ਸਮਾਜ ਦੇ ਕੋਲ ਪੈਸਾ ਤਾਂ ਆਇਆ, ਪਰ ਆਪਣਿਆਂ ਤੋਂ ਦੂਰ ਲੈ ਗਿਆ
Tuesday, Dec 02, 2025 - 05:00 PM (IST)
ਡੀ. ਆਈ. ਜੀ. ਭੁੱਲਰ ਦੇ ਨੋਟਾਂ ਦੇ ਬੰਡਲਾਂ ਨੂੰ ਅਜੇ ਸਮਾਜ ਗਿਣ ਹੀ ਰਿਹਾ ਸੀ ਕਿ ਬਾਲੀਵੁੱਡ ਦੇ ‘ਸੁਪਰ-ਸਟਾਰ’ ਅਤੇ ‘ਹੀ-ਮੈਨ’ ਧਰਮਿੰਦਰ ਦੀ ਦੌਲਤ ਦੇ ਕਿੱਸੇ ਲੋਕ ਚਟਕਾਰੇ ਲੈ ਕੇ ਸੁਣਨ ਲੱਗੇ। ਇੰਨੀ ਦੌਲਤ ਵੀ ਕਿਸ ਕੰਮ ਦੀ ਕਿ ਆਦਮੀ ਦੀ ਮੌਤ ਤੋਂ ਬਾਅਦ ਜਵਾਈ-ਭਾਈ ਐਸ਼ ਕਰਨ? ਪੈਸੇ ਦੇ ਵਾਸਤੇ ਤਾਂ ਸਮਾਜ ਆਪਣਿਆਂ ਦੇ ਖੂਨ ਦਾ ਪਿਆਸਾ ਬਣਿਆ ਰਿਹਾ ਹੈ। ਪੈਸੇ ਨੂੰ ਹੀ ਸਮਾਜ ’ਚ ਭਗਵਾਨ ਮੰਨ ਲਿਆ ਹੈ। ਪੈਸਿਆਂ ਦੀ ਤਿਜੌਰੀ ਦੀ ਪੂਜਾ ਹੋਣ ਲੱਗੀ ਹੈ। ਲਕਸ਼ਮੀ ਦੇਵੀ ਵੀ ਉਲੂ ਦੀ ਸਵਾਰ ਕਰ ਕੇ ਅਮੀਰਾਂ ਦੇ ਕੋਲ ਆਉਣ ਲੱਗੀ ਹੈ। ਮਨੁੱਖ ਧਨ ਦੇਵੀ ਦਾ ਉੱਲੂ ਬਣ ਗਿਆ। ਮਨੁੱਖ ਉਲੂ ਬਣ ਧਨ ਇਕੱਠਾ ਕਰਨ ਲੱਗ ਪਿਆ ਹੈ।
ਭਲਾ, ਇੰਨਾ ਧਨ ਡੀ. ਆਈ. ਜੀ. ਭੁੱਲਰ ਕਿਉਂ ਇਕੱਠਾ ਕਰ ਰਹੇ ਸਨ? ਕੀ ਉਨ੍ਹਾਂ ਨੂੰ ਇੰਨਾ ਵੀ ਗਿਆਨ ਨਹੀਂ ਕਿ ਇਹ ਪੈਸਾ ਨਾਲ ਜਾਣ ਵਾਲਾ ਨਹੀਂ? ਉਂਝ ਪਰਿਵਾਰ ਵਾਲੇ ਅੰਤਿਮ ਸਮੇਂ ਸਰੀਰ ’ਤੇ ਪਹਿਨੇ ਹੋਏ ਕੱਪੜੇ ਵੀ ਉਤਾਰ ਲੈਂਦੇ ਹਨ। ਇਨਸਾਨ ਨੰਗਾ ਇਸ ਦੁਨੀਆ ’ਚ ਆਇਆ ਅਤੇ ਨੰਗਾ ਹੀ ਚਲਿਆ ਜਾਵੇਗਾ। ਇੰਨਾ ਗਿਆਨ ਤਾਂ ਭੁੱਲਰ ਸਾਹਿਬ ਨੂੰ ਹੋਣਾ ਵੀ ਚਾਹੀਦਾ ਸੀ। ਫਿਲਮੀ ਦੁਨੀਆ ’ਚ ਧਰਮਿੰਦਰ ਇਕ ਸਾਧਾਰਨ ਕਿਸਾਨ ਦੇ ਰੂਪ ’ਚ ਆਏ ਸਨ। ਮੰਨਿਆ ਕਿ ਧਰਮਿੰਦਰ ਇਕ ਵਧੀਆ ਐਕਟਰ ਸਨ, ਸੁੰਦਰ ਕਾਇਆ ਸੀ, ਇੱਜ਼ਤ ਵੀ ਉਨ੍ਹਾਂ ਨੇ ਖੂਬ ਬਟੋਰੀ ਸੀ ਪਰ ਇੰਨਾ ਕੁਝ ਹੋਣ ’ਤੇ ਵੀ ਧਰਮਿੰਦਰ ਕੋਠੀਆਂ, ਬੰਗਲੇ ਅਤੇ ਫਾਰਮ-ਹਾਊਸ ਬਣਾਉਂਦੇ ਚਲੇ ਗਏ। ਦੋ-ਦੋ ਧਰਮਪਤਨੀਆਂ, ਅਭਿਨੈ ’ਚ ਪੁੱਤਰਾਂ-ਪੋਤਰਿਆਂ ਦਾ ਵੱਖ-ਵੱਖ ਮੁਕਾਮ ਸੀ। ਫਿਰ ਵੀ ਪੈਸੇ ਦੀ ਇੰਨੀ ਲਾਲਸਾ, ਇੰਨਾ ਮੋਹ? ਮਾਇਆ ਨਾਲ ਤਾਂ ਗਈ ਨਹੀਂ, ਜਵਾਈ-ਰਾਜਿਆਂ ਦੇ ਹੀ ਕੰਮ ਆਈ ਨਾ? ਉਨ੍ਹਾਂ ਨੇ ਸਿਕੰਦਰ ਮਹਾਨ ਨੂੰ ਹੀ ਯਾਦ ਕਰ ਲਿਆ ਹੁੰਦਾ? ਸਿਕੰਦਰ ਜਦੋਂ ਇਸ ਦੁਨੀਆ ਤੋਂ ਗਿਆ ਤਾਂ ਉਸ ਦੇ ਦੋਵੇਂ ਹੱਥ ਖਾਲੀ ਸਨ।
ਮੰਨਿਆ ਕਿ ਪੈਸਾ ਬਹੁਤ ਜ਼ਰੂਰੀ ਹੈ ਪਰ ਪੈਸਾ ਭਗਵਾਨ ਤੋਂ ਨਹੀਂ ਹੈ। ਪੈਸਾ ਸਮਾਜ ’ਚ ਆਲਸ ਪੈਦਾ ਕਰਦਾ ਹੈ। ਪੈਸਾ ਸਮਾਜ ’ਚ ਪੂੰਜੀਵਾਦ ਨੂੰ ਜਨਮ ਦਿੰਦਾ ਹੈ। ਨਾ ਬਰਾਬਰੀ ਸਮਾਜ ’ਚ ਪੈਦਾ ਕਰਦਾ ਹੈ। ਕਿ ਇਹ ਨਾ ਬਰਾਬਰੀ ਫਰਾਂਸ ’ਚ ਇਕ ਨਵਾਂ ਇਨਕਲਾਬ ਲੈ ਕੇ ਨਹੀਂ ਆਈ? 1779 ਦੇ ਫਰਾਂਸ ਇਨਕਲਾਬ ਨੇ ਲੱਖਾਂ ਅਮੀਰ ਪਰਿਵਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੀ ਫਰਾਂਸ ਦੀ ਰਾਜਸ਼ਾਹੀ ਨੂੰ ਫਾਂਸੀ ’ਤੇ ਨਹੀਂ ਲਟਕਾਇਆ ਗਿਆ? ਰੂਸ ’ਚ 1914 ਦਾ ਇਨਕਲਾਬ ‘ਪੂੰਜੀਵਾਦ’ ਦੇ ਵਿਰੁੱਧ ਸੀ। ਰੂਸ ਦੇ ਇਸ ਇਨਕਲਾਬ ਨੇ ‘ਕਮਿਊਨਿਜ਼ਮ’ ਨੂੰ ਜਨਮ ਦਿੱਤਾ। ਲੱਖਾਂ ਲੋਕ ਇਸ ਇਨਕਲਾਬ ’ਚ ਮਾਰੇ ਗਏ। ਲੈਨਿਨ ਅਤੇ ਸਟਾਲਿਨ ਵਰਗੇ ਨੇਤਾ ਯੂ. ਐੱਸ. ਐੱਸ.ਆਰ. ਦੀ ਜ਼ਮੀਨ ’ਤੇ ਉਭਰ ਕੇ ਸਾਹਮਣੇ ਆਏ। ਮਹਾਭਾਰਤ ਦਾ ਯੁੱਧ ਕੀ ਰਾਜ-ਵੰਡ ਲਈ ਨਹੀਂ ਹੋਇਆ ਸੀ। ਜਰ-ਜ਼ੋਰੂ ਅਤੇ ਜ਼ਮੀਨ ਦੇ ਲਈ ਹਮੇਸ਼ਾ ਯੁੱਧ ਹੋਏ ਹਨ। ਫਿਰ ਇਕ ਦਿਨ ਮੌਤ ਆ ਜਾਂਦੀ ਹੈ।
ਰਾਜੇ-ਰਾਣੀਆਂ, ਸ਼ਹਿਨਸ਼ਾਹ, ਕਰੋੜਪਤੀ ਸਾਰੇ ਮਿੱਟੀ ’ਚ ਮਿਲ ਜਾਂਦੇ ਹਨ। ਪੈਸਾ, ਧਨ-ਦੌਲਤ, ਮਹਿਲ-ਮਾੜੀਆਂ, ਜਾਇਦਾਦ ਸਭ ਇੱਥੇ ਰਹਿ ਜਾਂਦੇ ਹਨ ਅਤੇ ਪਾਈ-ਪਾਈ ਕਰ ਧਨ ਇਕੱਠਾ ਕਰਨ ਵਾਲੇ ਚੱਲਦੇ ਬਣਦੇ ਹਨ। ਪਿੱਛੇ ਪਲਟ ਕੇ ਦੇਖੋ, ਕਿੰਨੇ ਸਾਡੇ ਪਿੱਤਰ-ਬਜ਼ੁਰਗ ਚਲੇ ਗਏ ਹਨ। ਕੀ ਮਾਇਆ ਡਾਇਨ ਨੇ ਕਿਸੇ ਵੀ ਕਰੋੜਪਤੀ ਨੂੰ ਬਖਸ਼ਿਆ? ਨਹੀਂ ਬਖਸ਼ਿਆ ਤਾਂ ਧਨ-ਦੌਲਤ ਦੇ ਮਾਅਨੇ ਕੀ ਹਨ? ਅੱਜ ਨਹੀਂ ਤਾਂ ਕਲ ਚਲੇ ਜਾਣਾ ਹੈ। ਰਹਿਣਾ ਨਹੀਂ ਦੇਸ਼ ਬੇਗਾਨਾ ਹੈ।
‘ਮਾਇਆ ਰੂਪੀ ਮਿੱਟੀ ਨਾ ਫਰੋਲ ਬੰਦਿਆ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਮੇਲਾ ਚਾਰ ਦਿਨਾਂ ਦਾ।’ ਧਨ-ਜਾਇਦਾਦ ਇਮਾਨਦਾਰੀ ਨਾਲ ਇਕੱਠੀ ਨਹੀਂ ਹੁੰਦੀ। ਸਾਤਵਿਕ-ਸਾਧਨਾ ਨਾਲ ਨੋਟਾਂ ਦੇ ਬੰਡਲ ਨਹੀਂ ਬਣਦੇ। ਨੋਟਾਂ ਦੇ ਬੰਡਲ ਭ੍ਰਿਸ਼ਟਾਚਾਰ ਨਾਲ, ਵਿਦੇਸ਼ੀ ਫੰਡਿੰਗ ਨਾਲ ਜਾਂ ਚੋਰੀ-ਚਾਰੀ ਕਰ ਕੇ ਇਕੱਠੇ ਕੀਤੇ ਜਾਂਦੇ ਹਨ।
ਇਮਾਨਦਾਰੀ ਨਾਲ ਤਾਂ ਕੋਈ ਵਿਰਲਾ ਹੀ ਇਨਸਾਨ ਅਮੀਰ ਬਣਦਾ ਹੈ। ਰੋਜ਼ ਕਿੰਨੇ ਨਵੇਂ ਬਣਾਏ ਪੁਲ, ਡੈਮ ਮੀਂਹ ਨੇ ਤਬਾਹ ਕਰ ਦਿੱਤੇ। ਇਸ ਦੇ ਪਿੱਛੇ ਰਾਜ ਹੈ-ਰੇਤ, ਬੱਜਰੀ ਅਤੇ ਸੀਮੈਂਟ ਦਾ ਘਪਲਾ। ਮੈਨੂੰ ਯਾਦ ਹੈ ਕਿ ਜਦੋਂ ਥੀਨ-ਡੈਮ (ਮਹਾਰਾਜਾ ਰਣਜੀਤ ਸਿੰਘ ਡੈਮ) ਬਣਨ ਲੱਗਾ ਸੀ ਤਾਂ ਮੇਰੇ ਵਿਧਾਨ ਸਭਾ ’ਚ ਪ੍ਰਸ਼ਨ ਪੁੱਛਣ ’ਤੇ ਲੱਖਾਂ ਟਨ ਸਰੀਆ ਅਤੇ ਸੀਮੈਂਟ ਰਾਵੀ-ਦਰਿਆ ’ਚ ਵਹਾਅ ਦਿੱਤਾ ਗਿਆ ਸੀ। ਕਿਉਂਕਿ ਉਹ ਸਰੀਆ-ਸੀਮੈਂਟ ਠੇਕੇਦਾਰਾਂ ਨੂੰ ਵੇਚਿਆ ਜਾਣ ਵਾਲਾ ਸੀ। ਪਠਾਨਕੋਟ ’ਚ ਥੀਨ-ਡੈਮ ਬਣਨ ਨਾਲ ਕਈ ਭੀਖ ਮੰਗੇ ਅਮੀਰਜ਼ਾਦੇ ਬਣ ਗਏ। ਕਈ ਅਫਸਰ ਮਾਲਾਮਾਲ ਹੋ ਗਏ। ਪੈਸਾ ਤਾਂ ਅਜਿਹੀ ਚੀਜ਼ ਹੈ ਜਿਸ ਪਾਸੇ ਵੀ ਸੁੱਟੋ, ਕਾਮਯਾਬੀ ਉਸ ਦੇ ਪੈਰ ਚੁੰਮੇਗੀ ਪਰ ਧਿਆਨ ਰੱਖੋ ਕਿ ਧਨਵਾਨ ਵਿਅਕਤੀ ਸਦਾ ਟੈਨਸ਼ਨ ’ਚ ਰਹੇਗਾ। ਉਸ ਨੂੰ ਹਰ ਪਲ ਇਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਮੇਰਾ ਧਨ ਖੋਹਿਆ ਨਾ ਜਾਵੇ। ਪੈਸੇ ਦੇ ਬਲ ’ਤੇ ਚਾਰ-ਚਾਰ, ਪੰਜ-ਪੰਜ ਵਿਆਹ ਹੋ ਰਹੇ ਹਨ। ਧਨ ਨਾਲ ਮਨੁੱਖ ਦੇ ਸਹਿਜ-ਸੁਭਾਅ ਨੂੰ ਨੁਕਸਾਨ ਹੁੰਦਾ ਹੈ। ਧਨਵਾਨ ਵਿਅਕਤੀ ਆਤਮ ਕ੍ਰੇਂਦਰਿਤ ਹੋ ਜਾਂਦਾ ਹੈ। ਕੁਦਰਤ, ਚੌਗਿਰਦੇ ਅਤੇ ਆਸ-ਪਾਸ ਦੇ ਲੋਕਾਂ ਨਾਲ ਉਸ ਦਾ ਮੋਹ ਨਹੀਂ ਰਹਿੰਦਾ। ਖਿੜੇ ਹੋਏ ਫੁੱਲਾਂ ’ਤੇ ਮੰਡਰਾਅ ਰਹੇ ਭਵਰਿਆਂ ਦੇ ਪ੍ਰਤੀ ਉਨ੍ਹਾਂ ਦੇ ਮਨ ’ਚ ਕੋਈ ਉਤਸ਼ਾਹ ਨਹੀਂ। ਫੁੱਲ, ਪੱਤੇ, ਪੌਦੇ, ਦਰੱਖਤ, ਹਰਿਆਲੀ ਦਾ ਮਨੁੱਖ ਜੀਵਨ ’ਚ ਕੀ ਮਹੱਤਵ ਹੈ। ਇਕ ਧਨਵਾਨ ਨੂੰ ਕੁਝ ਪਤਾ ਨਹੀਂ। ਕਲਕਲ ਕਰਦੀ ਨਦੀਆਂ ਤੋਂ, ਪਹਾੜਾਂ ਤੋਂ ਧਰਾਤਲ ’ਤੇ ਡਿੱਗਦੇ ਹੋਏ ‘ਵਾਟਰ ਫਾਲਜ਼’ ਤੋਂ ਧਨਵਾਨ ਵਿਅਕਤੀ ਦਾ ਮੋਹ ਟੁੱਟ ਜਾਂਦਾ ਹੈ। ਧਰਮੀ, ਚੰਨ-ਸੂਰਜ, ਖੰਡ-ਬ੍ਰਹਮੰਡ, ਦੇਸ਼-ਦੇਸ਼ਾਂਨਤਰ, ਦਸ਼ੋ ਦਿਸ਼ਾਵਾਂ, ਧਰਤੀ, ਆਕਾਸ਼ ਪਾਤਾਲ ਦੀ ਖੋਜ ਉਸਦੇ ਵਿਸ਼ੇ ਹੀ ਨਹੀਂ। ਜਿਸ ਪ੍ਰਭੂ ਨੇ ਧਨਵਾਨ ਵਿਅਕਤੀ ਨੂੰ ਸੁੰਦਰ ਸਰੀਰ ਦਿੱਤਾ ਉਸ ਪਰਮ-ਪਿਤਾ ਪ੍ਰਮਾਤਮਾ ’ਚ ਉਸ ਦੀ ਆਸਥਾ ਹੀ ਨਹੀਂ। ਪੈਸਾ ਉਸ ਦਾ ਭਗਵਾਨ ਹੈ ਪਰ ਇਕ ਗੱਲ ਸੱਚ ਹੈ, ਉਸ ਨੂੰ ਆਪਣੇ ਪਾਪਾਂ ਦੀ ਕਮਾਈ ਨੂੰ ਇੱਥੇ ਹੀ ਛੱਡ ਕੇ ਸੱਚੇ ਵਾਹਿਗੁਰੂ ਦੇ ਕੋਲ ਇਕੱਲਿਆਂ ਹੀ ਜਾਣਾ ਪਵੇਗਾ। ਇਥੇ ਉਸ ਦੇ ਕਰਮਾਂ ਦਾ ਭੁਗਤਾਨ ਹੋਵੇਗਾ। ਮਾਇਆ, ਸੰਸਾਰਿਕ ਬੰਧਨਾਂ, ਵਿਸ਼ੇ ਵਿਕਾਰਾਂ ਨੂੰ ਛੱਡ ਕੇ ਪ੍ਰਭੂ ਦੀ ਸ਼ਰਨ ’ਚ ਜਾਓ।
ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)
