱਧਿਆ ਵਿੱਚ ਰਾਮ-ਮੰਦਰ ਨਿਰਮਾਣ ਅੰਦੋਲਨ ਲਈ 165 ਕਿਲੋਮੀਟਰ ਪੈਦਲ ਚੱਲ ਕੇ ਪੁਲਸ ਤੋਂ ਬਚਦੇ-ਬਚਦੇ, ਖੇਤਾਂ-ਪਾਣੀ ਤੋਂ ਗੁਜ਼ਰਦੇ ਹੋਏ ਅਯੁੱਧਿਆ ਪਹੁੰਚੇ ਅਤੇ ਕਾਰਸੇਵਾ ਕੀਤੀ।

ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਲੋਕ ਛੇ ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਹਰ ਇਕ ਦੀ ਸਹਾਇਤਾ ਕਰਨਾ ਉਨ੍ਹਾਂ ਦੇ ਸੁਭਾਅ ਵਿੱਚ ਸੀ, ਨਿਡਰ ਪ੍ਰਭਾਕਰ ਜੀ ਅੱਧੀ ਰਾਤ ਨੂੰ ਵੀ ਕੋਈ ਆ ਜਾਂਦਾ ਤਾਂ ਉਨ੍ਹਾਂ ਦੇ ਨਾਲ ਚੱਲ ਪੈਂਦੇ ਸਨ। ਪਤਨੀ ਹਮੇਸ਼ਾ ਚਿਤਾਵਨੀ ਦਿੰਦੀ ਰਹਿੰਦੀ ਸੀ ਕਿ ਹਨ੍ਹੇਰਾ ਹੋਣ 'ਤੇ ਇਸ ਤਰ੍ਹਾਂ ਘਰੋਂ ਨਾ ਜਾਇਆ ਕਰੋ ਪਰ ਪ੍ਰਭਾਕਰ ਜੀ ਕਿੱਥੇ ਮੰਨਣ ਵਾਲੇ ਸਨ। ਨੇੜਲੇ ਪਿੰਡਾਂ ਵਿੱਚ ਅੱਤਵਾਦ ਵਿੱਚ ਸ਼ਾਮਲ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਤੁਸੀਂ ਨਿਡਰਤਾ ਨਾਲ ਸਮਝਾਉਣ ਚਲੇ ਜਾਂਦੇ। ਜਦੋਂ ਅੱਤਵਾਦੀ ਕਿਸੇ ਦਾ ਅਗਵਾ ਕਰ ਲੈਂਦੇ ਅਤੇ ਫਿਰੌਤੀ ਮੰਗਦੇ, ਤਦ ਪ੍ਰਭਾਕਰ ਜੀ ਖ਼ੁਦ ਲੱਭ ਕੇ ਸਿੱਧੇ ਉਨ੍ਹਾਂ ਕੋਲ ਜਾਂਦੇ ਅਤੇ ਅਗਵਾ ਕੀਤੇ ਵਿਅਕਤੀ ਨੂੰ ਛੁਡਵਾ ਕੇ ਲਿਆਉਂਦੇ ਸਨ। ਪ੍ਰਭਾਕਰ ਜੀ ਦਾ ਕਾਦੀਆਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇੰਨਾ ਸਨਮਾਨ ਸੀ ਕਿ ਕਾਦੀਆਂ ਅੱਤਵਾਦ ਦੌਰਾਨ ਸੁਰੱਖਿਅਤ ਰਿਹਾ।

ਪ੍ਰਭਾਕਰ ਜੀ ਦਾ ਨਿਡਰ ਰਹਿ ਕੇ ਸਮਾਜ ਨੂੰ ਜੋੜੀ ਰੱਖਣਾ ਅਤੇ ਕਾਦੀਆਂ ਨੂੰ ਅੱਤਵਾਦ ਤੋਂ ਅਪ੍ਰਭਾਵਿਤ ਰੱਖਣਾ ਅੱਤਵਾਦੀਆਂ ਦੇ ਆਕਾਵਾਂ ਦੇ ਗਲੇ ਨਹੀਂ ਉਤਰ ਰਿਹਾ ਸੀ। ਤੁਹਾਡੇ ਵਿਰੁੱਧ ਉਨ੍ਹਾਂ ਦੁਆਰਾ ਸਾਜ਼ਿਸ਼ਾਂ ਰਚੀਆਂ ਜਾਣ ਲੱਗੀਆਂ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨਗਰ ਪ੍ਰਧਾਨ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਤੁਸੀਂ ਉਨ੍ਹਾਂ ਦੇ ਗੜ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਛੁਡਾਉਣ ਦੇ ਯਤਨ ਵਿੱਚ ਜੁਟ ਗਏ। 5 ਦਸੰਬਰ 1991 ਦੇ ਦਿਨ ਇਸੇ ਸਿਲਸਿਲੇ ਵਿੱਚ ਤੁਸੀਂ ਸ਼ਾਮ ਪੰਜ ਵਜੇ ਬਟਾਲਾ ਤੋਂ ਇਕੱਲੇ ਆਪਣੇ ਦੋਪਹੀਆ ਵਾਹਨ 'ਤੇ ਕਾਦੀਆਂ ਆ ਰਹੇ ਸੀ। ਰਸਤੇ ਵਿੱਚ ਗੰਨਿਆਂ ਦੇ ਖੇਤ ਵਿੱਚ ਲੁਕੇ ਅੱਤਵਾਦੀਆਂ ਨੇ ਤੁਹਾਨੂੰ ਘੇਰ ਲਿਆ। ਤੁਸੀਂ ਨਿਹੱਥੇ ਹੁੰਦੇ ਹੋਏ ਵੀ ਉਨ੍ਹਾਂ ਸਭ ਨਾਲ ਇਕੱਲੇ ਹੀ ਲੜ ਪਏ। ਬਹੁਤ ਹਿੰਮਤ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਗਿਣਤੀ ਵਿੱਚ ਵੱਧ ਹੋਣ ਕਾਰਨ ਉਹ ਤੁਹਾਡੇ 'ਤੇ ਭਾਰੀ ਪੈ ਗਏ ਅਤੇ ਤੁਹਾਡਾ ਅਗਵਾ ਕਰ ਲਿਆ। 8 ਦਸੰਬਰ ਨੂੰ ਤੁਹਾਡਾ ਕਤਲ ਕਰ ਦਿੱਤਾ ਗਿਆ। ਪ੍ਰਭਾਕਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ 7 ਦਸੰਬਰ 2025 ਨੂੰ ਕਾਦੀਆਂ ਵਿੱਚ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ।
- ਰਾਕੇਸ਼ ਸੈਨ
32, ਖੰਡਾਲਾ ਫਾਰਮ, ਪਿੰਡ ਅਤੇ ਡਾਕਖਾਨਾ, ਲਿੱਧੜਾਂ, ਜਲੰਧਰ।
ਸੰਪਰਕ: 77106-55605

ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ


author

shivani attri

Content Editor

Related News